Skip to content

Skip to table of contents

ਯਹੋਵਾਹ ਤੁਹਾਡੀ ਸੁੱਖ-ਸਾਂਦ ਚਾਹੁੰਦਾ ਹੈ

ਯਹੋਵਾਹ ਤੁਹਾਡੀ ਸੁੱਖ-ਸਾਂਦ ਚਾਹੁੰਦਾ ਹੈ

ਯਹੋਵਾਹ ਤੁਹਾਡੀ ਸੁੱਖ-ਸਾਂਦ ਚਾਹੁੰਦਾ ਹੈ

ਸੰਸਾਰ ਵਿਚ ਜਦੋਂ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਅਚਾਨਕ ਸ਼ੁਰੂ ਹੋਵੇਗੀ, ਤਾਂ ਸਰਬਸ਼ਕਤੀਮਾਨ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਜ਼ਰੂਰ ‘ਬਚਾਵੇਗਾ।’ (ਯੋਏ. 2:32) ਪਰ ਯਹੋਵਾਹ ਨੇ ਹਮੇਸ਼ਾ ਹੀ ਆਪਣੇ ਲੋਕਾਂ ਦੀ ਰੱਖਿਆ ਕਰਨੀ ਚਾਹੀ ਹੈ ਤਾਂਕਿ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਬਾਈਬਲ ਅਨੁਸਾਰ ਯਹੋਵਾਹ “ਜੀਉਣ ਦਾ ਚਸ਼ਮਾ” ਹੈ, ਇਸ ਕਰਕੇ ਉਸ ਨੂੰ ਹਰੇਕ ਇਨਸਾਨ ਦੀ ਜਾਨ ਪਿਆਰੀ ਹੈ ਤੇ ਉਹ ਹਰੇਕ ਦੀ ਸੁੱਖ-ਸਾਂਦ ਚਾਹੁੰਦਾ ਹੈ।—ਜ਼ਬੂ. 36:9.

ਪਰਮੇਸ਼ੁਰ ਦੇ ਪ੍ਰਾਚੀਨ ਵਫ਼ਾਦਾਰ ਸੇਵਕ ਵੀ ਉਸ ਵਾਂਗ ਜ਼ਿੰਦਗੀ ਨੂੰ ਪਿਆਰੀ ਸਮਝਦੇ ਸਨ। ਉਤਪਤ 33:18 ਅਨੁਸਾਰ ਯਾਕੂਬ ਅਤੇ ਉਸ ਦਾ ਪਰਿਵਾਰ ਇਕ ਖ਼ਤਰਨਾਕ ਸਫ਼ਰ ਕਰ ਕੇ “ਸ਼ਾਂਤੀ ਨਾਲ” ਯਾਨੀ ਸੁੱਖ-ਸਾਂਦ ਨਾਲ ਆਪਣੇ ਟਿਕਾਣੇ ਪਹੁੰਚਿਆ ਸੀ। ਭਾਵੇਂ ਕਿ ਯਾਕੂਬ ਨੂੰ ਯਹੋਵਾਹ ’ਤੇ ਪੂਰਾ ਵਿਸ਼ਵਾਸ ਸੀ ਕਿ ਸਫ਼ਰ ਦੌਰਾਨ ਉਹ ਉਨ੍ਹਾਂ ਦੀ ਦੇਖ-ਭਾਲ ਕਰੇਗਾ, ਪਰ ਫਿਰ ਵੀ ਯਾਕੂਬ ਨੇ ਸਾਰੇ ਜੀਆਂ ਦੀ ਰਾਖੀ ਲਈ ਪ੍ਰਬੰਧ ਕੀਤੇ ਸਨ। (ਉਤ. 32:7, 8; 33:14, 15) ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਤੁਸੀਂ ਵੀ ਆਪਣੀ ਤੇ ਦੂਸਰਿਆਂ ਦੀ ਚੰਗੀ ਤਰ੍ਹਾਂ ਸੁਰੱਖਿਆ ਕਰ ਸਕਦੇ ਹੋ। ਆਓ ਆਪਾਂ ਦੇਖੀਏ ਕਿ ਇਹ ਅਸੂਲ ਉਨ੍ਹਾਂ ’ਤੇ ਕਿੱਦਾਂ ਲਾਗੂ ਹੁੰਦੇ ਹਨ ਜੋ ਕਿੰਗਡਮ ਹਾਲ ਬਣਾਉਣ ਜਾਂ ਇਹੋ ਜਿਹੇ ਹੋਰ ਪ੍ਰਾਜੈਕਟਾਂ ਤੇ ਕੰਮ ਕਰਦੇ ਹਨ ਅਤੇ ਤਬਾਹੀ ਦੇ ਸਮੇਂ ਰਾਹਤ ਪਹੁੰਚਾਉਣ ਦਾ ਕੰਮ ਕਰਦੇ ਹਨ।

ਮੂਸਾ ਦੀ ਬਿਵਸਥਾ ’ਤੇ ਚੱਲ ਕੇ ਸੁਰੱਖਿਆ

ਮੂਸਾ ਦੀ ਬਿਵਸਥਾ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਸੁਰੱਖਿਆ ਸੰਬੰਧੀ ਨਿਯਮਾਂ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਗਿਆ ਸੀ। ਮਿਸਾਲ ਲਈ, ਜਦ ਇਕ ਇਸਰਾਏਲੀ ਘਰ ਬਣਾਉਂਦਾ ਸੀ, ਤਾਂ ਉਸ ਨੂੰ ਬਨੇਰਾ ਵੀ ਬਣਾਉਣਾ ਪੈਂਦਾ ਸੀ। ਉਨ੍ਹੀਂ ਦਿਨੀਂ ਲੋਕ ਅਕਸਰ ਆਪਣੇ ਕੋਠਿਆਂ ’ਤੇ ਸਮਾਂ ਗੁਜ਼ਾਰਦੇ ਹੁੰਦੇ ਸਨ ਤੇ ਬਨੇਰੇ ਉਨ੍ਹਾਂ ਨੂੰ ਹੇਠਾਂ ਡਿੱਗਣ ਤੋਂ ਬਚਾਉਂਦੇ ਸਨ। (1 ਸਮੂ. 9:26; ਮੱਤੀ 24:17) ਜੇ ਕਿਸੇ ਨੇ ਬਨੇਰਾ ਨਾ ਬਣਾਇਆ ਹੁੰਦਾ ਅਤੇ ਛੱਤ ਤੋਂ ਡਿੱਗ ਕੇ ਕਿਸੇ ਦੇ ਸੱਟ ਲੱਗ ਜਾਂਦੀ, ਤਾਂ ਘਰ ਦੇ ਮਾਲਕ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ।—ਬਿਵ. 22:8.

ਬਿਵਸਥਾ ਦੇ ਕਾਨੂੰਨ ਉਦੋਂ ਵੀ ਲਾਗੂ ਹੁੰਦੇ ਸਨ ਜਦੋਂ ਪਸ਼ੂਆਂ ਦੇ ਕਰਕੇ ਕਿਸੇ ਨੂੰ ਸੱਟ ਲੱਗਦੀ ਸੀ। ਇਕ ਮਿਸਾਲ ਉੱਤੇ ਗੌਰ ਕਰੋ। ਜੇ ਇਕ ਬਲਦ ਆਪਣੇ ਸਿੰਗ ਖੋਭ ਕੇ ਕਿਸੇ ਬੰਦੇ ਨੂੰ ਜਾਨੋਂ ਮਾਰ ਦਿੰਦਾ ਸੀ, ਤਾਂ ਉਸ ਦੇ ਮਾਲਕ ਨੂੰ ਦੂਸਰੇ ਲੋਕਾਂ ਦੀ ਸੁਰੱਖਿਆ ਖ਼ਾਤਰ ਬਲਦ ਨੂੰ ਮਾਰ ਦੇਣਾ ਪੈਂਦਾ ਸੀ। ਉਹ ਬਲਦ ਦਾ ਮਾਸ ਖਾ ਨਹੀਂ ਸਕਦਾ ਸੀ ਤੇ ਨਾ ਹੀ ਉਸ ਨੂੰ ਵੇਚ ਸਕਦਾ ਸੀ, ਇਸ ਕਰਕੇ ਜਾਨਵਰ ਨੂੰ ਮਾਰ ਕੇ ਮਾਲਕ ਦਾ ਕਾਫ਼ੀ ਨੁਕਸਾਨ ਹੁੰਦਾ ਸੀ। ਪਰ ਫ਼ਰਜ਼ ਕਰੋ ਕਿ ਬਲਦ ਨੇ ਕਿਸੇ ਨੂੰ ਜ਼ਖ਼ਮੀ ਕੀਤਾ ਸੀ ਅਤੇ ਬਾਅਦ ਵਿਚ ਮਾਲਕ ਨੇ ਬਲਦ ਉੱਤੇ ਨਿਗਰਾਨੀ ਨਹੀਂ ਰੱਖੀ। ਉਦੋਂ ਕੀ ਹੁੰਦਾ ਸੀ? ਜੇ ਅਗਲੀ ਵਾਰੀ ਉਹੀ ਬਲਦ ਕਿਸੇ ਨੂੰ ਜਾਨੋਂ ਮਾਰ ਦਿੰਦਾ ਸੀ, ਤਾਂ ਬਲਦ ਅਤੇ ਉਸ ਦੇ ਮਾਲਕ ਦੋਹਾਂ ਨੂੰ ਮਾਰਿਆ ਜਾਂਦਾ ਸੀ। ਇਸ ਹੁਕਮ ਕਰਕੇ ਲੋਕ ਇਨ੍ਹਾਂ ਮਾਮਲਿਆਂ ਵਿਚ ਲਾਪਰਵਾਹੀ ਕਰਨ ਦੀ ਬਜਾਇ ਆਪਣੇ ਪਸ਼ੂਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਦੇ ਸੀ।—ਕੂਚ 21:28, 29.

