ਪਰਮੇਸ਼ੁਰ ਦਾ ਬਚਨ ਪੜ੍ਹ ਕੇ ਤੁਹਾਨੂੰ ਸੱਚੀਂ ਮਜ਼ਾ ਆਉਂਦਾ?
ਪਰਮੇਸ਼ੁਰ ਦਾ ਬਚਨ ਪੜ੍ਹ ਕੇ ਤੁਹਾਨੂੰ ਸੱਚੀਂ ਮਜ਼ਾ ਆਉਂਦਾ?
“ਜਦੋਂ ਮੈਂ ਬਾਈਬਲ ਬਾਕਾਇਦਾ ਪੜ੍ਹਨੀ ਸ਼ੁਰੂ ਕੀਤੀ, ਤਾਂ ਮੈਨੂੰ ਕੋਈ ਮਜ਼ਾ ਨਹੀਂ ਸੀ ਆਉਂਦਾ ਬਲਕਿ ਬੋਰਿੰਗ ਲੱਗਦਾ ਸੀ। ਮੈਨੂੰ ਸਮਝਣ ਵਿਚ ਬੜੀ ਔਖ ਆਉਂਦੀ ਸੀ ਜਿਸ ਕਰਕੇ ਮੇਰਾ ਧਿਆਨ ਅਕਸਰ ਭਟਕ ਜਾਂਦਾ ਸੀ,” ਲੋਰੈਨ ਕਹਿੰਦੀ ਹੈ।
ਹੋਰ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸ਼ੁਰੂ-ਸ਼ੁਰੂ ਵਿਚ ਬਾਈਬਲ ਪੜ੍ਹਨ ਵਿਚ ਇੰਨਾ ਮਜ਼ਾ ਨਹੀਂ ਸੀ ਆਉਂਦਾ। ਪਰ ਉਹ ਪੜ੍ਹਦੇ ਰਹੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਬਾਈਬਲ ਪੜ੍ਹਨੀ ਚੰਗੀ ਗੱਲ ਹੈ। ਮਾਰਕ ਕਹਿੰਦਾ ਹੈ: “ਬਾਈਬਲ ਪੜ੍ਹਦਿਆਂ ਅਤੇ ਨਿੱਜੀ ਅਧਿਐਨ ਕਰਦਿਆਂ ਆਸਾਨੀ ਨਾਲ ਧਿਆਨ ਭਟਕ ਜਾਂਦਾ ਹੈ। ਰੋਜ਼ ਬਾਈਬਲ ਪੜ੍ਹਨ ਦੀ ਆਦਤ ਪਾਉਣ ਲਈ ਮੈਨੂੰ ਕਾਫ਼ੀ ਪ੍ਰਾਰਥਨਾ ਤੇ ਜਤਨ ਕਰਨਾ ਪਿਆ।”
ਪਰਮੇਸ਼ੁਰ ਦੇ ਬਚਨ ਬਾਈਬਲ ਦੀ ਹੋਰ ਜ਼ਿਆਦਾ ਕਦਰ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਇਸ ਨੂੰ ਪੜ੍ਹਨ ਦਾ ਮਜ਼ਾ ਕਿਵੇਂ ਲੈ ਸਕਦੇ ਹੋ? ਥੱਲੇ ਦਿੱਤੇ ਸੁਝਾਵਾਂ ਉੱਤੇ ਗੌਰ ਕਰੋ।
ਟੀਚੇ ਅਤੇ ਤਰੀਕੇ
ਪ੍ਰਾਰਥਨਾ ਕਰ ਕੇ ਧਿਆਨ ਨਾਲ ਬਾਈਬਲ ਪੜ੍ਹੋ। ਯਹੋਵਾਹ ਨੂੰ ਪੁੱਛੋ ਕਿ ਉਹ ਆਪਣੇ ਬਚਨ ਦਾ ਅਧਿਐਨ ਕਰਨ ਦੀ ਤਾਂਘ ਪੈਦਾ ਕਰਨ ਵਿਚ ਤੁਹਾਡੀ ਮਦਦ ਕਰੇ। ਉਸ ਨੂੰ ਬੇਨਤੀ ਕਰੋ ਕਿ ਉਹ ਤੁਹਾਡੇ ਦਿਲ-ਦਿਮਾਗ਼ ਖੋਲ੍ਹੇ ਤਾਂਕਿ ਤੁਸੀਂ ਉਸ ਦੀ ਬੁੱਧ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੋ। (ਜ਼ਬੂ. 