Skip to content

Skip to table of contents

ਬਲਗੇਰੀਆ ਵਿਚ ਖ਼ਾਸ ਮੁਹਿੰਮ ਕਾਮਯਾਬ ਰਹੀ

ਬਲਗੇਰੀਆ ਵਿਚ ਖ਼ਾਸ ਮੁਹਿੰਮ ਕਾਮਯਾਬ ਰਹੀ

ਬਲਗੇਰੀਆ ਵਿਚ ਖ਼ਾਸ ਮੁਹਿੰਮ ਕਾਮਯਾਬ ਰਹੀ

“ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।”—ਮੱਤੀ 9:37, 38.

ਯਿਸੂ ਦੇ ਇਹ ਸ਼ਬਦ ਬਲਗੇਰੀਆ ਨਾਂ ਦੇ ਸੁੰਦਰ ਬਾਲਕਨ ਦੇਸ਼ ਉੱਤੇ ਕਿੰਨੇ ਢੁਕਦੇ ਹਨ ਜੋ ਦੱਖਣੀ-ਪੂਰਬੀ ਯੂਰਪ ਵਿਚ ਹੈ! ਇਸ ਦੇਸ਼ ਦੇ ਸੱਤਰ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਹੋਰ ਪ੍ਰਚਾਰਕਾਂ ਦੀ ਸਖ਼ਤ ਲੋੜ ਹੈ। ਬਲਗੇਰੀਆ ਵਿਚ ਤਕਰੀਬਨ 1,700 ਪਬਲੀਸ਼ਰ ਹਨ, ਪਰ ਉਹ ਆਪਣੇ ਦੇਸ਼ ਦੇ ਸਾਰੇ ਇਲਾਕਿਆਂ ਵਿਚ ਪ੍ਰਚਾਰ ਨਹੀਂ ਕਰ ਪਾ ਰਹੇ। ਇਸ ਕਰਕੇ ਪ੍ਰਬੰਧਕ ਸਭਾ ਨੇ ਕਈ ਯੂਰਪੀ ਦੇਸ਼ਾਂ ਤੋਂ ਬਲਗੇਰੀਅਨ ਭਾਸ਼ਾ ਬੋਲਣ ਵਾਲੇ ਗਵਾਹਾਂ ਨੂੰ ਬੁਲਾਉਣ ਦੀ ਇਜਾਜ਼ਤ ਦਿੱਤੀ ਤਾਂਕਿ ਉਹ 2009 ਵਿਚ ਚਲਾਈ ਜਾਣ ਵਾਲੀ ਖ਼ਾਸ ਮੁਹਿੰਮ ਵਿਚ ਹਿੱਸਾ ਲੈ ਸਕਣ। ਇਹ ਮੁਹਿੰਮ ਗਰਮੀਆਂ ਨੂੰ ਸੱਤ ਹਫ਼ਤਿਆਂ ਲਈ ਚਲਾਈ ਜਾਣੀ ਸੀ। ਇਸ ਤੋਂ ਬਾਅਦ 14-16 ਅਗਸਤ 2009 ਨੂੰ ਸੋਫ਼ੀਆ ਸ਼ਹਿਰ ਵਿਚ “ਜਾਗਦੇ ਰਹੋ!” ਨਾਂ ਦਾ ਜ਼ਿਲ੍ਹਾ ਸੰਮੇਲਨ ਹੋਣਾ ਸੀ।