ਬਿਵਸਥਾ ਵਿਚ ਸੰਦਾਂ ਦੀ ਦੇਖ-ਭਾਲ ਕਰਨ ਦੀ ਅਹਿਮੀਅਤ ਉੱਤੇ ਵੀ ਜ਼ੋਰ ਦਿੱਤਾ ਗਿਆ ਸੀ। ਕਈ ਇਸਰਾਏਲੀ ਲੱਕੜ ਕੱਟਣ ਲਈ ਕੁਹਾੜੇ ਵਰਤਦੇ ਸਨ। ਜੇ ਡੰਡੇ ਵਿੱਚੋਂ ਕੁਹਾੜਾ ਨਿਕਲ ਕੇ ਲਾਗੇ ਖੜ੍ਹੇ ਕਿਸੇ ਬੰਦੇ ਦੇ ਲੱਗ ਜਾਂਦਾ ਸੀ ਤੇ ਉਹ ਮਰ ਜਾਂਦਾ ਸੀ, ਤਾਂ ਲੱਕੜਹਾਰੇ ਨੂੰ ਪਨਾਹ ਦੇ ਨਗਰ ਨੱਠਣਾ ਪੈਂਦਾ ਸੀ। ਉਸ ਨੂੰ ਪ੍ਰਧਾਨ ਜਾਜਕ ਦੀ ਮੌਤ ਹੋਣ ਤਕ ਉੱਥੇ ਰਹਿਣਾ ਪੈਂਦਾ ਸੀ। ਇਸ ਦਾ ਮਤਲਬ ਸੀ ਕਿ ਉਸ ਬੰਦੇ ਨੂੰ ਕਈ ਸਾਲਾਂ ਤਕ ਆਪਣੇ ਘਰਦਿਆਂ ਤੋਂ ਅਲੱਗ ਰਹਿਣਾ ਪੈਂਦਾ ਸੀ। ਇਸ ਪ੍ਰਬੰਧ ਨੇ ਇਸਰਾਏਲੀਆਂ ਨੂੰ ਸਿਖਾਇਆ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਹਰ ਕਿਸੇ ਦੀ ਜਾਨ ਪਵਿੱਤਰ ਹੈ। ਜ਼ਿੰਦਗੀ ਬਾਰੇ ਪਰਮੇਸ਼ੁਰ ਵਰਗਾ ਨਜ਼ਰੀਆ ਰੱਖਣ ਵਾਲਾ ਬੰਦਾ ਆਪਣੇ ਸੰਦਾਂ ਦੀ ਦੇਖ-ਭਾਲ ਕਰਦਾ ਸੀ ਤੇ ਉਨ੍ਹਾਂ ਨੂੰ ਧਿਆਨ ਨਾਲ ਵਰਤਦਾ ਸੀ।—ਗਿਣ. 35:25; ਬਿਵ. 19:4-6.

ਅਜਿਹਿਆਂ ਨਿਯਮਾਂ ਦੇ ਜ਼ਰੀਏ ਯਹੋਵਾਹ ਨੇ ਸਾਫ਼-ਸਾਫ਼ ਦਿਖਾਇਆ ਕਿ ਉਹ ਚਾਹੁੰਦਾ ਸੀ ਕਿ ਲੋਕ ਘਰ ਦੇ ਅੰਦਰ-ਬਾਹਰ ਸੁਰੱਖਿਆ ਬਾਰੇ ਸੋਚਣ। ਜੇ ਕੋਈ ਕਿਸੇ ਦੇ ਹੱਥੋਂ ਮਰ ਜਾਂਦਾ ਸੀ ਜਾਂ ਜ਼ਖ਼ਮੀ ਹੋ ਜਾਂਦਾ ਸੀ, ਚਾਹੇ ਇਹ ਹਾਦਸਾ ਅਣਜਾਣੇ ਵਿਚ ਹੋਇਆ ਹੋਵੇ, ਤਾਂ ਮਾਰਨ ਵਾਲੇ ਨੂੰ ਯਹੋਵਾਹ ਨੂੰ ਲੇਖਾ ਦੇਣਾ ਪੈਂਦਾ ਸੀ। ਸੁਰੱਖਿਆ ਦੇ ਮਾਮਲੇ ਬਾਰੇ ਯਹੋਵਾਹ ਦੇ ਸੋਚ-ਵਿਚਾਰ ਬਦਲੇ ਨਹੀਂ। (ਮਲਾ. 3:6) ਉਹ ਹਾਲੇ ਵੀ ਇਹੀ ਚਾਹੁੰਦਾ ਹੈ ਕਿ ਲੋਕ ਨਾ ਆਪ ਜ਼ਖ਼ਮੀ ਹੋਣ ਤੇ ਨਾ ਹੀ ਕਿਸੇ ਨੂੰ ਜ਼ਖ਼ਮੀ ਕਰਨ। ਇਹ ਗੱਲ ਖ਼ਾਸ ਤੌਰ ਤੇ ਉਦੋਂ ਲਾਗੂ ਹੁੰਦੀ ਹੈ ਜਦੋਂ ਅਸੀਂ ਉਨ੍ਹਾਂ ਇਮਾਰਤਾਂ ਨੂੰ ਉਸਾਰਦੇ ਜਾਂ ਉਨ੍ਹਾਂ ਦੀ ਮੁਰੰਮਤ ਕਰਦੇ ਹਾਂ ਜਿੱਥੇ ਯਹੋਵਾਹ ਦੀ ਭਗਤੀ ਕੀਤੀ ਜਾਂਦੀ ਹੈ।

