Skip to content

Skip to table of contents

ਖ਼ੁਸ਼ ਖ਼ਬਰੀ ਜੋ ਸਾਰਿਆਂ ਨੂੰ ਸੁਣਨ ਦੀ ਲੋੜ ਹੈ

ਖ਼ੁਸ਼ ਖ਼ਬਰੀ ਜੋ ਸਾਰਿਆਂ ਨੂੰ ਸੁਣਨ ਦੀ ਲੋੜ ਹੈ

ਖ਼ੁਸ਼ ਖ਼ਬਰੀ ਜੋ ਸਾਰਿਆਂ ਨੂੰ ਸੁਣਨ ਦੀ ਲੋੜ ਹੈ

“ਇੰਜੀਲ . . . ਮੁਕਤੀ ਦੇ ਲਈ ਪਰਮੇਸ਼ੁਰ ਦੀ [ਤਾਕਤ] ਹੈ।”—ਰੋਮੀ. 1:16.

1, 2. ਤੁਸੀਂ “ਰਾਜ ਦੀ ਖੁਸ਼ਖਬਰੀ” ਦਾ ਪ੍ਰਚਾਰ ਕਿਉਂ ਕਰਦੇ ਹੋ ਅਤੇ ਇਸ ਦੇ ਕਿਹੜੇ ਪਹਿਲੂਆਂ ਉੱਤੇ ਜ਼ੋਰ ਦਿੰਦੇ ਹੋ?

‘ਮੈਨੂੰ ਹਰ ਰੋਜ਼ ਖ਼ੁਸ਼ ਖ਼ਬਰੀ ਸੁਣਾਉਣੀ ਪਸੰਦ ਹੈ।’ ਤੁਸੀਂ ਇਸ ਤਰ੍ਹਾਂ ਸੋਚਿਆ ਜਾਂ ਕਿਹਾ ਹੋਣਾ। ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਨ ਵਾਲੇ ਗਵਾਹ ਹੋਣ ਦੇ ਨਾਤੇ, ਤੁਸੀਂ ਜਾਣਦੇ ਹੋ ਕਿ “ਰਾਜ ਦੀ ਇਸ ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰਨਾ ਕਿੰਨਾ ਜ਼ਰੂਰੀ ਹੈ। ਯਿਸੂ ਦੀ ਇਹ ਭਵਿੱਖਬਾਣੀ ਤੁਸੀਂ ਸ਼ਾਇਦ ਮੂੰਹ-ਜ਼ਬਾਨੀ ਦੱਸ ਸਕਦੇ ਹੋ।—ਮੱਤੀ 24:14.

2 ਤੁਸੀਂ ਯਿਸੂ ਵੱਲੋਂ ਸ਼ੁਰੂ ਕੀਤਾ “ਰਾਜ ਦੀ ਖੁਸ਼ਖਬਰੀ” ਦਾ ਪ੍ਰਚਾਰ ਕਰ ਰਹੇ ਹੋ। (ਲੂਕਾ 4:43 ਪੜ੍ਹੋ।) ਬਿਨਾਂ ਸ਼ੱਕ, ਤੁਸੀਂ ਇਸ ਗੱਲ ’ਤੇ ਜ਼ੋਰ ਦਿੰਦੇ ਹੋ ਕਿ ਪਰਮੇਸ਼ੁਰ ਜਲਦੀ ਹੀ ਮਨੁੱਖੀ ਮਾਮਲਿਆਂ ਵਿਚ ਦਖ਼ਲ ਦੇਵੇਗਾ। ‘ਵੱਡੇ ਕਸ਼ਟ’ ਨਾਲ ਉਹ ਝੂਠੇ ਧਰਮ ਨੂੰ ਖ਼ਤਮ ਕਰੇਗਾ ਅਤੇ ਧਰਤੀ ਉੱਤੋਂ ਬੁਰਾਈ ਮਿਟਾਵੇਗਾ। (ਮੱਤੀ 24:21) ਤੁਸੀਂ ਇਹ ਵੀ ਗੱਲ ਕਰਦੇ ਹੋ ਕਿ ਪਰਮੇਸ਼ੁਰ ਦਾ ਰਾਜ ਦੁਬਾਰਾ ਧਰਤੀ ਨੂੰ ਸੁੰਦਰ ਬਣਾਵੇਗਾ ਤਾਂ ਜੋ ਹਰ ਪਾਸੇ ਅਮਨ-ਚੈਨ ਦਾ ਬੋਲਬਾਲਾ ਹੋਵੇ ਅਤੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣ। ਦਰਅਸਲ “ਰਾਜ ਦੀ ਖੁਸ਼ਖਬਰੀ” ਉਸ ‘ਖ਼ੁਸ਼ ਖ਼ਬਰੀ’ ਦਾ ਹਿੱਸਾ ਹੈ ਜੋ ‘ਅਬਰਾਹਾਮ ਨੂੰ ਅੱਗੋਂ ਹੀ ਸੁਣਾਈ ਗਈ ਭਈ ਸਭ ਕੌਮਾਂ ਤੇਰੇ ਵਿੱਚ ਮੁਬਾਰਕ ਹੋਣਗੀਆਂ।’—ਗਲਾ. 3:8.

3. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪੌਲੁਸ ਰਸੂਲ ਨੇ ਰੋਮੀਆਂ ਦੀ ਕਿਤਾਬ ਵਿਚ ਖ਼ੁਸ਼ ਖ਼ਬਰੀ ਉੱਤੇ ਜ਼ੋਰ ਦਿੱਤਾ?

3 ਪਰ ਕੀ ਇੱਦਾਂ ਹੋ ਸਕਦਾ ਹੈ ਕਿ ਅਸੀਂ ਖ਼ੁਸ਼ ਖ਼ਬਰੀ ਦੇ ਇਕ ਖ਼ਾਸ ਪਹਿਲੂ ਵੱਲ ਇੰਨਾ ਧਿਆਨ ਨਹੀਂ ਦਿੰਦੇ ਜੋ ਲੋਕਾਂ ਨੂੰ ਜਾਣਨ ਦੀ ਲੋੜ ਹੈ? ਪੰਜਾਬੀ ਬਾਈਬਲ ਅਨੁਸਾਰ ਰੋਮੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਨੇ ਸਿਰਫ਼ ਇਕ ਵਾਰ “ਰਾਜ” ਦਾ ਜ਼ਿਕਰ ਕੀਤਾ, ਪਰ ਤਿੰਨ ਵਾਰ “ਇੰਜੀਲ” ਅਤੇ ਨੌਂ ਵਾਰ “ਖੁਸ਼ ਖਬਰੀ” ਦਾ ਜ਼ਿਕਰ ਕੀਤਾ। (ਰੋਮੀਆਂ 14:17 ਪੜ੍ਹੋ।) ਇਸ ਕਿਤਾਬ ਵਿਚ ਪੌਲੁਸ ਨੇ ਖ਼ੁਸ਼ ਖ਼ਬਰੀ ਦੇ ਕਿਹੜੇ ਪਹਿਲੂ ਬਾਰੇ ਅਕਸਰ ਗੱਲ ਕੀਤੀ? ਖ਼ੁਸ਼ ਖ਼ਬਰੀ ਦਾ ਉਹ ਖ਼ਾਸ ਪਹਿਲੂ ਅਹਿਮ ਕਿਉਂ ਹੈ? ਇਸ ਨੂੰ ਧਿਆਨ ਵਿਚ ਰੱਖਣ ਦੀ ਕਿਉਂ ਲੋੜ ਹੈ ਜਦੋਂ ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ “ਪਰਮੇਸ਼ੁਰ ਦੀ ਖੁਸ਼ ਖਬਰੀ” ਦਾ ਪ੍ਰਚਾਰ ਕਰਦੇ ਹਾਂ?—ਮਰ. 1:14; ਰੋਮੀ. 15:16; 1 ਥੱਸ. 2:2.

