ਕੀ ਤੁਸੀਂ ਜਾਣਦੇ ਹੋ?
ਕੀ ਤੁਸੀਂ ਜਾਣਦੇ ਹੋ?
ਯਿਸੂ ਨਾਲ ਸੂਲ਼ੀ ’ਤੇ ਟੰਗੇ ਹੋਏ ਅਪਰਾਧੀਆਂ ਦਾ ਕੀ ਜੁਰਮ ਸੀ?
▪ ਬਾਈਬਲ ਦੱਸਦੀ ਹੈ ਕਿ ਉਹ ਅਪਰਾਧੀ ‘ਲੁਟੇਰੇ’ ਸਨ। (ਮੱਤੀ 27:38; ਮਰ. 15:27) ਕਈ ਬਾਈਬਲ ਸ਼ਬਦ-ਕੋਸ਼ ਦੱਸਦੇ ਹਨ ਕਿ ਬਾਈਬਲ ਵਿਚ ਅਪਰਾਧੀਆਂ ਵਿਚ ਫ਼ਰਕ ਕਰਨ ਲਈ ਅਲੱਗ-ਅਲੱਗ ਸ਼ਬਦ ਵਰਤੇ ਗਏ ਹਨ। ਯੂਨਾਨੀ ਸ਼ਬਦ ਕਲੈਪਟੀਸ ਦਾ ਮਤਲਬ ਉਸ ਚੋਰ ਤੋਂ ਹੈ ਜੋ ਫੜੇ ਜਾਣ ਤੋਂ ਬਚਣ ਲਈ ਚੁੱਪ-ਚਪੀਤੇ ਆਪਣਾ ਕੰਮ ਕਰਦਾ ਹੈ। ਯਹੂਦਾ ਇਸਕਰਿਓਤੀ ਅਜਿਹਾ ਹੀ ਚੋਰ ਸੀ ਜੋ ਅੱਖ ਬਚਾ ਕੇ ਚੇਲਿਆਂ ਦੇ ਸਾਂਝੇ ਡੱਬੇ ਵਿੱਚੋਂ ਪੈਸੇ ਕੱਢ ਲੈਂਦਾ ਸੀ। (ਯੂਹੰ. 12:6) ਦੂਜੇ ਪਾਸੇ, ਲੀਸਟੀਸ ਉਸ ਇਨਸਾਨ ਨੂੰ ਦਰਸਾਉਂਦਾ ਹੈ ਜੋ ਮਾਰ-ਕੁੱਟ ਕਰ ਕੇ ਲੁੱਟਦਾ ਹੈ ਤੇ ਇਹ ਸ਼ਬਦ ਕ੍ਰਾਂਤੀਕਾਰੀਆਂ ਤੇ ਬਾਗ਼ੀਆਂ ਲਈ ਵੀ ਵਰਤਿਆ ਜਾਂਦਾ ਸੀ। ਯਿਸੂ ਨਾਲ ਸੂਲ਼ੀ ’ਤੇ ਟੰਗੇ ਗਏ ਲੁਟੇਰੇ ਲੀਸਟੀਸ ਸਨ। ਉਨ੍ਹਾਂ ਵਿੱਚੋਂ ਇਕ ਜਣੇ ਨੇ ਕਿਹਾ: “ਅਸੀਂ ਆਪਣੀ ਕੀਤੀ ਦਾ ਫਲ ਭੁਗਤ ਰਹੇ ਹਾਂ।” (ਲੂਕਾ 23:41) ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਸਿਰਫ਼ ਚੋਰੀ ਹੀ ਨਹੀਂ ਕੀਤੀ ਸੀ, ਸਗੋਂ ਇਸ ਤੋਂ ਵੀ ਵੱਡਾ ਅਪਰਾਧ ਕੀਤਾ ਸੀ।
ਇਨ੍ਹਾਂ ਦੋਹਾਂ ਲੁਟੇਰਿਆਂ ਦੀ ਤਰ੍ਹਾਂ ਬਰਬਾਸ ਵੀ ਲੀਸਟੀਸ ਸੀ। (ਯੂਹੰ. 18:40) ਬਰਬਾਸ ਮਾਮੂਲੀ ਚੋਰ ਨਹੀਂ ਸੀ, ਇਸ ਦਾ ਪਤਾ ਸਾਨੂੰ ਲੂਕਾ 23:19 ਤੋਂ ਲੱਗਦਾ ਹੈ ਜਿੱਥੇ ਲਿਖਿਆ ਹੈ: ਉਸ ਨੂੰ “ਸ਼ਹਿਰ ਵਿਚ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰਨ ਅਤੇ ਕਤਲ ਕਰਨ ਦੇ ਦੋਸ਼ ਵਿਚ ਜੇਲ੍ਹ ਵਿਚ ਸੁੱਟਿਆ ਗਿਆ ਸੀ।”
ਭਾਵੇਂ ਯਿਸੂ ਨਾਲ ਟੰਗੇ ਅਪਰਾਧੀਆਂ ਨੂੰ ਲੁੱਟ-ਖੋਹ ਕਰਨ ਕਰਕੇ ਸਜ਼ਾ ਮਿਲੀ ਹੋਵੇ, ਪਰ ਹੋ ਸਕਦਾ ਹੈ ਕਿ ਉਹ ਬਾਗ਼ੀ ਹੋਣ ਜਾਂ ਉਨ੍ਹਾਂ ਨੇ ਕਿਸੇ ਦਾ ਖ਼ੂਨ ਵੀ ਕੀਤਾ ਹੋਵੇ। ਜੋ ਵੀ ਸੀ, ਰੋਮੀ ਹਾਕਮ ਪੁੰਤੀਅਸ ਪਿਲਾਤੁਸ ਦੀ ਨਜ਼ਰ ਵਿਚ ਉਹ ਸੂਲ਼ੀ ’ਤੇ ਟੰਗੇ ਜਾਣ ਦੇ ਲਾਇਕ ਸਨ। (w12-E 02/01)