ਇਤਿਹਾਸ ਦੇ ਪੰਨਿਆਂ ਤੋਂ
‘ਇਸ ਤੋਂ ਵਧੀਆ ਸੰਦੇਸ਼ ਪਹਿਲਾਂ ਕਦੀ ਨਹੀਂ ਸੁਣਿਆ’
ਇਕ ਵਾਰ ਕੈਨੇਡਾ ਵਿਚ ਸਸਕੈਚਵਾਨ ਰਾਜ ਦੇ ਸਸਕਟੂਨ ਸ਼ਹਿਰ ਦੇ ਅਸਲਾਖ਼ਾਨੇ ਵਿਚ ਜੋਰਜ ਨੇਸ਼ ਨੇ 60 ਫੁੱਟ ਲੰਬੀਆਂ ਲੱਕੜਾਂ ਦੇਖ ਕੇ ਪੁੱਛਿਆ: “ਇਹ ਸਭ ਕਿਸ ਲਈ ਹਨ?” ਉਸ ਨੂੰ ਦੱਸਿਆ ਗਿਆ ਕਿ ਇਹ ਲੱਕੜਾਂ ਪਹਿਲੇ ਵਿਸ਼ਵ ਯੁੱਧ ਦੌਰਾਨ ਸਿਗਨਲ ਟਾਵਰ ਬਣਾਉਣ ਲਈ ਵਰਤੀਆਂ ਗਈਆਂ ਸਨ। ਭਰਾ ਨੇਸ਼ ਨੇ ਬਾਅਦ ਵਿਚ ਕਿਹਾ: “ਮੇਰੇ ਮਨ ਵਿਚ ਖ਼ਿਆਲ ਆਇਆ ਕਿ ਅਸੀਂ ਇਹ ਲੱਕੜਾਂ ਰੇਡੀਓ ਟਾਵਰ ਬਣਾਉਣ ਲਈ ਵਰਤ ਸਕਦੇ ਸੀ। ਇਸ ਤਰ੍ਹਾਂ ਉਸ ਵੇਲੇ ਅਸੀਂ ਪ੍ਰਚਾਰ ਦਾ ਕੰਮ ਕਰਨ ਲਈ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕਰਨ ਬਾਰੇ ਸੋਚਿਆ।” ਇਕ ਸਾਲ ਬਾਅਦ ਹੀ, 1924 ਵਿਚ, ਸੀ. ਏਚ. ਯੂ. ਸੀ. (CHUC) ਰੇਡੀਓ ਸਟੇਸ਼ਨ ਨੇ ਪ੍ਰਸਾਰਣ ਸ਼ੁਰੂ ਕਰ ਦਿੱਤਾ। ਇਹ ਸਟੇਸ਼ਨ ਕੈਨੇਡਾ ਵਿਚ ਧਾਰਮਿਕ ਪ੍ਰੋਗ੍ਰਾਮ ਪੇਸ਼ ਕਰਨ ਵਾਲੇ ਪਹਿਲੇ ਕੁਝ ਰੇਡੀਓ ਸਟੇਸ਼ਨਾਂ ਵਿੱਚੋਂ ਇਕ ਸੀ।
ਕੈਨੇਡਾ ਲਗਭਗ ਯੂਰਪ ਜਿੰਨਾ ਵੱਡਾ ਹੈ। ਇਸ ਲਈ ਇੰਨੇ ਵੱਡੇ ਇਲਾਕੇ ਵਿਚ ਪ੍ਰਚਾਰ ਕਰਨ ਲਈ ਰੇਡੀਓ ਸਟੇਸ਼ਨ ਹੋਣਾ ਵਧੀਆ ਗੱਲ ਸੀ। ਫਲੋਰੈਂਸ ਜੌਨਸਨ ਨਾਂ ਦੀ ਭੈਣ ਸਸਕਟੂਨ ਦੇ ਰੇਡੀਓ ਸਟੇਸ਼ਨ ਵਿਚ ਕੰਮ ਕਰਦੀ ਸੀ। ਉਸ ਨੇ ਕਿਹਾ: “ਸਾਡੇ ਰੇਡੀਓ ਪ੍ਰੋਗ੍ਰਾਮਾਂ ਕਰਕੇ ਬਹੁਤ ਸਾਰੇ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਨ ਦਾ ਮੌਕਾ ਮਿਲਿਆ ਜਿਨ੍ਹਾਂ ਨੂੰ ਅਸੀਂ ਆਪ ਜਾ ਕੇ ਨਹੀਂ ਮਿਲ ਸਕੇ। ਉਸ ਵੇਲੇ ਰੇਡੀਓ ਨਵੇਂ-ਨਵੇਂ ਚੱਲੇ ਸਨ ਜਿਸ ਕਰਕੇ ਲੋਕ ਰੇਡੀਓ ’ਤੇ ਆਉਂਦਾ ਹਰ ਪ੍ਰੋਗ੍ਰਾਮ ਸੁਣਨ ਲਈ ਉਤਾਵਲੇ ਰਹਿੰਦੇ ਸਨ।” 1926 ਤਕ ਬਾਈਬਲ ਸਟੂਡੈਂਟਸ (ਹੁਣ ਯਹੋਵਾਹ ਦੇ ਗਵਾਹ) ਕੈਨੇਡਾ ਦੇ ਚਾਰ ਸ਼ਹਿਰਾਂ ਵਿਚ ਆਪਣਾ ਰੇਡੀਓ ਸਟੇਸ਼ਨ ਚਲਾ ਰਹੇ ਸਨ। *
ਜੇ ਤੁਸੀਂ ਉਸ ਵੇਲੇ ਹੁੰਦੇ, ਤਾਂ ਤੁਹਾਨੂੰ ਕਿਹੜੇ ਪ੍ਰੋਗ੍ਰਾਮ ਸੁਣਨ ਨੂੰ ਮਿਲਦੇ? ਸਥਾਨਕ ਮੰਡਲੀ ਦੇ ਭੈਣ-ਭਰਾ ਸੰਗੀਤ ਦੇ ਨਾਲ ਗੀਤ ਗਾਉਂਦੇ ਸਨ। ਭਰਾ ਬਾਈਬਲ ਤੋਂ ਭਾਸ਼ਣ ਦਿੰਦੇ ਸਨ ਅਤੇ ਕਈ ਵਿਸ਼ਿਆਂ ’ਤੇ ਬਾਈਬਲ ਵਿੱਚੋਂ ਗਰੁੱਪ ਚਰਚਾ ਕੀਤੀ ਜਾਂਦੀ ਸੀ। ਏਮੀ ਜੋਨਜ਼ ਰੇਡੀਓ ’ਤੇ ਉਸ ਗਰੁੱਪ ਚਰਚਾ ਵਿਚ ਹਿੱਸਾ ਲੈਂਦੀ ਹੁੰਦੀ ਸੀ। ਉਹ ਨੇ ਦੱਸਿਆ: “ਕਈ ਵਾਰ ਘਰ-ਘਰ ਪ੍ਰਚਾਰ ਕਰਦੀ ਹੋਈ ਜਦ ਮੈਂ ਲੋਕਾਂ ਨੂੰ ਆਪਣਾ ਨਾਂ ਦੱਸਦੀ ਸੀ, ਤਾਂ ਕੋਈ ਕਹਿੰਦਾ ਸੀ, ‘ਹਾਂਜੀ, ਮੈਂ ਤੇਰੀ ਆਵਾਜ਼ ਰੇਡੀਓ ’ਤੇ ਸੁਣੀ ਸੀ।’”
ਨੋਵਾ ਸਕੌਸ਼ਾ ਦੇ ਹੈਲੀਫੈਕਸ ਸ਼ਹਿਰ ਵਿਚ ਬਾਈਬਲ ਸਟੂਡੈਂਟਸ ਨੇ ਆਪਣਾ ਪ੍ਰੋਗ੍ਰਾਮ ਪੇਸ਼ ਕਰਨ ਲਈ ਇਕ ਨਵਾਂ ਤਰੀਕਾ ਵਰਤਿਆ। ਪ੍ਰੋਗ੍ਰਾਮ ਦੌਰਾਨ ਲੋਕ ਫ਼ੋਨ ਕਰ ਕੇ ਬਾਈਬਲ ਬਾਰੇ ਸਵਾਲ ਪੁੱਛ ਸਕਦੇ ਸਨ। ਇਕ ਭਰਾ ਨੇ ਲਿਖਿਆ: “ਲੋਕਾਂ ਨੂੰ ਇਹ
