Skip to content

Skip to table of contents

ਦਿਲਾਸਾ ਪਾਓ ਤੇ ਦਿਲਾਸਾ ਦਿਓ

ਦਿਲਾਸਾ ਪਾਓ ਤੇ ਦਿਲਾਸਾ ਦਿਓ

ਨਾਮੁਕੰਮਲ ਹੋਣ ਕਰਕੇ ਅਸੀਂ ਸਾਰੇ ਬੀਮਾਰ ਹੁੰਦੇ ਹਾਂ ਤੇ ਕਈ ਗੰਭੀਰ ਬੀਮਾਰੀਆਂ ਕਰਕੇ ਬਹੁਤ ਦੁਖੀ ਹੁੰਦੇ ਹਨ। ਇਨ੍ਹਾਂ ਹਾਲਾਤਾਂ ਵਿਚ ਸਾਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਹੈ?

ਇਨ੍ਹਾਂ ਔਖੇ ਸਮਿਆਂ ਵਿਚ ਸਾਨੂੰ ਆਪਣੇ ਪਰਿਵਾਰ, ਦੋਸਤਾਂ ਤੇ ਮਸੀਹੀ ਭੈਣਾਂ-ਭਰਾਵਾਂ ਤੋਂ ਦਿਲਾਸਾ ਮਿਲ ਸਕਦਾ ਹੈ।

ਕਿਸੇ ਦੋਸਤ ਦੇ ਪਿਆਰ ਭਰੇ ਸ਼ਬਦ ਸਾਡੇ ਲਈ ਮਲ੍ਹਮ ਦਾ ਕੰਮ ਕਰ ਸਕਦੇ ਹਨ। (ਕਹਾ. 16:24; 18:24; 25:11) ਪਰ ਸੱਚੇ ਮਸੀਹੀ ਸਿਰਫ਼ ਦੂਜਿਆਂ ਤੋਂ ਦਿਲਾਸਾ ਪਾਉਣਾ ਹੀ ਨਹੀਂ ਚਾਹੁੰਦੇ, ਪਰ ਉਹ ‘ਹਰ ਤਰ੍ਹਾਂ ਦੀ ਮੁਸੀਬਤ ਵਿਚ ਦੂਸਰਿਆਂ ਨੂੰ ਵੀ ਦਿਲਾਸਾ ਦੇਣਾ’ ਚਾਹੁੰਦੇ ਹਨ। (2 ਕੁਰਿੰ. 1:4; ਲੂਕਾ 6:31) ਆਓ ਆਪਾਂ ਐਨਟੋਨਿਓ ਦੀ ਮਿਸਾਲ ’ਤੇ ਗੌਰ ਕਰੀਏ ਜੋ ਮੈਕਸੀਕੋ ਵਿਚ ਡਿਸਟ੍ਰਿਕਟ ਓਵਰਸੀਅਰ ਦੇ ਤੌਰ ਤੇ ਸੇਵਾ ਕਰਦਾ ਹੈ।

ਜਦੋਂ ਉਸ ਨੂੰ ਖ਼ੂਨ ਦਾ ਕੈਂਸਰ ਹੋਇਆ, ਤਾਂ ਉਹ ਬਹੁਤ ਉਦਾਸ ਤੇ ਨਿਰਾਸ਼ ਹੋ ਗਿਆ। ਪਰ ਫਿਰ ਵੀ ਉਸ ਨੇ ਆਪਣੀ ਨਿਰਾਸ਼ਾ ’ਤੇ ਕਾਬੂ ਰੱਖਣ ਦੀ ਕੋਸ਼ਿਸ਼ ਕੀਤੀ। ਕਿਵੇਂ? ਉਹ ਰਾਜ ਦੇ ਗੀਤ ਯਾਦ ਕਰਦਾ ਸੀ ਤੇ ਉਨ੍ਹਾਂ ਨੂੰ ਗਾ ਕੇ ਉਨ੍ਹਾਂ ’ਤੇ ਸੋਚ-ਵਿਚਾਰ ਕਰਦਾ ਸੀ। ਉੱਚੀ ਪ੍ਰਾਰਥਨਾ ਕਰਨ ਤੇ ਬਾਈਬਲ ਪੜ੍ਹਨ ਨਾਲ ਵੀ ਉਸ ਨੂੰ ਦਿਲਾਸਾ ਮਿਲਿਆ।