ਬਹੁਤਿਆਂ ਨੇ ਹਾਮੀ ਭਰੀ

ਸੋਫ਼ੀਆ ਬ੍ਰਾਂਚ ਆਫ਼ਿਸ ਦੇ ਭਰਾਵਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਫਰਾਂਸ, ਜਰਮਨੀ, ਗ੍ਰੀਸ, ਇਟਲੀ, ਪੋਲੈਂਡ ਅਤੇ ਸਪੇਨ ਤੋਂ ਕਿੰਨੇ ਕੁ ਪਬਲੀਸ਼ਰ ਆਉਣ ਲਈ ਤਿਆਰ ਹੋਣਗੇ। ਉਨ੍ਹਾਂ ਨੂੰ ਛੁੱਟੀਆਂ ਲੈ ਕੇ ਆਪਣੇ ਖ਼ਰਚੇ ਤੇ ਬਲਗੇਰੀਆ ਆਉਣਾ ਪੈਣਾ ਸੀ। ਬ੍ਰਾਂਚ ਵਿਚ ਭਰਾ ਕਿੰਨੇ ਖ਼ੁਸ਼ ਹੋਏ ਜਦ ਭੈਣਾਂ-ਭਰਾਵਾਂ ਦੀਆਂ ਅਰਜ਼ੀਆਂ ਦੀ ਗਿਣਤੀ ਹਰ ਹਫ਼ਤੇ ਵਧਦੀ-ਵਧਦੀ 292 ਹੋ ਗਈ! ਇੰਨੇ ਸਾਰੇ ਵਲੰਟੀਅਰ ਹੋਣ ਕਰਕੇ ਉਨ੍ਹਾਂ ਨੂੰ ਤਿੰਨ ਵੱਖਰੇ-ਵੱਖਰੇ ਬਲਗੇਰੀਅਨ ਸ਼ਹਿਰਾਂ ਵਿਚ ਭੇਜਿਆ ਜਾ ਸਕਦਾ ਸੀ: ਕਾਜ਼ਾਨਲਕ, ਸੈਨਡੈਂਸਕੀ ਅਤੇ ਸਿਲਿਸਟ੍ਰਾ। ਬਲਗੇਰੀਆ ਵਿਚ ਸਰਕਟ ਨਿਗਾਹਬਾਨਾਂ ਨੇ ਸਥਾਨਕ ਪਾਇਨੀਅਰਾਂ ਅਤੇ ਪਬਲੀਸ਼ਰਾਂ ਨੂੰ ਇਸ ਮੁਹਿੰਮ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ। ਅਖ਼ੀਰ ਵਿਚ 382 ਵਲੰਟੀਅਰਾਂ ਨੇ ਉਨ੍ਹਾਂ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕੀਤਾ ਜਿੱਥੇ ਪਹਿਲਾਂ ਘੱਟ ਹੀ ਖ਼ੁਸ਼ ਖ਼ਬਰੀ ਸੁਣਾਈ ਗਈ ਸੀ।

ਲਾਗਲੀਆਂ ਕਲੀਸਿਯਾਵਾਂ ਦੇ ਭਰਾਵਾਂ ਨੂੰ ਪਹਿਲਾਂ ਹੀ ਰਹਿਣ ਦੀਆਂ ਥਾਵਾਂ ਦਾ ਪ੍ਰਬੰਧ ਕਰਨ ਲਈ ਘੱਲ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਰਾਏ ’ਤੇ ਅਪਾਰਟਮੈਂਟ ਲਏ ਅਤੇ ਸਸਤੇ ਹੋਟਲ ਬੁੱਕ ਕੀਤੇ। ਇਨ੍ਹਾਂ ਸਥਾਨਕ ਭਰਾਵਾਂ ਨੇ ਅਣਥੱਕ ਜਤਨ ਕਰ ਕੇ ਬਾਹਰੋਂ ਆਏ ਵਲੰਟੀਅਰਾਂ ਨੂੰ ਉਨ੍ਹਾਂ ਦੇ ਥਾਂ-ਟਿਕਾਣੇ ਪਹੁੰਚਾਇਆ ਤੇ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ। ਉਨ੍ਹਾਂ ਤਿੰਨਾਂ ਸ਼ਹਿਰਾਂ ਵਿਚ ਸਭਾਵਾਂ ਕਰਨ ਲਈ ਥਾਵਾਂ ਕਿਰਾਏ ’ਤੇ ਲਈਆਂ ਗਈਆਂ ਸਨ। ਕਲੀਸਿਯਾ ਦੀਆਂ ਸਭਾਵਾਂ ਨੂੰ ਬਾਹਰੋਂ ਆਏ ਭਰਾਵਾਂ ਦੁਆਰਾ ਚਲਾਏ ਜਾਣ ਦੇ ਪ੍ਰਬੰਧ ਕੀਤੇ ਗਏ। ਇਹ ਦੇਖ ਕੇ ਕਿੰਨੀ ਖ਼ੁਸ਼ੀ ਹੋਈ ਕਿ ਜਿੱਥੇ ਪਹਿਲਾਂ ਕੋਈ ਵੀ ਗਵਾਹ ਨਹੀਂ ਸੀ, ਉੱਥੇ 50 ਪਬਲੀਸ਼ਰ ਯਹੋਵਾਹ ਦੀ ਉਸਤਤ ਕਰ ਰਹੇ ਸਨ।

