ਰੋਮੀ ਸਮਰਾਟ ਦੇ ਅੰਗ-ਰੱਖਿਅਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਗਈ
ਇਹ ਗੱਲ ਸਾਲ 59 ਈਸਵੀ ਦੀ ਹੈ। ਫ਼ੌਜੀ ਅਫ਼ਸਰ ਜੂਲੀਅਸ ਅਤੇ ਕੁਝ ਥੱਕੇ ਹੋਏ ਫ਼ੌਜੀ ਕੁਝ ਕੈਦੀਆਂ ਨੂੰ ਰੋਮ ਲੈ ਕੇ ਆਏ। ਉਹ ਰੋਮ ਦੇ ਪੋਰਟਾ ਕਾਪੇਨਾ ਗੇਟ ਰਾਹੀਂ ਸ਼ਹਿਰ ਅੰਦਰ ਵੜੇ। ਉਨ੍ਹਾਂ ਨੂੰ ਪੈਲਾਟਾਈਨ ਹਿਲ ’ਤੇ ਸਮਰਾਟ ਨੀਰੋ ਦਾ ਮਹਿਲ ਦਿਖਾਈ ਦਿੱਤਾ ਜਿੱਥੇ ਸਮਰਾਟ ਦੀ ਰਾਖੀ ਕਰਨ ਲਈ ਖ਼ਾਸ ਅੰਗ-ਰੱਖਿਅਕ ਹੁੰਦੇ ਸਨ। * ਫਿਰ ਕੈਦੀ ਰੋਮੀ ਬਾਜ਼ਾਰ ਕੋਲੋਂ ਲੰਘ ਕੇ ਵਿਮਿਨਲ ਹਿਲ ’ਤੇ ਗਏ। ਰਾਹ ਵਿਚ ਜਾਂਦੇ-ਜਾਂਦੇ ਉਨ੍ਹਾਂ ਨੇ ਰੋਮੀ ਦੇਵਤਿਆਂ ਦੀਆਂ ਵੇਦੀਆਂ ਨਾਲ ਭਰਿਆ ਬਾਗ਼ ਦੇਖਿਆ ਤੇ ਫਿਰ ਉਹ ਪਰੇਡ ਗਰਾਊਂਡ ਕੋਲੋਂ ਲੰਘੇ ਜਿੱਥੇ ਰੋਮੀ ਫ਼ੌਜੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ।
ਇਨ੍ਹਾਂ ਕੈਦੀਆਂ ਵਿਚ ਪੌਲੁਸ ਰਸੂਲ ਵੀ ਸੀ। ਕਈ ਮਹੀਨੇ ਪਹਿਲਾਂ ਜਦੋਂ ਇਹ ਸਾਰੇ ਰੋਮ ਨੂੰ ਆ ਰਹੇ ਸਨ, ਤਾਂ ਉਨ੍ਹਾਂ ਦਾ ਸਮੁੰਦਰੀ ਜਹਾਜ਼ ਤੂਫ਼ਾਨ ਵਿਚ ਫਸ ਗਿਆ ਸੀ। ਉਸ ਵੇਲੇ ਇਕ ਦੂਤ ਨੇ ਪੌਲੁਸ ਨੂੰ ਕਿਹਾ ਸੀ: “ਤੂੰ ਜ਼ਰੂਰ ਸਮਰਾਟ ਦੇ ਸਾਮ੍ਹਣੇ ਪੇਸ਼ ਹੋਵੇਂਗਾ।” (ਰਸੂ. 27:24) ਸ਼ਹਿਰ ਵਿਚ ਆ ਕੇ ਪੌਲੁਸ ਨੇ ਸ਼ਾਇਦ ਸੋਚਿਆ ਹੋਣਾ ਕਿ ਦੂਤ ਦੀ ਗੱਲ ਜਲਦੀ ਪੂਰੀ ਹੋਵੇਗੀ। ਸ਼ਹਿਰ ਦੇ ਆਲੇ-ਦੁਆਲੇ ਦੇਖਦੇ ਹੋਏ ਉਸ ਨੂੰ ਸ਼ਾਇਦ ਯਿਸੂ ਦੇ ਸ਼ਬਦ ਯਾਦ ਆਏ ਹੋਣ ਜੋ ਉਸ ਨੇ ਯਰੂਸ਼ਲਮ ਵਿਚ ਅਨਟੋਨੀਆ ਦੇ ਕਿਲੇ ਵਿਚ ਕਹੇ ਸਨ: “ਹੌਸਲਾ ਰੱਖ! ਜਿਵੇਂ ਤੂੰ ਯਰੂਸ਼ਲਮ ਵਿਚ ਮੇਰੇ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੂੰ ਰੋਮ ਵਿਚ ਵੀ ਗਵਾਹੀ ਦੇਣੀ ਹੈ।”—ਰਸੂ. 23:10, 11.
