Skip to content

Skip to table of contents

ਅਜ਼ਮਾਇਸ਼ਾਂ ਵਿਚ ਵੀ ਯਹੋਵਾਹ ਦੀ ਸੇਵਾ ਲਈ ਸ਼ੁਕਰਗੁਜ਼ਾਰ

ਅਜ਼ਮਾਇਸ਼ਾਂ ਵਿਚ ਵੀ ਯਹੋਵਾਹ ਦੀ ਸੇਵਾ ਲਈ ਸ਼ੁਕਰਗੁਜ਼ਾਰ

ਅਜ਼ਮਾਇਸ਼ਾਂ ਵਿਚ ਵੀ ਯਹੋਵਾਹ ਦੀ ਸੇਵਾ ਲਈ ਸ਼ੁਕਰਗੁਜ਼ਾਰ

ਮਾਰਚੇ ਡੇ ਯੋਂਗੇ-ਵੈਨ ਡੇਨ ਹੁਏਵਲ ਦੀ ਜ਼ਬਾਨੀ

ਮੈਂ 98 ਸਾਲਾਂ ਦੀ ਹਾਂ। ਇਨ੍ਹਾਂ ਵਿੱਚੋਂ 70 ਸਾਲ ਮੈਨੂੰ ਯਹੋਵਾਹ ਦੀ ਸੇਵਾ ਕਰਨ ਦਾ ਸਨਮਾਨ ਮਿਲਿਆ ਹੈ। ਪਰ ਇਸ ਦੇ ਨਾਲ-ਨਾਲ ਮੇਰੀ ਨਿਹਚਾ ਦੀ ਵੀ ਪਰਖ ਹੋਈ ਹੈ। ਦੂਸਰੇ ਵਿਸ਼ਵ ਯੁੱਧ ਦੌਰਾਨ ਮੈਨੂੰ ਤਸ਼ੱਦਦ ਕੈਂਪ ਭੇਜ ਦਿੱਤਾ ਗਿਆ। ਉੱਥੇ ਇਕ ਵਾਰ ਮੈਂ ਇੰਨੀ ਨਿਰਾਸ਼ ਹੋ ਗਈ ਕਿ ਮੈਂ ਅਜਿਹਾ ਫ਼ੈਸਲਾ ਕਰ ਬੈਠੀ ਜਿਸ ਕਾਰਨ ਮੈਨੂੰ ਬਾਅਦ ਵਿਚ ਪਛਤਾਉਣਾ ਪਿਆ। ਕੁਝ ਸਾਲਾਂ ਬਾਅਦ ਇਕ ਹੋਰ ਦਰਦਨਾਕ ਘੜੀ ਵਿੱਚੋਂ ਗੁਜ਼ਰਨਾ ਪਿਆ। ਫਿਰ ਵੀ ਮੈਂ ਯਹੋਵਾਹ ਦੀ ਸ਼ੁਕਰਗੁਜ਼ਾਰ ਹਾਂ ਕਿ ਇਨ੍ਹਾਂ ਅਜ਼ਮਾਇਸ਼ਾਂ ਵਿਚ ਵੀ ਮੈਂ ਉਸ ਦੀ ਸੇਵਾ ਕਰ ਸਕੀ।

ਅਕਤੂਬਰ 1940 ਵਿਚ ਮੇਰੀ ਜ਼ਿੰਦਗੀ ਦਾ ਰੁਖ ਹੀ ਬਦਲ ਗਿਆ। ਮੈਂ ਹਿਲਵਰਸਮ ਕਸਬੇ ਵਿਚ ਰਹਿੰਦੀ ਸੀ ਜੋ ਦੱਖਣ-ਪੂਰਬੀ ਅਮਸਟਰਡਮ, ਨੀਦਰਲੈਂਡਜ਼ ਤੋਂ ਕੁਝ 24 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਹ ਦੇਸ਼ ਨਾਜ਼ੀ ਸਰਕਾਰ ਦੇ ਅਧੀਨ ਸੀ। ਮੈਂ ਪੰਜਾਂ ਸਾਲਾਂ ਤੋਂ ਯਾਪ ਡੇ ਯੋਂਗੇ ਨਾਲ ਵਿਆਹੀ ਹੋਈ ਸੀ ਜੋ ਬਹੁਤ ਚੰਗਾ ਪਤੀ ਸੀ ਅਤੇ ਸਾਡੀ ਇਕ ਤਿੰਨ ਸਾਲਾਂ ਦੀ ਪਿਆਰੀ ਧੀ ਸੀ ਜਿਸ ਦਾ ਨਾਂ ਸੀ ਵਿਲੀ। ਸਾਡੇ ਨਾਲ ਦੇ ਘਰ ਵਿਚ ਇਕ ਗ਼ਰੀਬ ਪਰਿਵਾਰ ਰਹਿੰਦਾ ਸੀ ਜੋ ਅੱਠ ਬੱਚਿਆਂ ਦਾ ਪੇਟ ਭਰਨ ਲਈ ਸੰਘਰਸ਼ ਕਰ ਰਿਹਾ ਸੀ। ਫਿਰ ਵੀ ਉਨ੍ਹਾਂ ਨੇ ਇਕ ਨੌਜਵਾਨ ਪ੍ਰਾਹੁਣੇ ਨੂੰ ਆਪਣੇ ਘਰ ਰਹਿਣ ਲਈ ਜਗ੍ਹਾ ਦਿੱਤੀ ਹੋਈ ਸੀ ਤੇ ਉਸ ਨੂੰ ਖਾਣਾ ਵੀ ਦਿੰਦੇ ਸਨ। ਮੈਂ ਸੋਚਿਆ, ‘ਇਹ ਵਾਧੂ ਬੋਝ ਉਹ ਕਿਉਂ ਉਠਾ ਰਹੇ ਹਨ?’ ਜਦੋਂ ਮੈਂ ਉਨ੍ਹਾਂ ਨੂੰ ਖਾਣ ਲਈ ਕੁਝ ਦੇਣ ਗਈ, ਤਾਂ ਮੈਨੂੰ ਪਤਾ ਲੱਗਾ ਕਿ ਉਹ ਨੌਜਵਾਨ ਇਕ ਪਾਇਨੀਅਰ ਸੀ। ਉਸ ਨੇ ਮੈਨੂੰ ਪਰਮੇਸ਼ੁਰ ਦੇ ਰਾਜ ਬਾਰੇ ਅਤੇ ਇਸ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਦੱਸਿਆ। ਮੈਂ ਸਿੱਖੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਈ ਅਤੇ ਜਲਦੀ ਹੀ ਸੱਚਾਈ ਅਪਣਾ ਲਈ। ਉਸੇ ਸਾਲ ਮੈਂ ਯਹੋਵਾਹ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਅਤੇ ਬਪਤਿਸਮਾ ਲੈ ਲਿਆ। ਮੇਰੇ ਬਪਤਿਸਮੇ ਤੋਂ ਇਕ ਸਾਲ ਬਾਅਦ ਮੇਰੇ ਪਤੀ ਨੇ ਵੀ ਬਪਤਿਸਮਾ ਲੈ ਲਿਆ।

ਭਾਵੇਂ ਮੈਨੂੰ ਬਾਈਬਲ ਬਾਰੇ ਥੋੜ੍ਹਾ ਹੀ ਗਿਆਨ ਸੀ, ਫਿਰ ਵੀ ਮੈਂ ਸਮਝਦੀ ਸੀ ਕਿ ਗਵਾਹ ਹੋਣ ਦਾ ਕੀ ਮਤਲਬ ਸੀ। ਮੈਂ ਉਸ ਸੰਗਠਨ ਦਾ ਹਿੱਸਾ ਬਣ ਚੁੱਕੀ ਸੀ ਜਿਸ ਉੱਤੇ ਪਾਬੰਦੀ ਲੱਗੀ ਹੋਈ ਸੀ। ਮੈਂ ਇਹ ਵੀ ਜਾਣਦੀ ਸੀ ਕਿ ਬਹੁਤ ਸਾਰੇ ਗਵਾਹ ਪਹਿਲਾਂ ਹੀ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕਰਨ ਕਰਕੇ ਜੇਲ੍ਹ ਵਿਚ ਸਨ। ਫਿਰ ਵੀ ਮੈਂ ਤੁਰੰਤ ਘਰ-ਘਰ ਪ੍ਰਚਾਰ ਕਰਨ ਲੱਗ ਪਈ ਅਤੇ ਅਸੀਂ ਪਤੀ-ਪਤਨੀ ਨੇ ਆਪਣਾ ਘਰ ਪਾਇਨੀਅਰਾਂ ਅਤੇ ਸਫ਼ਰੀ ਨਿਗਾਹਬਾਨਾਂ ਲਈ ਹਮੇਸ਼ਾ ਖੁੱਲ੍ਹਾ ਰੱਖਿਆ। ਸਾਡਾ ਘਰ ਬਾਈਬਲ-ਆਧਾਰਿਤ ਸਾਹਿੱਤ ਦਾ ਸਟੋਰ ਬਣ ਗਿਆ ਜੋ ਭੈਣ-ਭਰਾ ਅਮਸਟਰਡਮ ਤੋਂ ਲੈ ਕੇ ਆਉਂਦੇ ਸਨ। ਉਨ੍ਹਾਂ ਦੇ ਭਾਰੇ ਸਾਈਕਲ ਕਿਤਾਬਾਂ ਨਾਲ ਲੱਦੇ ਹੋਏ ਹੁੰਦੇ ਸਨ ਜਿਨ੍ਹਾਂ ਨੂੰ ਤਰਪਾਲ ਨਾਲ ਢਕਿਆ ਹੁੰਦਾ ਸੀ। ਇਨ੍ਹਾਂ ਭੈਣਾਂ-ਭਰਾਵਾਂ ਦਾ ਪਿਆਰ ਅਤੇ ਦਲੇਰੀ ਬੇਮਿਸਾਲ ਸੀ! ਉਨ੍ਹਾਂ ਨੇ ਆਪਣੇ ਭਰਾਵਾਂ ਦੀ ਖ਼ਾਤਰ ਆਪਣੀ ਜਾਨ ਖ਼ਤਰੇ ਵਿਚ ਪਾਈ।—1 ਯੂਹੰ. 3:16.

“ਮੰਮੀ ਜਲਦੀ ਆਓਗੇ ਨਾ?”

ਮੇਰੇ ਬਪਤਿਸਮੇ ਤੋਂ ਕੁਝ 6 ਮਹੀਨਿਆਂ ਬਾਅਦ ਹੀ ਤਿੰਨ ਪੁਲਸ ਅਫ਼ਸਰ ਸਾਡੇ ਘਰ ਆ ਖੜ੍ਹੇ ਹੋਏ। ਉਹ ਘਰ ਅੰਦਰ ਆ ਕੇ ਤਲਾਸ਼ੀ ਲੈਣ ਲੱਗ ਪਏ। ਭਾਵੇਂ ਉਨ੍ਹਾਂ ਨੂੰ ਸਾਹਿੱਤ ਨਾਲ ਭਰੇ ਹੋਏ ਸਟੋਰ ਦਾ ਪਤਾ ਨਹੀਂ ਲੱਗਾ, ਪਰ ਉਨ੍ਹਾਂ ਨੂੰ ਬੈੱਡ ਥੱਲੇ ਲੁਕੋਈਆਂ ਕੁਝ ਕਿਤਾਬਾਂ ਮਿਲ ਗਈਆਂ। ਉਸੇ ਵਕਤ ਉਨ੍ਹਾਂ ਨੇ ਮੈਨੂੰ ਆਪਣੇ ਨਾਲ ਹਿਲਵਰਸਮ ਵਿਚ ਥਾਣੇ ਜਾਣ ਦਾ ਹੁਕਮ ਦਿੱਤਾ। ਜਦੋਂ ਮੈਂ ਆਪਣੀ ਧੀ ਵਿਲੀ ਨੂੰ ਅਲਵਿਦਾ ਕਹਿਣ ਲਈ ਗਲੇ ਲਗਾਇਆ, ਤਾਂ ਉਸ ਨੇ ਪੁੱਛਿਆ, “ਮੰਮੀ ਜਲਦੀ ਆਓਗੇ ਨਾ?” ਮੈਂ ਕਿਹਾ, “ਹਾਂ, ਪੁੱਤ ਮੰਮੀ ਜਲਦੀ ਘਰ ਆਉਂਗੀ।” ਪਰ 18 ਮੁਸ਼ਕਲ ਭਰੇ ਮਹੀਨੇ ਲੰਘਣ ਤੋਂ ਬਾਅਦ ਹੀ ਮੈਂ ਉਸ ਨੂੰ ਦੁਬਾਰਾ ਆਪਣੀਆਂ ਬਾਹਾਂ ਵਿਚ ਲੈ ਸਕੀ।

ਸੋ ਪੁਲਸ ਅਫ਼ਸਰ ਮੈਨੂੰ ਟ੍ਰੇਨ ਰਾਹੀਂ ਪੁੱਛ-ਪੜਤਾਲ ਕਰਨ ਲਈ ਅਮਸਟਰਡਮ ਲੈ ਗਿਆ। ਪੁੱਛ-ਗਿੱਛ ਕਰਨ ਵਾਲਿਆਂ ਨੇ ਹਿਲਵਰਸਮ ਦੇ ਤਿੰਨ ਭਰਾਵਾਂ ਦੀ ਯਹੋਵਾਹ ਦੇ ਗਵਾਹਾਂ ਵਜੋਂ ਪਛਾਣ ਕਰਨ ਲਈ ਮੈਨੂੰ ਮਜਬੂਰ ਕੀਤਾ। ਮੈਂ ਕਿਹਾ: “ਇਕ ਤੋਂ ਸਿਵਾਇ ਮੈਂ ਕਿਸੇ ਨੂੰ ਨਹੀਂ ਜਾਣਦੀ। ਉਹ ਸਾਡਾ ਦੋਧੀ ਹੈ।” ਗੱਲ ਵੀ ਸਹੀ ਸੀ ਕਿਉਂਕਿ ਇਹ ਭਰਾ ਦੁੱਧ ਦੇਣ ਆਉਂਦਾ ਸੀ। ਅੱਗੋਂ ਮੈਂ ਕਿਹਾ, “ਪਰ ਉਹ ਯਹੋਵਾਹ ਦਾ ਗਵਾਹ ਹੈ ਜਾਂ ਨਹੀਂ ਇਹ ਤੁਹਾਨੂੰ ਉਸ ਨੂੰ ਪੁੱਛਣਾ ਚਾਹੀਦਾ ਹੈ ਮੈਨੂੰ ਨਹੀਂ।” ਜਦ ਮੈਂ ਹੋਰ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨੇ ਮੇਰੇ ਮੂੰਹ ’ਤੇ ਚਪੇੜਾਂ ਮਾਰੀਆਂ ਅਤੇ ਮੈਨੂੰ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ ਜਿੱਥੇ ਉਨ੍ਹਾਂ ਨੇ ਮੈਨੂੰ ਦੋ ਮਹੀਨੇ ਰੱਖਿਆ। ਜਦੋਂ ਮੇਰੇ ਪਤੀ ਨੂੰ ਪਤਾ ਲੱਗਾ ਕਿ ਮੈਂ ਕਿੱਥੇ ਸੀ, ਤਾਂ ਉਹ ਮੇਰੇ ਲਈ ਕੁਝ ਕੱਪੜੇ ਅਤੇ ਖਾਣਾ ਲੈ ਕੇ ਆਇਆ। ਫਿਰ ਅਗਸਤ 1941 ਵਿਚ ਮੈਨੂੰ ਔਰਤਾਂ ਦੇ ਰੈਵਨਜ਼ਬਰੂਕ ਤਸ਼ੱਦਦ ਕੈਂਪ ਭੇਜ ਦਿੱਤਾ ਗਿਆ ਜੋ ਮਾੜੇ ਸਲੂਕ ਲਈ ਮਸ਼ਹੂਰ ਸੀ ਅਤੇ ਇਹ ਉੱਤਰੀ ਬਰਲਿਨ, ਜਰਮਨੀ ਤੋਂ ਤਕਰੀਬਨ 80 ਕਿਲੋਮੀਟਰ ਦੂਰ ਸੀ।

“ਉਦਾਸ ਨਾ ਹੋ, ਹੌਸਲਾ ਰੱਖ”

ਉੱਥੇ ਪਹੁੰਚਣ ਤੇ ਸਾਨੂੰ ਕਿਹਾ ਗਿਆ ਕਿ ਅਸੀਂ ਘਰ ਜਾ ਸਕਦੀਆਂ ਹਾਂ ਜੇ ਅਸੀਂ ਦਸਤਖਤ ਕਰ ਦੇਈਏ ਕਿ ਅਸੀਂ ਯਹੋਵਾਹ ਦੀਆਂ ਗਵਾਹਾਂ ਨਹੀਂ ਹਾਂ। ਪਰ ਮੈਂ ਦਸਤਖਤ ਨਹੀਂ ਕੀਤੇ। ਇਸ ਦੀ ਬਜਾਇ ਮੈਨੂੰ ਆਪਣੀਆਂ ਚੀਜ਼ਾਂ ਉਨ੍ਹਾਂ ਦੇ ਹਵਾਲੇ ਕਰਨੀਆਂ ਪਈਆਂ ਅਤੇ ਬਾਥਰੂਮ ਵਿਚ ਮੇਰੇ ਕੱਪੜੇ ਲਹਾ ਲਏ ਜਿੱਥੇ ਮੈਂ ਨੀਦਰਲੈਂਡ ਦੀਆਂ ਕੁਝ ਮਸੀਹੀ ਭੈਣਾਂ ਨੂੰ ਮਿਲੀ। ਸਾਨੂੰ ਕੈਂਪ ਦੇ ਕੱਪੜੇ ਦਿੱਤੇ ਗਏ ਜਿਨ੍ਹਾਂ ਉੱਤੇ ਜਾਮਣੀ ਤਿਕੋਣ ਸੀਤਾ ਹੋਇਆ ਸੀ। ਇਸ ਤੋਂ ਇਲਾਵਾ ਸਾਨੂੰ ਇਕ ਪਲੇਟ, ਇਕ ਕੱਪ ਅਤੇ ਇਕ ਚਮਚਾ ਦਿੱਤਾ ਗਿਆ। ਪਹਿਲੀ ਰਾਤ ਸਾਨੂੰ ਉਨ੍ਹਾਂ ਬੈਰਕਾਂ ਵਿਚ ਰੱਖਿਆ ਗਿਆ ਜਿੱਥੇ ਕੈਦੀਆਂ ਨੂੰ ਥੋੜ੍ਹੇ ਸਮੇਂ ਲਈ ਰੱਖਿਆ ਜਾਂਦਾ ਸੀ। ਇੱਥੇ ਆ ਕੇ ਪਹਿਲੀ ਵਾਰ ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਈ ਜਦੋਂ ਤੋਂ ਮੈਨੂੰ ਗਿਰਫ਼ਤਾਰ ਕੀਤਾ ਗਿਆ ਸੀ। ਮੈਂ ਸਿਸਕਦੀ ਹੋਈ ਨੇ ਕਿਹਾ, “ਪਤਾ ਨਹੀਂ ਕੀ ਹੋਵੇਗਾ? ਮੈਂ ਇੱਥੇ ਕਿੰਨਾ ਚਿਰ ਰਹਾਂਗੀ?” ਜੇ ਮੈਂ ਸੱਚ ਕਹਾਂ ਤਾਂ ਉਸ ਸਮੇਂ ਯਹੋਵਾਹ ਨਾਲ ਮੇਰਾ ਰਿਸ਼ਤਾ ਹਾਲੇ ਇੰਨਾ ਮਜ਼ਬੂਤ ਨਹੀਂ ਸੀ ਕਿਉਂਕਿ ਸੱਚਾਈ ਅਪਣਾਈ ਨੂੰ ਅਜੇ ਕੁਝ ਕੁ ਮਹੀਨੇ ਹੋਏ ਸਨ। ਮੈਂ ਹਾਲੇ ਕਾਫ਼ੀ ਕੁਝ ਸਿੱਖਣਾ ਸੀ। ਅਗਲੇ ਦਿਨ ਹਾਜ਼ਰੀ ਲਗਵਾਉਂਦੇ ਵੇਲੇ ਇਕ ਡੱਚ ਭੈਣ ਨੇ ਦੇਖਿਆ ਹੋਣਾ ਕਿ ਮੈਂ ਕਿੰਨੀ ਉਦਾਸ ਸੀ। ਉਸ ਨੇ ਕਿਹਾ: “ਉਦਾਸ ਨਾ ਹੋ, ਹੌਸਲਾ ਰੱਖ! ਕੀ ਕੋਈ ਚੀਜ਼ ਸਾਡਾ ਕੁਝ ਵਿਗਾੜ ਸਕਦੀ ਹੈ?”

ਹਾਜ਼ਰੀ ਲੱਗਣ ਤੋਂ ਬਾਅਦ ਸਾਨੂੰ ਹੋਰ ਬੈਰਕਾਂ ਵਿਚ ਲੈ ਜਾਇਆ ਗਿਆ ਜਿੱਥੇ ਜਰਮਨੀ ਅਤੇ ਨੀਦਰਲੈਂਡ ਦੀਆਂ ਸੈਂਕੜੇ ਹੀ ਮਸੀਹੀ ਭੈਣਾਂ ਨੇ ਸਾਡਾ ਸੁਆਗਤ ਕੀਤਾ। ਕੁਝ ਜਰਮਨ ਭੈਣਾਂ ਪਹਿਲਾਂ ਹੀ ਸਾਲ ਤੋਂ ਜ਼ਿਆਦਾ ਸਮੇਂ ਤਾਈਂ ਇਨ੍ਹਾਂ ਬੈਰਕਾਂ ਵਿਚ ਰਹਿ ਚੁੱਕੀਆਂ ਸਨ। ਉਨ੍ਹਾਂ ਨਾਲ ਰਹਿ ਕੇ ਮੇਰਾ ਹੌਸਲਾ ਵਧਿਆ ਅਤੇ ਖ਼ੁਸ਼ੀ ਵੀ ਹੋਈ। ਮੈਂ ਪ੍ਰਭਾਵਿਤ ਵੀ ਹੋਈ ਕਿ ਜਿਨ੍ਹਾਂ ਬੈਰਕਾਂ ਵਿਚ ਸਾਡੀਆਂ ਭੈਣਾਂ ਨੂੰ ਰੱਖਿਆ ਗਿਆ ਸੀ, ਉਹ ਕੈਂਪ ਦੇ ਦੂਜੇ ਬੈਰਕਾਂ ਨਾਲੋਂ ਕਿਤੇ ਹੀ ਸਾਫ਼ ਸਨ। ਸਫ਼ਾਈ ਤੋਂ ਇਲਾਵਾ ਸਾਡੇ ਬੈਰਕ ਅਜਿਹੀ ਥਾਂ ਵਜੋਂ ਜਾਣੇ ਜਾਂਦੇ ਸਨ ਜਿੱਥੇ ਕੋਈ ਚੋਰੀ ਨਹੀਂ ਹੁੰਦੀ ਸੀ, ਕੋਈ ਗਾਲਾਂ ਨਹੀਂ ਕੱਢਦਾ ਸੀ ਜਾਂ ਕੋਈ ਲੜਾਈ-ਝਗੜਾ ਨਹੀਂ ਹੁੰਦਾ ਸੀ। ਕੈਂਪ ਵਿਚ ਬੇਰਹਿਮੀ ਨਾਲ ਕੀਤੇ ਜਾਂਦੇ ਵਰਤਾਓ ਦੇ ਬਾਵਜੂਦ ਸਾਡੇ ਬੈਰਕ ਇਕ ਸਾਫ਼-ਸੁਥਰੇ ਟਾਪੂ ਵਾਂਗ ਸੀ ਜੋ ਗੰਦੇ ਸਮੁੰਦਰ ਨਾਲ ਘਿਰਿਆ ਹੋਇਆ ਹੋਵੇ।

ਕੈਂਪ ਵਿਚ ਰੋਜ਼ਮੱਰਾ ਦੀ ਜ਼ਿੰਦਗੀ

ਕੈਂਪ ਦੀ ਜ਼ਿੰਦਗੀ ਇਸ ਤਰ੍ਹਾਂ ਸੀ ਕਿ ਕੰਮ ਬਹੁਤ ਕਰਨਾ ਪੈਂਦਾ ਸੀ ਤੇ ਖਾਣ ਨੂੰ ਬਹੁਤ ਘੱਟ ਮਿਲਦਾ ਸੀ। ਸਾਨੂੰ ਸਵੇਰੇ ਪੰਜ ਵਜੇ ਉੱਠਣਾ ਪੈਂਦਾ ਸੀ ਜਿਸ ਤੋਂ ਜਲਦੀ ਬਾਅਦ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ ਸੀ। ਗਾਰਡ ਸਾਨੂੰ ਇਕ ਘੰਟੇ ਲਈ ਖੜ੍ਹੀਆਂ ਰੱਖਦੇ ਸਨ ਭਾਵੇਂ ਮੀਂਹ ਪੈਂਦਾ ਹੋਵੇ ਜਾਂ ਧੁੱਪ ਹੋਵੇ। ਸਾਰਾ ਦਿਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸ਼ਾਮ ਨੂੰ ਪੰਜ ਵਜੇ ਫਿਰ ਤੋਂ ਹਾਜ਼ਰੀ ਲੱਗਣ ਲੱਗ ਪੈਂਦੀ ਸੀ। ਫਿਰ ਅਸੀਂ ਥੋੜ੍ਹਾ ਜਿਹਾ ਸੂਪ ਅਤੇ ਬ੍ਰੈੱਡ ਖਾ ਕੇ ਥੱਕੀਆਂ-ਟੁੱਟੀਆਂ ਸੌਂ ਜਾਂਦੀਆਂ ਸੀ।

ਐਤਵਾਰ ਤੋਂ ਸਿਵਾਇ ਬਾਕੀ ਸਾਰੇ ਦਿਨ ਮੇਰੇ ਤੋਂ ਖੇਤਾਂ ਵਿਚ ਕੰਮ ਕਰਾਇਆ ਜਾਂਦਾ ਸੀ ਜਿੱਥੇ ਮੈਂ ਦਾਤੀ ਨਾਲ ਕਣਕ ਵੱਢਦੀ ਸੀ, ਖਾਲ ਪੁੱਟਦੀ ਸੀ ਅਤੇ ਸੂਰਾਂ ਦੇ ਵਾੜੇ ਸਾਫ਼ ਕਰਦੀ ਸੀ। ਭਾਵੇਂ ਕਿ ਕੰਮ ਬਹੁਤ ਭਾਰਾ ਅਤੇ ਗੰਦਾ ਸੀ, ਪਰ ਮੈਂ ਹਰ ਰੋਜ਼ ਇਸ ਨੂੰ ਕਰ ਸਕਦੀ ਸੀ ਕਿਉਂਕਿ ਮੈਂ ਹਾਲੇ ਜਵਾਨ ਅਤੇ ਕਾਫ਼ੀ ਤਕੜੀ ਸੀ। ਨਾਲੇ ਕੰਮ ਕਰਦਿਆਂ ਬਾਈਬਲ-ਆਧਾਰਿਤ ਗਾਣੇ ਗਾ ਕੇ ਆਪਣੇ ਆਪ ਨੂੰ ਮਜ਼ਬੂਤ ਕੀਤਾ। ਪਰ ਹਰ ਰੋਜ਼ ਮੈਂ ਆਪਣੇ ਪਤੀ ਅਤੇ ਬੱਚੀ ਨੂੰ ਮਿਲਣ ਲਈ ਤਰਸਦੀ ਸੀ।

ਸਾਨੂੰ ਖਾਣ ਨੂੰ ਬਹੁਤ ਘੱਟ ਮਿਲਦਾ ਸੀ, ਪਰ ਅਸੀਂ ਸਾਰੀਆਂ ਭੈਣਾਂ ਹਰ ਰੋਜ਼ ਬ੍ਰੈੱਡ ਦਾ ਟੁਕੜਾ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਦੀਆਂ ਸਾਂ ਤਾਂਕਿ ਹਰ ਐਤਵਾਰ ਨੂੰ ਸਾਡੇ ਕੋਲ ਕੁਝ ਵਾਧੂ ਹੋਵੇ ਜਦੋਂ ਅਸੀਂ ਬਾਈਬਲ ਦੇ ਵਿਸ਼ਿਆਂ ਉੱਤੇ ਚਰਚਾ ਕਰਨ ਲਈ ਇਕੱਠੀਆਂ ਹੁੰਦੀਆਂ ਸਾਂ। ਸਾਡੇ ਕੋਲ ਕੋਈ ਬਾਈਬਲ-ਆਧਾਰਿਤ ਸਾਹਿੱਤ ਨਹੀਂ ਹੁੰਦਾ ਸੀ, ਪਰ ਮੈਂ ਧਿਆਨ ਨਾਲ ਆਪਣੇ ਤੋਂ ਵੱਡੀਆਂ ਵਫ਼ਾਦਾਰ ਜਰਮਨ ਭੈਣਾਂ ਦੀ ਗੱਲ ਸੁਣਦੀ ਸੀ ਜਦੋਂ ਉਹ ਬਾਈਬਲ ਉੱਤੇ ਚਰਚਾ ਕਰਦੀਆਂ ਸਨ। ਅਸੀਂ ਮਸੀਹ ਦੀ ਮੌਤ ਦੀ ਵਰ੍ਹੇਗੰਢ ਵੀ ਮਨਾਈ।

ਦੁੱਖ, ਪਛਤਾਵਾ ਅਤੇ ਹੌਸਲਾ

ਕਦੇ-ਕਦੇ ਸਾਨੂੰ ਅਜਿਹਾ ਕੰਮ ਕਰਨ ਦਾ ਹੁਕਮ ਦਿੱਤਾ ਜਾਂਦਾ ਸੀ ਜਿਸ ਦਾ ਸਿੱਧਾ ਸੰਬੰਧ ਯੁੱਧ ਨਾਲ ਸੰਬੰਧਿਤ ਨਾਜ਼ੀਆਂ ਦੀਆਂ ਗਤੀਵਿਧੀਆਂ ਨਾਲ ਹੁੰਦਾ ਸੀ। ਸਾਡਾ ਰਾਜਨੀਤਿਕ ਮਾਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਸ ਲਈ ਸਾਰੀਆਂ ਭੈਣਾਂ ਉਹ ਕੰਮ ਕਰਨ ਤੋਂ ਇਨਕਾਰ ਕਰ ਦਿੰਦੀਆਂ ਸਨ ਅਤੇ ਮੈਂ ਵੀ ਉਨ੍ਹਾਂ ਦੀ ਦਲੇਰੀ ਭਰੀ ਮਿਸਾਲ ਉੱਤੇ ਚੱਲਦੀ ਸੀ। ਸਜ਼ਾ ਵਜੋਂ ਸਾਨੂੰ ਕਈ ਦਿਨਾਂ ਤਕ ਖਾਣਾ ਨਹੀਂ ਮਿਲਦਾ ਸੀ ਅਤੇ ਹਾਜ਼ਰੀ ਵੇਲੇ ਸਾਨੂੰ ਘੰਟਿਆਂ-ਬੱਧੀ ਖੜ੍ਹੀਆਂ ਰੱਖਿਆ ਜਾਂਦਾ ਸੀ। ਸਰਦੀਆਂ ਦੌਰਾਨ ਇਕ ਵਾਰ ਸਾਨੂੰ 40 ਦਿਨਾਂ ਲਈ ਬੈਰਕਾਂ ਵਿਚ ਬੰਦ ਕਰ ਦਿੱਤਾ ਗਿਆ ਜਿੱਥੇ ਕੋਈ ਹੀਟਰ ਨਹੀਂ ਸੀ।

ਯਹੋਵਾਹ ਦੇ ਗਵਾਹ ਹੋਣ ਕਰਕੇ ਸਾਨੂੰ ਵਾਰ-ਵਾਰ ਕਿਹਾ ਗਿਆ ਕਿ ਅਸੀਂ ਆਜ਼ਾਦ ਹੋ ਜਾਵਾਂਗੀਆਂ ਅਤੇ ਘਰ ਜਾ ਸਕਦੀਆਂ ਹਾਂ ਜੇ ਅਸੀਂ ਦਸਤਖਤ ਕਰ ਦੇਈਏ ਕਿ ਅਸੀਂ ਅੱਗੋਂ ਤੋਂ ਯਹੋਵਾਹ ਨੂੰ ਨਹੀਂ ਮੰਨਾਂਗੀਆਂ। ਸਾਲ ਤੋਂ ਜ਼ਿਆਦਾ ਰੈਵਨਜ਼ਬਰੂਕ ਕੈਂਪ ਵਿਚ ਰਹਿਣ ਤੋਂ ਬਾਅਦ ਮੈਂ ਬਹੁਤ ਨਿਰਾਸ਼ ਹੋ ਗਈ। ਆਪਣੇ ਪਤੀ ਅਤੇ ਧੀ ਨੂੰ ਦੇਖਣ ਦੀ ਖ਼ਾਹਸ਼ ਇੰਨੀ ਵਧ ਗਈ ਕਿ ਮੈਂ ਗਾਰਡਾਂ ਕੋਲ ਜਾ ਕੇ ਪੁੱਛਿਆ ਕਿ ਉਹ ਮੈਨੂੰ ਇਕ ਫਾਰਮ ਦੇ ਦੇਣ ਜਿਸ ਉੱਤੇ ਇਹ ਲਿਖਿਆ ਹੈ ਕਿ ਮੈਂ ਹੁਣ ਤੋਂ ਬਾਈਬਲ ਸਟੂਡੈਂਟ ਨਹੀਂ ਹਾਂ ਅਤੇ ਦਸਤਖਤ ਕਰ ਦਿੱਤੇ।

ਜਦੋਂ ਭੈਣਾਂ ਨੂੰ ਪਤਾ ਲੱਗਾ ਕਿ ਮੈਂ ਕੀ ਕੀਤਾ, ਤਾਂ ਉਹ ਮੇਰੇ ਤੋਂ ਕੰਨੀ ਕਤਰਾਉਣ ਲੱਗ ਪਈਆਂ। ਪਰ ਦੋ ਸਿਆਣੀਆਂ ਜਰਮਨ ਭੈਣਾਂ ਹੇਟਵਿਕ ਅਤੇ ਗਰਟਰੂਟ ਨੇ ਮੇਰੇ ਨਾਲ ਗੱਲ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਮੈਨੂੰ ਪਿਆਰ ਕਰਦੀਆਂ ਹਨ। ਸੂਰਾਂ ਦੇ ਵਾੜਿਆਂ ਵਿਚ ਇਕੱਠੀਆਂ ਕੰਮ ਕਰਦਿਆਂ ਵੇਲੇ ਉਨ੍ਹਾਂ ਨੇ ਪਿਆਰ ਨਾਲ ਮੈਨੂੰ ਸਮਝਾਇਆ ਕਿ ਯਹੋਵਾਹ ਪ੍ਰਤਿ ਵਫ਼ਾਦਾਰ ਰਹਿਣ ਅਤੇ ਨਿਹਚਾ ਦਾ ਸਮਝੌਤਾ ਨਾ ਕਰਨ ਦੁਆਰਾ ਉਸ ਲਈ ਪਿਆਰ ਦਿਖਾਉਣਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਦੇ ਮਾਵਾਂ ਵਰਗੇ ਪਿਆਰ ਤੇ ਪਰਵਾਹ ਨੇ ਮੇਰੇ ਦਿਲ ਨੂੰ ਛੂਹ ਲਿਆ। * ਮੈਂ ਜਾਣਦੀ ਸੀ ਕਿ ਮੈਂ ਗ਼ਲਤ ਕੀਤਾ ਸੀ ਅਤੇ ਆਪਣੇ ਬਿਆਨ ਨੂੰ ਰੱਦ ਕਰਨਾ ਚਾਹੁੰਦੀ ਸੀ। ਆਪਣੇ ਇਸ ਫ਼ੈਸਲੇ ਬਾਰੇ ਇਕ ਸ਼ਾਮ ਨੂੰ ਮੈਂ ਇਕ ਭੈਣ ਨੂੰ ਦੱਸਿਆ। ਕੈਂਪ ਦੇ ਇਕ ਅਧਿਕਾਰੀ ਨੇ ਸ਼ਾਇਦ ਸਾਡੀ ਗੱਲਬਾਤ ਸੁਣ ਲਈ ਸੀ ਕਿਉਂਕਿ ਉਸੇ ਸ਼ਾਮ ਅਚਾਨਕ ਮੈਨੂੰ ਕੈਂਪ ਤੋਂ ਕੱਢ ਕੇ ਟ੍ਰੇਨ ਰਾਹੀਂ ਨੀਦਰਲੈਂਡ ਵਾਪਸ ਲੈ ਜਾਇਆ ਗਿਆ। ਇਕ ਸੁਪਰਵਾਈਜ਼ਰ, ਜਿਸ ਦਾ ਚਿਹਰਾ ਮੈਨੂੰ ਅਜੇ ਵੀ ਯਾਦ ਹੈ, ਨੇ ਮੈਨੂੰ ਕਿਹਾ: “ਤੂੰ ਹਾਲੇ ਵੀ ਬੀਬਲਫੋਰਸ਼ਰ (ਬਾਈਬਲ ਸਟੂਡੈਂਟ) ਹੈਂ ਅਤੇ ਤੂੰ ਹਮੇਸ਼ਾ ਰਹੇਂਗੀ।” ਮੈਂ ਜਵਾਬ ਦਿੱਤਾ: “ਹਾਂ, ਮੈਂ ਰਹਾਂਗੀ ਜੇ ਯਹੋਵਾਹ ਨੇ ਚਾਹਿਆ।” ਮੈਂ ਹਾਲੇ ਵੀ ਸੋਚਦੀ ਸੀ, ‘ਮੈਂ ਉਹ ਬਿਆਨ ਕਿਵੇਂ ਬਦਲ ਸਕਦੀ ਹਾਂ?’

ਬਿਆਨ ਵਿਚ ਇਕ ਗੱਲ ਇਹ ਲਿਖੀ ਸੀ: “ਮੈਂ ਭਰੋਸਾ ਦਿਵਾਉਂਦੀ ਹਾਂ ਕਿ ਫਿਰ ਕਦੇ ਮੈਂ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਲਈ ਕੰਮ ਨਹੀਂ ਕਰਾਂਗੀ।” ਮੈਨੂੰ ਪਤਾ ਸੀ ਕਿ ਮੈਂ ਕੀ ਕਰਨਾ ਸੀ! ਜਨਵਰੀ 1943 ਵਿਚ ਘਰ ਪਹੁੰਚਣ ਤੋਂ ਜਲਦੀ ਬਾਅਦ ਮੈਂ ਦੁਬਾਰਾ ਪ੍ਰਚਾਰ ਕਰਨ ਲੱਗ ਪਈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਮੈਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਿਆਂ ਦੁਬਾਰਾ ਨਾਜ਼ੀ ਅਧਿਕਾਰੀਆਂ ਦੁਆਰਾ ਫੜੀ ਗਈ, ਤਾਂ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਸੀ।

ਯਹੋਵਾਹ ਨੂੰ ਅੱਗੋਂ ਇਹ ਦਿਖਾਉਣ ਲਈ ਕਿ ਮੈਂ ਦਿਲੋਂ ਉਸ ਦੀ ਵਫ਼ਾਦਾਰ ਸੇਵਕ ਬਣਨ ਦੀ ਖ਼ਾਹਸ਼ ਰੱਖਦੀ ਹਾਂ, ਅਸੀਂ ਪਤੀ-ਪਤਨੀ ਨੇ ਸਾਹਿੱਤ ਲਿਆਉਣ ਵਾਲੇ ਭੈਣਾਂ-ਭਰਾਵਾਂ ਅਤੇ ਸਫ਼ਰੀ ਨਿਗਾਹਬਾਨਾਂ ਲਈ ਦੁਬਾਰਾ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਮੈਂ ਕਿੰਨੀ ਸ਼ੁਕਰਗੁਜ਼ਾਰ ਸੀ ਕਿ ਮੈਨੂੰ ਯਹੋਵਾਹ ਅਤੇ ਉਸ ਦੇ ਲੋਕਾਂ ਲਈ ਆਪਣੇ ਪਿਆਰ ਦਾ ਸਬੂਤ ਦੇਣ ਦਾ ਇਕ ਹੋਰ ਮੌਕਾ ਮਿਲਿਆ!

ਦਰਦਨਾਕ ਘੜੀ

ਯੁੱਧ ਖ਼ਤਮ ਹੋਣ ਤੋਂ ਕੁਝ ਮਹੀਨੇ ਪਹਿਲਾਂ, ਮੈਨੂੰ ਤੇ ਮੇਰੇ ਪਤੀ ਨੂੰ ਇਕ ਦਰਦਨਾਕ ਘੜੀ ਦਾ ਸਾਮ੍ਹਣਾ ਕਰਨਾ ਪਿਆ। ਅਕਤੂਬਰ 1944 ਵਿਚ ਸਾਡੀ ਧੀ ਅਚਾਨਕ ਬੀਮਾਰ ਹੋ ਗਈ। ਵਿਲੀ ਨੂੰ ਡਿਫਥੀਰੀਆ (ਗਲਘੋਟੂ) ਸੀ। ਉਸ ਦੀ ਹਾਲਤ ਜਲਦੀ ਹੀ ਵਿਗੜ ਗਈ ਅਤੇ ਤਿੰਨ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਉਹ ਸਿਰਫ਼ ਸੱਤ ਸਾਲਾਂ ਦੀ ਸੀ।

ਸਾਡੇ ਇੱਕੋ-ਇਕ ਬੱਚੇ ਦੀ ਮੌਤ ਕਾਰਨ ਸਾਡੀ ਤਾਂ ਦੁਨੀਆਂ ਹੀ ਉਜੜ ਗਈ। ਸੱਚ-ਮੁੱਚ ਜੋ ਅਜ਼ਮਾਇਸ਼ਾਂ ਰੈਵਨਜ਼ਬਰੂਕ ਵਿਚ ਮੈਂ ਸਹੀਆਂ ਸਨ, ਉਹ ਸਾਡੇ ਬੱਚੇ ਦੀ ਮੌਤ ਦੇ ਦੁੱਖ ਦੇ ਅੱਗੇ ਕੁਝ ਵੀ ਨਹੀਂ ਸਨ। ਫਿਰ ਵੀ ਦੁੱਖ ਦੇ ਇਨ੍ਹਾਂ ਪਲਾਂ ਵਿਚ ਸਾਨੂੰ ਹਮੇਸ਼ਾ ਜ਼ਬੂਰਾਂ ਦੀ ਪੋਥੀ 16:8 ਵਿਚ ਪਾਏ ਜਾਂਦੇ ਸ਼ਬਦਾਂ ਤੋਂ ਦਿਲਾਸਾ ਮਿਲਿਆ: “ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।” ਮੈਨੂੰ ਤੇ ਮੇਰੇ ਪਤੀ ਨੂੰ ਯਹੋਵਾਹ ਦੇ ਇਸ ਵਾਅਦੇ ਵਿਚ ਪੱਕਾ ਵਿਸ਼ਵਾਸ ਸੀ ਕਿ ਉਹ ਮਰੇ ਲੋਕਾਂ ਨੂੰ ਜੀਉਂਦਾ ਕਰੇਗਾ। ਅਸੀਂ ਸੱਚਾਈ ਵਿਚ ਡਟੇ ਰਹੇ ਅਤੇ ਹਮੇਸ਼ਾ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ। 1969 ਵਿਚ ਮੇਰੇ ਪਤੀ ਆਪਣੀ ਮੌਤ ਤਾਈਂ ਸ਼ੁਕਰਗੁਜ਼ਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਮੇਰੀ ਮਦਦ ਕਰਦੇ ਰਹੇ।

ਬਰਕਤਾਂ ਅਤੇ ਖ਼ੁਸ਼ੀਆਂ

ਪਿਛਲੇ ਦਹਾਕਿਆਂ ਦੌਰਾਨ ਖ਼ੁਸ਼ੀ ਦਾ ਵੱਡਾ ਸੋਮਾ ਹਮੇਸ਼ਾ ਫੁੱਲ-ਟਾਈਮ ਸੇਵਕਾਂ ਨਾਲ ਸਮਾਂ ਬਿਤਾਉਣਾ ਰਿਹਾ ਹੈ। ਜਿਵੇਂ ਅਸੀਂ ਯੁੱਧ ਦੇ ਸਮੇਂ ਦੌਰਾਨ ਕਰਦੇ ਸੀ, ਉਵੇਂ ਹੀ ਅਸੀਂ ਆਪਣੇ ਘਰ ਦੇ ਦਰਵਾਜ਼ੇ ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਹਮੇਸ਼ਾ ਖੁੱਲ੍ਹੇ ਰੱਖੇ ਹਨ ਜਦੋਂ ਵੀ ਉਹ ਸਾਡੀ ਕਲੀਸਿਯਾ ਦਾ ਦੌਰਾ ਕਰਦੇ ਸਨ। ਸਫ਼ਰੀ ਕੰਮ ਕਰਨ ਵਾਲਾ ਇਕ ਜੋੜਾ, ਮਾਰਟਨ ਅਤੇ ਨੈੱਲ ਕਾਪਟੀਨ ਸਾਡੇ ਘਰ 13 ਸਾਲਾਂ ਤਾਈਂ ਰਹੇ! ਜਦੋਂ ਨੈੱਲ ਬਹੁਤ ਬੀਮਾਰ ਹੋ ਗਈ, ਤਾਂ ਤਿੰਨ ਮਹੀਨਿਆਂ ਯਾਨੀ ਉਸ ਦੀ ਮੌਤ ਤਕ, ਮੈਨੂੰ ਆਪਣੇ ਘਰ ਉਸ ਦੀ ਦੇਖ-ਭਾਲ ਕਰਨ ਦਾ ਸਨਮਾਨ ਮਿਲਿਆ। ਉਨ੍ਹਾਂ ਨਾਲ ਅਤੇ ਸਥਾਨਕ ਪਿਆਰੇ ਭੈਣਾਂ-ਭਰਾਵਾਂ ਨਾਲ ਸੰਗਤ ਕਰ ਕੇ ਮੈਂ ਸ਼ਾਂਤੀ ਭਰੇ ਮਾਹੌਲ ਦਾ ਆਨੰਦ ਮਾਣ ਰਹੀ ਹਾਂ।

ਮੇਰੀ ਜ਼ਿੰਦਗੀ ਵਿਚ ਇਕ ਖ਼ਾਸ ਮੁਕਾਮ 1995 ਵਿਚ ਆਇਆ ਜਦੋਂ ਮੈਨੂੰ ਰੈਵਨਜ਼ਬਰੂਕ ਦੀ ਵਰ੍ਹੇਗੰਢ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਉੱਥੇ ਮੈਂ ਉਨ੍ਹਾਂ ਭੈਣਾਂ ਨੂੰ ਮਿਲੀ ਜੋ ਮੇਰੇ ਨਾਲ ਕੈਂਪ ਵਿਚ ਸਨ ਅਤੇ ਜਿਨ੍ਹਾਂ ਨੂੰ ਮੈਂ 50 ਤੋਂ ਜ਼ਿਆਦਾ ਸਾਲਾਂ ਤੋਂ ਨਹੀਂ ਦੇਖਿਆ ਸੀ! ਫਿਰ ਤੋਂ ਇਕੱਠੇ ਹੋਣਾ ਇਕ ਅਭੁੱਲ ਤੇ ਦਿਲ ਨੂੰ ਛੂਹ ਲੈਣ ਵਾਲਾ ਤਜਰਬਾ ਸੀ। ਇਹ ਇਕ-ਦੂਜੇ ਨੂੰ ਉਸ ਦਿਨ ਦੀ ਉਡੀਕ ਕਰਨ ਲਈ ਉਤਸ਼ਾਹਿਤ ਕਰਨ ਦਾ ਵਧੀਆ ਮੌਕਾ ਸੀ ਜਦੋਂ ਸਾਡੇ ਮਰੇ ਹੋਏ ਅਜ਼ੀਜ਼ਾਂ ਨੂੰ ਦੁਬਾਰਾ ਜ਼ਿੰਦਗੀ ਦਿੱਤੀ ਜਾਵੇਗੀ।

ਪੌਲੁਸ ਰਸੂਲ ਨੇ ਰੋਮੀਆਂ 15:4 ਵਿਚ ਕਿਹਾ: “ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” ਮੈਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਜਿਸ ਨੇ ਇਹ ਆਸ ਦਿੱਤੀ ਹੈ ਜਿਸ ਸਦਕਾ ਮੈਂ ਅਜ਼ਮਾਇਸ਼ਾਂ ਵਿਚ ਵੀ ਸ਼ੁਕਰਗੁਜ਼ਾਰੀ ਨਾਲ ਉਸ ਦੀ ਸੇਵਾ ਕਰ ਪਾਈ ਹਾਂ।

[ਫੁਟਨੋਟ]

^ ਪੈਰਾ 19 ਉਸ ਸਮੇਂ ਦੌਰਾਨ ਹੈੱਡਕੁਆਰਟਰਾਂ ਨਾਲ ਸੰਪਰਕ ਨਾ ਹੋਣ ਕਰਕੇ ਭਰਾਵਾਂ ਨੇ ਨਿਰਪੱਖਤਾ ਸੰਬੰਧੀ ਮਾਮਲਿਆਂ ਨੂੰ ਆਪਣੇ ਗਿਆਨ ਮੁਤਾਬਕ ਸੁਲਝਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਕਾਰਨ ਇਸ ਵਿਸ਼ੇ ਨਾਲ ਸਿੱਝਣ ਦਾ ਭੈਣਾਂ-ਭਰਾਵਾਂ ਦਾ ਤਰੀਕਾ ਕੁਝ ਵੱਖੋ-ਵੱਖਰਾ ਸੀ।

[ਸਫ਼ਾ 10 ਉੱਤੇ ਤਸਵੀਰ]

1930 ਵਿਚ ਯਾਪ ਨਾਲ

[ਸਫ਼ਾ 10 ਉੱਤੇ ਤਸਵੀਰ]

ਸੱਤ ਸਾਲਾਂ ਦੀ ਸਾਡੀ ਧੀ ਵਿਲੀ

[ਸਫ਼ਾ 12 ਉੱਤੇ ਤਸਵੀਰ]

1995 ਵਿਚ ਭੈਣਾਂ-ਭਰਾਵਾਂ ਨੂੰ ਫਿਰ ਤੋਂ ਮਿਲ ਕੇ ਦਿਲ ਖ਼ੁਸ਼ ਹੋ ਗਿਆ। ਮੈਂ ਪਹਿਲੀ ਕਤਾਰ ਵਿਚ ਖੱਬੇ ਪਾਸੇ, ਦੂਜੇ ਨੰਬਰ ’ਤੇ ਬੈਠੀ ਹਾਂ