119:34) ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ, ਤਾਂ ਤੁਸੀਂ ਜਲਦੀ ਹੀ ਰੋਬੋਟ ਦੀ ਤਰ੍ਹਾਂ ਬਾਈਬਲ ਪੜ੍ਹਨ ਲੱਗ ਪਓਗੇ ਤੇ ਬਾਈਬਲ ਪੜ੍ਹਨ ਦੀ ਤੁਹਾਡੀ ਇੱਛਾ ਮਰ ਜਾਵੇਗੀ। ਲਿਨ ਕਹਿੰਦੀ ਹੈ: “ਕਦੇ-ਕਦੇ ਮੈਂ ਬਹੁਤ ਤੇਜ਼ ਪੜ੍ਹਦੀ ਹਾਂ ਤੇ ਛੋਟੀਆਂ-ਛੋਟੀਆਂ ਦਿਲਚਸਪ ਗੱਲਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੰਦੀ ਹਾਂ। ਅਕਸਰ ਇੱਦਾਂ ਹੁੰਦਾ ਹੈ ਕਿ ਮੈਂ ਮੁੱਖ ਗੱਲਾਂ ਨੂੰ ਪੂਰੀ ਤਰ੍ਹਾਂ ਸਮਝ ਹੀ ਨਹੀਂ ਪਾਉਂਦੀ। ਪਰ ਮੈਂ ਆਪਣੇ ਆਪ ਨੂੰ ਤੇਜ਼ ਪੜ੍ਹਨ ਤੋਂ ਰੋਕਣ ਲਈ ਪ੍ਰਾਰਥਨਾ ਕਰਦੀ ਹਾਂ ਜਿਸ ਨਾਲ ਮੇਰਾ ਧਿਆਨ ਇੱਧਰ-ਉੱਧਰ ਨਹੀਂ ਜਾਂਦਾ।”
ਸਿੱਖੀਆਂ ਗੱਲਾਂ ਦੀ ਕਦਰ ਕਰੋ। ਯਾਦ ਰੱਖੋ ਕਿ ਬਾਈਬਲ ਦੀਆਂ ਸੱਚਾਈਆਂ ਨੂੰ ਸਮਝਣ ਅਤੇ ਲਾਗੂ ਕਰਨ ਨਾਲ ਸਦਾ ਦੀ ਜ਼ਿੰਦਗੀ ਮਿਲ ਸਕਦੀ ਹੈ। ਇਸ ਲਈ ਵਧੀਆ ਨੁਕਤੇ ਭਾਲਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰੋ। ਕ੍ਰਿਸ ਕਹਿੰਦਾ ਹੈ: “ਮੈਂ ਉਹ ਗੱਲਾਂ ਭਾਲਦਾ ਹਾਂ ਜਿਨ੍ਹਾਂ ਦੀ ਮਦਦ ਨਾਲ ਮੈਨੂੰ ਪਤਾ ਲੱਗਦਾ ਹੈ ਕਿ ਮੈਨੂੰ ਆਪਣੇ ਕਿਹੋ ਜਿਹੇ ਰਵੱਈਏ ਅਤੇ ਮਨੋਰਥਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਮੈਨੂੰ ਚੰਗਾ ਲੱਗਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਬਾਈਬਲ ਅਤੇ ਸਾਡੇ ਕਈ ਪ੍ਰਕਾਸ਼ਨਾਂ ਵਿਚ ਪਾਈ ਜਾਂਦੀ ਜਾਣਕਾਰੀ ਤੋਂ ਮੈਨੂੰ ਕਿੰਨਾ ਫ਼ਾਇਦਾ ਹੁੰਦਾ ਹੈ, ਭਾਵੇਂ ਕਿ ਲਿਖਾਰੀ ਮੈਨੂੰ ਕਦੇ ਮਿਲੇ ਨਹੀਂ।”
ਆਪਣੇ ਲਈ ਟੀਚੇ ਰੱਖੋ ਜੋ ਤੁਸੀਂ ਹਾਸਲ ਕਰ ਸਕਦੇ ਹੋ। ਬਾਈਬਲ ਦੇ ਪਾਤਰਾਂ ਬਾਰੇ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ। ਤੁਸੀਂ ਇਨਸਾਈਟ ਔਨ ਦ ਸਕ੍ਰਿਪਚਰਸ ਜਾਂ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਵਿੱਚੋਂ ਕਈਆਂ ਬਾਰੇ ਦਿਲਚਸਪ ਗੱਲਾਂ ਜਾਣ ਸਕਦੇ ਹੋ। ਜਦੋਂ ਤੁਸੀਂ ਬਾਈਬਲ ਵਿਚ ਦੱਸੇ ਆਦਮੀਆਂ ਤੇ ਔਰਤਾਂ ਦੀਆਂ ਸ਼ਖ਼ਸੀਅਤਾਂ ਅਤੇ ਭਾਵਨਾਵਾਂ ਨੂੰ ਸਮਝਣ ਲੱਗੋਗੇ, ਤਾਂ ਉਨ੍ਹਾਂ ਦੀਆਂ ਮਿਸਾਲਾਂ ਦਾ ਤੁਹਾਡੇ ਉੱਤੇ ਬਹੁਤ ਪ੍ਰਭਾਵ ਪਵੇਗਾ।
ਹਵਾਲਿਆਂ ਉੱਤੇ ਤਰਕ ਕਰਨ ਦੇ ਨਵੇਂ ਤਰੀਕੇ ਭਾਲੋ। (ਰਸੂ. 17:2, 3) ਸੋਫੀਆ ਇਹ ਧਿਆਨ ਵਿਚ ਰੱਖ ਕੇ ਅਧਿਐਨ ਕਰਦੀ ਹੈ। ਉਹ ਕਹਿੰਦੀ ਹੈ: “ਮੇਰੀ ਇੱਛਾ ਹੈ ਕਿ ਮੈਂ ਪ੍ਰਚਾਰ ਵੇਲੇ ਅਤੇ ਹੋਰਨਾਂ ਸਮਿਆਂ ਤੇ ਤਰਕ ਕਰਨ ਦੇ ਨਵੇਂ ਤਰੀਕੇ ਸਿੱਖਾਂ ਤਾਂਕਿ ਮੈਂ ਬਾਈਬਲ ਸੱਚਾਈਆਂ ਨੂੰ ਸਾਫ਼-ਸਾਫ਼ ਸਮਝਾ ਸਕਾਂ। ਇਸ ਤਰ੍ਹਾਂ ਕਰਨ ਲਈ ਪਹਿਰਾਬੁਰਜ ਵਧੀਆ ਔਜ਼ਾਰ ਹੈ।”—2 ਤਿਮੋ. 2:15.
ਬਾਈਬਲ ਬਿਰਤਾਂਤਾਂ ਦੀ ਮਨ ਵਿਚ ਤਸਵੀਰ ਬਣਾਓ। ਇਬਰਾਨੀਆਂ 4:12 ਕਹਿੰਦਾ ਹੈ: ‘ਪਰਮੇਸ਼ੁਰ ਦਾ ਬਚਨ ਜੀਉਂਦਾ ਹੈ।’ ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ, ਤਾਂ ਉਨ੍ਹਾਂ ਗੱਲਾਂ ਦੀ ਆਪਣੇ ਮਨ ਵਿਚ ਤਸਵੀਰ ਬਣਾਓ ਜੋ ਬਾਈਬਲ ਦੇ ਪਾਤਰ ਦੇਖ ਰਹੇ ਸਨ। ਇਸ ਤਰ੍ਹਾਂ ਆਪਣੇ ਮਨ ਵਿਚ ਬਾਈਬਲ ਦੇ ਸੰਦੇਸ਼ ਨੂੰ ਜੀਉਂਦਾ-ਜਾਗਦਾ ਬਣਾਓ। ਉਹ ਆਵਾਜ਼ਾਂ ਸੁਣਨ ਦੀ ਕੋਸ਼ਿਸ਼ ਕਰੋ ਜੋ ਉਹ ਸੁਣ ਰਹੇ ਸਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰੋ। ਉਨ੍ਹਾਂ ਨੂੰ ਜੋ ਤਜਰਬੇ ਹੋਏ ਸਨ, ਉਨ੍ਹਾਂ ਦੀ ਤੁਲਨਾ ਆਪਣੀ ਜ਼ਿੰਦਗੀ ਦੇ ਉਹੋ ਜਿਹੇ ਖ਼ਾਸ ਹਾਲਾਤਾਂ ਨਾਲ ਕਰੋ। ਦੇਖੋ ਕਿ ਉਨ੍ਹਾਂ ਨੇ ਇਨ੍ਹਾਂ ਹਾਲਾਤਾਂ ਨਾਲ ਕਿਵੇਂ ਸਿੱਝਿਆ। ਇਸ ਤਰ੍ਹਾਂ ਕਰਨ ਨਾਲ ਤੁਸੀਂ ਬਾਈਬਲ ਦੇ ਬਿਰਤਾਂਤਾਂ ਨੂੰ ਚੰਗੀ ਤਰ੍ਹਾਂ ਸਮਝ ਅਤੇ ਯਾਦ ਰੱਖ ਸਕੋਗੇ।
ਔਖੇ ਹਵਾਲਿਆਂ ਅਤੇ ਉਨ੍ਹਾਂ ਨੂੰ ਸਮਝਾਉਣ ਲਈ ਦਿੱਤੀ ਜਾਣਕਾਰੀ ਦੇਖਣ ਵਿਚ ਸਮਾਂ ਲਾਓ ਤਾਂਕਿ ਇਹ ਹਵਾਲੇ ਤੁਹਾਨੂੰ ਸਪੱਸ਼ਟ ਸਮਝ ਆ ਜਾਣ। ਹਰ ਵੇਲੇ ਅਧਿਐਨ ਕਰਨ ਲਈ ਕਾਫ਼ੀ ਸਮਾਂ ਕੱਢੋ। ਸ਼ਾਇਦ ਤੁਹਾਡੇ ਮਨ ਵਿਚ ਬਹੁਤ ਦਿਲਚਸਪ ਸਵਾਲ ਆਉਣ ਜਿਨ੍ਹਾਂ ਬਾਰੇ ਹੋਰ ਰੀਸਰਚ ਕਰਨ ਦੀ ਲੋੜ ਹੈ। ਜੋ ਸ਼ਬਦ ਤੁਹਾਨੂੰ ਨਵੇਂ ਲੱਗੇ ਹਨ, ਉਨ੍ਹਾਂ ਦਾ ਮਤਲਬ ਦੇਖੋ, ਤੁਸੀਂ ਹਿੰਦੀ ਦੀ ਨਵੀਂ ਬਾਈਬਲ ਵਿਚ ਫੁਟਨੋਟਾਂ ’ਤੇ ਧਿਆਨ ਦੇਣ ਦੇ ਨਾਲ-ਨਾਲ ਅਪੈਂਡਿਕਸ ਵੀ ਦੇਖ ਸਕਦੇ ਹੋ। ਤੁਸੀਂ ਜਿੰਨਾ ਜ਼ਿਆਦਾ ਪੜ੍ਹੀਆਂ ਗੱਲਾਂ ਨੂੰ ਸਮਝੋਗੇ ਅਤੇ ਲਾਗੂ ਕਰੋਗੇ, ਉੱਨਾ ਹੀ ਜ਼ਿਆਦਾ ਤੁਹਾਨੂੰ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਮਜ਼ਾ ਆਵੇਗਾ। ਫਿਰ ਤੁਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕੋਗੇ: “ਮੈਂ [ਯਹੋਵਾਹ ਦੀਆਂ] ਸਾਖੀਆਂ ਨੂੰ ਸਦਾ ਲਈ ਮਿਰਾਸ ਵਿੱਚ ਲਿਆ ਹੈ, ਓਹ ਤਾਂ ਮੇਰੇ ਮਨ ਦੀ ਖੁਸ਼ੀ ਹਨ।”—ਜ਼ਬੂ. 119:111.