ਫਿਰ ਸ਼ਾਇਦ ਪੌਲੁਸ ਨੇ ਅੰਗ-ਰੱਖਿਅਕਾਂ ਦਾ ਕਿਲਾ ਕੈਸਟ੍ਰਾ ਪ੍ਰੇਟੋਰੀਆ ਦੇਖਿਆ ਹੋਣਾ ਜਿਸ ਦੀਆਂ ਉੱਚੀਆਂ ਕੰਧਾਂ ਲਾਲ ਇੱਟਾਂ ਦੀਆਂ ਬਣੀਆਂ ਹੋਈਆਂ ਸਨ ਤੇ ਜਿਨ੍ਹਾਂ ’ਤੇ ਮੋਰਚੇ ਅਤੇ ਬੁਰਜ ਸਨ। ਇਸ ਕਿਲੇ ਵਿਚ 12,000 ਅੰਗ-ਰੱਖਿਅਕਾਂ ਤੋਂ ਇਲਾਵਾ ਕਈ ਹਜ਼ਾਰ ਹੋਰ ਫ਼ੌਜੀ ਰਸੂ. 27:1-3, 43, 44.
ਵੀ ਰਹਿੰਦੇ ਸਨ ਜੋ ਸ਼ਹਿਰ ਵਿਚ ਪੁਲਸ ਦਾ ਕੰਮ ਕਰਦੇ ਸਨ। ਇਸ ਕਿਲੇ ਤੋਂ ਰੋਮ ਦੇ ਸਮਰਾਟ ਦੀ ਸ਼ਕਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਸੀ। ਅੰਗ-ਰੱਖਿਅਕਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਉਨ੍ਹਾਂ ਇਲਾਕਿਆਂ ਤੋਂ ਕੈਦੀਆਂ ਨੂੰ ਰੋਮ ਲਿਆਉਣ ਜੋ ਰੋਮੀ ਰਾਜ ਦੇ ਅਧੀਨ ਸਨ। ਇਸ ਲਈ ਫ਼ੌਜੀ ਅਫ਼ਸਰ ਜੂਲੀਅਸ ਨੇ ਇਨ੍ਹਾਂ ਕੈਦੀਆਂ ਨੂੰ ਇੱਥੇ ਲਿਆਂਦਾ ਸੀ। ਕਈ ਮਹੀਨੇ ਖ਼ਤਰਨਾਕ ਸਫ਼ਰ ਕਰਨ ਤੋਂ ਬਾਅਦ ਉਹ ਇਨ੍ਹਾਂ ਕੈਦੀਆਂ ਨੂੰ ਸਹੀ-ਸਲਾਮਤ ਰੋਮ ਲੈ ਆਇਆ ਸੀ।—ਪੌਲੁਸ ਨੇ “ਬਿਨਾਂ ਕਿਸੇ ਰੁਕਾਵਟ” ਪ੍ਰਚਾਰ ਕੀਤਾ
ਸਮੁੰਦਰੀ ਜਹਾਜ਼ ਰਾਹੀਂ ਰੋਮ ਆਉਂਦਿਆਂ ਰਾਹ ਵਿਚ ਬਹੁਤ ਕੁਝ ਹੋਇਆ ਸੀ। ਤੂਫ਼ਾਨ ਦੌਰਾਨ ਪੌਲੁਸ ਨੇ ਭਵਿੱਖਬਾਣੀ ਕੀਤੀ ਸੀ ਕਿ ਜਹਾਜ਼ ਨਹੀਂ ਬਚੇਗਾ, ਪਰ ਸਾਰੇ ਮੁਸਾਫ਼ਰ ਬਚ ਜਾਣਗੇ। ਮਾਲਟਾ ਟਾਪੂ ’ਤੇ ਇਕ ਜ਼ਹਿਰੀਲੇ ਸੱਪ ਨੇ ਪੌਲੁਸ ਨੂੰ ਡੰਗ ਮਾਰਿਆ ਸੀ, ਪਰ ਉਸ ਨੂੰ ਕੁਝ ਨਹੀਂ ਹੋਇਆ। ਬਾਅਦ ਵਿਚ ਇਸੇ ਟਾਪੂ ’ਤੇ ਉਸ ਨੇ ਕਈ ਬੀਮਾਰ ਲੋਕਾਂ ਨੂੰ ਠੀਕ ਕੀਤਾ ਸੀ ਤੇ ਕਈ ਉਸ ਨੂੰ ਦੇਵਤਾ ਕਹਿਣ ਲੱਗੇ। ਅੰਗ-ਰੱਖਿਅਕਾਂ ਵਿੱਚੋਂ ਕਈਆਂ ਨੇ ਪੌਲੁਸ ਬਾਰੇ ਇਹ ਗੱਲਾਂ ਸੁਣੀਆਂ ਹੋਣੀਆਂ ਤੇ ਸ਼ਾਇਦ ਉਸ ਦੇ ਚਰਚੇ ਹੋ ਰਹੇ ਸਨ।
ਪੌਲੁਸ ਪਹਿਲਾਂ ਹੀ ਰੋਮ ਦੇ ਭਰਾਵਾਂ ਨੂੰ ਮਿਲ ਚੁੱਕਾ ਸੀ ਕਿਉਂਕਿ ਕਈ ਜਣੇ ਪੌਲੁਸ ਨੂੰ ਮਿਲਣ ਲਈ “‘ਤਿੰਨ ਸਰਾਵਾਂ’ ਨਾਂ ਦੀ ਜਗ੍ਹਾ ਆਏ ਅਤੇ ਕੁਝ ਭਰਾ ਤਾਂ ਐਪੀਅਸ ਬਾਜ਼ਾਰ ਤਕ ਆਏ” ਸਨ। (ਰਸੂ. 28:15) ਪੌਲੁਸ ਰੋਮ ਵਿਚ ਪ੍ਰਚਾਰ ਕਰਨ ਲਈ ਉਤਾਵਲਾ ਸੀ। ਪਰ ਕੈਦੀ ਹੁੰਦਾ ਹੋਇਆ ਉਹ ਪ੍ਰਚਾਰ ਕਿਵੇਂ ਕਰ ਸਕਦਾ ਸੀ? (ਰੋਮੀ. 1:14, 15) ਕਈ ਲੋਕ ਸੋਚਦੇ ਹਨ ਕਿ ਕੈਦੀਆਂ ਨੂੰ ਪਹਿਲਾਂ ਅੰਗ-ਰੱਖਿਅਕਾਂ ਦੇ ਕਪਤਾਨ ਕੋਲ ਲਿਜਾਇਆ ਜਾਂਦਾ ਸੀ। ਜੇ ਇਹ ਸੱਚ ਹੈ, ਤਾਂ ਪੌਲੁਸ ਨੂੰ ਕਪਤਾਨ ਅਫ੍ਰਾਨੀਉਸ ਬੁਰੋਸ ਦੇ ਹਵਾਲੇ ਕੀਤਾ ਗਿਆ ਹੋਣਾ ਜੋ ਸ਼ਾਇਦ ਸਮਰਾਟ ਤੋਂ ਬਾਅਦ ਦੂਜਾ ਸ਼ਕਤੀਸ਼ਾਲੀ ਇਨਸਾਨ ਸੀ। * ਹੁਣ ਪੌਲੁਸ ’ਤੇ ਫ਼ੌਜੀ ਅਫ਼ਸਰਾਂ ਦੀ ਬਜਾਇ ਇਕ ਸਾਧਾਰਣ ਅੰਗ-ਰੱਖਿਅਕ ਨਿਗਰਾਨੀ ਰੱਖੇਗਾ। ਪੌਲੁਸ ਨੂੰ ਆਪਣੇ ਲਈ ਰਹਿਣ ਦੀ ਜਗ੍ਹਾ ਲੱਭਣ ਦੀ ਇਜਾਜ਼ਤ ਦਿੱਤੀ ਗਈ ਜਿੱਥੇ ਉਹ ਲੋਕਾਂ ਨੂੰ ਸੱਦ ਸਕਦਾ ਸੀ ਤੇ “ਬਿਨਾਂ ਕਿਸੇ ਰੁਕਾਵਟ” ਉਨ੍ਹਾਂ ਨੂੰ ਪ੍ਰਚਾਰ ਕਰ ਸਕਦਾ ਸੀ।—ਰਸੂ. 28:16, 30, 31.