ਰੋਮ ਦੇ ਲੋਕਾਂ ਨੂੰ ਜੋ ਜਾਣਨ ਤੇ ਕਰਨ ਦੀ ਲੋੜ ਸੀ

4. ਰੋਮ ਵਿਚ ਪਹਿਲੀ ਵਾਰ ਕੈਦ ਦੌਰਾਨ ਪੌਲੁਸ ਨੇ ਕਿਸ ਬਾਰੇ ਪ੍ਰਚਾਰ ਕੀਤਾ?

4 ਰੋਮ ਵਿਚ ਪਹਿਲੀ ਵਾਰ ਕੈਦ ਵਿਚ ਹੁੰਦਿਆਂ ਪੌਲੁਸ ਨੇ ਕਈ ਵਿਸ਼ਿਆਂ ਬਾਰੇ ਗੱਲ ਕੀਤੀ ਸੀ ਜਿਨ੍ਹਾਂ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ। ਅਸੀਂ ਪੜ੍ਹਦੇ ਹਾਂ ਕਿ ਜਦੋਂ ਕਈ ਯਹੂਦੀ ਉਸ ਕੋਲ ਆਏ, ਤਾਂ ਉਸ ਨੇ (1) ‘ਪਰਮੇਸ਼ੁਰ ਦੇ ਰਾਜ ਉੱਤੇ ਸਾਖੀ ਦੇ ਕੇ (2) ਯਿਸੂ ਦੇ ਹੱਕ ਵਿੱਚ ਪਰਮਾਣ’ ਦਿੱਤਾ। ਨਤੀਜਾ ਕੀ ਹੋਇਆ? “ਕਈਆਂ ਨੇ ਓਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਪਰਤੀਤ ਨਾ ਕੀਤੀ।” ਉਸ ਤੋਂ ਬਾਅਦ ਪੌਲੁਸ ‘ਉਨ੍ਹਾਂ ਸਭਨਾਂ ਦਾ ਜੋ ਉਹ ਦੇ ਕੋਲ ਆਉਂਦੇ ਸਨ ਆਦਰ ਭਾਉ ਕਰਦਾ। (1) ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ ਅਤੇ (2) ਪ੍ਰਭੁ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ।’ (ਰਸੂ. 28:17, 23-31) ਸਪੱਸ਼ਟ ਹੈ ਕਿ ਪੌਲੁਸ ਨੇ ਪਰਮੇਸ਼ੁਰ ਦੇ ਰਾਜ ’ਤੇ ਜ਼ੋਰ ਦਿੱਤਾ। ਪਰ ਹੋਰ ਕਿਹੜੀ ਗੱਲ ਉੱਤੇ ਉਸ ਨੇ ਜ਼ੋਰ ਦਿੱਤਾ? ਉਸ ਨੇ ਰਾਜ ਦੇ ਸਭ ਤੋਂ ਅਹਿਮ ਪਹਿਲੂ ਉੱਤੇ ਜ਼ੋਰ ਦਿੱਤਾ—ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ।

5. ਰੋਮੀਆਂ ਦੀ ਕਿਤਾਬ ਵਿਚ ਪੌਲੁਸ ਨੇ ਕਿਹੜੀ ਅਸਲ ਲੋੜ ਬਾਰੇ ਗੱਲ ਕੀਤੀ?

5 ਸਾਰੇ ਲੋਕਾਂ ਨੂੰ ਯਿਸੂ ਬਾਰੇ ਜਾਣਨ ਅਤੇ ਉਸ ਉੱਤੇ ਨਿਹਚਾ ਕਰਨ ਦੀ ਲੋੜ ਹੈ। ਰੋਮੀਆਂ ਦੀ ਕਿਤਾਬ ਵਿਚ ਪੌਲੁਸ ਨੇ ਇਸ ਲੋੜ ਬਾਰੇ ਗੱਲ ਕੀਤੀ ਸੀ। ਰੋਮੀਆਂ ਦੀ ਕਿਤਾਬ ਦੇ ਸ਼ੁਰੂ ਵਿਚ ਪੌਲੁਸ ਨੇ ਲਿਖਿਆ: “ਮੈਂ [ਜੀ-ਜਾਨ] ਨਾਲ ਉਹ ਦੇ ਪੁੱਤ੍ਰ ਦੀ ਖੁਸ਼ ਖਬਰੀ ਲਈ ਸੇਵਾ ਕਰਦਾ ਹਾਂ।” ਉਸ ਨੇ ਅੱਗੇ ਕਿਹਾ: “ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ [ਤਾਕਤ] ਹੈ।” ਬਾਅਦ ਵਿਚ ਉਸ ਨੇ ਉਸ ਸਮੇਂ ਦੀ ਗੱਲ ਕੀਤੀ “ਜਦੋਂ ਪਰਮੇਸ਼ੁਰ ਮੇਰੀ ਖੁਸ਼ ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਉਂ ਕਰੇਗਾ।” ਉਸ ਨੇ ਇਹ ਵੀ ਕਿਹਾ: “ਮੈਂ ਯਰੂਸ਼ਲਮ ਤੋਂ ਲੈ ਕੇ ਚਾਰ ਚੁਫੇਰੇ ਇੱਲੁਰਿਕੁਨ ਤੀਕ ਮਸੀਹ ਦੀ ਖੁਸ਼ ਖਬਰੀ ਦਾ ਪੂਰਾ ਪਰਚਾਰ ਕੀਤਾ।” * (ਰੋਮੀ. 1:9, 16; 2:16; 15:19) ਤੁਹਾਡੇ ਖ਼ਿਆਲ ਨਾਲ ਪੌਲੁਸ ਨੇ ਰੋਮੀਆਂ ਨਾਲ ਯਿਸੂ ਮਸੀਹ ਬਾਰੇ ਇੰਨੀ ਜ਼ਿਆਦਾ ਗੱਲ ਕਿਉਂ ਕੀਤੀ?

6, 7. ਅਸੀਂ ਰੋਮ ਦੀ ਕਲੀਸਿਯਾ ਦੀ ਸ਼ੁਰੂਆਤ ਅਤੇ ਇਸ ਦੇ ਮੈਂਬਰਾਂ ਬਾਰੇ ਕੀ ਕਹਿ ਸਕਦੇ ਹਾਂ?