ਉਸਾਰੀ ਪ੍ਰਾਜੈਕਟਾਂ ’ਤੇ ਕੰਮ ਕਰਦਿਆਂ ਸੁਰੱਖਿਆ

ਸਾਡੀਆਂ ਨਜ਼ਰਾਂ ਵਿਚ ਕਿੰਗਡਮ ਹਾਲਾਂ, ਅਸੈਂਬਲੀ ਹਾਲਾਂ ਤੇ ਬ੍ਰਾਂਚ ਆਫ਼ਿਸਾਂ ਨੂੰ ਉਸਾਰਨਾ ਤੇ ਉਨ੍ਹਾਂ ਦੀ ਦੇਖ-ਭਾਲ ਕਰਨੀ ਬੜੇ ਸਨਮਾਨ ਦੀ ਗੱਲ ਹੈ। ਤਬਾਹੀ ਦੇ ਸਮੇਂ ਰਾਹਤ ਪ੍ਰਾਜੈਕਟਾਂ ’ਤੇ ਕੰਮ ਕਰਨਾ ਵੀ ਸਨਮਾਨ ਦੀ ਗੱਲ ਹੈ। ਸਾਨੂੰ ਹਰ ਸਮੇਂ ਆਪਣੇ ਕੰਮ-ਧੰਦੇ ਹੁਨਰ ਨਾਲ ਕਰਨੇ ਚਾਹੀਦੇ ਹਨ ਕਿਉਂਕਿ ਸਾਧਾਰਣ ਕੰਮਾਂ ਵਿਚ ਵੀ ਥੋੜ੍ਹੀ-ਬਹੁਤੀ ਅਣਗਹਿਲੀ ਕਰਨ ਨਾਲ ਸਾਡਾ ਜਾਂ ਦੂਸਰਿਆਂ ਦਾ ਨੁਕਸਾਨ ਹੋ ਸਕਦਾ ਹੈ। (ਉਪ. 10:9) ਸੰਭਲ ਕੇ ਕੰਮ ਕਰਨ ਦੀਆਂ ਆਦਤਾਂ ਅਪਣਾਉਣ ਨਾਲ ਅਸੀਂ ਜ਼ਖ਼ਮੀ ਹੋਣ ਤੋਂ ਬਚ ਸਕਦੇ ਹਾਂ।

ਬਾਈਬਲ ਕਹਿੰਦੀ ਹੈ: “ਜੁਆਨਾਂ ਦੀ ਸੋਭਾ ਤਾਂ ਉਨ੍ਹਾਂ ਦਾ ਬਲ ਹੈ, ਅਤੇ ਬੁੱਢਿਆਂ ਦੀ ਸਜਾਵਟ ਉਨ੍ਹਾਂ ਦੇ ਧੌਲੇ ਵਾਲ ਹਨ।” (ਕਹਾ. 20:29) ਭਾਰੇ ਕੰਮ ਕਰਨ ਲਈ ਨੌਜਵਾਨਾਂ ਦਾ ਬਲ ਜ਼ਰੂਰੀ ਹੈ। ਪਰ ਧੌਲਿਆਂ ਵਾਲੇ ਯਾਨੀ ਤਜਰਬੇਕਾਰ ਕਾਮੇ ਆਪਣੇ ਹੱਥ ਤੇ ਸੰਦ ਵਰਤ ਕੇ ਕਾਰੀਗਰੀ ਕਰਦੇ ਹਨ। ਜੋ ਭੈਣ-ਭਰਾ ਹੁਣ ਸਿਆਣੇ ਹੋ ਗਏ ਹਨ, ਉਨ੍ਹਾਂ ਨੇ ਆਪਣੀ ਜਵਾਨੀ ਵਿਚ ਭਾਰੇ ਕੰਮ ਕੀਤੇ ਸਨ। ਜੇ ਤੁਸੀਂ ਨਵੇਂ-ਨਵੇਂ ਵਲੰਟੀਅਰ ਹੋ, ਤਾਂ ਤਜਰਬੇਕਾਰ ਕਾਮਿਆਂ ਵੱਲ ਧਿਆਨ ਦਿਓ ਕਿ ਉਹ ਕਿਵੇਂ ਕੰਮ ਕਰਦੇ ਹਨ ਤੇ ਉਨ੍ਹਾਂ ਦੀਆਂ ਹਿਦਾਇਤਾਂ ’ਤੇ ਚੱਲੋ। ਜੇ ਤੁਸੀਂ ਚੰਗੀ ਤਰ੍ਹਾਂ ਕੰਮ ਕਰਨਾ ਸਿੱਖਣਾ ਚਾਹੁੰਦੇ ਹੋ, ਤਾਂ ਉਹ ਤੁਹਾਨੂੰ ਬਹੁਤ ਕੁਝ ਸਿਖਾਉਣਗੇ। ਉਹ ਤੁਹਾਨੂੰ ਸਿਖਾਉਣਗੇ ਕਿ ਖ਼ਤਰਨਾਕ ਪਦਾਰਥਾਂ ਨੂੰ ਧਿਆਨ ਨਾਲ ਕਿਵੇਂ ਵਰਤਿਆ ਜਾਂਦਾ ਹੈ ਤੇ ਜ਼ਿਆਦਾ ਭਾਰੀਆਂ ਚੀਜ਼ਾਂ ਕਿਵੇਂ ਚੁੱਕੀਆਂ ਜਾਂਦੀਆਂ ਹਨ। ਤੁਸੀਂ ਉਨ੍ਹਾਂ ਦੀਆਂ ਸਲਾਹਾਂ ਲਾਗੂ ਕਰ ਕੇ ਕੰਮ ਪੂਰਾ ਕਰ ਸਕੋਗੇ, ਸੁਰੱਖਿਅਤ ਰਹੋਗੇ ਤੇ ਖ਼ੁਸ਼ ਹੋਵੋਗੇ।