ਪੌਲੁਸ ਨੇ ਵੱਡੇ-ਛੋਟੇ ਹਰੇਕ ਨੂੰ ਪ੍ਰਚਾਰ ਕੀਤਾ
ਬੁਰੋਸ ਨੇ ਪੌਲੁਸ ਨੂੰ ਨੀਰੋ ਦੇ ਅੱਗੇ ਪੇਸ਼ ਕਰਨ ਤੋਂ ਪਹਿਲਾਂ ਸ਼ਾਇਦ ਅੰਗ-ਰੱਖਿਅਕਾਂ ਦੇ ਕਿਲੇ ਵਿਚ ਜਾਂ ਮਹਿਲ ਵਿਚ ਉਸ ਤੋਂ ਪੁੱਛ-ਗਿੱਛ ਕੀਤੀ ਹੋਣੀ। ਪੌਲੁਸ ਨੇ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਉਸ ਨੂੰ ਪ੍ਰਚਾਰ ਕੀਤਾ। ਇਸ ਤਰ੍ਹਾਂ ਉਸ ਨੇ “ਛੋਟੇ-ਵੱਡੇ ਸਾਰਿਆਂ ਨੂੰ ਗਵਾਹੀ” ਦਿੱਤੀ। (ਰਸੂ. 26:19-23) ਸਾਨੂੰ ਇਹ ਨਹੀਂ ਪਤਾ ਕਿ ਬੁਰੋਸ ਨੇ ਪੌਲੁਸ ਨੂੰ ਦੋਸ਼ੀ ਸਮਝਿਆ ਕਿ ਨਹੀਂ, ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਸ ਨੇ ਪੌਲੁਸ ਨੂੰ ਕਿਲੇ ਦੀ ਜੇਲ੍ਹ ਵਿਚ ਨਹੀਂ ਸੁੱਟਿਆ। *
ਪੌਲੁਸ ਦਾ ਕਿਰਾਏ ਦਾ ਘਰ ਕਾਫ਼ੀ ਵੱਡਾ ਸੀ ਜਿਸ ਕਰਕੇ ਉਹ “ਯਹੂਦੀਆਂ ਦੇ ਮੰਨੇ-ਪ੍ਰਮੰਨੇ ਬੰਦਿਆਂ” ਅਤੇ ‘ਹੋਰ ਵੀ ਜ਼ਿਆਦਾ ਲੋਕਾਂ’ ਨੂੰ ਆਪਣੇ ਘਰ ਸੱਦ ਕੇ ਉਨ੍ਹਾਂ ਨੂੰ ਪ੍ਰਚਾਰ ਕਰ ਸਕਦਾ ਸੀ। ਇਸ ਤੋਂ ਇਲਾਵਾ, ਅੰਗ-ਰੱਖਿਅਕ ਵੀ ਪੌਲੁਸ ਦੀਆਂ ਗੱਲਾਂ ਸੁਣਦੇ ਹੋਣੇ ਜਦ ਉਹ “ਸਵੇਰ ਤੋਂ ਲੈ ਕੇ ਸ਼ਾਮ ਤਕ” ਯਹੂਦੀਆਂ ਨੂੰ ਪਰਮੇਸ਼ੁਰ ਦੇ ਰਾਜ ਅਤੇ ਯਿਸੂ ਬਾਰੇ “ਚੰਗੀ ਤਰ੍ਹਾਂ ਗਵਾਹੀ ਦਿੰਦਾ” ਹੁੰਦਾ ਸੀ।