ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
ਕੀ ਪਰਮੇਸ਼ੁਰ ਇਨਸਾਨਾਂ ਦੇ ਹੱਥੋਂ ਧਰਤੀ ਨੂੰ ਤਬਾਹ ਹੋਣ ਦੇਵੇਗਾ?
ਪਰਮੇਸ਼ੁਰ ਇਨਸਾਨਾਂ ਦੇ ਹੱਥੋਂ ਧਰਤੀ ਨੂੰ ਤਬਾਹ ਨਹੀਂ ਹੋਣ ਦੇਵੇਗਾ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ ਨੇ ਧਰਤੀ ਨੂੰ ਐਵੇਂ ਨਹੀਂ ਬਣਾਇਆ, ਸਗੋਂ ਉਸ ਨੂੰ “ਵੱਸਣ ਲਈ” ਬਣਾਇਆ ਹੈ। (ਯਸਾ. 45:18) ਇਨਸਾਨਾਂ ਦੇ ਹੱਥੋਂ ਧਰਤੀ ਨੂੰ ਪੂਰੀ ਤਰ੍ਹਾਂ ਨਾਸ਼ ਹੋਣ ਦੇਣ ਦੀ ਬਜਾਇ ਉਹ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ ਕਰ ਦੇਵੇਗਾ।’ (ਪ੍ਰਕਾ. 11:18)—7/1, ਸਫ਼ਾ 4.
ਪਰਮੇਸ਼ੁਰ ਦੇ ਹੁਕਮ ਸਾਡੀ ਰੱਖਿਆ ਕਿਵੇਂ ਕਰਦੇ ਹਨ?
ਪਰਮੇਸ਼ੁਰ ਹੁਕਮ ਦਿੰਦਾ ਹੈ ਕਿ ਸਾਨੂੰ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਜਿਨਸੀ ਸੰਬੰਧ ਨਹੀਂ ਕਾਇਮ ਕਰਨੇ ਚਾਹੀਦੇ। (ਇਬ. 13:4) ਜਿਹੜੇ ਵਿਆਹੁਤਾ ਜੋੜੇ ਇਸ ਹੁਕਮ ਦੀ ਪਾਲਣਾ ਕਰਦੇ ਹਨ, ਉਹ ਜ਼ਿਆਦਾ ਸੁਰੱਖਿਅਤ ਰਹਿੰਦੇ ਹਨ ਅਤੇ ਬੱਚਿਆਂ ਦੀ ਪਰਵਰਿਸ਼ ਲਈ ਵਧੀਆ ਮਾਹੌਲ ਪੈਦਾ ਕਰਦੇ ਹਨ। ਦੂਜੇ ਪਾਸੇ, ਕਿਸੇ ਗ਼ੈਰ ਨਾਲ ਜਿਨਸੀ ਸੰਬੰਧ ਰੱਖਣ ਨਾਲ ਅਕਸਰ ਬੀਮਾਰੀਆਂ ਲੱਗਦੀਆਂ ਹਨ, ਤਲਾਕ ਹੁੰਦੇ ਹਨ, ਲੜਾਈ-ਝਗੜੇ ਹੁੰਦੇ ਹਨ, ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਅਤੇ ਇਕੱਲੀ ਮਾਂ ਜਾਂ ਬਾਪ ਨੂੰ ਬੱਚਿਆਂ ਦੀ ਦੇਖ-ਭਾਲ ਕਰਨੀ ਪੈਂਦੀ ਹੈ। (ਕਹਾ. 5:1-9)—7/1, ਸਫ਼ਾ 16.
ਅਸੀਂ ਆਪਣੀ ਜ਼ਬਾਨ ’ਤੇ ਕਿਵੇਂ ਕਾਬੂ ਰੱਖ ਸਕਦੇ ਹਾਂ?
ਸਾਨੂੰ ਆਪਣੇ ਦਿਲ ਦੀ ਜਾਂਚ ਕਰਨੀ ਚਾਹੀਦੀ ਹੈ। ਸ਼ੱਕ ਕਰਨ ਦੀ ਬਜਾਇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਭਰਾ ਬਾਰੇ ਬੁਰਾ ਕਿਉਂ ਸੋਚਦੇ ਹਾਂ। ਸ਼ਾਇਦ ਅਸੀਂ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੀਏ। ਇਸ ਤੋਂ ਇਲਾਵਾ, ਨੁਕਤਾਚੀਨੀ ਕਰਨ ਕਰਕੇ ਗੱਲ ਜ਼ਿਆਦਾ ਵਿਗੜ ਸਕਦੀ ਹੈ।—8/15, ਸਫ਼ਾ 21.