ਜਾਣਕਾਰੀ ਨੂੰ ਫਟਾਫਟ ਪੜ੍ਹਨ ਤੋਂ ਪਰਹੇਜ਼ ਕਰੋ। ਜ਼ਰੂਰੀ ਨਹੀਂ ਕਿ ਤੁਸੀਂ ਆਪਣਾ ਸਾਰਾ ਸਮਾਂ ਨਿੱਜੀ ਅਧਿਐਨ ਕਰਨ ਵਿਚ ਲਾ ਦਿਓ। ਇਹ ਵੀ ਧਿਆਨ ਵਿਚ ਰੱਖੋ ਕਿ ਤੁਹਾਨੂੰ ਮੀਟਿੰਗਾਂ ਦੀ ਤਿਆਰੀ ਕਰਨ ਵਿਚ ਵੀ ਸਮਾਂ ਲਾਉਣ ਦੀ ਲੋੜ ਹੈ। ਰਾਕੇਲ ਕਹਿੰਦੀ ਹੈ: “ਕਈ ਵਾਰ ਮੈਂ ਇੰਨੀ ਪਰੇਸ਼ਾਨ ਹੁੰਦੀ ਹਾਂ ਕਿ ਮੇਰੇ ਤੋਂ ਧਿਆਨ ਨਹੀਂ ਲਾ ਹੁੰਦਾ। ਇਸ ਲਈ ਥੋੜ੍ਹੇ-ਥੋੜ੍ਹੇ ਚਿਰ ਲਈ ਅਧਿਐਨ ਕਰਨਾ ਮੈਨੂੰ ਚੰਗਾ ਲੱਗਦਾ ਹੈ। ਇਸ ਤਰ੍ਹਾਂ ਮੈਨੂੰ ਬਹੁਤ ਫ਼ਾਇਦਾ ਹੁੰਦਾ ਹੈ।” ਕ੍ਰਿਸ ਮੰਨਦਾ ਹੈ: “ਜਦੋਂ ਮੈਂ ਅਧਿਐਨ ਨੂੰ ਫਟਾਫਟ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਮੇਰੀ ਜ਼ਮੀਰ ਮੈਨੂੰ ਕੋਸਦੀ ਹੈ ਕਿਉਂਕਿ ਮੈਨੂੰ ਮਾੜਾ-ਮੋਟਾ ਹੀ ਯਾਦ ਰਹਿੰਦਾ ਹੈ ਕਿ ਮੈਂ ਕੀ ਪੜ੍ਹਿਆ ਸੀ। ਇਸ ਲਈ ਪੜ੍ਹੀਆਂ ਗੱਲਾਂ ਮੇਰੇ ਦਿਲ ਤਕ ਨਹੀਂ ਪਹੁੰਚਦੀਆਂ।” ਸੋ ਆਰਾਮ ਨਾਲ ਅਧਿਐਨ ਕਰੋ।
ਪਰਮੇਸ਼ੁਰ ਦੇ ਬਚਨ ਲਈ ਹੋਰ ਤਾਂਘ ਪੈਦਾ ਕਰੋ। ਪਤਰਸ ਰਸੂਲ ਨੇ ਕਿਹਾ: “ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਭਈ ਤੁਸੀਂ ਓਸ ਨਾਲ ਮੁਕਤੀ ਲਈ ਵਧਦੇ ਜਾਓ।” (1 ਪਤ. 2:2) ਬੱਚਿਆਂ ਨੂੰ ਦੁੱਧ ਲਈ ਲੋਚ ਪੈਦਾ ਕਰਨੀ ਨਹੀਂ ਪੈਂਦੀ ਕਿਉਂਕਿ ਭੁੱਖ ਲੱਗਣੀ ਕੁਦਰਤੀ ਹੈ। ਪਰ ਬਾਈਬਲ ਕਹਿੰਦੀ ਹੈ ਕਿ ਸਾਨੂੰ ਪਰਮੇਸ਼ੁਰ ਦੇ ਬਚਨ ਲਈ ਲੋਚ ਪੈਦਾ ਕਰਨੀ ਹੀ ਪੈਣੀ ਹੈ। ਜੇ ਤੁਸੀਂ ਬਾਈਬਲ ਦਾ ਇਕ ਸਫ਼ਾ ਹਰ ਰੋਜ਼ ਪੜ੍ਹੋ, ਤਾਂ ਇਹ ਲੋਚ ਜਲਦੀ ਪੈਦਾ ਹੋਵੇਗੀ। ਸੋ ਜਿਹੜਾ ਕੰਮ ਪਹਿਲਾਂ-ਪਹਿਲਾਂ ਸ਼ਾਇਦ ਮੁਸ਼ਕਲ ਲੱਗਦਾ ਸੀ, ਜਲਦੀ ਹੀ ਉਸ ਨੂੰ ਕਰਨ ਵਿਚ ਤੁਹਾਨੂੰ ਮਜ਼ਾ ਆਵੇਗਾ।
ਬਾਈਬਲ ਦੇ ਪੜ੍ਹੇ ਹਿੱਸਿਆਂ ਉੱਤੇ ਮਨਨ ਕਰੋ। ਸਾਨੂੰ ਬਹੁਤ ਫ਼ਾਇਦਾ ਹੁੰਦਾ ਹੈ ਜਦੋਂ ਅਸੀਂ ਪੜ੍ਹੀਆਂ ਗੱਲਾਂ ਉੱਤੇ ਮਨਨ ਕਰਦੇ ਹਾਂ। ਇਸ ਦੀ ਮਦਦ ਨਾਲ ਅਸੀਂ ਆਪਣੇ ਖੋਜੇ ਹੋਏ ਵਿਸ਼ਿਆਂ ਦਾ ਇਕ-ਦੂਜੇ ਨਾਲ ਸੰਬੰਧ ਜੋੜ ਸਕਾਂਗੇ। ਜਲਦੀ ਹੀ ਤੁਹਾਨੂੰ ਮੋਤੀਆਂ ਦੀ ਮਾਲਾ ਵਾਂਗ ਇਕ ਤੋਂ ਬਾਅਦ ਇਕ ਬੁੱਧ ਦੀਆਂ ਗੱਲਾਂ ਦਾ ਖ਼ਜ਼ਾਨਾ ਮਿਲ ਜਾਵੇਗਾ।—ਜ਼ਬੂ. 19:14; ਕਹਾ. 3:3.
ਸਮੇਂ ਦੀ ਚੰਗੀ ਵਰਤੋ
ਅਧਿਐਨ ਕਰਨ ਦੀ ਚੰਗੀ ਆਦਤ ਬਣਾਈ ਰੱਖਣ ਲਈ ਜਤਨ ਕਰਨਾ ਪੈਂਦਾ ਹੈ, ਪਰ ਬਰਕਤਾਂ ਵੀ ਬੇਸ਼ੁਮਾਰ ਮਿਲਦੀਆਂ ਹਨ। ਇਸ ਤਰ੍ਹਾਂ ਬਾਈਬਲ ਬਾਰੇ ਤੁਹਾਡੀ ਸਮਝ ਵਧੇਗੀ। (ਇਬ. 5:12-14) ਬਾਈਬਲ ਪੜ੍ਹ ਕੇ ਮਿਲੀ ਬੁੱਧ ਅਤੇ ਸਮਝ ਕਾਰਨ ਤੁਹਾਨੂੰ ਚੰਗਾ ਤਾਂ ਲੱਗੇਗਾ ਹੀ, ਬਲਕਿ ਖ਼ੁਸ਼ੀ ਤੇ ਸ਼ਾਂਤੀ ਵੀ ਮਿਲੇਗੀ। ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਬੁੱਧ ਉਨ੍ਹਾਂ ਲੋਕਾਂ ਲਈ “ਜੀਉਣ ਦਾ ਬਿਰਛ” ਹੈ ਜਿਨ੍ਹਾਂ ਨੂੰ ਇਹ ਬੁੱਧ ਮਿਲਦੀ ਹੈ ਅਤੇ ਜਿਹੜੇ ਇਸ ਅਨੁਸਾਰ ਚੱਲਦੇ ਹਨ।—ਕਹਾ. 3:13-18.