—ਹਰ ਰੋਜ਼ ਮਹਿਲ ਵਿਚ ਅੰਗ-ਰੱਖਿਅਕਾਂ ਦੀਆਂ ਵੱਖੋ-ਵੱਖਰੇ ਟੋਲੀਆਂ ਦੀ ਡਿਊਟੀ ਲੱਗਦੀ ਸੀ। ਇਸ ਕਰਕੇ ਪੌਲੁਸ ਦੀ ਨਿਗਰਾਨੀ ਕਰਨ ਲਈ ਵੱਖ-ਵੱਖ ਅੰਗ-ਰੱਖਿਅਕ ਆਉਂਦੇ ਸਨ। ਇਸ ਲਈ ਉਸ ਦੀ ਦੋ ਸਾਲ ਦੀ ਕੈਦ ਦੌਰਾਨ ਕਈ ਫ਼ੌਜੀਆਂ ਨੂੰ ਗਵਾਹੀ ਮਿਲੀ। ਉਨ੍ਹਾਂ ਨੇ ਅਫ਼ਸੀਆਂ, ਫ਼ਿਲਿੱਪੀਆਂ, ਕੁਲੁੱਸੀਆਂ ਅਤੇ ਇਬਰਾਨੀਆਂ ਨੂੰ ਚਿੱਠੀਆਂ ਲਿਖਵਾਉਂਦੇ ਸੁਣਿਆ ਹੋਣਾ। ਨਾਲੇ ਉਨ੍ਹਾਂ ਨੇ ਉਸ ਨੂੰ ਆਪਣੇ ਹੱਥੀਂ ਫਿਲੇਮੋਨ ਨੂੰ ਵੀ ਚਿੱਠੀ ਲਿਖਦੇ ਦੇਖਿਆ ਹੋਣਾ। ਕੈਦ ਵਿਚ ਹੁੰਦੇ ਹੋਏ ਪੌਲੁਸ ਨੇ ਉਨੇਸਿਮੁਸ ਨਾਂ ਦੇ ਗ਼ੁਲਾਮ ਦੀ ਵੀ ਮਦਦ ਕੀਤੀ ਜੋ ਫਿਲੇਮੋਨ ਦੇ ਘਰੋਂ ਭੱਜਿਆ ਸੀ। ਪੌਲੁਸ ਉਸ ਲਈ “ਕੈਦ ਵਿਚ ਹੁੰਦੇ ਹੋਏ ਪਿਤਾ ਸਮਾਨ ਬਣਿਆ” ਤੇ ਉਸ ਨੂੰ ਫਿਲੇਮੋਨ ਕੋਲ ਵਾਪਸ ਘੱਲ ਦਿੱਤਾ। (ਫਿਲੇ. 10) ਪੌਲੁਸ ਨੇ ਅੰਗ-ਰੱਖਿਅਕਾਂ ਵਿਚ ਵੀ ਜ਼ਰੂਰ ਦਿਲਚਸਪੀ ਲਈ ਹੋਣੀ। (1 ਕੁਰਿੰ. 9:22) ਅਸੀਂ ਕਲਪਨਾ ਕਰ ਸਕਦੇ ਹਾਂ ਕਿ ਉਸ ਨੇ ਇਕ ਫ਼ੌਜੀ ਨਾਲ ਗੱਲ ਕਰਦਿਆਂ ਉਸ ਦੇ ਬਸਤਰਾਂ ਅਤੇ ਹਥਿਆਰਾਂ ਬਾਰੇ ਪੁੱਛਿਆ ਹੋਣਾ ਤੇ ਫਿਰ ਇਸ ਜਾਣਕਾਰੀ ਨੂੰ ਇਕ ਵਧੀਆ ਮਿਸਾਲ ਵਿਚ ਵਰਤਿਆ।—ਅਫ਼. 6:13-17.
