Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

“ਮੈਂ ਆਪਣਾ ਘਰ ਆਪਣੇ ਨਾਲ ਕਿਤੇ ਵੀ ਲੈ ਜਾਂਦਾ ਸੀ”

“ਮੈਂ ਆਪਣਾ ਘਰ ਆਪਣੇ ਨਾਲ ਕਿਤੇ ਵੀ ਲੈ ਜਾਂਦਾ ਸੀ”

ਸਾਲ 1929 ਦੀ ਗੱਲ ਹੈ ਜਦ ਅਮਰੀਕਾ ਵਿਚ ਅਗਸਤ/​ਸਤੰਬਰ ਮਹੀਨਿਆਂ ਦੌਰਾਨ ਨੌਂ ਦਿਨਾਂ ਦੀ ਮੁਹਿੰਮ ਚਲਾਈ ਗਈ। ਇਸ ਵਿਚ 10,000 ਤੋਂ ਜ਼ਿਆਦਾ ਪ੍ਰਚਾਰਕਾਂ ਨੇ ਇੰਨੀ ਤੇਜ਼ੀ ਨਾਲ ਪ੍ਰਚਾਰ ਕੀਤਾ ਕਿ ਉਨ੍ਹਾਂ ਨੇ ਲੋਕਾਂ ਨੂੰ 2,50,000 ਕਿਤਾਬਾਂ ਅਤੇ ਪੁਸਤਿਕਾਵਾਂ ਵੰਡੀਆਂ। ਉਨ੍ਹਾਂ ਗਵਾਹਾਂ ਵਿਚ ਤਕਰੀਬਨ ਇਕ ਹਜ਼ਾਰ ਕੋਲਪੋਰਟਰ (ਪਾਇਨੀਅਰ) ਸਨ। ਬੁਲੇਟਿਨ * ਵਿਚ ਐਲਾਨ ਕੀਤਾ ਗਿਆ ਕਿ “ਇਹ ਬੜੀ ਹੈਰਾਨੀ ਵਾਲੀ ਗੱਲ ਹੈ” ਕਿ 1927 ਤੋਂ 1929 ਤਕ ਪਾਇਨੀਅਰਾਂ ਦੀ ਗਿਣਤੀ ਤਿੰਨ ਗੁਣਾ ਵਧ ਗਈ। ਵਾਕਈ ਉਨ੍ਹਾਂ ਦੀ ਗਿਣਤੀ ਵਿਚ ਕਿੰਨਾ ਵਾਧਾ ਹੋਇਆ ਸੀ!

1929 ਦੇ ਅਖ਼ੀਰ ਵਿਚ ਮਹਾਂ-ਮੰਦੀ ਦਾ ਦੌਰ ਸ਼ੁਰੂ ਹੋਇਆ। ਮੰਗਲਵਾਰ 29 ਅਕਤੂਬਰ 1929 ਨੂੰ ਨਿਊਯਾਰਕ ਦੇ ਸ਼ੇਅਰ ਬਾਜ਼ਾਰ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਜਿਸ ਕਰਕੇ ਪੂਰੀ ਦੁਨੀਆਂ ਆਰਥਿਕ ਮਹਾਂ-ਮੰਦੀ ਦੀ ਲਪੇਟ ਵਿਚ ਆ ਗਈ। ਹਜ਼ਾਰਾਂ ਹੀ ਬੈਂਕ ਤਬਾਹ ਹੋ ਗਏ, ਕਈ ਕਿਸਾਨਾਂ ਨੇ ਖੇਤੀ-ਬਾੜੀ ਕਰਨੀ ਬੰਦ ਕਰ ਦਿੱਤੀ, ਵੱਡੇ-ਵੱਡੇ ਕਾਰਖ਼ਾਨੇ ਬੰਦ ਹੋ ਗਏ ਅਤੇ ਲੱਖਾਂ ਹੀ ਲੋਕ ਬੇਰੋਜ਼ਗਾਰ ਹੋ ਗਏ। 1933 ਵਿਚ ਅਮਰੀਕਾ ਦੇ ਜਿਹੜੇ ਲੋਕ ਬੈਂਕਾਂ ਨੂੰ ਕਰਜ਼ਾ ਨਹੀਂ ਮੋੜ ਸਕੇ, ਉਨ੍ਹਾਂ ਦੇ ਘਰਾਂ ’ਤੇ ਬੈਂਕਾਂ ਨੇ ਕਬਜ਼ਾ ਕਰ ਲਿਆ। ਹਾਲਾਤ ਇੰਨੇ ਬੁਰੇ ਸਨ ਕਿ ਇਕ ਦਿਨ ਵਿਚ ਇਕ ਹਜ਼ਾਰ ਘਰਾਂ ’ਤੇ ਕਬਜ਼ਾ ਕੀਤਾ ਜਾ ਰਿਹਾ ਸੀ।