6 ਸਾਨੂੰ ਨਹੀਂ ਪਤਾ ਕਿ ਰੋਮ ਦੀ ਕਲੀਸਿਯਾ ਕਿਵੇਂ ਸ਼ੁਰੂ ਹੋਈ ਸੀ। ਕੀ ਪੰਤੇਕੁਸਤ 33 ਈਸਵੀ ਦੇ ਦਿਨ ਹਾਜ਼ਰ ਹੋਏ ਯਹੂਦੀ ਜਾਂ ਯਹੂਦੀ ਧਰਮ ਅਪਣਾਉਣ ਵਾਲੇ ਲੋਕੀ ਮਸੀਹੀ ਬਣ ਕੇ ਰੋਮ ਵਾਪਸ ਆਏ ਸਨ? (ਰਸੂ. 2:10) ਜਾਂ ਕੀ ਮਸੀਹੀ ਵਪਾਰੀਆਂ ਅਤੇ ਮੁਸਾਫ਼ਰਾਂ ਨੇ ਰੋਮ ਵਿਚ ਸੱਚਾਈ ਫੈਲਾਈ ਸੀ? ਜਿਵੇਂ ਮਰਜ਼ੀ ਹੋਇਆ ਹੋਵੇ, ਪਰ ਜਦੋਂ ਪੌਲੁਸ ਨੇ ਤਕਰੀਬਨ 56 ਈਸਵੀ ਵਿਚ ਕਿਤਾਬ ਲਿਖੀ ਸੀ, ਉਸ ਤੋਂ ਕਾਫ਼ੀ ਚਿਰ ਪਹਿਲਾਂ ਕਲੀਸਿਯਾ ਸਥਾਪਿਤ ਹੋ ਚੁੱਕੀ ਸੀ। (ਰੋਮੀ. 1:8) ਇਸ ਕਲੀਸਿਯਾ ਵਿਚ ਕਿਹੋ ਜਿਹੇ ਲੋਕ ਸਨ?

7 ਕੁਝ ਯਹੂਦੀ ਪਿਛੋਕੜ ਦੇ ਸਨ। ਪੌਲੁਸ ਨੇ ਨਮਸਕਾਰ ਭੇਜਣ ਵੇਲੇ ਅੰਦਰੁਨਿਕੁਸ ਅਤੇ ਯੂਨਿਆਸ ਨੂੰ ‘ਮੇਰੇ ਸਾਕ’ ਕਿਹਾ ਸੀ। ਸੋ ਇਸ ਦਾ ਮਤਲਬ ਹੈ ਕਿ ਉਹ ਵੀ ਯਹੂਦੀ ਹੋਣੇ। ਰੋਮ ਵਿਚ ਤੰਬੂ ਬਣਾਉਣ ਵਾਲਾ ਅਕੂਲਾ ਅਤੇ ਉਸ ਦੀ ਪਤਨੀ ਪਰਿਸਕਾ ਵੀ ਯਹੂਦੀ ਸਨ। (ਰੋਮੀ. 4:1; 9:3, 4; 16:3, 7; ਰਸੂ. 18:2) ਪਰ ਕਈ ਭੈਣ-ਭਰਾ ਦੂਜੀਆਂ ਕੌਮਾਂ ਦੇ ਸਨ ਜਿਨ੍ਹਾਂ ਨੂੰ ਪੌਲੁਸ ਨੇ ਨਮਸਕਾਰ ਭੇਜੀ ਸੀ। ਕੁਝ ਸ਼ਾਇਦ “ਕੈਸਰ ਦੇ ਘਰ” ਨਾਲ ਸੰਬੰਧਿਤ ਹੋਣੇ, ਸ਼ਾਇਦ ਕੈਸਰ ਦੇ ਗ਼ੁਲਾਮ ਅਤੇ ਛੋਟੇ-ਛੋਟੇ ਅਫ਼ਸਰ।—ਫ਼ਿਲਿ. 4:22; ਰੋਮੀ. 1:5, 6; 11:13.

8. ਰੋਮ ਦੇ ਮਸੀਹੀ ਕਿਸ ਹਾਲਤ ਵਿਚ ਸਨ?

8 ਰੋਮ ਵਿਚ ਰਹਿੰਦੇ ਹਰ ਮਸੀਹੀ ਦੀ ਹਾਲਤ ਗੰਭੀਰ ਸੀ ਤੇ ਸਾਡੀ ਵੀ ਉਹੀ ਹਾਲਤ ਹੈ। ਇਸ ਹਾਲਤ ਨੂੰ ਪੌਲੁਸ ਨੇ ਇਸ ਤਰ੍ਹਾਂ ਬਿਆਨ ਕੀਤਾ: “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀ. 3:23) ਜ਼ਾਹਰ ਹੈ ਕਿ ਪੌਲੁਸ ਦੀ ਇਹ ਚਿੱਠੀ ਪੜ੍ਹਨ ਵਾਲਿਆਂ ਨੂੰ ਮੰਨਣਾ ਪੈਣਾ ਸੀ ਕਿ ਉਹ ਪਾਪੀ ਸਨ ਅਤੇ ਪਰਮੇਸ਼ੁਰ ਦੇ ਉਸ ਜ਼ਰੀਏ ’ਤੇ ਨਿਹਚਾ ਕਰਨ ਦੀ ਲੋੜ ਸੀ ਜਿਸ ਰਾਹੀਂ ਇਸ ਹਾਲਤ ਉੱਤੇ ਕਾਬੂ ਪਾਇਆ ਜਾਣਾ ਸੀ।

ਆਪਣੇ ਆਪ ਨੂੰ ਪਾਪੀ ਮੰਨਣ ਦੀ ਲੋੜ

9. ਪੌਲੁਸ ਨੇ ਖ਼ੁਸ਼ ਖ਼ਬਰੀ ਦੇ ਕਿਹੜੇ ਸੰਭਵ ਨਤੀਜੇ ਵੱਲ ਧਿਆਨ ਖਿੱਚਿਆ?

9 ਪੌਲੁਸ ਨੇ ਰੋਮੀਆਂ ਨੂੰ ਲਿਖੀ ਚਿੱਠੀ ਦੇ ਸ਼ੁਰੂ ਵਿਚ ਉਸ ਖ਼ੁਸ਼ ਖ਼ਬਰੀ ਦੇ ਵਧੀਆ ਨਤੀਜੇ ਬਾਰੇ ਦੱਸਿਆ ਜਿਸ ਦਾ ਉਹ ਵਾਰ-ਵਾਰ ਜ਼ਿਕਰ ਕਰ ਰਿਹਾ ਸੀ: “ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ [ਤਾਕਤ] ਹੈ, ਪਹਿਲਾਂ ਯਹੂਦੀ ਫੇਰ ਯੂਨਾਨੀ ਦੇ ਲਈ।” ਹਾਂ, ਉਨ੍ਹਾਂ ਨੂੰ ਮੁਕਤੀ ਮਿਲਣੀ ਸੰਭਵ ਸੀ। ਪਰ ਉਨ੍ਹਾਂ ਨੂੰ ਨਿਹਚਾ ਕਰਨ ਦੀ ਲੋੜ ਸੀ ਜੋ ਕਿ ਪੌਲੁਸ ਵੱਲੋਂ ਦੱਸੀ ਇਸ ਅਟੱਲ ਸੱਚਾਈ ਮੁਤਾਬਕ ਹੈ: “ਭਈ ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ।” (ਰੋਮੀ. 1:16, 17; ਗਲਾ. 3:11; ਇਬ. 10:38) ਪਰ ਜਿਹੜੀ ਖ਼ੁਸ਼ ਖ਼ਬਰੀ ਮੁਕਤੀ ਦਿਲਾ ਸਕਦੀ ਹੈ, ਉਸ ਦਾ ਇਸ ਹਕੀਕਤ ਨਾਲ ਕੀ ਸੰਬੰਧ ਹੈ ਕਿ “ਸਭਨਾਂ ਨੇ ਪਾਪ ਕੀਤਾ”?