ਬਾਹਰਲੇ ਦੇਸ਼ਾਂ ਤੋਂ ਆਏ ਭੈਣ-ਭਰਾਵਾਂ ਨੇ ਜ਼ੋਰਾਂ-ਸ਼ੋਰਾਂ ਨਾਲ ਇਸ ਮੁਹਿੰਮ ਵਿਚ ਹਿੱਸਾ ਲਿਆ। ਬਲਗੇਰੀਆ ਵਿਚ ਗਰਮੀਆਂ ਵਿਚ ਤਾਪਮਾਨ 40 ਡਿਗਰੀ ਸੈਂਟੀਗ੍ਰੇਡ ਤਕ ਪਹੁੰਚ ਸਕਦਾ ਹੈ। ਪਰ ਉਨ੍ਹਾਂ ਜੋਸ਼ੀਲੇ ਭੈਣਾਂ-ਭਰਾਵਾਂ ਨੂੰ ਕੋਈ ਚੀਜ਼ ਨਹੀਂ ਰੋਕ ਸਕੀ। ਡੈਨਿਊਬ ਨਦੀ ’ਤੇ ਸਥਿਤ ਸਿਲਿਸਟ੍ਰਾ ਸ਼ਹਿਰ ਦੇ 50,000 ਤੋਂ ਜ਼ਿਆਦਾ ਵਾਸੀਆਂ ਨੂੰ ਪਹਿਲੇ ਤਿੰਨ ਹਫ਼ਤਿਆਂ ਦੇ ਵਿਚ-ਵਿਚ ਪੂਰੀ ਤਰ੍ਹਾਂ ਗਵਾਹੀ ਦਿੱਤੀ ਗਈ। ਇਸ ਤੋਂ ਬਾਅਦ ਭਰਾ ਲਾਗਲੇ ਪਿੰਡਾਂ ਵਿਚ ਗਏ। ਇੱਥੋਂ ਤਕ ਕਿ ਉਹ ਟੁੱਟਰਾਕਨ ਵੀ ਗਏ ਜੋ 55 ਕਿਲੋਮੀਟਰ ਦੂਰ ਸਿਲਿਸਟ੍ਰਾ ਸ਼ਹਿਰ ਦੇ ਪੱਛਮ ਵੱਲ ਪੈਂਦਾ ਹੈ। ਉਹ ਆਮ ਤੌਰ ਤੇ ਸਵੇਰ ਨੂੰ 9:30 ਵਜੇ ਪ੍ਰਚਾਰ ਸ਼ੁਰੂ ਕਰਦੇ ਸਨ। ਦੁਪਹਿਰ ਦੀ ਰੋਟੀ ਤੋਂ ਬਾਅਦ ਉਹ ਰਾਤ ਦੇ 7:00 ਵਜੇ ਤਕ ਜਾਂ ਉਸ ਤੋਂ ਬਾਅਦ ਵੀ ਪ੍ਰਚਾਰ ਕਰਨਾ ਜਾਰੀ ਰੱਖਦੇ ਸਨ। ਵਲੰਟੀਅਰਾਂ ਦੇ ਇਸ ਜੋਸ਼ ਸਦਕਾ ਕਾਜ਼ਾਨਲਕ ਅਤੇ ਸੈਨਡੈਂਸਕੀ ਤੋਂ ਸ਼ੁਰੂ ਹੋਈ ਮੁਹਿੰਮ ਗੁਆਂਢੀ ਪਿੰਡਾਂ ਅਤੇ ਸ਼ਹਿਰਾਂ ਵਿਚ ਵੀ ਪਹੁੰਚ ਗਈ।

ਭਰਾ ਕੀ ਕੁਝ ਕਰ ਪਾਏ?

ਉਨ੍ਹਾਂ ਸੱਤਾਂ ਹਫ਼ਤਿਆਂ ਦੌਰਾਨ ਬਹੁਤ ਸਾਰਾ ਪ੍ਰਚਾਰ ਕੀਤਾ ਗਿਆ। ਜਿਵੇਂ ਰਸੂਲਾਂ ਦੇ ਜ਼ਮਾਨੇ ਵਿਚ ਲੋਕਾਂ ਨੇ ਕਿਹਾ ਸੀ, ਉਸੇ ਤਰ੍ਹਾਂ ਇਨ੍ਹਾਂ ਸ਼ਹਿਰਾਂ ਦੇ ਲੋਕ ਵੀ ਕਹਿ ਸਕਦੇ ਸਨ ਕਿ ‘ਤੁਸੀਂ ਆਪਣੀ ਸਿੱਖਿਆ ਨਾਲ ਸਾਡੇ ਸ਼ਹਿਰ ਨੂੰ ਭਰ ਦਿੱਤਾ ਹੈ।’ (ਰਸੂ. 5:28) ਭਰਾਵਾਂ ਨੇ ਲੋਕਾਂ ਨੂੰ 50,000 ਰਸਾਲੇ ਦਿੱਤੇ ਤੇ 482 ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਖ਼ੁਸ਼ੀ ਦੀ ਗੱਲ ਹੈ ਕਿ 1 ਸਤੰਬਰ 2009 ਨੂੰ ਸਿਲਿਸਟ੍ਰਾ ਸ਼ਹਿਰ ਵਿਚ ਇਕ ਨਵੀਂ ਕਲੀਸਿਯਾ ਬਣੀ ਤੇ ਕਾਜ਼ਾਨਲਕ ਅਤੇ ਸੈਨਡੈਂਸਕੀ ਵਿਚ ਗਰੁੱਪ ਸ਼ੁਰੂ ਹੋਏ। ਇਸ ਮੁਹਿੰਮ ਦੌਰਾਨ ਕਈਆਂ ਨੇ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਖ਼ੁਸ਼ ਖ਼ਬਰੀ ਸੁਣੀ ਤੇ ਉਨ੍ਹਾਂ ਨੂੰ ਹੁਣ ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰਦਿਆਂ ਦੇਖ ਕੇ ਕਿੰਨਾ ਹੌਸਲਾ ਮਿਲਦਾ ਹੈ!