ਉਸਾਰੀ ਦੀ ਥਾਂ ਤੇ ਕਾਮਿਆਂ ਨੂੰ ਹਮੇਸ਼ਾ ਚੁਕੰਨੇ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਹਾਲਾਤ ਬਹੁਤ ਜਲਦੀ ਬਦਲ ਸਕਦੇ ਹਨ। ਜਿੱਥੇ ਪਹਿਲਾਂ ਪੱਕੀ ਜ਼ਮੀਨ ਸੀ, ਹੁਣ ਸ਼ਾਇਦ ਉੱਥੇ ਟੋਆ ਪੁੱਟਿਆ ਹੋਇਆ ਹੋਵੇ। ਦੂਸਰਿਆਂ ਕਾਮਿਆਂ ਨੇ ਸ਼ਾਇਦ ਪੌੜੀ, ਫੱਟਾ ਜਾਂ ਬਾਲਟੀ ਉਰੇ-ਪਰੇ ਕਰ ਦਿੱਤੀ ਹੋਵੇ। ਜੇ ਤੁਸੀਂ ਧਿਆਨ ਨਾ ਦੇਵੋ, ਤਾਂ ਤੁਹਾਨੂੰ ਝੱਟ ਸੱਟ ਲੱਗ ਸਕਦੀ ਹੈ। ਸੁਰੱਖਿਆ ਸੰਬੰਧੀ ਨਿਯਮਾਂ ਮੁਤਾਬਕ ਕਾਮਿਆਂ ਨੂੰ ਉਸਾਰੀ ਦੀ ਥਾਂ ਆਪਣੀ ਸੁਰੱਖਿਆ ਲਈ ਸਾਮਾਨ ਵਰਤਣਾ ਚਾਹੀਦਾ ਹੈ। ਸੇਫ਼ਟੀ ਐਨਕਾਂ, ਸਖ਼ਤ ਟੋਪੀ ਤੇ ਢੁਕਵੇਂ ਬੂਟ ਤੁਹਾਨੂੰ ਉਸਾਰੀ ਦੀ ਥਾਂ ਤੇ ਕਈ ਖ਼ਤਰਿਆਂ ਤੋਂ ਬਚਾ ਸਕਦੇ ਹਨ। ਤੁਸੀਂ ਨੁਕਸਾਨ ਤੋਂ ਉਦੋਂ ਹੀ ਬਚੋਗੇ ਜੇ ਤੁਸੀਂ ਆਪਣੇ ਸਾਮਾਨ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦੇ ਹੋ ਅਤੇ ਲੋੜ ਪੈਣ ਤੇ ਇਸ ਨੂੰ ਇਸਤੇਮਾਲ ਕਰਦੇ ਹੋ।

ਭਾਵੇਂ ਕਿ ਕਈ ਸੰਦ ਵਰਤਣੇ ਸੌਖੇ ਲੱਗਦੇ ਹਨ, ਪਰ ਉਨ੍ਹਾਂ ਨੂੰ ਸਹੀ ਤਰ੍ਹਾਂ ਅਤੇ ਹੁਨਰ ਨਾਲ ਵਰਤਣ ਲਈ ਸਿਖਲਾਈ ਅਤੇ ਪ੍ਰੈਕਟਿਸ ਦੀ ਲੋੜ ਹੁੰਦੀ ਹੈ। ਜੇ ਤੁਸੀਂ ਕੋਈ ਸੰਦ ਪਹਿਲਾਂ ਕਦੇ ਨਹੀਂ ਵਰਤਿਆ, ਤਾਂ ਸੁਪਰਵਾਈਜ਼ਰ ਭਰਾ ਨੂੰ ਦੱਸਣਾ ਬਿਹਤਰ ਹੋਵੇਗਾ ਅਤੇ ਉਹ ਤੁਹਾਡੇ ਲਈ ਸਹੀ ਸਿਖਲਾਈ ਦਾ ਪ੍ਰਬੰਧ ਕਰੇਗਾ। ਜੇ ਅਸੀਂ ਹਲੀਮ ਹਾਂ ਤਾਂ ਹੀ ਅਸੀਂ ਮੰਨਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ ਅਤੇ ਕੀ ਨਹੀਂ। ਅਸਲ ਵਿਚ ਇਹ ਗੁਣ ਹੋਣਾ ਜ਼ਰੂਰੀ ਹੈ ਜੇ ਅਸੀਂ ਉਸਾਰੀ ਦੀ ਥਾਂ ਆਪਣਾ ਅਤੇ ਦੂਸਰਿਆਂ ਦਾ ਭਲਾ ਚਾਹੁੰਦੇ ਹਾਂ।—ਕਹਾ. 11:2.

ਉਸਾਰੀ ਦੀਆਂ ਥਾਵਾਂ ਤੇ ਕਈਆਂ ਨੂੰ ਖ਼ਾਸ ਕਰਕੇ ਡਿੱਗਣ ਕਾਰਨ ਬਹੁਤ ਸੱਟਾਂ ਲੱਗਦੀਆਂ ਹਨ। ਪੌੜੀਆਂ ਜਾਂ ਸਕੈਫੋਲਡਿੰਗ ’ਤੇ ਚੜ੍ਹਨ ਤੋਂ ਪਹਿਲਾਂ ਧਿਆਨ ਦਿਓ ਕਿ ਇਹ ਮਜ਼ਬੂਤ ਹੈ ਅਤੇ ਇਸ ਦੇ ਡਿੱਗਣ ਦਾ ਡਰ ਨਹੀਂ। ਜੇ ਤੁਸੀਂ ਸਕੈਫੋਲਡਿੰਗ ਜਾਂ ਛੱਤ ’ਤੇ ਕੰਮ ਕਰਨਾ ਹੈ, ਤਾਂ ਆਪਣੀ ਸੁਰੱਖਿਆ ਲਈ ਸੇਫ਼ਟੀ-ਬੈਲਟ ਬੰਨ੍ਹਣੀ ਜ਼ਰੂਰੀ ਹੈ ਜਾਂ ਉੱਥੇ ਰੇਲਿੰਗ ਜਾਂ ਬਨੇਰਾ ਜ਼ਰੂਰ ਹੋਣਾ ਚਾਹੀਦਾ ਹੈ। ਜੇ ਉੱਚੀ ਥਾਂ ਤੇ ਕੰਮ ਕਰਨ ਸੰਬੰਧੀ ਤੁਹਾਡੇ ਕੋਲ ਕੋਈ ਸਵਾਲ ਹਨ, ਤਾਂ ਆਪਣੇ ਸੁਪਰਵਾਈਜ਼ਰ ਨੂੰ ਪੁੱਛੋ। *

