ਮਾਪਿਓ ਤੇ ਬੱਚਿਓ, ਪਿਆਰ ਨਾਲ ਗੱਲਬਾਤ ਕਰੋ
“ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ ਅਤੇ ਜਲਦੀ ਗੁੱਸਾ ਨਾ ਕਰੇ।”—ਯਾਕੂ. 1:19.
1, 2. ਆਮ ਕਰਕੇ ਮਾਪੇ ਤੇ ਬੱਚੇ ਇਕ-ਦੂਜੇ ਬਾਰੇ ਕਿਵੇਂ ਮਹਿਸੂਸ ਕਰਦੇ ਹਨ, ਪਰ ਕਿਹੜੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ?
ਅਮਰੀਕਾ ਵਿਚ ਸੈਂਕੜੇ ਬੱਚਿਆਂ ਨੂੰ ਇਹ ਸਵਾਲ ਪੁੱਛਿਆ ਗਿਆ: “ਜੇ ਤੁਹਾਨੂੰ ਪਤਾ ਲੱਗੇ ਕਿ ਕੱਲ੍ਹ ਨੂੰ ਤੁਹਾਡੇ ਮਾਪਿਆਂ ਦੀ ਮੌਤ ਹੋ ਜਾਵੇਗੀ, ਤਾਂ ਅੱਜ ਤੁਸੀਂ ਉਨ੍ਹਾਂ ਨੂੰ ਕੀ ਕਹਿਣਾ ਚਾਹੋਗੇ?” ਕਿਸੇ ਝਗੜੇ ਜਾਂ ਮੁਸ਼ਕਲ ਦਾ ਜ਼ਿਕਰ ਕਰਨ ਦੀ ਬਜਾਇ ਤਕਰੀਬਨ 95% ਬੱਚਿਆਂ ਨੇ ਕਿਹਾ ਕਿ ਉਹ ਆਪਣੇ ਮਾਪਿਆਂ ਤੋਂ ਕਿਸੇ ਗ਼ਲਤੀ ਲਈ ਮਾਫ਼ੀ ਮੰਗਣਗੇ ਜਾਂ ਦੱਸਣਗੇ ਕਿ ਉਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਨ।—ਸਿਰਫ਼ ਮਾਪਿਆਂ ਲਈ ਨਾਂ ਦੀ ਕਿਤਾਬ (ਅੰਗ੍ਰੇਜ਼ੀ)।
2 ਆਮ ਕਰਕੇ ਬੱਚੇ ਮਾਪਿਆਂ ਨੂੰ ਤੇ ਮਾਪੇ ਬੱਚਿਆਂ ਨੂੰ ਪਿਆਰ ਕਰਦੇ ਹਨ। ਇਹ ਗੱਲ ਖ਼ਾਸ ਕਰਕੇ ਯਹੋਵਾਹ ਦੇ ਗਵਾਹਾਂ ਦੇ ਪਰਿਵਾਰਾਂ ਬਾਰੇ ਸੱਚ ਹੈ। ਭਾਵੇਂ ਮਾਪੇ ਤੇ ਬੱਚੇ ਇਕ-ਦੂਜੇ ਦੇ ਕਰੀਬ ਹੋਣਾ ਚਾਹੁੰਦੇ ਹਨ, ਪਰ ਕਈ ਵਾਰ ਉਨ੍ਹਾਂ ਲਈ ਖੁੱਲ੍ਹ ਕੇ ਗੱਲਬਾਤ ਕਰਨੀ ਮੁਸ਼ਕਲ ਹੁੰਦੀ ਹੈ। ਇੱਦਾਂ ਕਿਉਂ ਹੁੰਦਾ ਹੈ? ਮਾਪੇ ਤੇ ਬੱਚੇ ਕੁਝ ਵਿਸ਼ਿਆਂ ਬਾਰੇ ਗੱਲਬਾਤ ਕਿਉਂ ਨਹੀਂ ਕਰ ਪਾਉਂਦੇ? ਉਹ ਦਿਲ ਖੋਲ੍ਹ ਕੇ ਗੱਲਬਾਤ ਕਰਨੀ ਕਿਵੇਂ ਸਿੱਖ ਸਕਦੇ ਹਨ?
ਗੱਲਬਾਤ ਕਰਨ ਲਈ ਸਮਾਂ ਕੱਢੋ
3. (ੳ) ਕਈ ਪਰਿਵਾਰਾਂ ਵਿਚ ਗੱਲਬਾਤ ਕਰਨੀ ਇੰਨੀ ਮੁਸ਼ਕਲ ਕਿਉਂ ਹੁੰਦੀ ਹੈ? (ਅ) ਪੁਰਾਣੇ ਜ਼ਮਾਨੇ ਵਿਚ ਇਜ਼ਰਾਈਲੀ ਪਰਿਵਾਰਾਂ ਲਈ ਇਕੱਠੇ ਸਮਾਂ ਬਿਤਾਉਣਾ ਮੁਸ਼ਕਲ ਕਿਉਂ ਨਹੀਂ ਸੀ?
