ਕੀ ਤੁਸੀਂ ਯਹੋਵਾਹ ਨੂੰ ਸਵਾਲ ਕਰਨ ਦਿੰਦੇ ਹੋ?
ਕੀ ਤੁਸੀਂ ਯਹੋਵਾਹ ਨੂੰ ਸਵਾਲ ਕਰਨ ਦਿੰਦੇ ਹੋ?
ਬਾਈਬਲ ਵਿਚ ਸੈਂਕੜੇ ਹੀ ਸਵਾਲ ਹਨ ਜੋ ਸਾਡੇ ਦਿਲ ਦੇ ਧੁਰ ਅੰਦਰ ਜਾ ਕੇ ਅਸਰ ਕਰਦੇ ਹਨ। ਅਸਲ ਵਿਚ, ਯਹੋਵਾਹ ਪਰਮੇਸ਼ੁਰ ਸਵਾਲ ਪੁੱਛ ਕੇ ਸਾਨੂੰ ਅਹਿਮ ਸੱਚਾਈਆਂ ਸਿਖਾਉਂਦਾ ਹੈ। ਮਿਸਾਲ ਲਈ, ਯਹੋਵਾਹ ਨੇ ਕਇਨ ਦੇ ਭੈੜੇ ਚਾਲ-ਚਲਣ ਨੂੰ ਸੁਧਾਰਨ ਲਈ ਉਸ ਨੂੰ ਚੇਤਾਵਨੀ ਦਿੰਦਿਆਂ ਕਈ ਸਵਾਲ ਪੁੱਛੇ। (ਉਤ. 4:6,7) ਕਦੇ-ਕਦੇ ਕਿਸੇ ਤੋਂ ਸਹੀ ਕੰਮ ਕਰਾਉਣ ਵਾਸਤੇ ਯਹੋਵਾਹ ਦਾ ਇੱਕੋ ਸਵਾਲ ਕਾਫ਼ੀ ਹੁੰਦਾ ਹੈ। ਮਿਸਾਲ ਲਈ ਯਹੋਵਾਹ ਨੇ ਸਵਾਲ ਪੁੱਛਿਆ ਸੀ: “ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ?” ਯਸਾਯਾਹ ਨਬੀ ਨੇ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।”—ਯਸਾ. 6:8.
ਮਹਾਨ ਗੁਰੂ ਯਿਸੂ ਵੀ ਅਸਰਕਾਰੀ ਸਵਾਲ ਪੁੱਛਦਾ ਸੀ। ਇੰਜੀਲਾਂ ਵਿਚ ਯਿਸੂ ਦੇ 280 ਤੋਂ ਜ਼ਿਆਦਾ ਸਵਾਲ ਪਾਏ ਜਾਂਦੇ ਹਨ। ਭਾਵੇਂ ਕਿ ਉਸ ਨੇ ਆਪਣੇ ਆਲੋਚਕਾਂ ਨੂੰ ਕਦੇ-ਕਦੇ ਸਵਾਲ ਪੁੱਛ ਕੇ ਉਨ੍ਹਾਂ ਦਾ ਮੂੰਹ ਬੰਦ ਕੀਤਾ ਸੀ, ਪਰ ਜ਼ਿਆਦਾਤਰ ਉਸ ਦੇ ਸਵਾਲ ਪੁੱਛਣ ਦਾ ਇਹ ਮਕਸਦ ਸੀ ਕਿ ਉਹ ਆਪਣੇ ਸਰੋਤਿਆਂ ਦੇ ਦਿਲਾਂ ਤਕ ਪਹੁੰਚ ਸਕੇ। ਉਹ ਚਾਹੁੰਦਾ ਸੀ ਕਿ ਲੋਕ ਸੋਚਣ ਕਿ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਕਿੰਨਾ ਕੁ ਗੂੜ੍ਹਾ ਸੀ। (ਮੱਤੀ 22:41-46; ਯੂਹੰ. 14:9, 10) ਇਸੇ ਤਰ੍ਹਾਂ ਪੌਲੁਸ ਰਸੂਲ, ਜਿਸ ਨੇ ਬਾਈਬਲ ਦੇ ਯੂਨਾਨੀ ਹਿੱਸੇ ਦੀਆਂ 14 ਪੋਥੀਆਂ ਲਿਖੀਆਂ ਸਨ, ਨੇ ਵੀ ਸਵਾਲ ਪੁੱਛ ਕੇ ਲੋਕਾਂ ਨੂੰ ਕਾਇਲ ਕੀਤਾ। (ਰੋਮੀ. 10:13-15) ਮਿਸਾਲ ਲਈ, ਰੋਮ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਉਸ ਵੱਲੋਂ ਪੁੱਛੇ ਅਨੇਕ ਸਵਾਲ ਪਾਏ ਜਾਂਦੇ ਹਨ। ਪੌਲੁਸ ਦੇ ਸਵਾਲਾਂ ਨੂੰ ਪੜ੍ਹਨ ਵਾਲਿਆਂ ਨੇ ਦਿਲੋਂ ਮਹਿਸੂਸ ਕੀਤਾ ਕਿ “ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ!”—ਰੋਮੀ. 11:33.
ਕਈ ਸਵਾਲ ਜਵਾਬ ਜਾਣਨ ਲਈ ਪੁੱਛੇ ਜਾਂਦੇ ਹਨ। ਪਰ ਕਈ ਸਿਰਫ਼ ਇਸ ਲਈ ਪੁੱਛੇ ਜਾਂਦੇ ਹਨ ਤਾਂਕਿ ਬੰਦਾ ਕਿਸੇ ਗੱਲ ਬਾਰੇ ਗਹਿਰਾਈ ਨਾਲ ਸੋਚੇ। ਇੰਜੀਲਾਂ ਵਿਚ ਯਿਸੂ ਨੇ ਜ਼ਿਆਦਾਤਰ ਇਸੇ ਤਰ੍ਹਾਂ ਦੇ ਸਵਾਲ ਪੁੱਛੇ ਸਨ। ਇਕ ਵਾਰ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ: “ਖਬਰਦਾਰ ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਚੌਕਸ ਰਹੋ” ਯਾਨੀ ਉਨ੍ਹਾਂ ਦੇ ਪਖੰਡਾਂ ਤੇ ਝੂਠੀਆਂ ਸਿੱਖਿਆਵਾਂ ਤੋਂ ਬਚ ਕੇ ਰਹੋ। (ਮਰ. 8:15; ਮੱਤੀ 16:12) ਯਿਸੂ ਦੇ ਚੇਲਿਆਂ ਨੂੰ ਉਸ ਦੀ ਗੱਲ ਸਮਝ ਨਹੀਂ ਆਈ, ਸਗੋਂ ਉਹ ਇਕ-ਦੂਜੇ ਨਾਲ ਝਗੜਾ ਕਰਨ ਲੱਗ ਪਏ ਕਿ ਕਿਸੇ ਨੇ ਵੀ ਰੋਟੀਆਂ ਕਿਉਂ ਨਹੀਂ ਲਿਆਂਦੀਆਂ ਸਨ। ਧਿਆਨ ਦਿਓ ਕਿ ਯਿਸੂ ਨੇ ਇਸ ਤੋਂ ਬਾਅਦ ਦੀ ਗੱਲਬਾਤ ਵਿਚ ਸਵਾਲ ਕਿਵੇਂ ਵਰਤੇ। “ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਵਿਚਾਰ ਕਰਦੇ ਹੋ ਭਈ ਸਾਡੇ ਕੋਲ ਰੋਟੀ ਨਹੀਂ? ਭਲਾ, ਤੁਸੀਂ ਅਜੇ ਨਹੀਂ ਜਾਣਦੇ ਅਤੇ ਨਹੀਂ ਸਮਝਦੇ? ਕੀ ਤੁਹਾਡਾ ਦਿਲ ਸੁੰਨ ਹੋ ਗਿਆ ਹੈ? ਅੱਖਾਂ ਦੇ ਹੁੰਦੇ ਸੁੰਦੇ ਕੀ ਤੁਸੀਂ ਨਹੀਂ ਵੇਖਦੇ ਅਤੇ ਕੰਨਾਂ ਦੇ ਹੁੰਦਿਆਂ ਸੁੰਦਿਆਂ ਨਹੀਂ ਸੁਣਦੇ . . . ਤੁਹਾਨੂੰ ਅਜੇ ਸਮਝ ਨਹੀਂ ਆਈ?” ਯਿਸੂ ਦੇ ਸਵਾਲਾਂ ਨੇ ਉਨ੍ਹਾਂ ਨੂੰ ਮਨ ਹੀ ਮਨ ਵਿਚ ਸੋਚਣ ਲਈ ਉਕਸਾਇਆ ਕਿ ਉਸ ਦੇ ਸ਼ਬਦਾਂ ਦਾ ਅਸਲੀ ਅਰਥ ਕੀ ਸੀ।—ਮਰ. 8:16-21.