ਸੰਸਾਰ ਭਰ ਵਿਚ ਯਹੋਵਾਹ ਦੇ ਸੇਵਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਕਰਕੇ ਕਿੰਗਡਮ ਹਾਲਾਂ ਤੇ ਹੋਰ ਸਹੂਲਤਾਂ ਦੀ ਲੋੜ ਵੀ ਵਧ ਰਹੀ ਹੈ। ਜੋ ਭਰਾ ਕਿੰਗਡਮ ਹਾਲਾਂ ਦੀ ਉਸਾਰੀ ਦੇ ਕੰਮ ਅਤੇ ਹੋਰ ਅਜਿਹੇ ਪ੍ਰਾਜੈਕਟਾਂ ਦੀ ਨਿਗਰਾਨੀ ਕਰਦੇ ਹਨ, ਉਹ ਆਪਣੇ ਅਧੀਨ ਕੰਮ ਕਰਦੇ ਭੈਣਾਂ-ਭਰਾਵਾਂ ਦੀ ਸੁਰੱਖਿਆ ਲਈ ਵੀ ਜ਼ਿੰਮੇਵਾਰ ਹਨ। (ਯਸਾ. 32:1, 2) ਜੇ ਤੁਹਾਨੂੰ ਇਹ ਸਨਮਾਨ ਮਿਲਿਆ ਹੈ, ਤਾਂ ਸੁਰੱਖਿਆ ਦੀ ਅਹਿਮੀਅਤ ਕਦੇ ਨਾ ਭੁੱਲੋ। ਧਿਆਨ ਰੱਖੋ ਕਿ ਉਸਾਰੀ ਦੀ ਥਾਂ ਸਾਫ਼ ਹੈ ਨਾ ਕਿ ਬੇਲੋੜੇ ਸਾਮਾਨ ਨਾਲ ਭਰੀ ਹੋਈ ਹੈ। ਪਿਆਰ ਨਾਲ ਭੈਣਾਂ-ਭਰਾਵਾਂ ਨੂੰ ਯਾਦ ਕਰਾਓ ਕਿ ਉਨ੍ਹਾਂ ਨੂੰ ਸੰਭਲ ਕੇ ਕੰਮ ਕਰਨਾ ਚਾਹੀਦਾ ਹੈ। ਨਿਆਣਿਆਂ ਜਾਂ ਨਾਤਜਰਬੇਕਾਰ ਕਾਮਿਆਂ ਨੂੰ ਜ਼ਿਆਦਾ ਖ਼ਤਰੇ ਵਾਲੀਆਂ ਥਾਵਾਂ ਤੇ ਨਾ ਜਾਣ ਦਿਓ। ਪਹਿਲਾਂ ਹੀ ਧਿਆਨ ਦਿਓ ਕਿ ਕਾਮਿਆਂ ਨੂੰ ਕਿਹੜੇ ਖ਼ਤਰੇ ਹੋ ਸਕਦੇ ਹਨ ਤੇ ਉਨ੍ਹਾਂ ਨੂੰ ਧਿਆਨ ਨਾਲ ਕੰਮ ਕਰਨ ਲਈ ਤਿਆਰ ਕਰੋ। ਯਾਦ ਰੱਖੋ ਕਿ ਸਾਡਾ ਟੀਚਾ ਹੈ ਬਿਨਾਂ ਸੱਟਾਂ ਤੋਂ ਪ੍ਰਾਜੈਕਟ ਖ਼ਤਮ ਕਰਨਾ।

ਪਿਆਰ ਦੀ ਅਹਿਮੀਅਤ

ਸੱਚੀ ਭਗਤੀ ਲਈ ਕਿੰਗਡਮ ਹਾਲ ਤੇ ਹੋਰ ਇਮਾਰਤਾਂ ਉਸਾਰਦਿਆਂ ਸਾਨੂੰ ਅਜਿਹੇ ਕੰਮ ਕਰਨੇ ਪੈਂਦੇ ਹਨ ਜੋ ਖ਼ਤਰੇ ਤੋਂ ਖਾਲੀ ਨਹੀਂ ਹੁੰਦੇ। ਇਸ ਕਰਕੇ ਅਜਿਹੇ ਪ੍ਰਾਜੈਕਟਾਂ ਵਿਚ ਸ਼ਾਮਲ ਭੈਣਾਂ-ਭਰਾਵਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ, ਕੰਮ ਸੰਬੰਧੀ ਵਧੀਆ ਨਿਯਮਾਂ ’ਤੇ ਚੱਲ ਕੇ ਅਤੇ ਸਮਝਦਾਰੀ ਵਰਤ ਕੇ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਭੈਣਾਂ-ਭਰਾਵਾਂ ਨੂੰ ਖ਼ਤਰਿਆਂ ਤੋਂ ਬਚਾ ਸਕਦੇ ਹੋ।