3 ਅੱਜ-ਕੱਲ੍ਹ ਕਈ ਪਰਿਵਾਰਾਂ ਨੂੰ ਬੈਠ ਕੇ ਗੱਲਬਾਤ ਕਰਨ ਲਈ ਸਮਾਂ ਹੀ ਨਹੀਂ ਮਿਲਦਾ। ਪਰ ਇਸ ਤਰ੍ਹਾਂ ਹਮੇਸ਼ਾ ਨਹੀਂ ਹੁੰਦਾ ਸੀ। ਪੁਰਾਣੇ ਜ਼ਮਾਨੇ ਵਿਚ ਮੂਸਾ ਨੇ ਇਜ਼ਰਾਈਲੀ ਪਿਤਾਵਾਂ ਨੂੰ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਕਾਨੂੰਨ ਬਾਰੇ ਸਿੱਖਿਆ ਦੇਣ ਲਈ ਕਿਹਾ ਸੀ: “ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵ. 6:6, 7) ਬੱਚੇ ਜਾਂ ਤਾਂ ਸਾਰਾ ਦਿਨ ਘਰ ਵਿਚ ਆਪਣੀ ਮਾਂ ਨਾਲ ਰਹਿੰਦੇ ਸਨ ਜਾਂ ਫਿਰ ਉਹ ਆਪਣੇ ਪਿਤਾ ਨਾਲ ਕੰਮ ਤੇ ਜਾਂਦੇ ਸਨ। ਇੱਦਾਂ ਮਾਪਿਆਂ ਤੇ ਬੱਚਿਆਂ ਕੋਲ ਇਕੱਠੇ ਰਹਿਣ ਅਤੇ ਗੱਲਬਾਤ ਕਰਨ ਦਾ ਬਥੇਰਾ ਸਮਾਂ ਹੁੰਦਾ ਸੀ। ਇਸ ਕਰਕੇ ਮਾਪੇ ਆਪਣੇ ਬੱਚਿਆਂ ਦੀਆਂ ਲੋੜਾਂ, ਇੱਛਾਵਾਂ ਤੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਸਨ। ਨਾਲੇ ਬੱਚੇ ਵੀ ਆਪਣੇ ਮਾਪਿਆਂ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਸਨ।
4. ਅੱਜ ਕਈ ਘਰਾਂ ਵਿਚ ਗੱਲਬਾਤ ਕਿਉਂ ਨਹੀਂ ਹੁੰਦੀ?
4 ਅੱਜ ਜ਼ਿੰਦਗੀ ਕਿੰਨੀ ਬਦਲ ਗਈ ਹੈ! ਕੁਝ ਦੇਸ਼ਾਂ ਵਿਚ ਬੱਚੇ ਛੋਟੀ ਉਮਰ ਤੋਂ ਹੀ ਸਕੂਲ ਜਾਣ ਲੱਗ ਪੈਂਦੇ ਹਨ। ਕਈ ਮਾਂ-ਬਾਪ ਘਰੋਂ ਬਾਹਰ ਨੌਕਰੀ ਕਰਦੇ ਹਨ। ਜਦ ਮਾਪੇ ਤੇ ਬੱਚੇ ਇਕੱਠੇ ਹੁੰਦੇ ਵੀ ਹਨ, ਤਾਂ ਉਹ ਗੱਲਬਾਤ ਕਰਨ ਦੀ ਬਜਾਇ ਟੈਲੀਵਿਯਨ ਦੇ ਸਿਰਹਾਣੇ ਬੈਠੇ, ਕੰਪਿਊਟਰ ਦੇਖਦੇ ਜਾਂ ਮੋਬਾਇਲ ’ਤੇ ਲੱਗੇ ਰਹਿੰਦੇ ਹਨ। ਕਈ ਘਰਾਂ ਵਿਚ ਬੱਚੇ ਤੇ ਮਾਪੇ ਅਜਨਬੀਆਂ ਵਾਂਗ ਜ਼ਿੰਦਗੀ ਬਿਤਾਉਂਦੇ ਹਨ ਜਿਸ ਕਰਕੇ ਆਪਸ ਵਿਚ ਗੱਲਬਾਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
5, 6. ਕੁਝ ਮਾਪਿਆਂ ਨੇ ਆਪਣੇ ਬੱਚਿਆਂ ਨਾਲ ਹੋਰ ਸਮਾਂ ਗੁਜ਼ਾਰਨ ਲਈ ਕੀ ਕੀਤਾ ਹੈ?
5 ਕੀ ਤੁਸੀਂ ਹੋਰ ਕੰਮਾਂ ਵਿੱਚੋਂ ਸਮਾਂ ਕੱਢ ਕੇ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਗੁਜ਼ਾਰ ਸਕਦੇ ਹੋ? (ਅਫ਼ਸੀਆਂ 5:15, 16 ਪੜ੍ਹੋ।) ਕੁਝ ਪਰਿਵਾਰਾਂ ਨੇ ਘੱਟ ਟੈਲੀਵਿਯਨ ਜਾਂ ਕੰਪਿਊਟਰ ਦੇਖਣ ਦਾ ਫ਼ੈਸਲਾ ਕੀਤਾ ਹੈ। ਕਈ ਪਰਿਵਾਰ ਦਿਨ ਵਿਚ ਘੱਟੋ-ਘੱਟ ਇਕ ਵਾਰ ਇਕੱਠੇ ਬੈਠ ਕੇ ਰੋਟੀ ਖਾਣ ਦੀ ਕੋਸ਼ਿਸ਼ ਕਰਦੇ ਹਨ। ਪਰਿਵਾਰਕ ਸਟੱਡੀ ਵਧੀਆ ਮੌਕਾ ਹੈ ਕਿ ਪੂਰਾ ਪਰਿਵਾਰ ਬੈਠ ਕੇ ਬਾਈਬਲ ਦੀ ਸਟੱਡੀ ਕਰੇ ਅਤੇ ਇਕ-ਦੂਜੇ ਦੇ ਹੋਰ ਵੀ ਕਰੀਬ ਹੋਵੇ। ਪਰ ਉਨ੍ਹਾਂ ਨੂੰ ਸਿਰਫ਼ ਇਹੀ ਸਮਾਂ ਇਕੱਠੇ ਨਹੀਂ ਗੁਜ਼ਾਰਨਾ ਚਾਹੀਦਾ, ਸਗੋਂ ਹਰ ਰੋਜ਼ ਗੱਲਬਾਤ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ। ਬੱਚਿਆਂ ਦੇ ਸਕੂਲ ਜਾਣ ਤੋਂ ਪਹਿਲਾਂ ਆਪਣੀਆਂ ਗੱਲਾਂ ਰਾਹੀਂ ਉਨ੍ਹਾਂ ਦਾ ਹੌਸਲਾ ਵਧਾਓ, ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਕਿਤਾਬ ਵਿੱਚੋਂ ਪੜ੍ਹੋ ਅਤੇ ਉਨ੍ਹਾਂ ਨਾਲ ਪ੍ਰਾਰਥਨਾ ਕਰੋ। ਇੱਦਾਂ ਕਰਨ ਨਾਲ ਦਿਨ ਵਿਚ ਉਨ੍ਹਾਂ ਦੀ ਬਹੁਤ ਮਦਦ ਹੋ ਸਕਦੀ ਹੈ।
6 ਕੁਝ ਮਾਪਿਆਂ ਨੇ ਆਪਣੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ ਤਾਂਕਿ ਉਹ ਆਪਣੇ ਬੱਚਿਆਂ ਨਾਲ ਹੋਰ ਸਮਾਂ ਬਿਤਾ ਸਕਣ। ਮਿਸਾਲ ਲਈ, ਦੋ ਬੱਚਿਆਂ ਦੀ ਮਾਂ ਫੁੱਲ-ਟਾਈਮ ਨੌਕਰੀ ਕਰਦੀ ਸੀ, ਪਰ ਉਸ ਨੇ ਇਹ ਨੌਕਰੀ ਛੱਡ ਦਿੱਤੀ। ਉਹ ਕਹਿੰਦੀ ਹੈ: “ਸਵੇਰ ਨੂੰ ਸਕੂਲੇ ਜਾਂ ਕੰਮ ਤੇ ਜਾਣ ਦੀਆਂ ਤਿਆਰੀਆਂ ਵਿਚ ਬਹੁਤ ਨੱਠ-ਭੱਜ ਹੁੰਦੀ ਸੀ। ਫਿਰ ਜਦ ਮੈਂ ਸ਼ਾਮ ਨੂੰ ਘਰ ਵਾਪਸ ਆਉਂਦੀ ਸੀ, ਤਾਂ ਬੱਚੇ ਸੌਂ ਚੁੱਕੇ
ਹੁੰਦੇ ਸਨ। ਨੌਕਰੀ ਛੱਡਣ ਕਰਕੇ ਹੁਣ ਸਾਡੇ ਕੋਲ ਗੁਜ਼ਾਰੇ ਲਈ ਘੱਟ ਪੈਸੇ ਹਨ, ਪਰ ਮੈਂ ਇਹ ਜਾਣ ਕੇ ਖ਼ੁਸ਼ ਹਾਂ ਕਿ ਮੇਰੇ ਬੱਚਿਆਂ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ ਤੇ ਉਹ ਕੀ ਸੋਚਦੇ ਹਨ। ਮੁਸ਼ਕਲਾਂ ਆਉਣ ਤੇ ਮੈਂ ਉਨ੍ਹਾਂ ਦੀ ਮਦਦ ਕਰ ਸਕਦੀ ਹਾਂ। ਮੈਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦੀ ਹਾਂ ਤੇ ਉਨ੍ਹਾਂ ਨੂੰ ਸਲਾਹ, ਹੌਸਲਾ ਤੇ ਸਿੱਖਿਆ ਦੇ ਸਕਦੀ ਹਾਂ।”‘ਸੁਣਨ ਲਈ ਤਿਆਰ ਰਹੋ’
7. ਬੱਚੇ ਤੇ ਮਾਪੇ ਇਕ-ਦੂਜੇ ਬਾਰੇ ਕਿਹੜੀ ਸ਼ਿਕਾਇਤ ਕਰਦੇ ਹਨ?
7 ਸਿਰਫ਼ ਮਾਪਿਆਂ ਲਈ ਕਿਤਾਬ ਦੇ ਲੇਖਕਾਂ ਨੇ ਕੁਝ ਨੌਜਵਾਨਾਂ ਦੀਆਂ ਇੰਟਰਵਿਊਆਂ ਲਈਆਂ। ਇਨ੍ਹਾਂ ਤੋਂ ਲੇਖਕਾਂ ਨੂੰ ਪਤਾ ਲੱਗਾ ਕਿ ਗੱਲਬਾਤ ਕਰਨ ਵਿਚ ਹੋਰ ਕਿਹੜੀ ਰੁਕਾਵਟ ਆਉਂਦੀ ਹੈ। ਉਨ੍ਹਾਂ ਨੇ ਕਿਹਾ: “ਆਪਣੇ ਮਾਪਿਆਂ ਬਾਰੇ ਬੱਚਿਆਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਸੀ ਕਿ ਉਹ ਉਨ੍ਹਾਂ ਦੀ ਗੱਲ ਨਹੀਂ ਸੁਣਦੇ।” ਪਰ ਮਾਪੇ ਵੀ ਅਕਸਰ ਇਹੀ ਸ਼ਿਕਾਇਤ ਆਪਣੇ ਬੱਚਿਆਂ ਬਾਰੇ ਕਰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਗੱਲਬਾਤ ਕਰਦੇ ਹੋਏ ਮਾਪੇ ਤੇ ਬੱਚੇ ਇਕ-ਦੂਜੇ ਦੀ ਧਿਆਨ ਨਾਲ ਸੁਣਨ।—ਯਾਕੂਬ 1:19 ਪੜ੍ਹੋ।
8. ਮਾਪੇ ਆਪਣੇ ਬੱਚਿਆਂ ਦੀ ਗੱਲ ਧਿਆਨ ਨਾਲ ਕਿਵੇਂ ਸੁਣ ਸਕਦੇ ਹਨ?