“ਮੈਂ ਤੈਥੋਂ ਸਵਾਲ ਕਰਦਾ ਹਾਂ”
ਯਹੋਵਾਹ ਪਰਮੇਸ਼ੁਰ ਨੇ ਆਪਣੇ ਸੇਵਕ ਅੱਯੂਬ ਦੀ ਸੋਚਣੀ ਸੁਧਾਰਨ ਲਈ ਉਸ ਨੂੰ ਸਵਾਲ ਪੁੱਛੇ ਸਨ। ਉਸ ਨੇ ਅੱਯੂਬ ਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰ ਕੇ ਸਿਖਾਇਆ ਕਿ ਉਹ ਆਪਣੇ ਸਿਰਜਣਹਾਰ ਦੀ ਤੁਲਨਾ ਵਿਚ ਕਿੰਨਾ ਛੋਟਾ ਸੀ। (ਅੱਯੂਬ, ਅਧਿਆਇ 38-41) ਕੀ ਯਹੋਵਾਹ ਉਮੀਦ ਰੱਖਦਾ ਸੀ ਕਿ ਅੱਯੂਬ ਉਸ ਦੇ ਹਰ ਸਵਾਲ ਦਾ ਜਵਾਬ ਦੇਵੇਗਾ? ਸ਼ਾਇਦ ਨਹੀਂ। ਜ਼ਾਹਰ ਹੈ ਕਿ ਅਜਿਹੇ ਸਵਾਲ ਜਿਵੇਂ ਕਿ “ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨੀਉਂ ਰੱਖੀ?” ਅੱਯੂਬ ਨੂੰ ਸੋਚਣ ਲਈ ਮਜਬੂਰ ਕਰਨ ਵਾਸਤੇ ਪੁੱਛੇ ਗਏ ਸਨ। ਇੱਦਾਂ ਦੇ ਕੁਝ ਸਵਾਲ ਸੁਣਨ ਤੋਂ ਬਾਅਦ, ਅੱਯੂਬ ਬੇਜ਼ਬਾਨ ਹੀ ਰਹਿ ਗਿਆ। ਉਸ ਨੇ ਸਿਰਫ਼ ਕਿਹਾ: “ਮੈਂ ਕੀ ਉੱਤਰ ਦੇਵਾਂ? ਮੈਂ ਆਪਣਾ ਹੱਥ ਮੂੰਹ ਤੇ ਰੱਖਦਾ ਹਾਂ!” (ਅੱਯੂ. 38:4; 40:4) ਗੱਲ ਅੱਯੂਬ ਦੇ ਪੱਲੇ ਪੈ ਗਈ ਤੇ ਉਹ ਨਿਮਰ ਹੋ ਗਿਆ। ਪਰ ਯਹੋਵਾਹ ਉਸ ਨੂੰ ਸਿਰਫ਼ ਨਿਮਰ ਹੋਣਾ ਹੀ ਨਹੀਂ ਸਿਖਾ ਰਿਹਾ ਸੀ, ਸਗੋਂ ਉਹ ਉਸ ਦੇ ਗ਼ਲਤ ਖ਼ਿਆਲਾਂ ਨੂੰ ਵੀ ਸੁਧਾਰ ਰਿਹਾ ਸੀ। ਉਹ ਕਿਵੇਂ?