ਅੰਤ ਆਉਣ ਤੋਂ ਪਹਿਲਾਂ ਕੀ-ਕੀ ਹੋਵੇਗਾ?
ਦੁਨੀਆਂ ਦੇ ਆਗੂ ਐਲਾਨ ਕਰਨਗੇ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” ਦੁਨੀਆਂ ਦੇ ਦੇਸ਼ “ਮਹਾਂ ਬਾਬਲ” ’ਤੇ ਹਮਲਾ ਕਰ ਕੇ ਉਸ ਨੂੰ ਨਾਸ਼ ਕਰ ਦੇਣਗੇ। ਯਹੋਵਾਹ ਦੇ ਲੋਕਾਂ ’ਤੇ ਹਮਲਾ ਕੀਤਾ ਜਾਵੇਗਾ। ਆਰਮਾਗੇਡਨ ਦੀ ਲੜਾਈ ਹੋਵੇਗੀ ਤੇ ਇਸ ਤੋਂ ਬਾਅਦ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ।—9/15, ਸਫ਼ਾ 4.
ਦੁਨੀਆਂ ਦੇ ਅੰਤ ਦਾ ਦਿਨ ਜਾਂ ਵੇਲਾ ਨਾ ਜਾਣਨ ਦੇ ਸਾਨੂੰ ਕੀ ਫ਼ਾਇਦੇ ਹਨ?
ਦੁਨੀਆਂ ਦੇ ਅੰਤ ਦਾ ਦਿਨ ਜਾਂ ਵੇਲਾ ਨਾ ਜਾਣਨ ਕਰਕੇ ਸਾਨੂੰ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ ਜਾਂ ਨਹੀਂ। ਸਾਨੂੰ ਯਹੋਵਾਹ ਦਾ ਦਿਲ ਖ਼ੁਸ਼ ਕਰਨ ਦਾ ਮੌਕਾ ਮਿਲਦਾ ਹੈ। ਆਪਣੀ ਮਰਜ਼ੀ ਅਨੁਸਾਰ ਜੀਉਣ ਦੀ ਬਜਾਇ ਸਾਨੂੰ ਪਰਮੇਸ਼ੁਰ ਦੀ ਸੇਵਾ ਤੇ ਲੋਕਾਂ ਦੀ ਮਦਦ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ। ਅਸੀਂ ਯਹੋਵਾਹ ਉੱਤੇ ਜ਼ਿਆਦਾ ਭਰੋਸਾ ਰੱਖਣਾ ਸਿੱਖਦੇ ਹਾਂ ਅਤੇ ਉਸ ਦੇ ਬਚਨ ਨੂੰ ਲਾਗੂ ਕਰਨ ਵਿਚ ਢਿੱਲ ਨਹੀਂ ਕਰਦੇ। ਨਾਲੇ ਸਾਨੂੰ ਅਜ਼ਮਾਇਸ਼ਾਂ ਦੌਰਾਨ ਆਪਣੀ ਨਿਹਚਾ ਹੋਰ ਪੱਕੀ ਕਰਨ ਦਾ ਮੌਕਾ ਮਿਲਦਾ ਹੈ।—9/15, ਸਫ਼ੇ 24-25.
ਅਸੀਂ ਦੁਸ਼ਟ ਦੂਤਾਂ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ?
ਜਿਹੜੇ ਯਹੋਵਾਹ ਦੀ ਬਰਕਤ ਪਾਉਣੀ ਚਾਹੁੰਦੇ ਹਨ, ਬਾਈਬਲ ਉਨ੍ਹਾਂ ਸਾਰਿਆਂ ਨੂੰ ਤਾਕੀਦ ਕਰਦੀ ਹੈ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧੀਨ ਕਰੋ; ਪਰ ਸ਼ੈਤਾਨ ਦਾ ਵਿਰੋਧ ਕਰੋ, ਤਾਂ ਉਹ ਤੁਹਾਡੇ ਤੋਂ ਭੱਜ ਜਾਵੇਗਾ। ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂ. 4:7, 8) ਜੇ ਤੁਸੀਂ ਦੁਸ਼ਟ ਦੂਤਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਯਹੋਵਾਹ ਪਰਮੇਸ਼ੁਰ ਇਸ ਤਰ੍ਹਾਂ ਕਰਨ ਲਈ ਤੁਹਾਡੀ ਮਦਦ ਕਰ ਸਕਦਾ ਹੈ ਅਤੇ ਕਰੇਗਾ ਵੀ।—10/1, ਸਫ਼ਾ 28.
ਸੱਚੀ ਖ਼ੁਸ਼ੀ ਦਾ ਸੋਮਾ ਕੀ ਹੈ?
ਸੱਚੀ ਖ਼ੁਸ਼ੀ ਘਰ ਵਿਚ ਮਨ-ਚਾਹੀਆਂ ਚੀਜ਼ਾਂ ਦਾ ਢੇਰ ਲਾਉਣ ਜਾਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਨਾਲ ਨਹੀਂ ਮਿਲਦੀ। ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” ਜੀ ਹਾਂ, ਖ਼ੁਸ਼ੀ ਅਤੇ ਸੰਤੁਸ਼ਟੀ ਉਦੋਂ ਮਿਲਦੀ ਹੈ ਜਦੋਂ ਅਸੀਂ ਦੂਜਿਆਂ ਨੂੰ ਆਪਣੇ ਸ਼ਬਦਾਂ ਨਾਲ ਹੌਸਲਾ ਦਿੰਦੇ ਹਾਂ ਤੇ ਆਪਣਾ ਸਭ ਕੁਝ ਉਨ੍ਹਾਂ ਦੀ ਮਦਦ ਕਰਨ ਵਿਚ ਲਾਉਂਦੇ ਹਾਂ। (ਰਸੂ. 20:35)—10/1, ਸਫ਼ਾ 32.
ਪ੍ਰਕਾਸ਼ ਦੀ ਕਿਤਾਬ 1:16, 20 ਵਿਚ ਦੱਸਿਆ ਗਿਆ ਹੈ ਕਿ ਯਿਸੂ ਦੇ ਸੱਜੇ ਹੱਥ ਵਿਚ “ਸੱਤ ਤਾਰੇ” ਹਨ। ਇਹ ਤਾਰੇ ਕਿਨ੍ਹਾਂ ਨੂੰ ਦਰਸਾਉਂਦੇ ਹਨ?
ਇਹ “ਤਾਰੇ” ਚੁਣੇ ਹੋਏ ਬਜ਼ੁਰਗਾਂ ਨੂੰ ਦਰਸਾਉਂਦੇ ਹਨ। ਇਹ ਗੱਲ ਹੋਰ ਭੇਡਾਂ ਦੇ ਸਾਰੇ ਬਜ਼ੁਰਗਾਂ ਉੱਤੇ ਵੀ ਲਾਗੂ ਹੁੰਦੀ ਹੈ।—10/15, ਸਫ਼ਾ 14.
ਯਸਾਯਾਹ 50:4, 5 ਅਨੁਸਾਰ ਯਿਸੂ ਨੇ ਨਿਮਰਤਾ ਕਿਵੇਂ ਦਿਖਾਈ ਸੀ?
ਇਨ੍ਹਾਂ ਆਇਤਾਂ ਵਿਚ ਕਿਹਾ ਗਿਆ ਹੈ ਕਿ ਜਿਸ ਕੋਲ “ਚੇਲਿਆਂ ਦੀ ਜ਼ਬਾਨ” ਹੈ ਉਹ ਸਿੱਖਣ ਤੋਂ ‘ਪਿੱਛੇ ਨਾ ਹਟੇਗਾ।’ ਯਿਸੂ ਨੇ ਨਿਮਰ ਬਣ ਕੇ ਉਨ੍ਹਾਂ ਸਾਰੀਆਂ ਗੱਲਾਂ ਵੱਲ ਧਿਆਨ ਦਿੱਤਾ ਜੋ ਪਰਮੇਸ਼ੁਰ ਉਸ ਨੂੰ ਸਿਖਾਉਂਦਾ ਸੀ। ਉਸ ਦੇ ਦਿਲ ਵਿਚ ਇੱਛਾ ਸੀ ਕਿ ਉਹ ਸੱਚੇ ਪਰਮੇਸ਼ੁਰ ਤੋਂ ਸਿੱਖੇ। ਯਿਸੂ ਨੇ ਧਿਆਨ ਨਾਲ ਦੇਖਿਆ ਹੋਣਾ ਕਿ ਯਹੋਵਾਹ ਨੇ ਪਾਪੀ ਮਨੁੱਖਜਾਤੀ ’ਤੇ ਕਿੰਨੀ ਦਇਆ ਕੀਤੀ।—11/15, ਸਫ਼ਾ 11.