8 ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਦੀ ਗੱਲ ਧਿਆਨ ਨਾਲ ਸੁਣਦੇ ਹੋ? ਇਹ ਸ਼ਾਇਦ ਉਦੋਂ ਔਖਾ ਹੋਵੇ ਜਦ ਤੁਸੀਂ ਥੱਕੇ ਹੋਵੋ ਜਾਂ ਤੁਹਾਡੇ ਬੱਚਿਆਂ ਦੀ ਗੱਲ ਤੁਹਾਨੂੰ ਮਾਮੂਲੀ ਲੱਗੇ। ਪਰ ਜੋ ਗੱਲ ਤੁਹਾਡੇ ਲਈ ਮਾਮੂਲੀ ਹੈ, ਉਹ ਸ਼ਾਇਦ ਤੁਹਾਡੇ ਬੱਚੇ ਲਈ ਬਹੁਤ ਅਹਿਮ ਹੋਵੇ। “ਸੁਣਨ ਲਈ ਤਿਆਰ” ਰਹਿਣ ਦਾ ਮਤਲਬ ਹੈ ਕਿ ਤੁਸੀਂ ਨਾ ਸਿਰਫ਼ ਉਸ ਦੀ ਗੱਲ ਧਿਆਨ ਨਾਲ ਸੁਣੋ, ਪਰ ਇਹ ਵੀ ਦੇਖੋ ਕਿ ਉਹ ਕਿਸ ਢੰਗ ਨਾਲ ਆਪਣੀ ਗੱਲ ਕਹਿੰਦਾ ਹੈ। ਉਸ ਦੇ ਬੋਲਣ ਦੇ ਲਹਿਜੇ, ਚਿਹਰੇ ਤੇ ਹਾਵ-ਭਾਵ ਤੋਂ ਪਤਾ ਲੱਗ ਸਕਦਾ ਹੈ ਕਿ ਉਸ ਦੇ ਦਿਲ ਵਿਚ ਕੀ ਹੈ। ਸਵਾਲ ਪੁੱਛਣੇ ਵੀ ਜ਼ਰੂਰੀ ਹਨ। ਬਾਈਬਲ ਕਹਿੰਦੀ ਹੈ: “ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।” (ਕਹਾ. 20:5) ਆਪਣੇ ਬੱਚੇ ਨਾਲ ਗੱਲ ਕਰਦੇ ਹੋਏ ਸਮਝਦਾਰੀ ਤੋਂ ਕੰਮ ਲਓ, ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਅਜਿਹੇ ਵਿਸ਼ੇ ਬਾਰੇ ਗੱਲਬਾਤ ਕਰਦੇ ਹੋ ਜਿਸ ਤੋਂ ਉਹ ਸ਼ਰਮਾਉਂਦਾ ਜਾਂ ਹਿਚਕਿਚਾਉਂਦਾ ਹੈ।
9. ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?
9 ਬੱਚਿਓ, ਕੀ ਤੁਸੀਂ ਆਪਣੇ ਮਾਪਿਆਂ ਦਾ ਕਹਿਣਾ ਮੰਨਦੇ ਹੋ? ਬਾਈਬਲ ਕਹਿੰਦੀ ਹੈ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ।” (ਕਹਾ. 1:8) ਯਾਦ ਰੱਖੋ ਕਿ ਤੁਹਾਡੇ ਮਾਪੇ ਤੁਹਾਨੂੰ ਪਿਆਰ ਕਰਦੇ ਹਨ ਅਤੇ ਤੁਹਾਡਾ ਭਲਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਦੀ ਸੁਣੋ ਅਤੇ ਉਨ੍ਹਾਂ ਦਾ ਕਹਿਣੇ ਮੰਨੋ। (ਅਫ਼. 6:1) ਜਦੋਂ ਘਰ ਵਿਚ ਪਿਆਰ ਦਾ ਮਾਹੌਲ ਹੁੰਦਾ ਹੈ, ਤਾਂ ਤੁਹਾਡੇ ਲਈ ਆਪਣੇ ਮੰਮੀ-ਡੈਡੀ ਦਾ ਕਹਿਣਾ ਮੰਨਣਾ ਹੋਰ ਵੀ ਸੌਖਾ ਹੋ ਜਾਂਦਾ ਹੈ। ਸੋ ਆਪਣੇ ਮਾਪਿਆਂ ਨੂੰ ਆਪਣੇ ਦਿਲ ਦੀ ਗੱਲ ਦੱਸਣ ਤੋਂ ਪਿੱਛੇ ਨਾ ਹਟੋ। ਇਸ ਤਰ੍ਹਾਂ ਉਹ ਤੁਹਾਨੂੰ ਸਮਝ ਸਕਣਗੇ। ਨਾਲੇ ਤੁਹਾਨੂੰ ਵੀ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
10. ਅਸੀਂ ਰਹਬੁਆਮ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
10 ਬੱਚਿਓ, ਕੀ ਤੁਸੀਂ ਕਦੇ ਆਪਣੇ ਦੋਸਤਾਂ ਤੋਂ ਸਲਾਹ ਲੈਂਦੇ ਹੋ? ਖ਼ਬਰਦਾਰ ਰਹੋ! ਸ਼ਾਇਦ ਤੁਹਾਨੂੰ ਉਨ੍ਹਾਂ ਦੀ ਸਲਾਹ ਚੰਗੀ ਲੱਗੇ, ਪਰ ਉਸ ’ਤੇ ਚੱਲਣ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਹੈ। ਨੌਜਵਾਨਾਂ ਕੋਲ ਸਿਆਣਿਆਂ ਵਰਗੀ ਬੁੱਧ ਤੇ ਜ਼ਿੰਦਗੀ ਦਾ ਤਜਰਬਾ ਨਹੀਂ ਹੁੰਦਾ। ਉਹ ਇਸ ਬਾਰੇ ਸੋਚਦੇ ਨਹੀਂ ਕਿ ਉਨ੍ਹਾਂ ਦੇ ਅੱਜ ਦੇ ਫ਼ੈਸਲਿਆਂ ਦਾ ਕੱਲ੍ਹ ਨੂੰ ਕੀ ਅੰਜਾਮ ਨਿਕਲੇਗਾ। ਰਾਜਾ ਸੁਲੇਮਾਨ ਦੇ ਪੁੱਤਰ ਰਹਬੁਆਮ ਦੀ ਮਿਸਾਲ ਲੈ ਲਓ। ਜਦ ਉਹ ਇਜ਼ਰਾਈਲ ਦਾ ਰਾਜਾ ਬਣਿਆ, ਤਾਂ ਕਿੰਨੀ ਅਕਲ ਵਾਲੀ ਗੱਲ ਹੁੰਦੀ ਕਿ ਉਹ ਬਜ਼ੁਰਗਾਂ ਦੀ ਸਲਾਹ ਮੰਨ ਲੈਂਦਾ। ਇਸ ਦੀ ਬਜਾਇ ਉਸ ਨੇ ਮੂਰਖਤਾ ਦਾ ਰਾਹ ਚੁਣ ਕੇ ਆਪਣੇ ਬਚਪਨ ਦੇ ਦੋਸਤਾਂ ਦੀ ਸਲਾਹ ਮੰਨੀ। ਨਤੀਜਾ ਇਹ ਨਿਕਲਿਆ ਕਿ ਜ਼ਿਆਦਾਤਰ ਲੋਕਾਂ ਨੇ ਉਸ ਨੂੰ ਰਾਜੇ ਵਜੋਂ ਠੁਕਰਾ ਦਿੱਤਾ। (1 ਰਾਜ. 12:1-17) ਰਹਬੁਆਮ ਵਰਗੇ ਨਾ ਬਣੋ। ਆਪਣੇ ਮਾਪਿਆਂ ਨਾਲ ਦਿਲ ਖੋਲ੍ਹ ਕੇ ਗੱਲਬਾਤ ਕਰੋ। ਉਨ੍ਹਾਂ ਦੀ ਸਲਾਹ ਮੰਨੋ ਅਤੇ ਉਨ੍ਹਾਂ ਦੇ ਤਜਰਬੇ ਤੋਂ ਸਿੱਖੋ।—ਕਹਾ. 13:20.