ਤਰੀਕਾ ਬਹੁਤ ਪਸੰਦ ਆਇਆ। ਇੰਨੇ ਲੋਕੀਂ ਫ਼ੋਨ ਕਰਦੇ ਸਨ ਕਿ ਅਸੀਂ ਸਾਰਿਆਂ ਦੇ ਫ਼ੋਨ ਨਹੀਂ ਸੁਣ ਸਕਦੇ ਸੀ।”ਪੌਲੁਸ ਰਸੂਲ ਵਾਂਗ ਬਾਈਬਲ ਸਟੂਡੈਂਟਸ ਦੇ ਪ੍ਰੋਗ੍ਰਾਮਾਂ ਨੂੰ ਸੁਣ ਕੇ ਕਈ ਲੋਕ ਖ਼ੁਸ਼ ਹੁੰਦੇ ਸਨ ਅਤੇ ਕਈ ਨਹੀਂ। (ਰਸੂ. 17:1-5) ਕੁਝ ਲੋਕਾਂ ਨੇ ਉਨ੍ਹਾਂ ਦੇ ਸੰਦੇਸ਼ ਨੂੰ ਪਸੰਦ ਕੀਤਾ। ਮਿਸਾਲ ਲਈ, ਜਦੋਂ ਹੈਕਟਰ ਮਾਰਸ਼ਲ ਨੇ ਰੇਡੀਓ ਉੱਤੇ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਨਾਂ ਦੀਆਂ ਕਿਤਾਬਾਂ ਬਾਰੇ ਸੁਣਿਆ, ਤਾਂ ਉਸ ਨੇ ਇਹ ਛੇ ਕਿਤਾਬਾਂ ਦਾ ਆਰਡਰ ਦੇ ਦਿੱਤਾ। ਉਸ ਨੇ ਬਾਅਦ ਵਿਚ ਲਿਖਿਆ: “ਮੈਂ ਸੋਚਿਆ ਕਿ ਇਹ ਕਿਤਾਬਾਂ ਐਤਵਾਰ ਨੂੰ ਚਰਚ ਵਿਚ ਨਿਆਣਿਆਂ ਨੂੰ ਸਿੱਖਿਆ ਦੇਣ ਦੇ ਕੰਮ ਆਉਣਗੀਆਂ।” ਪਹਿਲੀ ਕਿਤਾਬ ਪੜ੍ਹਨ ਤੋਂ ਬਾਅਦ ਹੈਕਟਰ ਨੇ ਆਪਣਾ ਚਰਚ ਛੱਡਣ ਦਾ ਫ਼ੈਸਲਾ ਕਰ ਲਿਆ। ਉਹ ਬਹੁਤ ਜੋਸ਼ੀਲਾ ਪ੍ਰਚਾਰਕ ਬਣਿਆ ਅਤੇ 1998 ਵਿਚ ਆਪਣੀ ਮੌਤ ਤਕ ਉਸ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ। ਪੂਰਬੀ ਨੋਵਾ ਸਕੌਸ਼ਾ ਵਿਚ ਰੇਡੀਓ ਉੱਤੇ ਪਬਲਿਕ ਭਾਸ਼ਣ ਸੰਸਾਰ ਦੀ ਉਮੀਦ ਪਰਮੇਸ਼ੁਰ ਦਾ ਰਾਜ ਹੈ ਪ੍ਰਸਾਰਿਤ ਹੋਣ ਤੋਂ ਬਾਅਦ ਅਗਲੇ ਦਿਨ ਕਰਨਲ ਜੇ. ਏ. ਮੈਕਡੋਨਲਡ ਨੇ ਉੱਥੇ ਦੇ ਇਕ ਭਰਾ ਨੂੰ ਕਿਹਾ: “ਕੇਪ ਬ੍ਰਿਟਨ ਟਾਪੂ ਦੇ ਲੋਕਾਂ ਨੇ ਇਸ ਤੋਂ ਵਧੀਆ ਸੰਦੇਸ਼ ਪਹਿਲਾਂ ਕਦੀ ਨਹੀਂ ਸੁਣਿਆ ਜੋ ਕੱਲ੍ਹ ਪ੍ਰਸਾਰਿਤ ਕੀਤਾ ਗਿਆ ਸੀ।”
ਦੂਸਰੇ ਪਾਸੇ, ਚਰਚ ਦੇ ਪਾਦਰੀ ਖ਼ੁਸ਼ ਨਹੀਂ ਸਨ। ਹੈਲੀਫੈਕਸ ਵਿਚ ਕੁਝ ਕੈਥੋਲਿਕਾਂ ਨੇ ਉਨ੍ਹਾਂ ਰੇਡੀਓ ਸਟੇਸ਼ਨਾਂ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਦਿੱਤੀ ਜਿਹੜੇ ਬਾਈਬਲ ਸਟੂਡੈਂਟਸ ਦੇ ਪ੍ਰੋਗ੍ਰਾਮ ਪੇਸ਼ ਕਰਦੇ ਸਨ। ਧਾਰਮਿਕ ਆਗੂਆਂ ਦੇ ਜ਼ੋਰ ਪਾਉਣ ’ਤੇ 1928 ਵਿਚ ਸਰਕਾਰ ਨੇ ਐਲਾਨ ਕੀਤਾ ਕਿ ਉਹ ਬਾਈਬਲ ਸਟੂਡੈਂਟਸ ਦੇ ਰੇਡੀਓ ਸਟੇਸ਼ਨਾਂ ਦੇ ਲਸੰਸ ਰਿਨਿਊ ਨਹੀਂ ਕਰੇਗੀ। ਇਸ ਅਨਿਆਂ ਦੇ ਵਿਰੋਧ ਵਿਚ ਭੈਣਾਂ-ਭਰਾਵਾਂ ਨੇ ਇਕ ਪਰਚਾ ਛਾਪ ਕੇ ਵੰਡਿਆ। ਫਿਰ ਵੀ ਸਰਕਾਰੀ ਅਧਿਕਾਰੀਆਂ ਨੇ ਬਾਈਬਲ ਸਟੂਡੈਂਟਸ ਦੇ ਰੇਡੀਓ ਸਟੇਸ਼ਨਾਂ ਦੇ ਲਸੰਸ ਰਿਨਿਊ ਕਰਨ ਤੋਂ ਇਨਕਾਰ ਕਰ ਦਿੱਤਾ।
ਕੀ ਇਸ ਕਰਕੇ ਕੈਨੇਡਾ ਵਿਚ ਯਹੋਵਾਹ ਦੇ ਲੋਕਾਂ ਦੇ ਛੋਟੇ ਜਿਹੇ ਗਰੁੱਪ ਦਾ ਜੋਸ਼ ਠੰਢਾ ਪੈ ਗਿਆ? ਇਜ਼ਾਬੈਲ ਵੇਨਰਾਈਟ ਨੇ ਕਿਹਾ: “ਪਹਿਲਾਂ ਤਾਂ ਸਾਨੂੰ ਲੱਗਾ ਕਿ ਦੁਸ਼ਮਣ ਦੀ ਬਹੁਤ ਵੱਡੀ ਜਿੱਤ ਹੋਈ। ਪਰ ਮੈਂ ਜਾਣਦੀ ਸੀ ਕਿ ਜੇ ਯਹੋਵਾਹ ਚਾਹੁੰਦਾ, ਤਾਂ ਆਪਣਾ ਮਕਸਦ ਪੂਰਾ ਕਰਨ ਲਈ ਉਹ ਇਹ ਸਭ ਕੁਝ ਹੋਣ ਤੋਂ ਰੋਕ ਸਕਦਾ ਸੀ। ਸੋ ਅਸੀਂ ਸਮਝ ਗਏ ਸੀ ਕਿ ਸਾਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਕੋਈ ਹੋਰ ਤੇ ਇਸ ਤੋਂ ਵੀ ਵਧੀਆ ਤਰੀਕਾ ਇਸਤੇਮਾਲ ਕਰਨ ਦੀ ਲੋੜ ਸੀ।” ਰੇਡੀਓ ਰਾਹੀਂ ਪ੍ਰਚਾਰ ਦਾ ਜ਼ਿਆਦਾਤਰ ਕੰਮ ਕਰਨ ਦੀ ਬਜਾਇ ਕੈਨੇਡਾ ਵਿਚ ਬਾਈਬਲ ਸਟੂਡੈਂਟਸ ਨੇ ਲੋਕਾਂ ਨੂੰ ਘਰ-ਘਰ ਜਾ ਕੇ ਮਿਲਣ ਵੱਲ ਜ਼ਿਆਦਾ ਧਿਆਨ ਦੇਣਾ ਸ਼ੁਰੂ ਕੀਤਾ। ਪਰ ਸ਼ੁਰੂ-ਸ਼ੁਰੂ ਵਿਚ ਰਾਜ ਦਾ ‘ਵਧੀਆ ਸੰਦੇਸ਼’ ਸੁਣਾਉਣ ਲਈ ਰੇਡੀਓ ਬੜਾ ਕੰਮ ਆਇਆ।—ਕੈਨੇਡਾ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।
[ਫੁਟਨੋਟ]
^ ਪੈਰਾ 4 ਕੈਨੇਡਾ ਵਿਚ ਭਰਾ ਬਾਈਬਲ ਦਾ ਪ੍ਰਚਾਰ ਕਰਨ ਲਈ ਹੋਰਨਾਂ ਰੇਡੀਓ ਸਟੇਸ਼ਨਾਂ ਨੂੰ ਵੀ ਪੈਸੇ ਦੇ ਕੇ ਆਪਣੇ ਪ੍ਰੋਗ੍ਰਾਮ ਪੇਸ਼ ਕਰਦੇ ਸਨ।
[ਸਫ਼ਾ 32 ਉੱਤੇ ਤਸਵੀਰ]
“ਇੰਨੇ ਲੋਕੀਂ ਫ਼ੋਨ ਕਰਦੇ ਸਨ ਕਿ ਅਸੀਂ ਸਾਰਿਆਂ ਦੇ ਫ਼ੋਨ ਨਹੀਂ ਸੁਣ ਸਕਦੇ ਸੀ”
[ਸਫ਼ਾ 32 ਉੱਤੇ ਤਸਵੀਰਾਂ]
(1) ਐਡਮੰਟਨ, ਅਲਬਰਟਾ ਵਿਚ ਰੇਡੀਓ ਸਟੇਸ਼ਨ (2) ਟੋਰੌਂਟੋ, ਆਂਟੇਰੀਓ ਵਿਚ ਇਕ ਭਰਾ ਟ੍ਰਾਂਸਮੀਟਰ ਦੀਆਂ ਪਾਵਰ ਟਿਊਬਾਂ ’ਤੇ ਕੰਮ ਕਰਦਾ ਹੋਇਆ (3) ਸਸਕਟੂਨ, ਸਸਕੈਚਵਾਨ ਵਿਚ CHUC ਰੇਡੀਓ ਸਟੇਸ਼ਨ ਦਾ ਸਟੂਡੀਓ