ਐਨਟੋਨਿਓ ਨੂੰ ਅਹਿਸਾਸ ਹੋਇਆ ਕਿ ਭੈਣਾਂ-ਭਰਾਵਾਂ ਨੇ ਵੀ ਉਸ ਦੀ ਬਹੁਤ ਮਦਦ ਕੀਤੀ। ਉਹ ਕਹਿੰਦਾ ਹੈ: “ਜਦੋਂ ਮੈਂ ਤੇ ਮੇਰੀ ਪਤਨੀ ਪਰੇਸ਼ਾਨ ਹੁੰਦੇ ਸੀ, ਤਾਂ ਅਸੀਂ ਆਪਣੇ ਰਿਸ਼ਤੇਦਾਰ ਨੂੰ ਜੋ ਮੰਡਲੀ ਵਿਚ ਬਜ਼ੁਰਗ ਹੈ, ਆ ਕੇ ਸਾਡੇ ਲਈ ਪ੍ਰਾਰਥਨਾ ਕਰਨ ਲਈ ਕਹਿੰਦੇ ਸੀ। ਇਸ ਨਾਲ ਸਾਨੂੰ ਦਿਲਾਸਾ ਤੇ ਮਨ ਦੀ ਸ਼ਾਂਤੀ ਮਿਲਦੀ ਸੀ।” ਉਹ ਅੱਗੇ ਕਹਿੰਦਾ ਹੈ: “ਅਸੀਂ ਆਪਣੇ ਪਰਿਵਾਰ ਤੇ ਆਪਣੇ ਭੈਣਾਂ-ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਨਿਰਾਸ਼ਾ ਵਿੱਚੋਂ ਬਾਹਰ ਨਿਕਲ ਸਕੇ।” ਇੰਨੇ ਚੰਗੇ ਦੋਸਤ ਪਾ ਕੇ ਉਹ ਕਿੰਨਾ ਖ਼ੁਸ਼ ਸੀ।

ਦੁਖੀ ਹਾਲਾਤਾਂ ਵਿਚ ਪਵਿੱਤਰ ਸ਼ਕਤੀ ਵੀ ਸਾਡੀ ਮਦਦ ਕਰਦੀ ਹੈ। ਪਤਰਸ ਰਸੂਲ ਨੇ ਕਿਹਾ ਕਿ ਪਵਿੱਤਰ ਸ਼ਕਤੀ ਪਰਮੇਸ਼ੁਰ ਦੀ “ਦਾਤ” ਹੈ। (ਰਸੂ. 2:38) ਯਿਸੂ ਦੇ ਵਾਅਦੇ ਮੁਤਾਬਕ ਪੰਤੇਕੁਸਤ 33 ਈਸਵੀ ਨੂੰ ਕਈ ਮਸੀਹੀਆਂ ਨੂੰ ਪਵਿੱਤਰ ਸ਼ਕਤੀ ਦਿੱਤੀ ਗਈ ਸੀ। ਪਰ ਇਹ ਸ਼ਕਤੀ ਸਾਨੂੰ ਸਾਰਿਆਂ ਨੂੰ ਮਿਲ ਸਕਦੀ ਹੈ। ਪਰਮੇਸ਼ੁਰ ਖੁੱਲ੍ਹੇ ਦਿਲ ਨਾਲ ਸਾਰਿਆਂ ਨੂੰ ਪਵਿੱਤਰ ਸ਼ਕਤੀ ਦਿੰਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਤੋਂ ਇਹ ਸ਼ਕਤੀ ਮੰਗਦੇ ਰਹਿਣਾ ਚਾਹੀਦਾ ਹੈ।—ਯਸਾ. 40:28-31.

ਦੁਖੀ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲਓ

ਪੌਲੁਸ ਰਸੂਲ ਨੇ ਕਈ ਔਖੀਆਂ ਘੜੀਆਂ ਦਾ ਸਾਮ੍ਹਣਾ ਕੀਤਾ, ਇੱਥੋਂ ਤਕ ਕੇ ਮੌਤ ਦਾ ਵੀ। (2 ਕੁਰਿੰ. 1:8-10) ਪਰ ਪੌਲੁਸ ਨੂੰ ਮੌਤ ਦਾ ਕੋਈ ਡਰ ਨਹੀਂ ਸੀ। ਉਸ ਨੂੰ ਇਸ ਗੱਲ ਤੋਂ ਦਿਲਾਸਾ ਮਿਲਿਆ ਕਿ ਪਰਮੇਸ਼ੁਰ ਉਸ ਦੇ ਨਾਲ ਸੀ। ਉਸ ਨੇ ਲਿਖਿਆ: ‘ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਹੋਵੇ ਜਿਹੜਾ ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ ਜੋ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।’ (2 ਕੁਰਿੰ. 1:3, 4) ਪੌਲੁਸ ਨਿਰਾਸ਼ਾ ਵਿਚ ਨਹੀਂ ਡੁੱਬਿਆ। ਇਸ ਦੀ ਬਜਾਇ, ਮੁਸ਼ਕਲਾਂ ਦਾ ਸਾਮ੍ਹਣਾ ਕਰਨ ਕਰਕੇ ਉਹ ਦੂਜਿਆਂ ਦੇ ਦੁੱਖ ਸਮਝ ਸਕਦਾ ਸੀ ਤੇ ਔਖੇ ਸਮਿਆਂ ਵਿਚ ਉਨ੍ਹਾਂ ਨੂੰ ਦਿਲਾਸਾ ਦੇ ਸਕਦਾ ਸੀ।