ਅਸੀਂ ਸੁਰੱਖਿਆ ’ਤੇ ਇੰਨਾ ਜ਼ੋਰ ਕਿਉਂ ਦਿੰਦੇ ਹਾਂ? ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਸਾਨੂੰ ਆਪਣੀ ਅਤੇ ਦੂਜਿਆਂ ਦੀ ਜਾਨ ਪਿਆਰੀ ਹੈ। ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਕਰਕੇ ਅਸੀਂ ਅਜਿਹਾ ਕੁਝ ਨਹੀਂ ਕਰਾਂਗੇ ਜਿਸ ਤੋਂ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚੇ। (ਮੱਤੀ 22:37-39) ਇਸ ਕਰਕੇ ਆਓ ਆਪਾਂ ਆਪਣੇ ਉਸਾਰੀ ਪ੍ਰਾਜੈਕਟਾਂ ਸੰਬੰਧੀ ਸਾਰਿਆਂ ਦੀ ਸੁੱਖ-ਸਾਂਦ ਬਾਰੇ ਸੋਚੀਏ।

[ਫੁਟਨੋਟ]

^ ਪੈਰਾ 14 ਸਫ਼ਾ 30 ’ਤੇ “ਪੌੜੀਆਂ ਉੱਤੇ ਸੰਭਲ ਕੇ ਕਿੱਦਾਂ ਕੰਮ ਕਰੀਏ” ਨਾਂ ਦੀ ਡੱਬੀ ਦੇਖੋ।

[ਸਫ਼ਾ 30 ਉੱਤੇ ਡੱਬੀ]

ਪੌੜੀਆਂ ਉੱਤੇ ਸੰਭਲ ਕੇ ਕਿੱਦਾਂ ਕੰਮ ਕਰੀਏ

ਅਮਰੀਕਾ ਵਿਚ ਹਾਲ ਹੀ ਦੇ ਇਕ ਸਾਲ ਵਿਚ ਪੌੜੀਆਂ ਤੋਂ ਡਿੱਗ ਕੇ 1,60,000 ਕਾਮਿਆਂ ਦੇ ਸੱਟਾਂ ਲੱਗੀਆਂ ਸਨ। ਇਨ੍ਹਾਂ ਤੋਂ ਇਲਾਵਾ, 150 ਜਣੇ ਆਪਣੀ ਜਾਨ ਗੁਆ ਬੈਠੇ। ਤੁਸੀਂ ਜਿੱਥੇ ਮਰਜ਼ੀ ਰਹਿੰਦੇ ਜਾਂ ਕੰਮ ਕਰਦੇ ਹੋ, ਹੇਠਾਂ ਦਿੱਤੇ ਕੁਝ ਸੁਝਾਅ ਤੁਹਾਨੂੰ ਪੌੜੀਆਂ ਤੋਂ ਡਿੱਗਣ ਤੋਂ ਬਚਾ ਸਕਦੇ ਹਨ।

◇ ਢਿੱਲੇ ਜਾਂ ਟੁੱਟੇ ਪੌਡਿਆਂ ਵਾਲੀ ਪੌੜੀ ਨਾ ਵਰਤੋ ਤੇ ਨਾ ਹੀ ਉਸ ਦੀ ਮੁਰੰਮਤ ਕਰੋ। ਅਜਿਹੀ ਪੌੜੀ ਨੂੰ ਸੁੱਟ ਦਿਓ।

◇ ਆਮ ਕਰਕੇ ਪੌੜੀ ਤੇ ਦੱਸਿਆ ਜਾਂਦਾ ਹੈ ਕਿ ਤੁਸੀਂ ਕਿੰਨਾ ਕੁ ਭਾਰ ਚੁੱਕ ਕੇ ਇਸ ਉੱਤੇ ਚੜ੍ਹ ਸਕਦੇ ਹੋ। ਤੁਹਾਡਾ ਅਤੇ ਤੁਹਾਡੇ ਸੰਦ-ਸਾਮਾਨ ਦਾ ਭਾਰ ਇਸ ਨਾਲੋਂ ਵੱਧ ਨਹੀਂ ਹੋਣਾ ਚਾਹੀਦਾ।

◇ ਆਪਣੀ ਪੌੜੀ ਪੱਧਰੇ ਥਾਂ ਖੜ੍ਹੀ ਕਰੋ। ਉਸ ਨੂੰ ਸਕੈਫੋਲਡਿੰਗ ਜਾਂ ਕਿਸੇ ਉੱਚੀ-ਨੀਵੀਂ ਥਾਂ ’ਤੇ ਨਾ ਰੱਖੋ ਅਤੇ ਨਾ ਹੀ ਮੂਧੀਆਂ ਬਾਲਟੀਆਂ ਜਾਂ ਡੱਬਿਆਂ ’ਤੇ।