10, 11. ਰੋਮੀਆਂ 3:23 ਵਿਚ ਜ਼ਿਕਰ ਕੀਤੀ ਗਈ ਧਾਰਣਾ ਕੁਝ ਲੋਕਾਂ ਲਈ ਅਜੀਬ ਕਿਉਂ ਨਹੀਂ ਹੈ, ਪਰ ਕਈਆਂ ਲਈ ਹੈ?

10 ਜੀਵਨ ਬਚਾਉਣ ਵਾਲੀ ਨਿਹਚਾ ਪੈਦਾ ਕਰਨ ਤੋਂ ਪਹਿਲਾਂ, ਇਕ ਇਨਸਾਨ ਨੂੰ ਇਹ ਮੰਨਣ ਦੀ ਲੋੜ ਹੈ ਕਿ ਉਹ ਪਾਪੀ ਹੈ। ਇਹ ਗੱਲ ਉਨ੍ਹਾਂ ਵਾਸਤੇ ਅਜੀਬ ਨਹੀਂ ਹੋਵੇਗੀ ਜੋ ਬਚਪਨ ਤੋਂ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਹਨ ਅਤੇ ਬਾਈਬਲ ਬਾਰੇ ਥੋੜ੍ਹਾ-ਬਹੁਤਾ ਜਾਣਦੇ ਹਨ। (ਉਪਦੇਸ਼ਕ ਦੀ ਪੋਥੀ 7:20 ਪੜ੍ਹੋ।) ਭਾਵੇਂ ਉਹ ਸਹਿਮਤ ਹੋਣ ਜਾਂ ਨਾ ਜਾਂ ਉਨ੍ਹਾਂ ਨੂੰ ਸ਼ੱਕ ਹੈ, ਪਰ ਘੱਟੋ-ਘੱਟ ਉਨ੍ਹਾਂ ਨੂੰ ਕੁਝ ਅੰਦਾਜ਼ਾ ਤਾਂ ਹੈ ਕਿ ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਸਭਨਾਂ ਨੇ ਪਾਪ ਕੀਤਾ।” (ਰੋਮੀ. 3:23) ਫਿਰ ਵੀ ਪ੍ਰਚਾਰ ਕਰਦਿਆਂ ਅਸੀਂ ਕਈ ਅਜਿਹੇ ਲੋਕਾਂ ਨੂੰ ਮਿਲਾਂਗੇ ਜੋ ਇਸ ਬਾਰੇ ਕੁਝ ਨਹੀਂ ਜਾਣਦੇ।

11 ਕੁਝ ਦੇਸ਼ਾਂ ਵਿਚ ਲੋਕ ਇਸ ਵਿਚਾਰ ਨਾਲ ਵੱਡੇ ਨਹੀਂ ਹੁੰਦੇ ਕਿ ਉਹ ਜਨਮ ਤੋਂ ਹੀ ਪਾਪੀ ਹਨ ਜਾਂ ਪਾਪ ਉਨ੍ਹਾਂ ਨੂੰ ਵਿਰਾਸਤ ਵਿਚ ਮਿਲਿਆ ਹੈ। ਉਹ ਸ਼ਾਇਦ ਇਹ ਤਾਂ ਮੰਨਦੇ ਹਨ ਕਿ ਉਨ੍ਹਾਂ ਤੋਂ ਗ਼ਲਤੀਆਂ ਹੁੰਦੀਆਂ ਹਨ, ਉਨ੍ਹਾਂ ਵਿਚ ਔਗੁਣ ਹਨ ਅਤੇ ਸ਼ਾਇਦ ਉਨ੍ਹਾਂ ਨੇ ਕੁਝ ਬੁਰੇ ਕੰਮ ਕੀਤੇ ਹੋਣੇ। ਉਹ ਮੰਨਦੇ ਹਨ ਕਿ ਦੂਜੇ ਵੀ ਇੱਦਾਂ ਹੀ ਕਰਦੇ ਹਨ। ਫਿਰ ਵੀ ਆਪਣੇ ਪਿਛੋਕੜ ਕਾਰਨ ਉਹ ਸਮਝ ਨਹੀਂ ਪਾਉਂਦੇ ਕਿ ਉਹ ਅਤੇ ਦੂਜੇ ਲੋਕ ਇਸ ਤਰ੍ਹਾਂ ਕਿਉਂ ਕਰਦੇ ਹਨ। ਦਰਅਸਲ, ਕੁਝ ਭਾਸ਼ਾਵਾਂ ਵਿਚ ਜੇ ਤੁਸੀਂ ਕਹੋ ਕਿ ਫਲਾਣਾ ਬੰਦਾ ਪਾਪੀ ਹੈ, ਤਾਂ ਦੂਜੇ ਸ਼ਾਇਦ ਸੋਚਣ ਕਿ ਤੁਸੀਂ ਉਸ ਨੂੰ ਅਪਰਾਧੀ ਕਹਿ ਰਹੇ ਹੋ ਜਾਂ ਫਿਰ ਉਸ ਨੇ ਕੁਝ ਕਾਇਦੇ-ਕਾਨੂੰਨ ਤੋੜੇ ਹੋਣੇ। ਸਪੱਸ਼ਟ ਹੈ ਕਿ ਇਸ ਤਰ੍ਹਾਂ ਦੇ ਵਾਤਾਵਰਣ ਵਿਚ ਪਲ਼ਣ ਵਾਲਾ ਇਨਸਾਨ ਸ਼ਾਇਦ ਆਪਣੇ ਬਾਰੇ ਨਾ ਸੋਚੇ ਕਿ ਉਹ ਉਸ ਅਰਥ ਵਿਚ ਪਾਪੀ ਹੈ ਜਿਸ ਬਾਰੇ ਪੌਲੁਸ ਨੇ ਗੱਲ ਕੀਤੀ ਸੀ।

12. ਕਈ ਕਿਉਂ ਨਹੀਂ ਮੰਨਦੇ ਕਿ ਸਾਰੇ ਪਾਪੀ ਹਨ?

12 ਈਸਾਈ ਦੇਸ਼ਾਂ ਵਿਚ ਵੀ ਕਈ ਮੰਨਦੇ ਨਹੀਂ ਕਿ ਉਹ ਪਾਪੀ ਹਨ। ਕਿਉਂ ਨਹੀਂ? ਜੇ ਉਹ ਕਦੇ-ਕਦੇ ਚਰਚ ਜਾਂਦੇ ਵੀ ਹਨ, ਤਾਂ ਉਹ ਆਦਮ ਅਤੇ ਹੱਵਾਹ ਬਾਰੇ ਬਾਈਬਲ ਵਿਚ ਦਿੱਤੇ ਬਿਰਤਾਂਤ ਨੂੰ ਸਿਰਫ਼ ਮਨ-ਘੜਤ ਕਹਾਣੀ ਮੰਨਦੇ ਹਨ। ਕੁਝ ਲੋਕ ਅਜਿਹੇ ਮਾਹੌਲ ਵਿਚ ਪਲ਼ੇ ਹਨ ਜਿਸ ਵਿਚ ਕੋਈ ਰੱਬ ਨੂੰ ਨਹੀਂ ਮੰਨਦਾ। ਉਹ ਸ਼ੱਕ ਕਰਦੇ ਹਨ ਕਿ ਪਰਮੇਸ਼ੁਰ ਹੈ ਕਿ ਨਹੀਂ, ਇਸ ਲਈ ਉਹ ਸਮਝ ਨਹੀਂ ਪਾਉਂਦੇ ਕਿ ਸਰਬਸ਼ਕਤੀਮਾਨ ਨੇ ਇਨਸਾਨਾਂ ਲਈ ਨੈਤਿਕ ਅਸੂਲ ਬਣਾਏ ਹਨ ਅਤੇ ਇਨ੍ਹਾਂ ਅਸੂਲਾਂ ਨੂੰ ਨਾ ਮੰਨਣਾ ਪਾਪ ਕਰਨ ਦੇ ਬਰਾਬਰ ਹੈ। ਇਕ ਅਰਥ ਵਿਚ ਉਹ ਪਹਿਲੀ ਸਦੀ ਦੇ ਉਨ੍ਹਾਂ ਲੋਕਾਂ ਵਰਗੇ ਹਨ ਜਿਨ੍ਹਾਂ ਨੂੰ ਪੌਲੁਸ ਨੇ “ਆਸਾ ਹੀਣ ਅਤੇ ਜਗਤ ਵਿੱਚ ਪਰਮੇਸ਼ੁਰ ਤੋਂ ਰਹਿਤ” ਕਿਹਾ ਸੀ।—ਅਫ਼. 2:12.

13, 14. (ੳ) ਕਿਹੜੇ ਇਕ ਕਾਰਨ ਕਰਕੇ ਪਰਮੇਸ਼ੁਰ ਵਿਚ ਵਿਸ਼ਵਾਸ ਨਾ ਕਰਨ ਵਾਲੇ ਅਤੇ ਆਪਣੇ ਆਪ ਨੂੰ ਪਾਪੀ ਨਾ ਮੰਨਣ ਵਾਲੇ ਲੋਕਾਂ ਕੋਲ ਕੋਈ ਬਹਾਨਾ ਨਹੀਂ ਹੈ? (ਅ) ਵਿਸ਼ਵਾਸ ਨਾ ਕਰਨ ਕਰਕੇ ਕਈ ਕਿਸ ਰਾਹ ਪੈ ਗਏ?

13 ਰੋਮੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਦੋ ਕਾਰਨ ਦੱਸੇ ਕਿ ਅਜਿਹੇ ਪਿਛੋਕੜ ਦਾ ਬਹਾਨਾ ਨਾ ਤਾਂ ਉਸ ਦੇ ਜ਼ਮਾਨੇ ਵਿਚ ਕੋਈ ਲਾ ਸਕਦਾ ਸੀ ਤੇ ਨਾ ਹੀ ਅੱਜ ਕੋਈ ਲਾ ਸਕਦਾ ਹੈ। ਪਹਿਲਾ ਕਾਰਨ ਹੈ ਕਿ ਸ੍ਰਿਸ਼ਟੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਸ੍ਰਿਸ਼ਟੀਕਰਤਾ ਹੈ। (ਰੋਮੀਆਂ 1:19, 20 ਪੜ੍ਹੋ।) ਇਹ ਗੱਲ ਪੌਲੁਸ ਦੀ ਉਸ ਗੱਲ ਨਾਲ ਮੇਲ ਖਾਂਦੀ ਹੈ ਜੋ ਉਸ ਨੇ ਰੋਮ ਵਿਚ ਹੁੰਦਿਆਂ ਇਬਰਾਨੀਆਂ ਨੂੰ ਲਿਖੀ ਸੀ: “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬ. 3:4) ਇਹ ਉਦਾਹਰਣ ਸੰਕੇਤ ਕਰਦੀ ਹੈ ਕਿ ਸ੍ਰਿਸ਼ਟੀਕਰਤਾ ਹੈ ਜਿਸ ਨੇ ਸਾਰੇ ਬ੍ਰਹਿਮੰਡ ਨੂੰ ਬਣਾਇਆ ਹੈ।

14 ਇਸ ਲਈ ਪੌਲੁਸ ਕੋਲ ਰੋਮੀਆਂ ਨੂੰ ਲਿਖਣ ਦਾ ਪੱਕਾ ਸਬੂਤ ਸੀ ਕਿ ਇਸਰਾਏਲੀਆਂ ਸਮੇਤ ਬੇਜਾਨ ਮੂਰਤਾਂ ਦੀ ਭਗਤੀ ਕਰਨ ਵਾਲਾ ਕੋਈ ਵੀ ਇਨਸਾਨ “ਉਜ਼ਰ” ਜਾਂ ਬਹਾਨਾ ਨਹੀਂ ਲਾ ਸਕਦਾ। ਜਿਨ੍ਹਾਂ ਆਦਮੀਆਂ ਦੇ ਆਦਮੀਆਂ ਨਾਲ ਤੇ ਤੀਵੀਆਂ ਦੇ ਤੀਵੀਆਂ ਨਾਲ ਜਿਨਸੀ ਸੰਬੰਧ ਹਨ, ਉਹ ਵੀ ਕੋਈ ਬਹਾਨਾ ਨਹੀਂ ਲਾ ਸਕਦੇ। (ਰੋਮੀ. 1:22-27) ਇਨ੍ਹਾਂ ਗੱਲਾਂ ਤੋਂ ਬਾਅਦ, ਪੌਲੁਸ ਨੇ ਸਹੀ ਸਿੱਟਾ ਕੱਢਿਆ ਕਿ “ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ।”—ਰੋਮੀ. 3:9.

‘ਸਾਖੀ ਦੇਣ ਵਾਲਾ’

15. ਸਾਰੇ ਲੋਕਾਂ ਕੋਲ ਕੀ ਹੈ ਅਤੇ ਇਸ ਦਾ ਉਨ੍ਹਾਂ ’ਤੇ ਕੀ ਅਸਰ ਪੈਂਦਾ ਹੈ?