11. ਜੇ ਬੱਚਿਆਂ ਨੂੰ ਮਾਪਿਆਂ ਨਾਲ ਗੱਲ ਕਰਨੀ ਔਖੀ ਲੱਗਦੀ ਹੈ, ਤਾਂ ਉਹ ਸ਼ਾਇਦ ਕੀ ਕਰਨ?
11 ਮਾਪਿਓ, ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਆਪਣੇ ਦੋਸਤਾਂ ਤੋਂ ਸਲਾਹ ਲੈਣ ਦੀ ਬਜਾਇ ਤੁਹਾਡੇ ਕੋਲ ਆਉਣ? ਤਾਂ ਫਿਰ ਘਰ ਵਿਚ ਅਜਿਹਾ ਮਾਹੌਲ ਪੈਦਾ ਕਰੋ ਕਿ ਉਹ ਬੇਝਿਜਕ ਤੁਹਾਡੇ ਕੋਲ ਆ ਕੇ ਗੱਲ
ਕਰ ਸਕਣ। ਇਕ ਨੌਜਵਾਨ ਭੈਣ ਨੇ ਕਿਹਾ: “ਜੇ ਮੈਂ ਕਿਸੇ ਮੁੰਡੇ ਦਾ ਨਾਂ ਹੀ ਲੈ ਲਵਾਂ, ਤਾਂ ਮੇਰੇ ਮਾਪੇ ਇਕਦਮ ਪਰੇਸ਼ਾਨ ਹੋ ਜਾਂਦੇ ਹਨ। ਫਿਰ ਮੇਰਾ ਵੀ ਦਿਲ ਨਹੀਂ ਕਰਦਾ ਕਿ ਮੈਂ ਉਨ੍ਹਾਂ ਨਾਲ ਗੱਲ ਕਰਾਂ।” ਇਕ ਹੋਰ ਭੈਣ ਨੇ ਕਿਹਾ: “ਕਈ ਨੌਜਵਾਨ ਆਪਣੇ ਮਾਪਿਆਂ ਦੀ ਸਲਾਹ ਲੈਣੀ ਤਾਂ ਚਾਹੁੰਦੇ ਹਨ, ਪਰ ਜੇ ਮਾਪੇ ਉਨ੍ਹਾਂ ਦੀ ਗੱਲ ਨਾ ਸੁਣਨ, ਤਾਂ ਬੱਚੇ ਆਪਣੇ ਦੋਸਤਾਂ ਕੋਲ ਚਲੇ ਜਾਣਗੇ ਜਿਨ੍ਹਾਂ ਕੋਲ ਘੱਟ ਤਜਰਬਾ ਹੈ।” ਜੇ ਤੁਸੀਂ ਪਿਆਰ ਨਾਲ ਆਪਣੇ ਬੱਚਿਆਂ ਦੀ ਹਰ ਗੱਲ ਸੁਣਨ ਲਈ ਤਿਆਰ ਰਹੋਗੇ, ਤਾਂ ਉਹ ਵੀ ਤੁਹਾਡੇ ਕੋਲ ਆਉਣਗੇ ਅਤੇ ਤੁਹਾਡੀ ਸਲਾਹ ਲੈਣਗੇ।‘ਬੋਲਣ ਵਿਚ ਕਾਹਲੀ ਨਾ ਕਰੋ’
12. ਹੋਰ ਕਿਹੜੀ ਵਜ੍ਹਾ ਕਰਕੇ ਬੱਚਿਆਂ ਲਈ ਮਾਪਿਆਂ ਨਾਲ ਗੱਲਬਾਤ ਕਰਨੀ ਮੁਸ਼ਕਲ ਹੋ ਜਾਂਦੀ ਹੈ?