ਇਸ ਮਹਾਂ-ਮੰਦੀ ਦੌਰਾਨ ਪਾਇਨੀਅਰਾਂ ਨੇ ਆਪਣਾ ਗੁਜ਼ਾਰਾ ਕਿਵੇਂ ਤੋਰਿਆ? ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ, ਉਹ ਆਪਣੀਆਂ ਗੱਡੀਆਂ ਨੂੰ ਘਰ ਵਰਗਾ ਬਣਾ ਲੈਂਦੇ ਸਨ ਜਿਸ ਵਾਸਤੇ ਉਨ੍ਹਾਂ ਨੂੰ ਕਿਰਾਇਆ ਤੇ ਟੈਕਸ ਨਹੀਂ ਸੀ ਦੇਣਾ ਪੈਂਦਾ। ਆਪਣੇ ਇਨ੍ਹਾਂ “ਚੱਲਦੇ-ਫਿਰਦੇ ਘਰਾਂ” ਵਿਚ ਰਹਿਣ ਕਰਕੇ ਕਈ ਪਾਇਨੀਅਰ ਥੋੜ੍ਹੇ ਜਿਹੇ ਪੈਸਿਆਂ ਨਾਲ ਆਪਣਾ ਗੁਜ਼ਾਰਾ ਤੋਰਦੇ ਸਨ ਤੇ ਪਾਇਨੀਅਰਿੰਗ ਕਰਨ ਵਿਚ ਲੱਗੇ ਰਹਿੰਦੇ ਸਨ। * ਜ਼ਿਲ੍ਹਾ ਸੰਮੇਲਨ ਦੇ ਸਮੇਂ ਉਨ੍ਹਾਂ ਨੂੰ ਹੋਟਲਾਂ ਵਿਚ ਰਹਿਣ ਦੀ ਲੋੜ ਨਹੀਂ ਸੀ ਕਿਉਂਕਿ ਉਹ ਆਪਣੀਆਂ ਗੱਡੀਆਂ ਵਿਚ ਹੀ ਰਹਿੰਦੇ ਸਨ। ਸਾਲ 1934 ਦੇ ਬੁਲੇਟਿਨ ਵਿਚ ਦੱਸਿਆ ਗਿਆ ਕਿ ਗੱਡੀ ਨੂੰ ਇਕ “ਚੱਲਦੇ-ਫਿਰਦੇ ਘਰ” ਵਿਚ ਕਿਵੇਂ ਬਦਲਿਆ ਜਾ ਸਕਦਾ ਸੀ। ਨਾਲੇ ਇਹ ਵੀ ਸਮਝਾਇਆ ਸੀ ਗਿਆ ਕਿ ਇਨ੍ਹਾਂ ਛੋਟੀਆਂ ਗੱਡੀਆਂ ਵਿਚ ਰਹਿਣ ਲਈ ਪਾਣੀ ਦਾ ਪ੍ਰਬੰਧ, ਸਟੋਵ, ਫੋਲਡਿੰਗ ਬੈੱਡ ਅਤੇ ਠੰਢ ਤੋਂ ਬਚਣ ਦਾ ਇੰਤਜ਼ਾਮ ਕਿੱਦਾਂ ਕੀਤਾ ਜਾ ਸਕਦਾ ਸੀ।

ਦੁਨੀਆਂ ਭਰ ਵਿਚ ਪਾਇਨੀਅਰਾਂ ਨੇ ਸੋਚਿਆ ਕਿ ਉਹ ਆਪਣੀਆਂ ਗੱਡੀਆਂ ਨੂੰ ਘਰਾਂ ਵਿਚ ਕਿਵੇਂ ਬਦਲ ਸਕਦੇ ਹਨ। ਵਿਕਟਰ ਬਲੈਕਵੈੱਲ ਨਾਂ ਦਾ ਭਰਾ ਯਾਦ ਕਰਦਾ ਹੈ: “ਜਿੱਦਾਂ ਨੂਹ ਕੋਲ ਕਿਸ਼ਤੀ ਬਣਾਉਣ ਦਾ ਕੋਈ ਤਜਰਬਾ ਨਹੀਂ ਸੀ, ਉੱਦਾਂ ਮੈਨੂੰ ਇਹ ‘ਚੱਲਦਾ-ਫਿਰਦਾ ਘਰ’ ਬਣਾਉਣ ਦਾ ਕੋਈ ਤਜਰਬਾ ਨਹੀਂ ਸੀ।” ਫਿਰ ਵੀ ਭਰਾ ਬਲੈਕਵੈੱਲ ਆਪਣਾ ਘਰ ਬਣਾ ਸਕਿਆ।