‘ਨਿਡਰ ਹੋ ਕੇ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰੋ’
ਅੰਗ-ਰੱਖਿਅਕਾਂ ਦਾ ਵਾਹ ਸਮਰਾਟ, ਉਸ ਦੇ ਪਰਿਵਾਰ, ਸੇਵਕਾਂ ਤੇ ਨੌਕਰਾਂ ਤੋਂ ਇਲਾਵਾ ਪੂਰੇ ਰੋਮੀ ਸਾਮਰਾਜ ਦੇ ਲੋਕਾਂ ਨਾਲ ਪੈਂਦਾ ਸੀ। ਇਸ ਤਰ੍ਹਾਂ ਅੰਗ-ਰੱਖਿਅਕਾਂ ਦੇ ਨਾਲ-ਨਾਲ ਹੋਰ ਲੋਕਾਂ ਨੂੰ ਵੀ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਮਿਲਿਆ ਜਿਸ ਕਰਕੇ ਕਈ ਜਣੇ ਮਸੀਹੀ ਬਣ ਗਏ। (ਫ਼ਿਲਿ. 1:12, 13; 4:22) ਪੌਲੁਸ ਦੇ ਨਿਡਰ ਹੋ ਕੇ ਪ੍ਰਚਾਰ ਕਰਨ ਕਰਕੇ ਰੋਮ ਦੇ ਭੈਣ-ਭਰਾ ਵੀ “ਜ਼ਿਆਦਾ ਹੌਸਲੇ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ” ਕਰ ਸਕੇ।—ਫ਼ਿਲਿ. 1:14.
ਰੋਮ ਵਿਚ ਪੌਲੁਸ ਦੇ ਪ੍ਰਚਾਰ ਤੋਂ ਸਾਨੂੰ ਵੀ ਹੌਸਲਾ ਮਿਲਦਾ ਹੈ ਕਿਉਂਕਿ ਅਸੀਂ ਵੀ ‘ਚੰਗੇ ਅਤੇ ਬੁਰੇ ਹਾਲਾਤਾਂ ਵਿਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਦੇ ਹਾਂ।’ (2 ਤਿਮੋ. 4:2) ਸਾਡੇ ਵਿੱਚੋਂ ਕਈ ਭੈਣ-ਭਰਾ ਘਰੋਂ ਬਾਹਰ ਨਹੀਂ ਨਿਕਲ ਸਕਦੇ, ਹਸਪਤਾਲਾਂ ਵਿਚ ਹਨ ਜਾਂ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਹਨ। ਭਾਵੇਂ ਸਾਡੇ ਹਾਲਾਤ ਜੋ ਮਰਜ਼ੀ ਹੋਣ, ਅਸੀਂ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰ ਸਕਦੇ ਹਾਂ ਜੋ ਸਾਨੂੰ ਮਿਲਦੇ ਹਨ। ਜਦ ਅਸੀਂ ਹਿੰਮਤ ਨਾਲ ਹਰ ਮੌਕੇ ਤੇ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ “ਪਰਮੇਸ਼ੁਰ ਦੇ ਬਚਨ ਨੂੰ ਕੈਦ ਨਹੀਂ ਕੀਤਾ ਜਾ ਸਕਦਾ।”—2 ਤਿਮੋ. 2:8, 9.
^ ਪੇਰਗ੍ਰੈਫ 2 “ਨੀਰੋ ਦੇ ਦਿਨਾਂ ਵਿਚ ਅੰਗ-ਰੱਖਿਅਕ” ਨਾਂ ਦੀ ਡੱਬੀ ਦੇਖੋ।
^ ਪੇਰਗ੍ਰੈਫ 7 “ਸੈਕਸਟਸ ਅਫ੍ਰਾਨੀਉਸ ਬੁਰੋਸ” ਨਾਂ ਦੀ ਡੱਬੀ ਦੇਖੋ।
^ ਪੇਰਗ੍ਰੈਫ 9 ਸੰਨ 36/37 ਈਸਵੀ ਵਿਚ ਸਮਰਾਟ ਤਾਈਬੀਰੀਅਸ ਨੇ ਹੇਰੋਦੇਸ ਅਗ੍ਰਿੱਪਾ ਨੂੰ ਇਸੇ ਕਿਲੇ ਦੀ ਜੇਲ੍ਹ ਵਿਚ ਬੰਦ ਕੀਤਾ ਸੀ ਕਿਉਂਕਿ ਉਸ ਨੇ ਕਿਹਾ ਕਿ ਕਲਿਗੁਲਾ ਨੂੰ ਸਮਰਾਟ ਬਣਾਇਆ ਜਾਵੇ। ਸਮਰਾਟ ਬਣਨ ਤੋਂ ਬਾਅਦ ਕਲਿਗੁਲਾ ਨੇ ਖ਼ੁਸ਼ ਹੋ ਕੇ ਹੇਰੋਦੇਸ ਨੂੰ ਯਹੂਦੀਆ ਦਾ ਰਾਜਾ ਬਣਾਇਆ।—ਰਸੂ. 12:1.