12 ਬੱਚਿਆਂ ਲਈ ਗੱਲਬਾਤ ਕਰਨੀ ਉਦੋਂ ਵੀ ਮੁਸ਼ਕਲ ਹੋ ਜਾਂਦੀ ਹੈ ਜਦ ਮਾਪੇ ਫ਼ੌਰਨ ਉਨ੍ਹਾਂ ਦੀ ਗੱਲ ਦਾ ਗੁੱਸਾ ਕਰ ਲੈਂਦੇ ਹਨ ਜਾਂ ਪਰੇਸ਼ਾਨ ਹੋ ਜਾਂਦੇ ਹਨ। ਇਹ ਸੱਚ ਹੈ ਕਿ ਮਾਪੇ ਇਸ ਬੁਰੀ ਦੁਨੀਆਂ ਵਿਚ ਆਪਣੇ ਬੱਚਿਆਂ ਨੂੰ ਖ਼ਤਰਿਆਂ ਤੋਂ ਬਚਾ ਕੇ ਰੱਖਣਾ ਚਾਹੁੰਦੇ ਹਨ। (2 ਤਿਮੋ. 3:1-5) ਪਰ ਜਦ ਮਾਪੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਸ਼ਾਇਦ ਬੱਚਿਆਂ ਨੂੰ ਲੱਗੇ ਕਿ ਉਹ ਉਨ੍ਹਾਂ ’ਤੇ ਬੰਦਸ਼ਾਂ ਲਾ ਰਹੇ ਹਨ ਤੇ ਉਨ੍ਹਾਂ ਦੀ ਆਜ਼ਾਦੀ ਖੋਹ ਰਹੇ ਹਨ।
13. ਮਾਪਿਆਂ ਨੂੰ ਆਪਣੀ ਰਾਇ ਝੱਟ ਹੀ ਕਿਉਂ ਨਹੀਂ ਦੇਣੀ ਚਾਹੀਦੀ?
13 ਮਾਪਿਓ, ਜਦ ਤੁਹਾਡੇ ਬੱਚੇ ਅਜਿਹੀਆਂ ਗੱਲਾਂ ਕਹਿੰਦੇ ਹਨ ਜਿਨ੍ਹਾਂ ਕਰਕੇ ਤੁਸੀਂ ਪਰੇਸ਼ਾਨ ਹੋ ਜਾਓ ਜਾਂ ਤੁਹਾਨੂੰ ਦੁੱਖ ਲੱਗੇ, ਤਾਂ ਉਸੇ ਵੇਲੇ ਝੱਟ ਹੀ ਆਪਣੀ ਰਾਇ ਨਾ ਦਿਓ। ਭਾਵੇਂ ਉਦੋਂ ਚੁੱਪ ਰਹਿਣਾ ਸੌਖਾ ਨਹੀਂ ਹੁੰਦਾ, ਪਰ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੋਈ ਵੀ ਜਵਾਬ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਸਾਰੀ ਗੱਲ ਧਿਆਨ ਨਾਲ ਸੁਣੋ। ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ: “ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,—ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।” (ਕਹਾ. 18:13) ਜੇ ਤੁਸੀਂ ਸ਼ਾਂਤ ਰਹੋਗੇ, ਤਾਂ ਤੁਹਾਡੇ ਬੱਚੇ ਤੁਹਾਨੂੰ ਆਪਣੇ ਦਿਲ ਦੀ ਹਰ ਗੱਲ ਦੱਸਣਗੇ। ਉਨ੍ਹਾਂ ਦੀ ਮਦਦ ਕਰਨ ਤੋਂ ਪਹਿਲਾਂ ਤੁਹਾਨੂੰ ਪੂਰੀ ਕਹਾਣੀ ਸੁਣ ਲੈਣੀ ਚਾਹੀਦੀ ਹੈ। ਹੋ ਸਕਦਾ ਹੈ ਕਿ ਤੁਹਾਡਾ ਬੱਚਾ ਬਹੁਤ ਦੁਖੀ ਹੋਵੇ ਤੇ ਜੋ ਵੀ ਮੂੰਹ ਵਿਚ ਆਵੇ, ਕਹਿ ਦੇਵੇ। (ਅੱਯੂ. 6:1-3) ਪਿਆਰੇ ਮਾਪਿਓ, ਆਪਣੇ ਬੱਚਿਆਂ ਦੀ ਗੱਲ ਧਿਆਨ ਨਾਲ ਸੁਣੋ ਅਤੇ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂਕਿ ਤੁਸੀਂ ਉਨ੍ਹਾਂ ਦੀ ਮਦਦ ਕਰ ਸਕੋ।
14. ਬੱਚਿਆਂ ਨੂੰ ਬੋਲਣ ਵਿਚ ਕਾਹਲੀ ਕਿਉਂ ਨਹੀਂ ਕਰਨੀ ਚਾਹੀਦੀ?
14 ਬੱਚਿਓ, ਤੁਹਾਨੂੰ ਵੀ “ਬੋਲਣ ਵਿਚ ਕਾਹਲੀ” ਨਹੀਂ ਕਰਨੀ ਚਾਹੀਦੀ। ਤੁਸੀਂ ਆਪਣੇ ਮਾਪਿਆਂ ਦੀਆਂ ਗੱਲਾਂ ’ਤੇ ਇਕਦਮ ਇਤਰਾਜ਼ ਨਾ ਕਰੋ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਤੁਹਾਡੀ ਦੇਖ-ਭਾਲ ਕਰਨ ਅਤੇ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਦਿੱਤੀ ਹੈ। (ਕਹਾ. 22:6) ਉਹ ਵੀ ਕਦੇ ਜਵਾਨ ਸਨ ਤੇ ਸ਼ਾਇਦ ਚੰਗੀ ਤਰ੍ਹਾਂ ਸਮਝਦੇ ਹਨ ਕਿ ਤੁਹਾਡੇ ’ਤੇ ਕੀ ਬੀਤ ਰਹੀ ਹੈ। ਇਸ ਤੋਂ ਇਲਾਵਾ ਉਹ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਵਰਗੀਆਂ ਗ਼ਲਤੀਆਂ ਦੁਹਰਾਓ। ਯਾਦ ਰੱਖੋ ਕਿ ਮਾਪੇ ਤੁਹਾਡੇ ਦੋਸਤ ਹਨ ਨਾ ਕਿ ਦੁਸ਼ਮਣ। ਉਹ ਤੁਹਾਨੂੰ ਦੁਖੀ ਨਹੀਂ, ਸਗੋਂ ਸੁਖੀ ਦੇਖਣਾ ਚਾਹੁੰਦੇ ਹਨ। (ਕਹਾਉਤਾਂ 1:5 ਪੜ੍ਹੋ।) “ਆਪਣੇ ਮਾਤਾ-ਪਿਤਾ ਦਾ ਆਦਰ” ਕਰੋ ਅਤੇ ਦਿਖਾਓ ਕਿ ਤੁਸੀਂ ਉਨ੍ਹਾਂ ਨੂੰ ਉੱਨਾ ਪਿਆਰ ਕਰਦੇ ਹੋ ਜਿੰਨਾ ਉਹ ਤੁਹਾਨੂੰ ਕਰਦੇ ਹਨ। ਫਿਰ ਉਹ ‘ਯਹੋਵਾਹ ਦੀ ਤਾੜਨਾ ਅਤੇ ਸਿੱਖਿਆ ਦਿੰਦੇ ਹੋਏ ਤੁਹਾਡੀ ਪਰਵਰਿਸ਼ ਕਰ’ ਸਕਣਗੇ।—ਅਫ਼. 6:2, 4.