ਐਨਟੋਨਿਓ ਆਪਣੀ ਬੀਮਾਰੀ ਤੋਂ ਠੀਕ ਹੋਣ ਤੋਂ ਬਾਅਦ ਸਫ਼ਰੀ ਕੰਮ ਦੁਬਾਰਾ ਕਰਨ ਲੱਗ ਪਿਆ। ਉਹ ਪਹਿਲਾਂ ਵੀ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈਂਦਾ ਸੀ, ਪਰ ਉਹ ਤੇ ਉਸ ਦੀ ਪਤਨੀ ਨੇ ਕੋਸ਼ਿਸ਼ ਕੀਤੀ ਕਿ ਉਹ ਬੀਮਾਰ ਭੈਣਾਂ-ਭਰਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਦਿਲਾਸਾ ਦੇਣ। ਮਿਸਾਲ ਲਈ, ਇਕ ਭਰਾ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਸੀ। ਉਸ ਨੂੰ ਮਿਲਣ ਤੋਂ ਬਾਅਦ ਐਨਟੋਨਿਓ ਨੂੰ ਪਤਾ ਲੱਗਾ ਕਿ ਉਹ ਭਰਾ ਮੀਟਿੰਗਾਂ ਵਿਚ ਨਹੀਂ ਜਾਣਾ ਚਾਹੁੰਦਾ ਸੀ। ਐਨਟੋਨਿਓ ਦੱਸਦਾ ਹੈ: “ਇਹ ਇਸ ਲਈ ਨਹੀਂ ਸੀ ਕਿ ਉਹ ਯਹੋਵਾਹ ਨੂੰ ਜਾਂ ਆਪਣੇ ਭੈਣ-ਭਰਾਵਾਂ ਨੂੰ ਪਿਆਰ ਨਹੀਂ ਕਰਦਾ ਸੀ, ਪਰ ਬੀਮਾਰੀ ਕਰਕੇ ਉਹ ਇੰਨਾ ਨਿਰਾਸ਼ ਹੋ ਗਿਆ ਸੀ ਕਿ ਉਹ ਆਪਣੇ ਆਪ ਨੂੰ ਨਿਕੰਮਾ ਸਮਝਣ ਲੱਗ ਪਿਆ।”

ਐਨਟੋਨਿਓ ਉਸ ਭਰਾ ਨੂੰ ਉਤਸ਼ਾਹ ਦਿੰਦਾ ਹੁੰਦਾ ਸੀ। ਇਕ ਵਾਰ ਕੁਝ ਭੈਣ-ਭਰਾ ਖਾਣੇ ਲਈ ਇਕੱਠੇ ਹੋਏ ਸਨ ਅਤੇ ਐਨਟੋਨਿਓ ਨੇ ਉਸ ਭਰਾ ਨੂੰ ਪ੍ਰਾਰਥਨਾ ਕਰਨ ਲਈ ਕਿਹਾ। ਭਾਵੇਂ ਪਹਿਲਾਂ ਉਸ ਭਰਾ ਨੂੰ ਲੱਗਾ ਕਿ ਉਹ ਪ੍ਰਾਰਥਨਾ ਨਹੀਂ ਕਰ ਸਕੇਗਾ, ਪਰ ਉਸ ਨੇ ਪ੍ਰਾਰਥਨਾ ਕੀਤੀ। ਐਨਟੋਨਿਓ ਦੱਸਦਾ ਹੈ: “ਉਸ ਨੇ ਬਹੁਤ ਵਧੀਆ ਪ੍ਰਾਰਥਨਾ ਕੀਤੀ ਤੇ ਪ੍ਰਾਰਥਨਾ ਕਰਨ ਤੋਂ ਬਾਅਦ ਉਹ ਬਹੁਤ ਖ਼ੁਸ਼ ਹੋਇਆ। ਉਸ ਨੂੰ ਲੱਗਾ ਕਿ ਉਹ ਵੀ ਕੁਝ ਕਰਨ ਜੋਗਾ ਹੈ।”

ਇਹ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਕਿਸੇ-ਨਾ-ਕਿਸੇ ਦੁੱਖ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਜਿਵੇਂ ਪੌਲੁਸ ਨੇ ਕਿਹਾ ਸੀ, ਜਦੋਂ ਅਸੀਂ ਦੁੱਖਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਸਾਨੂੰ ਦੂਸਰਿਆਂ ਦਾ ਦੁੱਖ ਸਮਝਣ ਵਿਚ ਮਦਦ ਮਿਲਦੀ ਹੈ ਅਤੇ ਅਸੀਂ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਾਂ। ਇਸ ਲਈ ਆਓ ਆਪਾਂ ਆਪਣੇ ਭੈਣਾਂ-ਭਰਾਵਾਂ ਨਾਲ ਹਮਦਰਦੀ ਰੱਖੀਏ ਤੇ ਯਹੋਵਾਹ ਪਰਮੇਸ਼ੁਰ ਦੀ ਰੀਸ ਕਰਦੇ ਹੋਏ ਉਨ੍ਹਾਂ ਨੂੰ ਦਿਲਾਸਾ ਦੇਈਏ।