15 ਰੋਮੀਆਂ ਦੀ ਕਿਤਾਬ ਇਕ ਹੋਰ ਕਾਰਨ ਦੱਸਦੀ ਹੈ ਕਿ ਲੋਕਾਂ ਨੂੰ ਕਿਉਂ ਮੰਨਣਾ ਚਾਹੀਦਾ ਹੈ ਕਿ ਉਹ ਪਾਪੀ ਹਨ ਤੇ ਉਨ੍ਹਾਂ ਨੂੰ ਇਸ ਹਾਲਤ ਵਿੱਚੋਂ ਨਿਕਲਣ ਦੀ ਲੋੜ ਹੈ। ਪ੍ਰਾਚੀਨ ਇਸਰਾਏਲੀਆਂ ਨੂੰ ਦਿੱਤੇ ਪਰਮੇਸ਼ੁਰ ਦੇ ਬਿਵਸਥਾ ਨੇਮ ਬਾਰੇ ਪੌਲੁਸ ਨੇ ਲਿਖਿਆ: “ਜਿੰਨਿਆਂ ਨੇ ਸ਼ਰਾ ਦੇ ਹੁੰਦਿਆਂ ਸੁੰਦਿਆਂ ਪਾਪ ਕੀਤੇ ਸੋ ਸ਼ਰਾ ਦੇ ਅਨੁਸਾਰ ਉਨ੍ਹਾਂ ਦਾ ਨਿਆਉਂ ਹੋਵੇਗਾ।” (ਰੋਮੀ. 2:12) ਅੱਗੇ ਗੱਲ ਤੋਰਦਿਆਂ ਉਹ ਕਹਿੰਦਾ ਹੈ ਕਿ ਉਸ ਬਿਵਸਥਾ ਤੋਂ ਅਣਜਾਣ ਕੌਮਾਂ ਦੇ ਲੋਕ ਜਾਂ ਨਸਲੀ ਸਮੂਹ ਅਕਸਰ ‘ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੇ ਹਨ।’ ਆਮ ਤੌਰ ਤੇ ਅਜਿਹੇ ਲੋਕ ਕਿਉਂ ਸਕੇ-ਸੰਬੰਧੀਆਂ ਨਾਲ ਜਿਨਸੀ ਸੰਬੰਧ ਰੱਖਣ, ਕਤਲ ਅਤੇ ਚੋਰੀ ਕਰਨ ਤੋਂ ਮਨ੍ਹਾ ਕਰਦੇ ਹਨ? ਪੌਲੁਸ ਇਸ ਦਾ ਕਾਰਨ ਦੱਸਦਾ ਹੈ: ਉਨ੍ਹਾਂ ਦੀ ਜ਼ਮੀਰ ਹੈ।—ਰੋਮੀਆਂ 2:14, 15 ਪੜ੍ਹੋ।

16. ਜ਼ਮੀਰ ਹੋਣ ਦਾ ਇਹ ਮਤਲਬ ਕਿਉਂ ਨਹੀਂ ਹੈ ਕਿ ਅਸੀਂ ਪਾਪ ਨਹੀਂ ਕਰਾਂਗੇ?

16 ਪਰ ਤੁਸੀਂ ਦੇਖਿਆ ਹੈ ਕਿ ਸਾਡੇ ਅੰਦਰ ਗਵਾਹ ਵਜੋਂ ਕੰਮ ਕਰਨ ਵਾਲੀ ਜ਼ਮੀਰ ਹੋਣ ਦਾ ਇਹ ਮਤਲਬ ਨਹੀਂ ਕਿ ਅਸੀਂ ਇਸ ਦੀ ਸੇਧ ਅਨੁਸਾਰ ਚੱਲਾਂਗੇ। ਪ੍ਰਾਚੀਨ ਇਸਰਾਏਲ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ। ਭਾਵੇਂ ਕਿ ਇਸਰਾਏਲੀਆਂ ਕੋਲ ਪਰਮੇਸ਼ੁਰ ਤੋਂ ਮਿਲੀ ਜ਼ਮੀਰ ਅਤੇ ਚੋਰੀ ਤੇ ਹਰਾਮਕਾਰੀ ਬਾਰੇ ਖ਼ਾਸ ਕਾਇਦੇ-ਕਾਨੂੰਨ ਸਨ, ਫਿਰ ਵੀ ਉਹ ਅਕਸਰ ਆਪਣੀ ਜ਼ਮੀਰ ਅਤੇ ਯਹੋਵਾਹ ਦੀ ਬਿਵਸਥਾ ਦੇ ਉਲਟ ਜਾਂਦੇ ਸਨ। (ਰੋਮੀ. 2:21-23) ਉਹ ਦੁੱਗਣੇ ਕਸੂਰਵਾਰ ਸਨ, ਇਸ ਲਈ ਉਹ ਯਕੀਨਨ ਪਾਪੀ ਸਨ ਜੋ ਪਰਮੇਸ਼ੁਰ ਦੇ ਅਸੂਲਾਂ ਅਤੇ ਉਸ ਦੀ ਇੱਛਾ ਅਨੁਸਾਰ ਨਹੀਂ ਚੱਲਦੇ ਸਨ। ਇਸ ਕਾਰਨ ਉਨ੍ਹਾਂ ਦਾ ਆਪਣੇ ਸਿਰਜਣਹਾਰ ਨਾਲ ਰਿਸ਼ਤਾ ਖ਼ਰਾਬ ਹੋ ਗਿਆ।—ਲੇਵੀ. 19:11; 20:10; ਰੋਮੀ. 3:20.

17. ਰੋਮੀਆਂ ਦੀ ਕਿਤਾਬ ਵਿੱਚੋਂ ਸਾਨੂੰ ਕਿਹੜਾ ਹੌਸਲਾ ਮਿਲਦਾ ਹੈ?

17 ਰੋਮੀਆਂ ਦੀ ਕਿਤਾਬ ਤੋਂ ਜੋ ਕੁਝ ਅਸੀਂ ਦੇਖਿਆ ਹੈ, ਉਸ ਕਾਰਨ ਸ਼ਾਇਦ ਸਾਨੂੰ ਜਾਪੇ ਕਿ ਇਨਸਾਨਾਂ ਦੀ ਹਾਲਤ ਸਰਬਸ਼ਕਤੀਮਾਨ ਅੱਗੇ ਕਿੰਨੀ ਮਾੜੀ ਹੈ। ਪਰ ਪੌਲੁਸ ਨੇ ਇੱਥੇ ਹੀ ਗੱਲ ਨਹੀਂ ਮੁਕਾ ਦਿੱਤੀ। ਉਸ ਨੇ ਜ਼ਬੂਰਾਂ ਦੀ ਪੋਥੀ 32:1, 2 ਵਿਚ ਦਰਜ ਦਾਊਦ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਲਿਖਿਆ: “ਧੰਨ ਓਹ ਜਿਨ੍ਹਾਂ ਦੇ ਅਪਰਾਧ ਖਿਮਾ ਹੋ ਗਏ, ਅਤੇ ਜਿਨ੍ਹਾਂ ਦੇ ਪਾਪ ਢੱਕੇ ਹੋਏ ਹਨ। ਧੰਨ ਹੈ ਉਹ ਪੁਰਖ ਜਿਹ ਦੇ ਲੇਖੇ ਵਿੱਚ [ਯਹੋਵਾਹ] ਪਾਪ ਨਾ ਗਿਣੇਗਾ।” (ਰੋਮੀ. 4:7, 8) ਹਾਂ, ਪਰਮੇਸ਼ੁਰ ਨੇ ਆਪਣੇ ਧਰਮੀ ਮਿਆਰਾਂ ਦੀ ਉਲੰਘਣਾ ਕੀਤੇ ਬਿਨਾਂ ਸਾਡੇ ਪਾਪਾਂ ਨੂੰ ਮਾਫ਼ ਕਰਨ ਦਾ ਵਧੀਆ ਬੰਦੋਬਸਤ ਕੀਤਾ ਹੈ।

ਯਿਸੂ ਬਾਰੇ ਅਹਿਮ ਖ਼ੁਸ਼ ਖ਼ਬਰੀ

18, 19. (ੳ) ਪੌਲੁਸ ਨੇ ਰੋਮੀਆਂ ਦੀ ਕਿਤਾਬ ਵਿਚ “ਇੰਜੀਲ” ਦੇ ਕਿਹੜੇ ਪਹਿਲੂ ਉੱਤੇ ਧਿਆਨ ਦਿੱਤਾ? (ਅ) ਰਾਜ ਦੀਆਂ ਬਰਕਤਾਂ ਪਾਉਣ ਲਈ ਸਾਨੂੰ ਕੀ ਕਬੂਲ ਕਰਨਾ ਪਵੇਗਾ?

18 ਜਦੋਂ ਤੁਸੀਂ ਯਹੋਵਾਹ ਦੇ ਕੀਤੇ ਬੰਦੋਬਸਤ ਬਾਰੇ ਸੋਚਦੇ ਹੋ, ਤਾਂ ਤੁਸੀਂ ਸ਼ਾਇਦ ਕਹੋ: “ਇਹ ਤਾਂ ਸੱਚ-ਮੁੱਚ ਖ਼ੁਸ਼ ਖ਼ਬਰੀ ਹੈ!” ਇਹ ਖ਼ੁਸ਼ ਖ਼ਬਰੀ ਸਾਨੂੰ ਉਸ ਪਹਿਲੂ ਦੀ ਯਾਦ ਦਿਲਾਉਂਦੀ ਹੈ ਜਿਸ ਦਾ ਪੌਲੁਸ ਨੇ ਰੋਮੀਆਂ ਦੀ ਕਿਤਾਬ ਵਿਚ ਜ਼ਿਕਰ ਕੀਤਾ ਸੀ। ਅਸੀਂ ਦੇਖਿਆ ਸੀ ਕਿ ਪੌਲੁਸ ਨੇ ਲਿਖਿਆ: “ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ [ਤਾਕਤ] ਹੈ।”—ਰੋਮੀ. 1:15, 16.

19 ਇਹ ਇੰਜੀਲ ਯਾਨੀ ਖ਼ੁਸ਼ ਖ਼ਬਰੀ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਵਿਚ ਯਿਸੂ ਦੀ ਭੂਮਿਕਾ ਬਾਰੇ ਸੀ। ਪੌਲੁਸ “ਉਸ ਦਿਨ” ਦੀ ਉਡੀਕ ਕਰ ਰਿਹਾ ਸੀ ‘ਜਦੋਂ ਪਰਮੇਸ਼ੁਰ ਖੁਸ਼ ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਉਂ ਕਰੇਗਾ।’ (ਰੋਮੀ. 2:16) ਇਹ ਕਹਿ ਕੇ ਉਹ “ਮਸੀਹ ਅਤੇ ਪਰਮੇਸ਼ੁਰ ਦੇ ਰਾਜ” ਜਾਂ ਇਸ ਰਾਜ ਦੇ ਜ਼ਰੀਏ ਪਰਮੇਸ਼ੁਰ ਜੋ ਕਰੇਗਾ, ਉਸ ਦੀ ਅਹਿਮੀਅਤ ਨਹੀਂ ਘਟਾ ਰਿਹਾ ਸੀ। (ਅਫ਼. 5:5) ਪਰ ਉਸ ਨੇ ਦਿਖਾਇਆ ਕਿ ਜੇ ਅਸੀਂ ਪਰਮੇਸ਼ੁਰ ਦੇ ਰਾਜ ਵਿਚ ਜ਼ਿੰਦਾ ਰਹਿਣਾ ਹੈ ਅਤੇ ਬਰਕਤਾਂ ਪਾਉਣੀਆਂ ਹਨ, ਤਾਂ ਜ਼ਰੂਰੀ ਹੈ ਕਿ ਅਸੀਂ ਕਬੂਲੀਏ ਕਿ (1) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸੀਂ ਪਾਪੀ ਹਾਂ ਅਤੇ (2) ਸਾਨੂੰ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਉੱਤੇ ਨਿਹਚਾ ਕਰਨ ਦੀ ਕਿਉਂ ਲੋੜ ਹੈ। ਜਦੋਂ ਕੋਈ ਜਣਾ ਪਰਮੇਸ਼ੁਰ ਦੇ ਮਕਸਦ ਦੀਆਂ ਇਨ੍ਹਾਂ ਦੋ ਗੱਲਾਂ ਨੂੰ ਸਮਝ ਕੇ ਕਬੂਲ ਕਰ ਲੈਂਦਾ ਹੈ ਅਤੇ ਜਾਣ ਲੈਂਦਾ ਹੈ ਕਿ ਉਸ ਨੂੰ ਭਵਿੱਖ ਲਈ ਕਿਹੜੀ ਉਮੀਦ ਮਿਲ ਸਕਦੀ ਹੈ, ਤਾਂ ਉਹ ਖ਼ੁਸ਼ੀ ਨਾਲ ਕਹਿ ਸਕਦਾ ਹੈ: “ਹਾਂ, ਇਹ ਵਾਕਈ ਖ਼ੁਸ਼ ਖ਼ਬਰੀ ਹੈ!”

20, 21. ਪ੍ਰਚਾਰ ਕਰਦਿਆਂ ਰੋਮੀਆਂ ਦੀ ਕਿਤਾਬ ਵਿਚ ਦੱਸੀ ਖ਼ੁਸ਼ ਖ਼ਬਰੀ ਨੂੰ ਮਨ ਵਿਚ ਕਿਉਂ ਰੱਖਣਾ ਚਾਹੀਦਾ ਹੈ ਅਤੇ ਇਸ ਦਾ ਨਤੀਜਾ ਕੀ ਨਿਕਲ ਸਕਦਾ ਹੈ?

20 ਪ੍ਰਚਾਰ ਕਰਦਿਆਂ ਸਾਨੂੰ ਖ਼ੁਸ਼ ਖ਼ਬਰੀ ਦੇ ਇਸ ਪਹਿਲੂ ਨੂੰ ਮਨ ਵਿਚ ਰੱਖਣਾ ਚਾਹੀਦਾ ਹੈ। ਯਿਸੂ ਬਾਰੇ ਗੱਲ ਕਰਦਿਆਂ ਪੌਲੁਸ ਨੇ ਯਸਾਯਾਹ ਦੇ ਸ਼ਬਦ ਲੈ ਕੇ ਕਿਹਾ ਕਿ “ਜੋ ਕੋਈ ਓਸ ਉੱਤੇ ਨਿਹਚਾ ਕਰੇ ਉਹ ਲੱਜਿਆਵਾਨ” ਜਾਂ ਨਿਰਾਸ਼ ਨਹੀਂ ਹੋਵੇਗਾ। (ਰੋਮੀ. 10:11; ਯਸਾ. 28:16) ਯਿਸੂ ਬਾਰੇ ਬੁਨਿਆਦੀ ਗੱਲਾਂ ਸ਼ਾਇਦ ਉਨ੍ਹਾਂ ਲੋਕਾਂ ਨੂੰ ਅਜੀਬ ਨਾ ਲੱਗਣ ਜਿਨ੍ਹਾਂ ਨੂੰ ਬਾਈਬਲ ਵਿਚ ਪਾਪ ਬਾਰੇ ਦਿੱਤੀ ਜਾਣਕਾਰੀ ਦਾ ਪਤਾ ਹੈ। ਪਰ ਦੂਜਿਆਂ ਨੂੰ ਇਹ ਗੱਲਾਂ ਬਿਲਕੁਲ ਨਵੀਆਂ ਲੱਗਣਗੀਆਂ ਕਿਉਂਕਿ ਉਨ੍ਹਾਂ ਦੇ ਸਭਿਆਚਾਰ ਵਿਚ ਲੋਕ ਇਨ੍ਹਾਂ ਗੱਲਾਂ ਤੋਂ ਅਣਜਾਣ ਹਨ ਜਾਂ ਇਨ੍ਹਾਂ ਵਿਚ ਵਿਸ਼ਵਾਸ ਨਹੀਂ ਕਰਦੇ। ਜਦੋਂ ਅਜਿਹੇ ਲੋਕ ਪਰਮੇਸ਼ੁਰ ਅਤੇ ਬਾਈਬਲ ਵਿਚ ਵਿਸ਼ਵਾਸ ਕਰਨ ਲੱਗ ਪੈਂਦੇ ਹਨ, ਤਾਂ ਸਾਨੂੰ ਯਿਸੂ ਦੀ ਭੂਮਿਕਾ ਬਾਰੇ ਉਨ੍ਹਾਂ ਨੂੰ ਸਮਝਾਉਣ ਦੀ ਲੋੜ ਪਵੇਗੀ। ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਰੋਮੀਆਂ ਦਾ ਪੰਜਵਾਂ ਅਧਿਆਇ ਕਿਵੇਂ ਖ਼ੁਸ਼ ਖ਼ਬਰੀ ਦੇ ਇਸ ਪਹਿਲੂ ਉੱਤੇ ਅੱਗੋਂ ਗੱਲਬਾਤ ਕਰਦਾ ਹੈ। ਅਸੀਂ ਦੇਖਾਂਗੇ ਕਿ ਇਹ ਜਾਣਕਾਰੀ ਪ੍ਰਚਾਰ ਵਿਚ ਸਾਡੇ ਕਿੰਨੇ ਕੰਮ ਆਵੇਗੀ।

21 ਰੋਮੀਆਂ ਦੀ ਕਿਤਾਬ ਵਿਚ ਵਾਰ-ਵਾਰ ਜ਼ਿਕਰ ਕੀਤੀ ਖ਼ੁਸ਼ ਖ਼ਬਰੀ ਨੂੰ ਸਮਝਣ ਵਿਚ ਨੇਕਦਿਲ ਲੋਕਾਂ ਦੀ ਮਦਦ ਕਰ ਕੇ ਕਿੰਨਾ ਚੰਗਾ ਲੱਗਦਾ ਹੈ! ਉਹ ਖ਼ੁਸ਼ ਖ਼ਬਰੀ “ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ [ਤਾਕਤ] ਹੈ।” (ਰੋਮੀ. 1:16) ਇਸ ਤੋਂ ਇਲਾਵਾ, ਅਸੀਂ ਦੂਜਿਆਂ ਨੂੰ ਪੌਲੁਸ ਦੁਆਰਾ ਰੋਮੀਆਂ 10:15 ਵਿਚ ਲਿਖੇ ਸ਼ਬਦਾਂ ਨਾਲ ਸਹਿਮਤ ਹੁੰਦੇ ਦੇਖਾਂਗੇ: “ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!”—ਯਸਾ. 52:7.

[ਫੁਟਨੋਟ]

^ ਪੈਰਾ 5 ਇਸੇ ਤਰ੍ਹਾਂ ਦੇ ਸ਼ਬਦ ਹੋਰਨਾਂ ਪੋਥੀਆਂ ਵਿਚ ਵੀ ਦੇਖਣ ਨੂੰ ਮਿਲਦੇ ਹਨ।—ਮਰ. 1:1; ਰਸੂ. 5:42; 1 ਕੁਰਿੰ. 9:12; ਫ਼ਿਲਿ. 1:27.

ਕੀ ਤੁਹਾਨੂੰ ਯਾਦ ਹੈ?

• ਰੋਮੀਆਂ ਦੀ ਕਿਤਾਬ ਵਿਚ ਖ਼ੁਸ਼ ਖ਼ਬਰੀ ਦੇ ਕਿਹੜੇ ਪਹਿਲੂ ਬਾਰੇ ਦੱਸਿਆ ਹੈ?

• ਕਿਹੜੀ ਹਕੀਕਤ ਨੂੰ ਸਮਝਣ ਵਿਚ ਦੂਜਿਆਂ ਦੀ ਮਦਦ ਕਰਨ ਦੀ ਲੋੜ ਹੈ?

• “ਮਸੀਹ ਦੀ ਖੁਸ਼ ਖਬਰੀ” ਕਾਰਨ ਸਾਨੂੰ ਤੇ ਦੂਜਿਆਂ ਨੂੰ ਕਿਵੇਂ ਬਰਕਤਾਂ ਮਿਲ ਸਕਦੀਆਂ ਹਨ?

[ਸਵਾਲ]

[ਸਫ਼ਾ 8 ਉੱਤੇ ਸੁਰਖੀ]

ਰੋਮੀਆਂ ਦੀ ਕਿਤਾਬ ਵਿਚ ਦੱਸੀ ਖ਼ੁਸ਼ ਖ਼ਬਰੀ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਅਹਿਮ ਭੂਮਿਕਾ ਬਾਰੇ ਸੀ

[ਸਫ਼ਾ 9 ਉੱਤੇ ਤਸਵੀਰ]

ਜਨਮ ਤੋਂ ਹੀ ਸਾਡੇ ਸਾਰਿਆਂ ਉੱਤੇ ਪਾਪ ਦਾ ਦਾਗ਼ ਲੱਗਾ ਹੋਇਆ ਹੈ!