‘ਜਲਦੀ ਗੁੱਸਾ ਨਾ ਕਰੋ’
15. ਧੀਰਜ ਰੱਖਣ ਤੇ ਸ਼ਾਂਤ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
15 ਅਸੀਂ ਹਮੇਸ਼ਾ ਉਨ੍ਹਾਂ ਨਾਲ ਧੀਰਜ ਨਹੀਂ ਰੱਖਦੇ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ। ਪੌਲੁਸ ਰਸੂਲ ਨੇ “ਕੁਲੁੱਸੈ ਵਿਚ ਮਸੀਹ ਦੇ ਪਵਿੱਤਰ ਤੇ ਵਫ਼ਾਦਾਰ ਭਰਾਵਾਂ ਨੂੰ” ਲਿਖਿਆ: “ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ ਅਤੇ ਗੁੱਸੇ ਵਿਚ ਉਨ੍ਹਾਂ ਉੱਤੇ ਨਾ ਭੜਕੋ। ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ ਤਾਂਕਿ ਉਹ ਦਿਲ ਨਾ ਹਾਰ ਬੈਠਣ।” (ਕੁਲੁ. 1:1, 2; 3:19, 21) ਪੌਲੁਸ ਨੇ ਅਫ਼ਸੀਆਂ ਦੇ ਮਸੀਹੀਆਂ ਨੂੰ ਤਾਕੀਦ ਕੀਤੀ: “ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ।” (ਅਫ਼. 4:31) ਜੇ ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਸਹਿਣਸ਼ੀਲਤਾ, ਨਰਮਾਈ ਤੇ ਸੰਜਮ ਵਰਗੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਦਬਾਅ ਹੇਠ ਵੀ ਸ਼ਾਂਤ ਰਹਿ ਸਕਾਂਗੇ।—ਗਲਾ. 5:22, 23.
16. ਯਿਸੂ ਨੇ ਆਪਣੇ ਰਸੂਲਾਂ ਨੂੰ ਕਿਵੇਂ ਸੁਧਾਰਿਆ ਸੀ ਤੇ ਇਹ ਪੜ੍ਹ ਕੇ ਅਸੀਂ ਹੈਰਾਨ ਕਿਉਂ ਰਹਿ ਜਾਂਦੇ ਹਾਂ?
16 ਯਿਸੂ ਦੀ ਮਿਸਾਲ ਵੱਲ ਧਿਆਨ ਦਿਓ। ਜ਼ਰਾ ਸੋਚੋ ਕਿ ਧਰਤੀ ’ਤੇ ਆਪਣੀ ਆਖ਼ਰੀ ਰਾਤ ਨੂੰ ਉਹ ਕਿੰਨੀਆਂ ਪਰੇਸ਼ਾਨੀਆਂ ਨਾਲ ਘਿਰਿਆ ਹੋਇਆ ਸੀ। ਉਹ ਆਖ਼ਰੀ ਵਾਰ ਆਪਣੇ ਰਸੂਲਾਂ ਨਾਲ ਰੋਟੀ ਖਾ ਰਿਹਾ ਸੀ ਤੇ ਉਸ ਨੂੰ ਪਤਾ ਸੀ ਕਿ ਕੁਝ ਹੀ ਘੰਟਿਆਂ ਵਿਚ ਉਸ ਨੂੰ ਇਕ ਦਰਦਨਾਕ ਮੌਤ ਮਰਨਾ ਪਵੇਗਾ। ਉਸ ਲਈ ਵਫ਼ਾਦਾਰ ਰਹਿਣਾ ਬੇਹੱਦ ਜ਼ਰੂਰੀ ਸੀ ਤਾਂਕਿ ਉਸ ਦੇ ਪਿਤਾ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਵੇ ਅਤੇ ਇਨਸਾਨਾਂ ਨੂੰ ਮੁਕਤੀ ਮਿਲ ਸਕੇ। ਪਰ ਰੋਟੀ ਖਾਂਦਿਆਂ ਰਸੂਲ “ਤੈਸ਼ ਵਿਚ ਆ ਕੇ ਇਸ ਗੱਲ ’ਤੇ ਆਪਸ ਵਿਚ ਬਹਿਸਣ ਲੱਗ ਪਏ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ।” ਯਿਸੂ ਨੂੰ ਨਾ ਤਾਂ ਗੁੱਸਾ ਚੜ੍ਹਿਆ ਤੇ ਨਾ ਹੀ ਉਸ ਨੇ ਉਨ੍ਹਾਂ ਨੂੰ ਬੁਰਾ-ਭਲਾ ਕਿਹਾ। ਇਸ ਦੀ ਬਜਾਇ ਉਸ ਨੇ ਠੰਢੇ ਦਿਮਾਗ਼ ਨਾਲ ਉਨ੍ਹਾਂ ਨਾਲ ਗੱਲ ਕੀਤੀ। ਯਿਸੂ ਨੇ ਉਨ੍ਹਾਂ ਨੂੰ ਯਾਦ ਦਿਲਾਇਆ ਕਿ ਉਨ੍ਹਾਂ ਨੇ ਉਸ ਦੀਆਂ ਅਜ਼ਮਾਇਸ਼ਾਂ ਦੌਰਾਨ ਉਸ ਦਾ ਸਾਥ ਨਿਭਾਇਆ ਸੀ। ਭਾਵੇਂ ਸ਼ੈਤਾਨ ਉਨ੍ਹਾਂ ਨੂੰ ਕਣਕ ਵਾਂਗ ਛੱਟਣਾ ਚਾਹੁੰਦਾ ਸੀ, ਪਰ ਯਿਸੂ ਨੂੰ ਪੂਰਾ ਭਰੋਸਾ ਸੀ ਕਿ ਉਹ ਵਫ਼ਾਦਾਰ ਰਹਿਣਗੇ। ਉਸ ਨੇ ਉਨ੍ਹਾਂ ਨਾਲ ਇਕਰਾਰ ਵੀ ਕੀਤਾ ਸੀ।—ਲੂਕਾ 22:24-32.