ਸਪੇਨ ਤੋਂ ਆਈ ਬਲਗੇਰੀਅਨ ਭਾਸ਼ਾ ਬੋਲਣ ਵਾਲੀ ਇਕ ਸਪੈਸ਼ਲ ਪਾਇਨੀਅਰ ਭੈਣ ਨੇ ਮੁਹਿੰਮ ਦੇ ਪਹਿਲੇ ਹਫ਼ਤੇ ਵਿਚ ਕਾਰੀਨਾ ਨਾਂ ਦੀ ਇਕ ਔਰਤ ਨੂੰ ਪ੍ਰਚਾਰ ਕੀਤਾ ਜੋ ਸੜਕ ’ਤੇ ਅਖ਼ਬਾਰਾਂ ਵੇਚਦੀ ਹੈ। ਕਾਰੀਨਾ ਨੂੰ ਗੱਲਾਂ ਚੰਗੀਆਂ ਲੱਗੀਆਂ ਤੇ ਉਹ ਮੀਟਿੰਗ ਵੀ ਆਈ। ਉਹ ਫਟਾਫਟ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਈ। ਉਸ ਦਾ ਪਤੀ ਰੱਬ ਨੂੰ ਨਹੀਂ ਮੰਨਦਾ, ਇਸ ਕਰਕੇ ਉਸ ਨੇ ਪਾਰਕ ਵਿਚ ਬੈਠ ਕੇ ਸਟੱਡੀ ਕਰਨ ਬਾਰੇ ਪੁੱਛਿਆ। ਉਸ ਦੀਆਂ ਦੋ ਲੜਕੀਆਂ ਵੀ ਉਸ ਨਾਲ ਮਿਲ ਕੇ ਸਟੱਡੀ ਕਰਨ ਲੱਗ ਪਈਆਂ। ਵੱਡੀ ਲੜਕੀ ਡਾਨੀਏਲਾ ਨੇ ਬਾਈਬਲ ਵਿਚ ਪਾਈ ਜਾਂਦੀ ਸੱਚਾਈ ਦੀ ਦਿਲੋਂ ਕਦਰ ਕੀਤੀ। ਉਸ ਨੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਇਕ ਹਫ਼ਤੇ ਦੇ ਅੰਦਰ-ਅੰਦਰ ਪੜ੍ਹ ਲਈ ਤੇ ਭਗਤੀ ਵਿਚ ਮੂਰਤਾਂ ਦੀ ਮਨਾਹੀ ਬਾਰੇ ਬਾਈਬਲ ਵਿਚ ਪਾਈ ਜਾਂਦੀ ਸਲਾਹ ਝੱਟ ਲਾਗੂ ਕੀਤੀ। ਫਿਰ ਉਹ ਆਪਣੀਆਂ ਸਹੇਲੀਆਂ ਨੂੰ ਸੱਚਾਈ ਦੱਸਣ ਲੱਗ ਪਈ। ਕਲੀਸਿਯਾ ਦੀ ਪਹਿਲੀ ਸਭਾ ਵਿਚ ਹਾਜ਼ਰ ਹੋਣ ਤੋਂ ਸਿਰਫ਼ ਤਿੰਨ ਹਫ਼ਤਿਆਂ ਬਾਅਦ ਡਾਨੀਏਲਾ ਨੇ ਸਟੱਡੀ ਕਰਾ ਰਹੀ ਭੈਣ ਨੂੰ ਕਿਹਾ: “ਮੈਨੂੰ ਲੱਗਦਾ ਜਿਵੇਂ ਮੈਂ ਵੀ ਗਵਾਹ ਹੋਵਾਂ। ਮੈਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਮੈਂ ਵੀ ਪ੍ਰਚਾਰ ਕਰ ਸਕਾਂ?” ਡਾਨੀਏਲਾ ਆਪਣੀ ਮਾਂ ਅਤੇ ਛੋਟੀ ਭੈਣ ਨਾਲ ਮਿਲ ਕੇ ਚੰਗੀ ਤਰੱਕੀ ਕਰ ਰਹੀ ਹੈ।