ਪਰਮੇਸ਼ੁਰ ਦੇ ਬਚਨ ਦਾ ਡੂੰਘਾਈ ਨਾਲ ਅਧਿਐਨ ਕਰ ਕੇ ਤੁਹਾਡੇ ਵਿਚ ਸਮਝ ਵਾਲਾ ਮਨ ਪੈਦਾ ਹੋ ਸਕਦਾ ਹੈ। (ਕਹਾ. 15:14) ਇਸ ਤਰ੍ਹਾਂ ਤੁਸੀਂ ਦਿਲੋਂ ਸਲਾਹ ਦੇਵੋਗੇ ਜੋ ਪੂਰੀ ਤਰ੍ਹਾਂ ਬਾਈਬਲ ਉੱਤੇ ਆਧਾਰਿਤ ਹੈ। ਜੇ ਤੁਸੀਂ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਪ੍ਰਕਾਸ਼ਨਾਂ ਵਿੱਚੋਂ ਪੜ੍ਹੀਆਂ ਗੱਲਾਂ ਦੇ ਹਿਸਾਬ ਨਾਲ ਫ਼ੈਸਲੇ ਕਰੋਗੇ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਯਹੋਵਾਹ ਦਾ ਬਚਨ ਕਿੰਨਾ ਫ਼ਾਇਦੇਮੰਦ ਹੈ। (ਮੱਤੀ 24:45) ਤੁਸੀਂ ਹੋਰ ਵੀ ਚੰਗਾ ਨਜ਼ਰੀਆ ਰੱਖੋਗੇ, ਆਸ਼ਾਵਾਦੀ ਹੋਵੋਗੇ ਅਤੇ ਸਾਰਾ ਕੁਝ ਪਰਮੇਸ਼ੁਰ ਦੇ ਬਚਨ ਨੂੰ ਧਿਆਨ ਵਿਚ ਰੱਖ ਕੇ ਕਰੋਗੇ। ਇਸ ਤੋਂ ਇਲਾਵਾ, ਤੁਸੀਂ ਉਨ੍ਹਾਂ ਸਾਰੀਆਂ ਗੱਲਾਂ ਵਿਚ ਸਫ਼ਲ ਹੋਵੋਗੇ ਜਿਨ੍ਹਾਂ ਦਾ ਸੰਬੰਧ ਪਰਮੇਸ਼ੁਰ ਨਾਲ ਤੁਹਾਡੇ ਰਿਸ਼ਤੇ ਨਾਲ ਹੈ।—ਜ਼ਬੂ. 1:2, 3.
ਪਰਮੇਸ਼ੁਰ ਲਈ ਪਿਆਰ ਭਰੇ ਦਿਲ ਨਾਲ ਤੁਸੀਂ ਆਪਣੀ ਨਿਹਚਾ ਦਾ ਇਜ਼ਹਾਰ ਕਰਨ ਲਈ ਪ੍ਰੇਰਿਤ ਹੋਵੋਗੇ। ਇਹ ਵੀ ਫ਼ਾਇਦੇਮੰਦ ਹੋਵੇਗਾ। ਸੋਫੀਆ ਵੱਖੋ-ਵੱਖਰੀਆਂ ਆਇਤਾਂ ਨੂੰ ਯਾਦ ਰੱਖਣ ਅਤੇ ਇਨ੍ਹਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂਕਿ ਉਹ ਪ੍ਰਚਾਰ ਕਰਦਿਆਂ ਲੋਕਾਂ ਦਾ ਧਿਆਨ ਬੰਨ੍ਹ ਸਕੇ ਅਤੇ ਪ੍ਰਚਾਰ ਨੂੰ ਅਸਰਕਾਰੀ ਤੇ ਦਿਲਚਸਪ ਬਣਾ ਸਕੇ। ਉਹ ਕਹਿੰਦੀ ਹੈ: “ਮੈਂ ਖ਼ੁਸ਼ ਹੁੰਦੀ ਹਾਂ ਜਦੋਂ ਲੋਕ ਬਾਈਬਲ ਦੀਆਂ ਗੱਲਾਂ ਸੁਣ ਕੇ ਚੰਗਾ ਹੁੰਗਾਰਾ ਭਰਦੇ ਹਨ।”
ਪਰ ਮਜ਼ੇ ਨਾਲ ਪਰਮੇਸ਼ੁਰ ਦਾ ਬਚਨ ਪੜ੍ਹਨ ਦਾ ਇਕ ਵੱਡਾ ਲਾਭ ਇਹ ਹੁੰਦਾ ਹੈ ਕਿ ਯਹੋਵਾਹ ਨਾਲ ਸਾਡਾ ਕਰੀਬੀ ਰਿਸ਼ਤਾ ਬਣਦਾ ਹੈ। ਬਾਈਬਲ ਦਾ ਅਧਿਐਨ ਕਰਨ ਜ਼ਰੀਏ ਤੁਹਾਨੂੰ ਉਸ ਦੇ ਅਸੂਲ ਪਤਾ ਲੱਗਦੇ ਹਨ ਅਤੇ ਤੁਸੀਂ ਉਸ ਦੇ ਪਿਆਰ, ਖੁੱਲ੍ਹ-ਦਿਲੀ ਅਤੇ ਇਨਸਾਫ਼ ਦੀ ਕਦਰ ਕਰਦੇ ਹੋ। ਇੰਨਾ ਫ਼ਾਇਦਾ ਹੋਰ ਕਿਸੇ ਚੀਜ਼ ਤੋਂ ਨਹੀਂ ਹੁੰਦਾ ਤੇ ਨਾ ਹੀ ਇੰਨਾ ਜ਼ਰੂਰੀ ਕੋਈ ਹੋਰ ਕੰਮ ਹੈ। ਸੋ ਮਨ ਲਾ ਕੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸਮੇਂ ਦੀ ਸੱਚ-ਮੁੱਚ ਚੰਗੀ ਵਰਤੋਂ ਕਰਦੇ ਹੋ।—ਜ਼ਬੂ. 19:7-11.