17. ਸ਼ਾਂਤ ਰਹਿਣ ਵਿਚ ਕਿਹੜੀ ਚੀਜ਼ ਬੱਚਿਆਂ ਦੀ ਮਦਦ ਕਰੇਗੀ?
17 ਬੱਚਿਆਂ ਨੂੰ ਵੀ ਸ਼ਾਂਤ ਰਹਿਣ ਦੀ ਲੋੜ ਹੈ। ਸ਼ਾਇਦ ਤੁਹਾਨੂੰ ਚੰਗਾ ਨਾ ਲੱਗੇ ਜਦ ਤੁਹਾਡੇ ਮਾਪੇ ਤੁਹਾਨੂੰ ਸਲਾਹ ਦਿੰਦੇ ਹਨ। ਤੁਸੀਂ ਸ਼ਾਇਦ ਸੋਚੋ ਕਿ ਉਹ ਤੁਹਾਡੇ ’ਤੇ ਭਰੋਸਾ ਨਹੀਂ ਰੱਖਦੇ। ਪਰ ਯਾਦ ਰੱਖੋ ਕਿ ਤੁਹਾਡੇ ਮਾਪਿਆਂ ਨੂੰ ਤੁਹਾਡਾ ਫ਼ਿਕਰ ਹੈ ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਹਨ। ਜੇ ਤੁਸੀਂ ਸ਼ਾਂਤ ਰਹਿ ਕੇ ਉਨ੍ਹਾਂ ਦੀ ਗੱਲ ਸੁਣੋਗੇ ਤੇ ਉਨ੍ਹਾਂ ਦਾ ਕਹਿਣਾ ਮੰਨੋਗੇ, ਤਾਂ ਉਹ ਤੁਹਾਡੀ ਇੱਜ਼ਤ ਕਰਨਗੇ ਅਤੇ ਦੇਖਣਗੇ ਕਿ ਤੁਸੀਂ ਜ਼ਿੰਮੇਵਾਰ ਬਣ ਰਹੇ ਹੋ। ਇਸ ਕਰਕੇ ਸ਼ਾਇਦ ਉਹ ਤੁਹਾਨੂੰ ਕੁਝ ਹੱਦ ਤਕ ਆਜ਼ਾਦੀ ਦੇਣ। ਆਪਣੇ ਜਜ਼ਬਾਤਾਂ ’ਤੇ ਕਾਬੂ ਰੱਖਣ ਵਿਚ ਹੀ ਅਕਲਮੰਦੀ ਹੈ। ਬਾਈਬਲ ਕਹਿੰਦੀ ਹੈ: “ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।”—ਕਹਾ. 29:11.
18. ਖੁੱਲ੍ਹ ਕੇ ਗੱਲਬਾਤ ਕਰਨ ਵਿਚ ਪਿਆਰ ਕਿਵੇਂ ਮਦਦ ਕਰਦਾ ਹੈ?
18 ਸੋ ਪਿਆਰੇ ਮਾਪਿਓ ਤੇ ਬੱਚਿਓ, ਜੇ ਤੁਹਾਡੇ ਘਰ ਵਿਚ ਖੁੱਲ੍ਹ ਕੇ ਗੱਲਬਾਤ ਨਹੀਂ ਹੁੰਦੀ, ਤਾਂ ਹੌਸਲਾ ਨਾ ਹਾਰੋ। ਮਿਹਨਤ ਕਰਦੇ ਰਹੋ ਤੇ ਸੱਚਾਈ ਦੇ ਰਾਹ ਉੱਤੇ ਚੱਲਦੇ ਰਹੋ। (3 ਯੂਹੰ. 4) ਨਵੀਂ ਦੁਨੀਆਂ ਵਿਚ ਸਾਰੇ ਲੋਕ ਮੁਕੰਮਲ ਹੋਣਗੇ ਤੇ ਗੱਲਬਾਤ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ। ਪਰ ਹੁਣ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਤੇ ਸਾਨੂੰ ਛੇਤੀ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ ਤੇ “ਪਿਆਰ ਨਾਲ ਇਕ ਹੋ ਕੇ” ਰਹੋ। (ਕੁਲੁ. 2:2) ਪਿਆਰ ਵਿਚ ਬੜੀ ਤਾਕਤ ਹੈ। ‘ਪਿਆਰ ਧੀਰਜਵਾਨ ਅਤੇ ਦਿਆਲੂ ਹੈ। ਇਹ ਖਿਝਦਾ ਨਹੀਂ। ਇਹ ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ। ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ, ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ, ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ।’ (1 ਕੁਰਿੰ. 13:4-7) ਜੇ ਤੁਸੀਂ ਇਕ-ਦੂਜੇ ਨੂੰ ਪਿਆਰ ਕਰਦੇ ਰਹੋਗੇ, ਤਾਂ ਪਰਿਵਾਰ ਵਿਚ ਖੁੱਲ੍ਹ ਕੇ ਗੱਲਬਾਤ ਹੋ ਸਕੇਗੀ। ਤੁਹਾਡੇ ਪਰਿਵਾਰ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ ਤੇ ਯਹੋਵਾਹ ਪਰਮੇਸ਼ੁਰ ਦਾ ਨਾਂ ਰੌਸ਼ਨ ਹੋਵੇਗਾ।