ਕਾਜ਼ਾਨਲਕ ਸ਼ਹਿਰ ਵਿਚ ਇਟਲੀ ਤੋਂ ਮੁਹਿੰਮ ਲਈ ਆਇਆ ਓਰਲਿਨ ਨਾਂ ਦਾ ਬਲਗੇਰੀਅਨ ਭਰਾ ਇਕ ਦਿਨ ਪ੍ਰਚਾਰ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ। ਰਾਹ ਵਿਚ ਓਰਲਿਨ ਨੇ ਪਾਰਕ ਵਿਚ ਬੈਂਚ ’ਤੇ ਬੈਠੇ ਦੋ ਨੌਜਵਾਨਾਂ ਨੂੰ ਗਵਾਹੀ ਦਿੱਤੀ। ਉਸ ਨੇ ਉਨ੍ਹਾਂ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਕੇ ਅਗਲੇ ਦਿਨ ਫਿਰ ਤੋਂ ਮਿਲਣ ਦਾ ਇੰਤਜ਼ਾਮ ਕੀਤਾ। ਇਸ ਵਾਰ ਓਰਲਿਨ ਨੇ ਸਵੈਤੋਮਿਰ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕਰ ਦਿੱਤੀ ਤੇ ਅਗਲੇ ਦਿਨ ਵੀ ਉਨ੍ਹਾਂ ਨੇ ਸਟੱਡੀ ਕੀਤੀ। ਇਸ ਤਰ੍ਹਾਂ ਨੌਂ ਦਿਨਾਂ ਵਿਚ ਓਰਲਿਨ ਨੇ ਸਵੈਤੋਮਿਰ ਨਾਲ ਅੱਠ ਵਾਰ ਸਟੱਡੀ ਕੀਤੀ। ਸਵੈਤੋਮਿਰ ਨੇ ਕਿਹਾ: “ਤੁਹਾਨੂੰ ਮਿਲਣ ਤੋਂ ਦੋ ਦਿਨ ਪਹਿਲਾਂ, ਮੈਂ ਰੱਬ ਨੂੰ ਮਦਦ ਲਈ ਦੁਆ ਕੀਤੀ ਸੀ ਤਾਂਕਿ ਮੈਂ ਉਸ ਬਾਰੇ ਜਾਣ ਸਕਾਂ। ਮੈਂ ਵਾਅਦਾ ਕੀਤਾ ਕਿ ਜੇ ਉਹ ਮੇਰੀ ਮਦਦ ਕਰੇਗਾ, ਤਾਂ ਮੈਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਣ ਕਰ ਦਿਆਂਗਾ।” ਓਰਲਿਨ ਦੇ ਇਟਲੀ ਵਾਪਸ ਜਾਣ ਤੋਂ ਬਾਅਦ, ਸਥਾਨਕ ਭਰਾ ਸਵੈਤੋਮਿਰ ਨਾਲ ਸਟੱਡੀ ਕਰ ਰਹੇ ਹਨ ਤੇ ਉਹ ਸੱਚਾਈ ਨੂੰ ਅਪਣਾ ਰਿਹਾ ਹੈ।