ਭਾਵੇਂ ਕਿ ਅੱਯੂਬ “ਖਰਾ ਤੇ ਨੇਕ ਮਨੁੱਖ” ਸੀ, ਪਰ ਕਦੇ-ਕਦੇ ਉਸ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਉਸ ਦੇ ਵਿਚਾਰ ਗ਼ਲਤ ਸਨ। ਅਲੀਹੂ ਨੇ ਅੱਯੂਬ ਦੀਆਂ ਗੱਲਾਂ ਸੁਣ ਕੇ ਉਸ ਨੂੰ ਝਿੜਕਿਆ ਕਿਉਂਕਿ ਉਸ ਨੇ “ਆਪਣੇ ਆਪ ਨੂੰ ਨਾ ਕਿ ਪਰਮੇਸ਼ੁਰ ਨੂੰ ਧਰਮੀ ਠਹਿਰਾਇਆ” ਸੀ। (ਅੱਯੂ. 1:8; 32:2; 33:8-12) ਇਸ ਤਰ੍ਹਾਂ ਯਹੋਵਾਹ ਦੇ ਸਵਾਲਾਂ ਸਦਕਾ ਅੱਯੂਬ ਦੀ ਸੋਚ ਸੁਧਰ ਗਈ। ਵਾਵਰੋਲੇ ਵਿੱਚੋਂ ਦੀ ਅੱਯੂਬ ਨਾਲ ਬੋਲ ਕੇ ਪਰਮੇਸ਼ੁਰ ਨੇ ਕਿਹਾ: “ਏਹ ਕੌਣ ਹੈ ਜਿਹੜਾ ਸਲਾਹ ਨੂੰ ਗਿਆਨਹੀਣ ਗੱਲਾਂ ਨਾਲ ਅਨ੍ਹੇਰੇ ਵਿੱਚ ਰੱਖਦਾ ਹੈ? ਮਰਦ ਵਾਂਙੁ ਜ਼ਰਾ ਆਪਣੀ ਕਮਰ ਕੱਸ! ਮੈਂ ਤੈਥੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਸਮਝਾ!” (ਅੱਯੂ. 38:1-3) ਯਹੋਵਾਹ ਨੇ ਸਵਾਲਾਂ ਦੇ ਜ਼ਰੀਏ ਆਪਣੀ ਰਚਨਾ ਵੱਲ ਧਿਆਨ ਖਿੱਚਿਆ ਜਿਸ ਤੋਂ ਉਸ ਦੀ ਅਸੀਮ ਬੁੱਧ ਤੇ ਤਾਕਤ ਦੇਖੀ ਜਾ ਸਕਦੀ ਹੈ। ਇਸ ਤਰ੍ਹਾਂ ਅੱਯੂਬ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹ ਯਹੋਵਾਹ ਦੇ ਨਿਆਂ ਤੇ ਕੰਮ ਕਰਨ ਦੇ ਤਰੀਕਿਆਂ ’ਤੇ ਪਹਿਲਾਂ ਨਾਲੋਂ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਿਆ। ਅੱਯੂਬ ਦਾ ਸਿਰ ਸ਼ਰਧਾ ਨਾਲ ਝੁਕ ਗਿਆ ਹੋਣਾ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਉਸ ਨੂੰ ਸਵਾਲ ਪੁੱਛੇ!
ਅਸੀਂ ਯਹੋਵਾਹ ਨੂੰ ਕਿਵੇਂ ਸਵਾਲ ਕਰਨ ਦਿੰਦੇ ਹਾਂ
ਸਾਡੇ ਬਾਰੇ ਕੀ? ਕੀ ਅਸੀਂ ਬਾਈਬਲ ਵਿਚ ਦਰਜ ਸਵਾਲਾਂ ਤੋਂ ਲਾਭ ਉਠਾ ਸਕਦੇ ਹਾਂ? ਹਾਂ ਕਿਉਂ ਨਹੀਂ! ਜੇ ਅਸੀਂ ਉਨ੍ਹਾਂ ਸਵਾਲਾਂ ਦੀ ਮਦਦ ਨਾਲ ਆਪਣੇ ਆਪ ਨੂੰ ਜਾਂਚੀਏ, ਤਾਂ ਸਾਨੂੰ ਬਹੁਤ ਲਾਭ ਹੋ ਸਕਦੇ ਹਨ। ਹੋਰਨਾਂ ਗੱਲਾਂ ਤੋਂ ਇਲਾਵਾ ਬਾਈਬਲ ਵਿਚਲੇ ਸਵਾਲ ਵੀ ਬਾਈਬਲ ਨੂੰ ਅਸਰਕਾਰੀ ਬਣਾਉਂਦੇ ਹਨ। ਦਰਅਸਲ ‘ਪਰਮੇਸ਼ੁਰ ਦਾ ਬਚਨ ਗੁਣਕਾਰ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।’ (ਇਬ. 4:12) ਪਰ ਸਭ ਤੋਂ ਜ਼ਿਆਦਾ ਲਾਭ ਉਠਾਉਣ ਲਈ ਸਾਨੂੰ ਇਹ ਸਵਾਲ ਆਪਣੇ ਤੋਂ ਪੁੱਛਣੇ ਚਾਹੀਦੇ ਹਨ ਜਿਵੇਂ ਕਿ ਯਹੋਵਾਹ ਸਾਡੇ ਤੋਂ ਪੁੱਛ ਰਿਹਾ ਹੋਵੇ। (ਰੋਮੀ. 15:4) ਆਓ ਆਪਾਂ ਕੁਝ ਮਿਸਾਲਾਂ ਉੱਤੇ ਗੌਰ ਕਰੀਏ।
“ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?” (ਉਤ. 18:26) ਇਹ ਸਵਾਲ ਅਬਰਾਹਾਮ ਨੇ ਯਹੋਵਾਹ ਤੋਂ ਪੁੱਛਿਆ ਸੀ ਜਦੋਂ ਯਹੋਵਾਹ ਸਦੂਮ ਅਤੇ ਅਮੂਰਾਹ ਸ਼ਹਿਰਾਂ ਨੂੰ ਤਬਾਹ ਕਰਨ ਵਾਲਾ ਸੀ। ਅਬਰਾਹਾਮ ਨੂੰ ਇਸ ਸਵਾਲ ਦਾ ਜਵਾਬ ਜਾਣਨ ਦੀ ਲੋੜ ਨਹੀਂ ਸੀ। ਉਸ ਨੂੰ ਪਤਾ ਸੀ ਕਿ ਯਹੋਵਾਹ ਕਦੇ ਵੀ ਬੇਇਨਸਾਫ਼ੀ ਕਰ ਕੇ ਬੁਰੇ ਲੋਕਾਂ ਨਾਲ ਧਰਮੀ ਲੋਕਾਂ ਨੂੰ ਨਾਸ਼ ਨਹੀਂ ਕਰ ਸਕਦਾ। ਅਬਰਾਹਾਮ ਦੇ ਸਵਾਲ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ਪੱਕਾ ਯਕੀਨ ਸੀ ਕਿ ਯਹੋਵਾਹ ਕਦੇ ਵੀ ਬੇਇਨਸਾਫ਼ੀ ਨਹੀਂ ਕਰ ਸਕਦਾ।
ਅੱਜ ਕਈ ਭੈਣ-ਭਰਾ ਸ਼ਾਇਦ ਅੰਦਾਜ਼ਾ ਲਾਉਣ ਕਿ ਯਹੋਵਾਹ ਆਉਣ ਵਾਲੇ ਸਮੇਂ ਵਿਚ ਕਿੱਦਾਂ ਸਾਰਿਆਂ ਦਾ ਨਿਆਂ ਕਰੇਗਾ, ਜਿਵੇਂ ਕਿ ਆਰਮਾਗੇਡਨ ਵਿਚ ਖ਼ਾਸਕਰ ਕਿਹੜੇ ਭੈਣ-ਭਰਾ ਬਚਣਗੇ ਜਾਂ ਕਿਹੜੇ ਜੀਉਂਦੇ ਕੀਤੇ ਜਾਣਗੇ। ਅਜਿਹੇ ਵਿਚਾਰਾਂ ਤੋਂ ਪਰੇਸ਼ਾਨ ਹੋਣ ਦੀ ਬਜਾਇ ਸਾਨੂੰ ਅਬਰਾਹਾਮ ਦਾ ਸਵਾਲ ਚੇਤੇ ਰੱਖਣਾ ਚਾਹੀਦਾ ਹੈ। ਅਬਰਾਹਾਮ ਦੀ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਯਹੋਵਾਹ ਇਕ ਦਿਆਲੂ ਪਿਤਾ ਹੈ ਜਿਸ ਕਰਕੇ ਅਸੀਂ ਉਸ ਦੇ ਨਿਆਂ ਅਤੇ ਉਸ ਦੀ ਕਿਰਪਾ ਤੇ ਪੂਰਾ ਭਰੋਸਾ ਰੱਖਦੇ ਹਾਂ। ਇਸ ਤਰ੍ਹਾਂ ਅਸੀਂ ਐਵੇਂ ਪਰੇਸ਼ਾਨ ਹੋ ਕੇ ਆਪਣਾ ਸਮਾਂ ਤੇ ਤਾਕਤ ਬਰਬਾਦ ਨਹੀਂ ਕਰਾਂਗੇ ਤੇ ਨਾ ਹੀ ਕੋਈ ਸ਼ੱਕ ਅਤੇ ਫਜ਼ੂਲ ਬਹਿਸ ਕਰਾਂਗੇ।
“ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸੱਕਦਾ ਹੈ?” (ਮੱਤੀ 6:27) ਇਹ ਸਵਾਲ ਯਿਸੂ ਨੇ ਇਕ ਵੱਡੀ ਭੀੜ ਨੂੰ ਭਾਸ਼ਣ ਦਿੰਦਿਆਂ ਪੁੱਛਿਆ ਜਿਸ ਵਿਚ ਉਸ ਦੇ ਚੇਲੇ ਵੀ ਸ਼ਾਮਲ ਸਨ। ਇਹ ਸਵਾਲ ਪੁੱਛ ਕੇ ਉਸ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਪਿਆਰੇ ਪਿਤਾ ਯਹੋਵਾਹ ਦੇ ਹੱਥਾਂ ਵਿਚ ਸੌਂਪ ਦੇਣਾ ਚਾਹੀਦਾ ਸੀ। ਇਸ ਦੁਸ਼ਟ ਸੰਸਾਰ ਦੇ ਆਖ਼ਰੀ ਦਿਨਾਂ ਵਿਚ ਚਿੰਤਾਵਾਂ ਸਾਨੂੰ ਘੇਰ ਲੈਂਦੀਆਂ ਹਨ, ਪਰ ਉਨ੍ਹਾਂ ਬਾਰੇ ਸੋਚੀ ਜਾਣ ਨਾਲ ਨਾ ਸਾਡਾ ਦੁੱਖ ਦੂਰ ਹੁੰਦਾ ਹੈ ਤੇ ਨਾ ਹੀ ਸਾਡੀ ਉਮਰ ਲੰਮੀ ਹੁੰਦੀ ਹੈ।
ਜੇ ਸਾਨੂੰ ਆਪਣੇ ਜਾਂ ਆਪਣੇ ਅਜ਼ੀਜ਼ਾਂ ਬਾਰੇ ਫ਼ਿਕਰ ਖਾਈ ਜਾਂਦਾ ਹੈ, ਤਾਂ ਸਾਨੂੰ ਯਿਸੂ ਦੇ ਇਸ ਸਵਾਲ ਨੂੰ ਯਾਦ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਸਹੀ ਨਜ਼ਰੀਆ ਰੱਖ ਸਕੀਏ। ਇਸ ਤਰ੍ਹਾਂ ਅਸੀਂ ਮਾਨਸਿਕ, ਭਾਵਾਤਮਕ ਅਤੇ ਸਰੀਰਕ ਤੌਰ ਤੇ ਥਕਾ ਦੇਣ ਵਾਲੇ ਵਿਚਾਰਾਂ ਉੱਤੇ ਕਾਬੂ ਪਾ ਸਕਦੇ ਹਾਂ। ਯਿਸੂ ਨੇ ਯਕੀਨ ਦਿਲਾਇਆ ਕਿ ਸਾਡਾ ਸਵਰਗੀ ਪਿਤਾ, ਜੋ ਆਕਾਸ਼ ਦੇ ਪੰਛੀਆਂ ਨੂੰ ਖੁਆਉਂਦਾ ਤੇ ਜੰਗਲੀ ਬੂਟੀਆਂ ਨੂੰ ਪਹਿਨਾਉਂਦਾ ਹੈ, ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।—ਮੱਤੀ 6:26-34.
“ਭਲਾ, ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸੱਕਦਾ ਹੈ, ਤੇ ਉਹ ਦੇ ਲੀੜੇ ਨਾ ਸੜਨ?” (ਕਹਾ. 6:27) ਕਹਾਉਤਾਂ ਦੀ ਪੋਥੀ ਦੇ ਪਹਿਲੇ ਨੌਂ ਅਧਿਆਵਾਂ ਵਿਚ ਛੋਟੇ-ਛੋਟੇ ਭਾਸ਼ਣ ਹਨ ਜਿਨ੍ਹਾਂ ਵਿਚ ਇਕ ਪਿਤਾ ਆਪਣੇ ਪੁੱਤਰ ਨੂੰ ਅਕਲ ਦਿੰਦਾ ਹੈ। ਉੱਪਰਲਾ ਸਵਾਲ ਜ਼ਨਾਹ ਦੇ ਦੁਖਦਾਈ ਨਤੀਜਿਆਂ ਵੱਲ ਇਸ਼ਾਰਾ ਕਰਦਾ ਹੈ। (ਕਹਾ. 6:29) ਜੇ ਸਾਨੂੰ ਲੱਗਦਾ ਹੈ ਕਿ ਅਸੀਂ ਕਿਸੇ ਨਾਲ ਫਲਰਟ ਕਰ ਰਹੇ ਹਾਂ ਜਾਂ ਕਿਸੇ ਤੇ ਭੈੜੀ ਨਜ਼ਰ ਰੱਖ ਰਹੇ ਹਾਂ, ਤਾਂ ਇਹ ਸਵਾਲ ਸਾਡੇ ਲਈ ਖ਼ਤਰੇ ਦੇ ਅਲਾਰਮ ਵਾਂਗ ਹੋਣਾ ਚਾਹੀਦਾ ਹੈ। ਅਸਲ ਵਿਚ ਜਦੋਂ ਵੀ ਸਾਡੇ ਉੱਤੇ ਕੋਈ ਗ਼ਲਤ ਕੰਮ ਕਰਨ ਦਾ ਪਰਤਾਵਾ ਆਉਂਦਾ ਹੈ, ਤਾਂ ਸਾਨੂੰ ਆਪਣੇ ਤੋਂ ਕਹਾਉਤਾਂ 6:27 ਵਿਚਲਾ ਸਵਾਲ ਪੁੱਛਣਾ ਚਾਹੀਦਾ ਹੈ। ਇਹ ਬਾਈਬਲ ਦੇ ਇਸ ਅਸੂਲ ਉੱਤੇ ਜ਼ੋਰ ਦਿੰਦਾ ਹੈ: ‘ਜੋ ਕੁਝ ਵੀ ਤੁਸੀਂ ਬੀਜਦੇ ਹੋ ਸੋਈਓ ਵੱਢੋਗੇ।’—ਗਲਾ. 6:7.
“ਤੂੰ ਪਰਾਏ ਟਹਿਲੂਏ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ?” (ਰੋਮੀ. 14:4) ਪੌਲੁਸ ਨੇ ਰੋਮ ਵਿਚ ਪਹਿਲੀ ਸਦੀ ਦੇ ਮਸੀਹੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਕਲੀਸਿਯਾ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਸੀ। ਵੱਖੋ-ਵੱਖਰੇ ਪਿਛੋਕੜਾਂ ਦੇ ਹੋਣ ਕਰਕੇ ਕੁਝ ਮਸੀਹੀ ਦੂਸਰਿਆਂ ਦੇ ਫ਼ੈਸਲਿਆਂ ਅਤੇ ਕੰਮਾਂ ਦੀ ਨੁਕਤਾਚੀਨੀ ਕਰਦੇ ਸਨ। ਪੌਲੁਸ ਦੇ ਸਵਾਲ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ ਇਕ-ਦੂਜੇ ਦਾ ਸੁਆਗਤ ਕਰਨਾ ਚਾਹੀਦਾ ਹੈ ਤੇ ਨਿਆਂ ਦਾ ਕੰਮ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਣਾ ਚਾਹੀਦਾ ਹੈ।
ਇਸੇ ਤਰ੍ਹਾਂ, ਅੱਜ ਵੀ ਯਹੋਵਾਹ ਦੇ ਲੋਕ ਵੱਖੋ-ਵੱਖਰੇ ਪਿਛੋਕੜਾਂ ਦੇ ਹਨ। ਫਿਰ ਵੀ ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਿਆ ਹੈ। ਕੀ ਅਸੀਂ ਇਸ ਏਕਤਾ ਨੂੰ ਵਧਾਉਂਦੇ ਹਾਂ? ਜੇ ਸਾਨੂੰ ਆਪਣੇ ਭਰਾਵਾਂ ਦੇ ਫ਼ੈਸਲਿਆਂ ਤੇ ਫਟਾਫਟ ਨਾਰਾਜ਼ਗੀ ਪ੍ਰਗਟ ਕਰਨ ਦੀ ਆਦਤ ਪੈ ਚੁੱਕੀ ਹੈ, ਤਾਂ ਕਿੰਨੀ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਆਪਣੇ ਤੋਂ ਪੌਲੁਸ ਦਾ ਉੱਪਰ ਦੱਸਿਆ ਸਵਾਲ ਪੁੱਛੀਏ!
ਸਵਾਲ ਸਾਨੂੰ ਯਹੋਵਾਹ ਦੇ ਕਰੀਬ ਕਰਦੇ ਹਨ
ਇਹ ਕੁਝ ਉਦਾਹਰਣਾਂ ਸਾਨੂੰ ਦਿਖਾਉਂਦੀਆਂ ਹਨ ਕਿ ਬਾਈਬਲ ਵਿਚ ਪਾਏ ਜਾਂਦੇ ਸਵਾਲ ਕਿੰਨੇ ਅਸਰਕਾਰੀ ਹਨ। ਹਰ ਸਵਾਲ ਦੇ ਇਰਦ-ਗਿਰਦ ਦੇ ਹਵਾਲੇ ਪੜ੍ਹ ਕੇ ਅਸੀਂ ਇਨ੍ਹਾਂ ਦੀ ਮਦਦ ਸਦਕਾ ਆਪਣੇ ਹਾਲਾਤਾਂ ਨਾਲ ਸਿੱਝ ਸਕਦੇ ਹਾਂ। ਬਾਈਬਲ ਪੜ੍ਹਦੇ ਸਮੇਂ ਅਸੀਂ ਹੋਰਨਾਂ ਸਵਾਲਾਂ ਵੱਲ ਵੀ ਧਿਆਨ ਦੇ ਸਕਦੇ ਹਾਂ।—ਸਫ਼ਾ 14 ’ਤੇ ਡੱਬੀ ਦੇਖੋ।
ਜੇ ਅਸੀਂ ਬਾਈਬਲ ਵਿਚਲੇ ਸਵਾਲਾਂ ਦਾ ਆਪਣੇ ’ਤੇ ਡੂੰਘਾ ਅਸਰ ਪੈਣ ਦੇਈਏ, ਤਾਂ ਅਸੀਂ ਆਪਣੇ ਦਿਲਾਂ-ਦਿਮਾਗ਼ਾਂ ਨੂੰ ਯਹੋਵਾਹ ਦੇ ਧਰਮੀ ਮਿਆਰਾਂ ਅਨੁਸਾਰ ਢਾਲ਼ ਸਕਦੇ ਹਾਂ। ਯਹੋਵਾਹ ਦੁਆਰਾ ਸਵਾਲ ਕੀਤੇ ਜਾਣ ਤੋਂ ਬਾਅਦ ਅੱਯੂਬ ਨੇ ਸਵੀਕਾਰ ਕੀਤਾ: “ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਹੈ।” (ਅੱਯੂ. 42:5) ਵਾਕਈ, ਯਹੋਵਾਹ ਅੱਯੂਬ ਲਈ ਹੋਰ ਵੀ ਅਸਲੀ ਬਣ ਗਿਆ ਜਿਵੇਂ ਕਿ ਉਹ ਉਸ ਦੀਆਂ ਨਜ਼ਰਾਂ ਦੇ ਸਾਮ੍ਹਣੇ ਹੋਵੇ। ਬਾਅਦ ਵਿਚ ਚੇਲੇ ਯਾਕੂਬ ਨੇ ਇਵੇਂ ਕਿਹਾ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂ. 4:8) ਆਓ ਆਪਾਂ ਸਵਾਲਾਂ ਦੇ ਨਾਲ-ਨਾਲ ਬਾਈਬਲ ਦੇ ਹਰ ਹਿੱਸੇ ਦੀ ਮਦਦ ਨਾਲ ਅੱਗੇ ਵਧਦੇ ਜਾਈਏ ਅਤੇ ਯਹੋਵਾਹ ਨੂੰ ਹੋਰ ਵੀ ਚੰਗੀ ਤਰ੍ਹਾਂ ‘ਵੇਖੀਏ’!
[ਸਫ਼ਾ 14 ਉੱਤੇ ਡੱਬੀ]
ਆਪਣੇ ਤੋਂ ਇਹ ਸਵਾਲ ਪੁੱਛ ਕੇ ਤੁਸੀਂ ਯਹੋਵਾਹ ਦਾ ਨਜ਼ਰੀਆ ਕਿਵੇਂ ਅਪਣਾ ਸਕਦੇ ਹੋ?
▪ “ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ, ਯਾ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ?”—1 ਸਮੂ. 15:22.
▪ “ਜਿਸ ਨੇ ਅੱਖ ਰਚੀ, ਭਲਾ, ਉਹ ਨਹੀਂ ਵੇਖੇਗਾ?”—ਜ਼ਬੂ. 94:9.
▪ “ਕੀ ਤੂੰ ਉਸ ਮਨੁੱਖ ਨੂੰ ਵੇਖਦਾ ਹੈਂ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈ?”—ਕਹਾ. 26:12.
▪ “ਕੀ ਤੇਰਾ ਗੁੱਸਾ ਚੰਗਾ ਹੈ?”—ਯੂਨਾ. 4:4.
▪ “ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕੁਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ?”—ਮੱਤੀ 16:26.
▪ “ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ?”—ਰੋਮੀ. 8:35.
▪ “ਤੇਰੇ ਕੋਲ ਕੀ ਹੈ ਜੋ ਤੈਂ ਦੂਏ ਤੋਂ ਨਹੀਂ ਲਿਆ?”—1 ਕੁਰਿੰ. 4:7.
▪ “ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈ?”—2 ਕੁਰਿੰ. 6:14.
[ਸਫ਼ਾ 15 ਉੱਤੇ ਤਸਵੀਰ]
ਅੱਯੂਬ ਨੇ ਯਹੋਵਾਹ ਦੁਆਰਾ ਪੁੱਛੇ ਗਏ ਸਵਾਲਾਂ ਤੋਂ ਕੀ ਸਿੱਖਿਆ ਸੀ?