◇ ਉੱਪਰ ਚੜ੍ਹਦਿਆਂ ਜਾਂ ਹੇਠਾਂ ਉੱਤਰਦਿਆਂ ਤੁਹਾਡਾ ਚਿਹਰਾ ਹਮੇਸ਼ਾ ਪੌੜੀ ਵੱਲ ਹੋਣਾ ਚਾਹੀਦਾ ਹੈ।

◇ ਪੌੜੀ ਦੇ ਉੱਪਰਲੇ ਦੋ ਪੌਡਿਆਂ ’ਤੇ ਨਾ ਖੜ੍ਹੋ ਤੇ ਨਾ ਹੀ ਬੈਠੋ।

◇ ਐਕਸਟੈਨਸ਼ਨ ਪੌੜੀ ਸਿਰਫ਼ ਉਦੋਂ ਹੀ ਵਰਤੋ ਜਦੋਂ ਉਹ ਛੱਤ ਜਾਂ ਕੰਧ ਦੀ ਉਚਾਈ ਤੋਂ ਘੱਟੋ-ਘੱਟ ਇਕ ਮੀਟਰ ਲੰਬੀ ਕੀਤੀ ਜਾ ਸਕਦੀ ਹੋਵੇ। ਪੌੜੀ ਨੂੰ ਥੱਲਿਓਂ ਕਿਸੇ ਚੀਜ਼ ਨਾਲ ਬੰਨ੍ਹੋ ਜਾਂ ਉਸ ਦੇ ਮੋਹਰੇ ਫੱਟੇ ਨੂੰ ਜ਼ਮੀਨ ਵਿਚ ਕਿੱਲਾਂ ਨਾਲ ਠੋਕ ਦਿਓ ਤਾਂਕਿ ਉਹ ਤਿਲਕੇ ਨਾ। ਜੇ ਤੁਸੀਂ ਪੌੜੀ ਨੂੰ ਇਨ੍ਹਾਂ ਤਰੀਕਿਆਂ ਨਾਲ ਨਹੀਂ ਸੁਰੱਖਿਅਤ ਬਣਾ ਸਕਦੇ ਹੋ, ਤਾਂ ਕਿਸੇ ਨੂੰ ਉਸ ਨੂੰ ਫੜ ਕੇ ਖੜ੍ਹੇ ਰਹਿਣ ਲਈ ਕਹੋ ਜਦ ਤਕ ਤੁਹਾਡਾ ਕੰਮ ਪੂਰਾ ਨਹੀਂ ਹੁੰਦਾ। ਪੌੜੀ ਦੇ ਉੱਪਰਲੇ ਹਿੱਸੇ ਨੂੰ ਬੰਨ੍ਹੋ ਤਾਂਕਿ ਉਹ ਕਿਸੇ ਪਾਸੇ ਤਿਲਕ ਨਾ ਜਾਵੇ।

◇ ਪੌਡਿਆਂ ’ਤੇ ਫੱਟੇ ਰੱਖ ਕੇ ਕੰਮ ਨਾ ਕਰੋ।

◇ ਜਦੋਂ ਉੱਚੀ ਥਾਂ ਕੰਮ ਕਰਦਿਆਂ ਤੁਹਾਨੂੰ ਦੂਰ ਪਹੁੰਚਣ ਲਈ ਆਪਣਾ ਹੱਥ ਵਧਾਉਣਾ ਪੈਂਦਾ ਹੈ, ਤਾਂ ਪੌੜੀ ਹਿਲ ਸਕਦੀ ਹੈ। ਇਸ ਤਰ੍ਹਾਂ ਕਰਨਾ ਖ਼ਤਰਨਾਕ ਹੈ। ਕੰਮ ਪੂਰਾ ਕਰਨ ਲਈ ਹੇਠਾਂ ਉੱਤਰ ਕੇ ਪੌੜੀ ਨੂੰ ਅੱਗੇ-ਪਿੱਛੇ ਕਰੋ।

◇ ਜੇ ਤੁਸੀਂ ਬੰਦ ਦਰਵਾਜ਼ੇ ਦੇ ਮੋਹਰੇ ਪੌੜੀ ਲਾ ਕੇ ਕੰਮ ਕਰਨਾ ਹੈ, ਤਾਂ ਦਰਵਾਜ਼ੇ ’ਤੇ ਨੋਟਿਸ ਲਾ ਕੇ ਉਸ ਨੂੰ ਤਾਲਾ ਲਾਓ। ਜੇ ਤਾਲਾ ਲਾਉਣਾ ਨਾਮੁਮਕਿਨ ਹੈ, ਤਾਂ ਦੂਸਰਿਆਂ ਨੂੰ ਸਾਵਧਾਨ ਕਰਨ ਲਈ ਕਿਸੇ ਨੂੰ ਉੱਥੇ ਖੜ੍ਹਾ ਕਰੋ।

◇ ਜੇ ਪੌੜੀ ਇਕ ਤੋਂ ਜ਼ਿਆਦਾ ਬੰਦਿਆਂ ਦਾ ਭਾਰ ਚੁੱਕਣ ਲਈ ਨਹੀਂ ਬਣਾਈ ਗਈ, ਤਾਂ ਉਸ ਤੇ ਇੱਕੋ ਜਣੇ ਨੂੰ ਚੜ੍ਹਨਾ ਚਾਹੀਦਾ ਹੈ।

[ਸਫ਼ਾ 29 ਉੱਤੇ ਤਸਵੀਰ]

ਮੂਸਾ ਦੀ ਬਿਵਸਥਾ ਅਨੁਸਾਰ ਚਪਟੀਆਂ ਛੱਤਾਂ ਦੇ ਦੁਆਲੇ ਬਨੇਰੇ ਬੰਨ੍ਹਣੇ ਜ਼ਰੂਰੀ ਸਨ