ਭਾਰਤ ਵਿਚ ਮੌਨਸੂਨ ਦੌਰਾਨ ਨਦੀ ਪਾਰ ਕਰਨ ਲਈ ਘਰ ਵਰਗੀ ਗੱਡੀ ਕਿਸ਼ਤੀ ਉੱਤੇ ਲੱਦਦੇ ਹੋਏ

ਏਵਰੀ ਅਤੇ ਲੋਵੀਨੀਆ ਬ੍ਰਿਸਟੋ ਨੇ ਆਪਣੀ ਗੱਡੀ ਨੂੰ ਇਕ ਘਰ ਵਰਗਾ ਬਣਾਇਆ ਹੋਇਆ ਸੀ। ਏਵਰੀ ਨੇ ਦੱਸਿਆ: “ਜਿੱਦਾਂ ਕਛੂਆ ਆਪਣੇ ਖੋਲ ਵਿਚ ਰਹਿੰਦਾ ਹੈ ਉੱਦਾਂ ਹੀ ਮੈਂ ਆਪਣਾ ਘਰ ਆਪਣੇ ਨਾਲ ਕਿਤੇ ਵੀ ਲੈ ਜਾਂਦਾ ਸੀ।” ਏਵਰੀ ਤੇ ਲੋਵੀਨੀਆ ਨੇ ਹਾਰਵੀ ਤੇ ਐਨ ਕੌਨਰੋ ਨਾਲ ਮਿਲ ਕੇ ਪਾਇਨੀਅਰਿੰਗ ਕੀਤੀ ਸੀ ਜਿਨ੍ਹਾਂ ਦੇ ‘ਚੱਲਦੇ-ਫਿਰਦੇ ਘਰ’ ਦੀਆਂ ਕੰਧਾਂ ’ਤੇ ਲੁੱਕ ਤੋਂ ਬਣੇ ਗੱਤੇ ਲੱਗੇ ਹੋਏ ਸਨ। ਜਦੋਂ ਵੀ ਉਹ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਸਨ, ਤਾਂ ਗੱਤੇ ਦੇ ਟੁਕੜੇ ਡਿਗ ਜਾਂਦੇ ਸਨ। ਏਵਰੀ ਯਾਦ ਕਰਦਾ ਹੈ: “ਕਿਸੇ ਨੇ ਪਹਿਲਾਂ ਕਦੇ ਵੀ ਇਸ ਤਰ੍ਹਾਂ ਦਾ ‘ਚੱਲਦਾ-ਫਿਰਦਾ ਘਰ’ ਨਹੀਂ ਸੀ ਦੇਖਿਆ ਅਤੇ ਨਾ ਹੀ ਇਸ ਤੋਂ ਬਾਅਦ ਕਿਸੇ ਨੇ ਇਸ ਤਰ੍ਹਾਂ ਦਾ ਘਰ ਬਣਾਇਆ!” ਪਰ ਏਵਰੀ ਨੇ ਕਿਹਾ ਕਿ ਹਾਰਵੀ, ਐਨ ਅਤੇ ਉਨ੍ਹਾਂ ਦੇ ਦੋ ਮੁੰਡੇ ਯਾਨੀ ਸਾਰੇ ਪਰਿਵਾਰ “ਦੇ ਚਿਹਰੇ ਹਮੇਸ਼ਾ ਖਿੜੇ ਰਹਿੰਦੇ ਸਨ।” ਹਾਰਵੀ ਕੌਨਰੋ ਨੇ ਲਿਖਿਆ: “ਸਾਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਈ ਅਤੇ ਸਾਨੂੰ ਲੱਗਦਾ ਸੀ ਕਿ ਅਸੀਂ ਯਹੋਵਾਹ ਦੀ ਸੇਵਾ ਕਰਦਿਆਂ ਉਸ ਦੇ ਹੱਥਾਂ ਵਿਚ ਪੂਰੀ ਤਰ੍ਹਾਂ ਮਹਿਫੂਜ਼ ਸੀ।” ਬਾਅਦ ਵਿਚ ਪੂਰਾ ਕੌਨਰੋ ਪਰਿਵਾਰ ਗਿਲਿਅਡ ਸਕੂਲ ਗਿਆ ਤੇ ਉਨ੍ਹਾਂ ਨੂੰ ਪੀਰੂ ਵਿਚ ਮਿਸ਼ਨਰੀਆਂ ਵਜੋਂ ਭੇਜਿਆ ਗਿਆ।

ਬੱਤਾਈਨੋਸ ਪਰਿਵਾਰ ਵੀ ਪਾਇਨੀਅਰਿੰਗ ਕਰਦਾ ਸੀ। ਜਦੋਂ ਜੁਸਤੋ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਵਿਨਚੈਂਸਾ ