ਡੂੰਘਾਈ ਨਾਲ ਸੋਚੋ ਕਿ ਯਹੋਵਾਹ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ
ਡੂੰਘਾਈ ਨਾਲ ਸੋਚੋ ਕਿ ਯਹੋਵਾਹ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ
ਯਿਸੂ ਦੇ ਜ਼ਿੰਦਾ ਹੋਣ ਤੋਂ ਜਲਦੀ ਬਾਅਦ ਉਸ ਦੇ ਦੋ ਚੇਲੇ ਯਰੂਸ਼ਲਮ ਤੋਂ ਇੰਮਊਸ ਜਾ ਰਹੇ ਸਨ। ਲੂਕਾ ਦਾ ਬਿਰਤਾਂਤ ਕਹਿੰਦਾ ਹੈ: “ਜਾਂ ਓਹ ਗੱਲ ਬਾਤ ਅਰ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ ਦੇ ਨਾਲ ਤੁਰਿਆ ਗਿਆ। ਪਰ ਉਨ੍ਹਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਈ ਉਹ ਨੂੰ ਨਾ ਸਿਆਣਨ।” ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਤੁਰੇ ਜਾਂਦੇ ਏਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ? ਤਾਂ ਓਹ ਉਦਾਸ ਹੋ ਕੇ ਖਲੋ ਗਏ।” ਉਹ ਉਦਾਸ ਕਿਉਂ ਸਨ? ਚੇਲਿਆਂ ਨੇ ਸੋਚਿਆ ਸੀ ਕਿ ਯਿਸੂ ਉਸੇ ਸਮੇਂ ਤੇ ਇਸਰਾਏਲ ਨੂੰ ਪਰਾਏ ਲੋਕਾਂ ਦੀ ਹਕੂਮਤ ਤੋਂ ਛੁਟਕਾਰਾ ਦਿਲਾਵੇਗਾ, ਪਰ ਇਸ ਤਰ੍ਹਾਂ ਹੋਇਆ ਨਹੀਂ। ਇਸ ਦੀ ਬਜਾਇ ਯਿਸੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਕਾਰਨ ਉਹ ਉਦਾਸ ਸਨ।—ਲੂਕਾ 24:15-21; ਰਸੂ. 1:6.
ਯਿਸੂ ਨੇ ਆਪਣੇ ਚੇਲਿਆਂ ਨੂੰ ਸਮਝਾਉਣਾ ਸ਼ੁਰੂ ਕੀਤਾ। “ਮੂਸਾ ਅਰ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਸ ਨੇ ਓਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।” ਵਾਕਈ, ਯਿਸੂ ਦੀ ਸੇਵਕਾਈ ਦੌਰਾਨ ਬਹੁਤ ਸਾਰੀਆਂ ਮਹੱਤਵਪੂਰਣ ਅਤੇ ਨਿਹਚਾ ਤਕੜੀ ਕਰਨ ਵਾਲੀਆਂ ਘਟਨਾਵਾਂ ਹੋਈਆਂ ਸਨ! ਜਿਉਂ-ਜਿਉਂ ਚੇਲੇ ਯਿਸੂ ਦੀਆਂ ਗੱਲਾਂ ਸੁਣਦੇ ਗਏ, ਉਨ੍ਹਾਂ ਦੀ ਉਦਾਸੀ ਖ਼ੁਸ਼ੀ ਵਿਚ ਬਦਲਣ ਲੱਗੀ। ਬਾਅਦ ਵਿਚ ਉਸੇ ਸ਼ਾਮ ਉਨ੍ਹਾਂ ਨੇ ਕਿਹਾ: “ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ?” (ਲੂਕਾ 24:27, 32) ਯਿਸੂ ਦੇ ਚੇਲਿਆਂ ਨੇ ਜੋ ਕੁਝ ਕਿਹਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਅਧੂਰੀਆਂ ਉਮੀਦਾਂ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ?
ਇੰਮਊਸ ਨੂੰ ਜਾਂਦੇ ਰਾਹ ਉੱਤੇ ਤੁਰਦੇ ਦੋ ਚੇਲੇ ਇਸ ਲਈ ਉਦਾਸ ਸਨ ਕਿਉਂਕਿ ਉਨ੍ਹਾਂ ਨੇ ਜੋ ਘਟਨਾਵਾਂ ਹੋਣ ਦੀ ਉਮੀਦ ਰੱਖੀ ਸੀ, ਉਹ ਹੋਈਆਂ ਨਹੀਂ। ਉਨ੍ਹਾਂ ਨਾਲ ਕਹਾਉਤਾਂ 13:12 ਅਨੁਸਾਰ ਹੋਇਆ ਸੀ: “ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ।” ਇਸੇ ਤਰ੍ਹਾਂ ਦਹਾਕਿਆਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਵਾਲੇ ਕੁਝ ਭੈਣਾਂ-ਭਰਾਵਾਂ ਨੇ ਸੋਚਿਆ ਹੋਵੇਗਾ ਕਿ “ਵੱਡਾ ਕਸ਼ਟ” ਹੁਣ ਤਕ ਆ ਕੇ ਚੱਲਿਆ ਵੀ ਜਾਣਾ ਚਾਹੀਦਾ ਸੀ। (ਮੱਤੀ 24:21; ਪਰ. 7:14) ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਇਹ ਉਮੀਦ ਪੂਰੀ ਨਾ ਹੋਣ ਕਾਰਨ ਸ਼ਾਇਦ ਉਹ ਕੁਝ ਸਮੇਂ ਲਈ ਉਦਾਸ ਹੋ ਜਾਣ।
ਪਰ ਯਾਦ ਰੱਖੋ ਕਿ ਉਹ ਦੋ ਚੇਲੇ ਉਦੋਂ ਖ਼ੁਸ਼ ਹੋਏ ਜਦੋਂ ਯਿਸੂ ਨੇ ਉਨ੍ਹਾਂ ਭਵਿੱਖਬਾਣੀਆਂ ਉੱਤੇ ਧਿਆਨ ਲਗਾਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜੋ ਉਨ੍ਹਾਂ ਦੇ ਜੀਉਂਦੇ-ਜੀ ਪੂਰੀਆਂ
ਹੋਈਆਂ ਸਨ। ਉਨ੍ਹਾਂ ਵਾਂਗ ਅਸੀਂ ਵੀ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕਦੇ ਹਾਂ ਅਤੇ ਨਿਰਾਸ਼ਾ ਨਾਲ ਸਿੱਝ ਸਕਦੇ ਹਾਂ। ਲੰਬੇ ਸਮੇਂ ਤੋਂ ਸੇਵਾ ਕਰ ਰਹੇ ਮਾਈਕਲ ਨਾਂ ਦੇ ਇਕ ਮਸੀਹੀ ਬਜ਼ੁਰਗ ਨੇ ਕਿਹਾ: “ਉਸ ਬਾਰੇ ਨਾ ਸੋਚੋ ਜੋ ਯਹੋਵਾਹ ਨੇ ਹਾਲੇ ਨਹੀਂ ਕੀਤਾ, ਸਗੋਂ ਉਸ ਬਾਰੇ ਸੋਚੋ ਜੋ ਉਹ ਪਹਿਲਾਂ ਹੀ ਕਰ ਚੁੱਕਿਆ ਹੈ।” ਕਿੰਨੀ ਚੰਗੀ ਸਲਾਹ!ਯਹੋਵਾਹ ਨੇ ਕੀ ਕੁਝ ਕੀਤਾ ਹੈ
ਉਨ੍ਹਾਂ ਗੱਲਾਂ ਬਾਰੇ ਸੋਚ-ਵਿਚਾਰ ਕਰੋ ਜਿਹੜੀਆਂ ਯਹੋਵਾਹ ਪਹਿਲਾਂ ਹੀ ਪੂਰੀਆਂ ਕਰ ਚੁੱਕਾ ਹੈ। ਯਿਸੂ ਨੇ ਕਿਹਾ: “ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਏਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ।” (ਯੂਹੰ. 14:12) ਅੱਜ ਯਹੋਵਾਹ ਦੇ ਸੇਵਕ ਪਹਿਲਾਂ ਨਾਲੋਂ ਜ਼ਿਆਦਾ ਵੱਡੇ-ਵੱਡੇ ਮਸੀਹੀ ਕੰਮ ਕਰ ਰਹੇ ਹਨ। 70 ਲੱਖ ਤੋਂ ਵੀ ਜ਼ਿਆਦਾ ਲੋਕ ਵੱਡੀ ਬਿਪਤਾ ਵਿੱਚੋਂ ਬਚਣ ਦੀ ਉਮੀਦ ਰੱਖਦੇ ਹਨ। ਜ਼ਰਾ ਸੋਚੋ ਕਿ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕ ਇੰਨੇ ਵੱਡੇ ਪੱਧਰ ਤੇ ਪ੍ਰਚਾਰ ਕਰ ਰਹੇ ਹਨ ਜੋ ਪਹਿਲਾਂ ਕਦੇ ਨਹੀਂ ਹੋਇਆ! ਯਹੋਵਾਹ ਨੇ ਯਿਸੂ ਦੇ ਭਵਿੱਖ ਬਾਰੇ ਕਹੇ ਲਫ਼ਜ਼ ਪੂਰੇ ਕੀਤੇ ਹਨ ਕਿ ਉਸ ਦੇ ਚੇਲੇ “ਇਨ੍ਹਾਂ ਨਾਲੋਂ ਵੱਡੇ ਕੰਮ” ਕਰਨਗੇ।
ਯਹੋਵਾਹ ਨੇ ਸਾਡੇ ਲਈ ਹੋਰ ਕੀ ਕੁਝ ਕੀਤਾ ਹੈ? ਉਸ ਨੇ ਨੇਕਦਿਲ ਲੋਕਾਂ ਵਾਸਤੇ ਮੁਮਕਿਨ ਬਣਾਇਆ ਹੈ ਕਿ ਉਹ ਇਸ ਬੁਰੀ ਦੁਨੀਆਂ ਵਿੱਚੋਂ ਨਿਕਲ ਆਉਣ ਅਤੇ ਉਸ ਸ਼ਾਂਤ ਮਾਹੌਲ ਦਾ ਆਨੰਦ ਮਾਣਨ ਜੋ ਉਸ ਨੇ ਪੈਦਾ ਕੀਤਾ ਹੈ। (2 ਕੁਰਿੰ. 12:1-4) ਇਸ ਮਾਹੌਲ ਨਾਲ ਸੰਬੰਧਿਤ ਕੁਝ ਚੀਜ਼ਾਂ ਉੱਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢੋ ਜੋ ਸੌਖਿਆਂ ਹੀ ਸਾਡੇ ਲਈ ਉਪਲਬਧ ਹਨ। ਮਿਸਾਲ ਲਈ, ਤੁਸੀਂ ਆਪਣੀ ਲਾਇਬ੍ਰੇਰੀ ਜਾਂ ਕਿੰਗਡਮ ਹਾਲ ਦੀ ਲਾਇਬ੍ਰੇਰੀ ਉੱਤੇ ਨਜ਼ਰ ਮਾਰੋ। ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਦੇ ਸਫ਼ੇ ਦੇਖੋ ਜਾਂ ਵਾਚਟਾਵਰ ਲਾਇਬ੍ਰੇਰੀ ਤੇ ਸਰਸਰੀ ਨਜ਼ਰ ਮਾਰੋ। ਬਾਈਬਲ ਡਰਾਮਾ ਸੁਣੋ। ਹਾਲ ਹੀ ਵਿਚ ਹੋਏ ਸੰਮੇਲਨ ਦੀਆਂ ਆਵਾਜ਼ਾਂ ਅਤੇ ਤਸਵੀਰਾਂ ਨੂੰ ਆਪਣੇ ਮਨ ਵਿਚ ਤਾਜ਼ਾ ਕਰੋ। ਇਸ ਦੇ ਨਾਲ-ਨਾਲ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਚੰਗੀ ਸੰਗਤ ਬਾਰੇ ਸੋਚੋ। ਯਹੋਵਾਹ ਨੇ ਕਿੰਨੇ ਖੁੱਲ੍ਹੇ ਦਿਲ ਨਾਲ ਸਾਡੇ ਲਈ ਗਿਆਨ ਦਾ ਭੰਡਾਰ ਤਿਆਰ ਕੀਤਾ ਹੈ ਅਤੇ ਸਾਨੂੰ ਇਕ ਪਿਆਰਾ ਭਾਈਚਾਰਾ ਵੀ ਦਿੱਤਾ ਹੈ। ਇਹ ਸੱਚ-ਮੁੱਚ ਕਿੰਨਾ ਵਧੀਆ ਇੰਤਜ਼ਾਮ ਹੈ!
ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ।” (ਜ਼ਬੂ. 40:5) ਹਾਂ, ਯਹੋਵਾਹ ਨੇ ਸਾਡੇ ਲਈ ਜੋ ਕੰਮ ਕੀਤੇ ਹਨ ਅਤੇ ਜੋ ਕੁਝ ਉਹ ਸਾਡੇ ਬਾਰੇ ਸੋਚਦਾ ਹੈ, ਉਸ ਉੱਤੇ ਧਿਆਨ ਲਾਈ ਰੱਖਣ ਨਾਲ ਅਸੀਂ ਪੂਰੇ ਦਿਲੋਂ ਯਹੋਵਾਹ ਦੀ ਸੇਵਾ ਕਰਦਿਆਂ ਤਾਕਤ ਪਾਵਾਂਗੇ।—ਮੱਤੀ 24:13.
[ਸਫ਼ਾ 31 ਉੱਤੇ ਤਸਵੀਰ]
ਯਿਸੂ ਨੇ ਆਪਣੇ ਚੇਲਿਆਂ ਦੀ ਉਨ੍ਹਾਂ ਗੱਲਾਂ ਉੱਤੇ ਧਿਆਨ ਲਾਉਣ ਵਿਚ ਮਦਦ ਕੀਤੀ ਜੋ ਯਹੋਵਾਹ ਉਨ੍ਹਾਂ ਲਈ ਪਹਿਲਾਂ ਹੀ ਕਰ ਚੁੱਕਾ ਸੀ
[ਸਫ਼ਾ 32 ਉੱਤੇ ਤਸਵੀਰਾਂ]
ਹਾਲ ਹੀ ਵਿਚ ਹੋਏ ਸੰਮੇਲਨ ਦੀਆਂ ਆਵਾਜ਼ਾਂ ਅਤੇ ਤਸਵੀਰਾਂ ਨੂੰ ਆਪਣੇ ਮਨ ਵਿਚ ਤਾਜ਼ਾ ਕਰੋ