[ਸਫ਼ਾ 5 ਉੱਤੇ ਡੱਬੀ/ਤਸਵੀਰਾਂ]
ਪਰਮੇਸ਼ੁਰ ਦਾ ਬਚਨ ਪੜ੍ਹਨਾ: ਟੀਚੇ ਅਤੇ ਤਰੀਕੇ
▪ ਪ੍ਰਾਰਥਨਾ ਕਰ ਕੇ ਧਿਆਨ ਨਾਲ ਬਾਈਬਲ ਪੜ੍ਹੋ।
▪ ਸਿੱਖੀਆਂ ਗੱਲਾਂ ਦੀ ਕਦਰ ਕਰੋ।
▪ ਆਪਣੇ ਲਈ ਟੀਚੇ ਰੱਖੋ ਜੋ ਤੁਸੀਂ ਹਾਸਲ ਕਰ ਸਕਦੇ ਹੋ।
▪ ਹਵਾਲਿਆਂ ਉੱਤੇ ਤਰਕ ਕਰਨ ਦੇ ਨਵੇਂ ਤਰੀਕੇ ਭਾਲੋ।
▪ ਬਾਈਬਲ ਬਿਰਤਾਂਤਾਂ ਦੀ ਮਨ ਵਿਚ ਤਸਵੀਰ ਬਣਾਓ।
▪ ਔਖੇ ਹਵਾਲਿਆਂ ਅਤੇ ਉਨ੍ਹਾਂ ਨੂੰ ਸਮਝਾਉਣ ਲਈ ਦਿੱਤੀ ਜਾਣਕਾਰੀ ਦੇਖਣ ਵਿਚ ਸਮਾਂ ਲਾਓ ਤਾਂਕਿ ਇਹ ਹਵਾਲੇ ਤੁਹਾਨੂੰ ਸਪੱਸ਼ਟ ਸਮਝ ਆ ਜਾਣ।
▪ ਜਾਣਕਾਰੀ ਨੂੰ ਫਟਾਫਟ ਪੜ੍ਹਨ ਤੋਂ ਪਰਹੇਜ਼ ਕਰੋ।
▪ ਪਰਮੇਸ਼ੁਰ ਦੇ ਬਚਨ ਲਈ ਹੋਰ ਤਾਂਘ ਪੈਦਾ ਕਰੋ।
▪ ਬਾਈਬਲ ਦੇ ਪੜ੍ਹੇ ਹਿੱਸਿਆਂ ਉੱਤੇ ਮਨਨ ਕਰੋ।
[ਸਫ਼ਾ 4 ਉੱਤੇ ਤਸਵੀਰ]
ਬਾਈਬਲ ਦਾ ਬਿਰਤਾਂਤ ਪੜ੍ਹਦੇ ਸਮੇਂ ਕਲਪਨਾ ਕਰੋ ਕਿ ਤੁਸੀਂ ਵੀ ਉਸੇ ਤਰ੍ਹਾਂ ਦੇ ਹਾਲਾਤ ਵਿਚ ਹੋ