ਕੁਰਬਾਨੀਆਂ ਕਰਨ ਵਾਲਿਆਂ ਨੂੰ ਬੇਹਿਸਾਬ ਬਰਕਤਾਂ

ਉਹ ਭੈਣ-ਭਰਾ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ ਜੋ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਛੁੱਟੀਆਂ ਲੈ ਕੇ ਆਪਣੇ ਖ਼ਰਚੇ ਤੇ ਦੂਸਰੇ ਦੇਸ਼ ਆਏ? ਸਪੇਨ ਵਿਚ ਸੇਵਾ ਕਰ ਰਹੇ ਇਕ ਬਜ਼ੁਰਗ ਨੇ ਕਿਹਾ: “ਸਪੇਨ ਵਿਚ ਵੱਸਦੇ ਬਲਗੇਰੀਅਨ ਲੋਕਾਂ ਨੂੰ ਪ੍ਰਚਾਰ ਕਰਨ ਵਾਲੇ ਭੈਣਾਂ-ਭਰਾਵਾਂ ਦਾ ਆਪਸੀ ਪਿਆਰ ਵਧਿਆ ਹੈ। ਮੁਹਿੰਮ ਵਿਚ ਹਿੱਸਾ ਲੈਣ ਵਾਲੇ ਭੈਣਾਂ-ਭਰਾਵਾਂ ’ਤੇ ਇਸ ਮੁਹਿੰਮ ਦਾ ਬਹੁਤ ਵਧੀਆ ਅਸਰ ਪਿਆ ਹੈ।” ਇਟਲੀ ਤੋਂ ਇਕ ਪਤੀ-ਪਤਨੀ ਨੇ ਲਿਖਿਆ: “ਸਾਡੀ ਜ਼ਿੰਦਗੀ ਵਿਚ ਇਹ ਸਭ ਤੋਂ ਵਧੀਆ ਮਹੀਨਾ ਸੀ!” ਉਨ੍ਹਾਂ ਨੇ ਅੱਗੋਂ ਕਿਹਾ: “ਇਸ ਮੁਹਿੰਮ ਨੇ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ! ਅਸੀਂ ਹੁਣ ਪਹਿਲਾਂ ਵਰਗੇ ਨਹੀਂ ਰਹੇ।” ਇਹ ਪਤੀ-ਪਤਨੀ ਬਲਗੇਰੀਆ ਜਾ ਕੇ ਰਹਿਣ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਸਪੇਨ ਤੋਂ ਕੁਆਰੀ ਭੈਣ ਕਾਰੀਨਾ ਰੈਗੂਲਰ ਪਾਇਨੀਅਰਿੰਗ ਕਰਦੀ ਹੈ ਤੇ ਉਸ ਨੇ ਸਿਲਿਸਟ੍ਰਾ ਸ਼ਹਿਰ ਆ ਕੇ ਮੁਹਿੰਮ ਵਿਚ ਹਿੱਸਾ ਲਿਆ। ਇਸ ਤੋਂ ਬਾਅਦ ਉਸ ਨੇ ਸਪੇਨ ਵਿਚ ਆਪਣੀ ਨੌਕਰੀ ਛੱਡ ਦਿੱਤੀ ਤੇ ਬਲਗੇਰੀਆ ਜਾ ਕੇ ਨਵੀਂ ਕਲੀਸਿਯਾ ਦਾ ਸਾਥ ਦੇਣ ਲੱਗ ਪਈ। ਉਸ ਨੇ ਬਲਗੇਰੀਆ ਵਿਚ ਇਕ ਸਾਲ ਰਹਿਣ ਜੋਗੇ ਪੈਸੇ ਜਮ੍ਹਾ ਕਰ ਲਏ ਸਨ। ਕਾਰੀਨਾ ਆਪਣੇ ਫ਼ੈਸਲੇ ਬਾਰੇ ਕਹਿੰਦੀ ਹੈ: “ਮੈਂ ਬਹੁਤ ਖ਼ੁਸ਼ ਹਾਂ ਕਿ ਯਹੋਵਾਹ ਨੇ ਮੈਨੂੰ ਬਲਗੇਰੀਆ ਵਿਚ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਆਸ ਕਰਦੀ ਹਾਂ ਕਿ ਮੈਂ ਇੱਥੇ ਲੰਬੇ ਚਿਰ ਲਈ ਰਹਿ ਸਕਾਂਗੀ। ਮੇਰੇ ਕੋਲ ਹੁਣ ਪੰਜ ਬਾਈਬਲ ਸਟੱਡੀਆਂ ਹਨ ਤੇ ਉਨ੍ਹਾਂ ਵਿੱਚੋਂ ਤਿੰਨ ਸਭਾਵਾਂ ਵਿਚ ਆਉਂਦੀਆਂ ਹਨ।”

ਇਕ ਇਤਾਲਵੀ ਭੈਣ ਮੁਹਿੰਮ ਵਿਚ ਹਿੱਸਾ ਲੈਣਾ ਚਾਹੁੰਦੀ ਸੀ, ਪਰ ਨਵੀਂ-ਨਵੀਂ ਨੌਕਰੀ ਤੇ ਲੱਗਣ ਕਾਰਨ ਉਸ ਕੋਲ ਛੁੱਟੀਆਂ ਨਹੀਂ ਸਨ। ਫਿਰ ਵੀ ਉਸ ਨੇ ਬੇਝਿਜਕ ਹੋ ਕੇ ਇਕ ਮਹੀਨੇ ਦੀ ਛੁੱਟੀ ਮੰਗੀ ਤੇ ਕਿਹਾ ਕਿ ਉਹ ਇਸ ਮਹੀਨੇ ਦੀ ਤਨਖ਼ਾਹ ਨਹੀਂ ਲਵੇਗੀ। ਉਸ ਨੇ ਇਹ ਵੀ ਫ਼ੈਸਲਾ ਕੀਤਾ ਕਿ ਜੇ ਛੁੱਟੀ ਨਾ ਮਿਲੀ, ਤਾਂ ਉਹ ਨੌਕਰੀ ਤੋਂ ਅਸਤੀਫ਼ਾ ਦੇ ਦੇਵੇਗੀ। ਉਹ ਕਿੰਨੀ ਹੈਰਾਨ ਹੋਈ ਜਦ ਉਸ ਦੇ ਮਾਲਕ ਨੇ ਕਿਹਾ: “ਹਾਂ, ਛੁੱਟੀ ਮਿਲ ਸਕਦੀ ਹੈ, ਪਰ ਇਕ ਸ਼ਰਤ ਤੇ: ਤੈਨੂੰ ਮੇਰੇ ਲਈ ਬਲਗੇਰੀਆ ਤੋਂ ਇਕ ਪੋਸਟ-ਕਾਰਡ ਭੇਜਣਾ ਪਵੇਗਾ।” ਉਸ ਭੈਣ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਸੀ।

ਵਾਰਨਾ ਨਾਂ ਦੇ ਬਲਗੇਰੀਅਨ ਸ਼ਹਿਰ ਵਿਚ ਸਟਾਨਿਸਲਾਵਾ ਨਾਂ ਦੀ ਇਕ ਭੈਣ ਪੂਰਾ ਦਿਨ ਨੌਕਰੀ ਕਰ ਰਹੀ ਸੀ ਅਤੇ ਉਸ ਨੂੰ ਚੰਗੀ ਤਨਖ਼ਾਹ ਮਿਲਦੀ ਸੀ। ਉਸ ਨੇ ਛੁੱਟੀ ਲੈ ਕੇ ਸਿਲਿਸਟ੍ਰਾ ਸ਼ਹਿਰ ਵਿਚ ਮੁਹਿੰਮ ਵਿਚ ਹਿੱਸਾ ਲਿਆ। ਜਦੋਂ ਉਸ ਨੇ ਦੇਖਿਆ ਕਿ ਬਾਹਰਲੇ ਦੇਸ਼ਾਂ ਤੋਂ ਆਏ ਪਾਇਨੀਅਰ ਭੈਣ-ਭਰਾ ਪ੍ਰਚਾਰ ਕਰ ਕੇ ਕਿੰਨੇ ਖ਼ੁਸ਼ ਸਨ, ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਉਹ ਸੋਚਣ ਲੱਗ ਪਈ ਕਿ ਉਹ ਫੁੱਲ-ਟਾਈਮ ਨੌਕਰੀ ਕਰ ਕੇ ਆਪਣੀ ਜ਼ਿੰਦਗੀ ਨਾਲ ਕੀ ਕਰ ਰਹੀ ਸੀ। ਘਰ ਵਾਪਸ ਜਾਣ ਤੋਂ ਦੋ ਹਫ਼ਤਿਆਂ ਬਾਅਦ, ਉਸ ਨੇ ਨੌਕਰੀ ਛੱਡ ਦਿੱਤੀ ਤੇ ਰੈਗੂਲਰ ਪਾਇਨੀਅਰਿੰਗ ਕਰਨ ਲੱਗ ਗਈ। ਹੁਣ ਉਹ ਬਹੁਤ ਖ਼ੁਸ਼ ਹੈ ਕਿਉਂਕਿ ਉਹ ਆਪਣੀ ਜਵਾਨੀ ਵਿਚ ਆਪਣੇ ਕਰਤਾਰ ਨੂੰ ਚੇਤੇ ਕਰ ਰਹੀ ਹੈ।—ਉਪ. 12:1.

ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨੀ ਸੱਚ-ਮੁੱਚ ਵੱਡੀ ਬਰਕਤ ਹੈ! ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੇ ਅਹਿਮ ਕੰਮ ਵਿਚ ਆਪਣਾ ਸਮਾਂ ਤੇ ਬਲ ਲਾਉਣ ਤੋਂ ਬਿਹਤਰ ਹੋਰ ਕੋਈ ਕੰਮ ਨਹੀਂ ਹੈ। ਕੀ ਤੁਸੀਂ ਹੋਰ ਤਰੀਕਿਆਂ ਨਾਲ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹੋ ਜਿਸ ਕਰਕੇ ਦੂਸਰਿਆਂ ਦੀ ਜਾਨ ਬਚ ਸਕਦੀ ਹੈ? ਸ਼ਾਇਦ ਤੁਹਾਡੇ ਆਪਣੇ ਦੇਸ਼ ਵਿਚ ਅਜਿਹੇ ਇਲਾਕੇ ਹੋ ਸਕਦੇ ਹਨ ਜਿੱਥੇ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ। ਕੀ ਤੁਸੀਂ ਉੱਥੇ ਜਾਣ ਬਾਰੇ ਸੋਚ ਸਕਦੇ ਹੋ? ਜਾਂ ਤੁਸੀਂ ਹੋਰ ਭਾਸ਼ਾ ਸਿੱਖ ਕੇ ਆਪਣੇ ਦੇਸ਼ ਵਿਚ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹੋ ਜੋ ਬਾਈਬਲ ਦੀਆਂ ਸੱਚਾਈਆਂ ਬਾਰੇ ਜਾਣਨ ਲਈ ਤਰਸ ਰਹੇ ਹਨ। ਤੁਸੀਂ ਭਰੋਸਾ ਕਰ ਸਕਦੇ ਹੋ ਕਿ ਹੋਰ ਜ਼ਿਆਦਾ ਪ੍ਰਚਾਰ ਕਰਨ ਲਈ ਤੁਸੀਂ ਜੋ ਵੀ ਫੇਰ ਬਦਲ ਕਰ ਸਕਦੇ ਹੋ, ਯਹੋਵਾਹ ਤੁਹਾਨੂੰ ਭਰਪੂਰ ਬਰਕਤਾਂ ਦੇਵੇਗਾ।—ਕਹਾ. 10:22.

[ਸਫ਼ਾ 32 ਉੱਤੇ ਡੱਬੀ/ਤਸਵੀਰ]

ਯਾਦਗਾਰ ਦਿਨ

ਹੋਰਨਾਂ ਯੂਰਪੀ ਦੇਸ਼ਾਂ ਤੋਂ ਬਲਗੇਰੀਆ ਵਿਚ ਖ਼ਾਸ ਮੁਹਿੰਮ ਦਾ ਸਮਰਥਨ ਕਰਨ ਆਏ ਕਈ ਭੈਣਾਂ-ਭਰਾਵਾਂ ਨੇ ਸੋਫ਼ੀਆ ਸ਼ਹਿਰ ਵਿਚ “ਜਾਗਦੇ ਰਹੋ!” ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਣ ਬਾਰੇ ਵੀ ਸੋਚਿਆ ਸੀ। ਵੱਖੋ-ਵੱਖਰੇ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਮਿਲ ਕੇ ਸਥਾਨਕ ਭੈਣਾਂ-ਭਰਾਵਾਂ ਦਾ ਬਹੁਤ ਹੌਸਲਾ ਵਧਿਆ। ਸੰਮੇਲਨ ਵਿਚ 2,039 ਹਾਜ਼ਰ ਭੈਣ-ਭਰਾ ਕਿੰਨੇ ਖ਼ੁਸ਼ ਹੋਏ ਜਦੋਂ ਪ੍ਰਬੰਧਕ ਸਭਾ ਦੇ ਮੈਂਬਰ ਭਰਾ ਜੈਫ਼ਰੀ ਜੈਕਸਨ ਨੇ ਬਲਗੇਰੀਅਨ ਭਾਸ਼ਾ ਵਿਚ ਪੂਰੀ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਰਿਲੀਜ਼ ਕੀਤੀ! ਸ਼ੁੱਕਰਵਾਰ ਸਾਰੇ ਭੈਣਾਂ-ਭਰਾਵਾਂ ਨੇ ਦਿਲੋਂ ਕਦਰਦਾਨੀ ਦਿਖਾਉਂਦਿਆਂ ਕਿੰਨੇ ਚਿਰ ਤਕ ਜ਼ੋਰ-ਜ਼ੋਰ ਨਾਲ ਤਾੜੀਆਂ ਵਜਾਈਆਂ। ਖ਼ੁਸ਼ੀ ਦੇ ਮਾਰੇ ਕਈਆਂ ਦੀਆਂ ਅੱਖਾਂ ਵੀ ਭਰ ਆਈਆਂ। ਇਹ ਟ੍ਰਾਂਸਲੇਸ਼ਨ ਸਹੀ ਤੇ ਸਮਝਣ ਵਿਚ ਸੌਖੀ ਹੈ ਜਿਸ ਦੀ ਮਦਦ ਨਾਲ ਨੇਕਦਿਲ ਬਲਗੇਰੀਅਨ ਲੋਕ ਯਹੋਵਾਹ ਬਾਰੇ ਜਾਣ ਸਕਣਗੇ।

[ਸਫ਼ਾ 31 ਉੱਤੇ ਨਕਸ਼ਾ]

(ਪੂਰੀ ਤਰ੍ਹਾਂ ਫੋਰਮੈਟ ਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਬਲਗੇਰੀਆ

ਸਿਲਿਸਟ੍ਰਾ

ਕਾਜ਼ਾਨਲਕ

ਸੈਨਡੈਂਸਕੀ

ਸੋਫ਼ੀਆ

[ਸਫ਼ਾ 31 ਉੱਤੇ ਤਸਵੀਰਾਂ]

ਉਨ੍ਹਾਂ ਸੱਤਾਂ ਹਫ਼ਤਿਆਂ ਦੌਰਾਨ ਬਹੁਤ ਵਧੀਆ ਗਵਾਹੀ ਦਿੱਤੀ ਗਈ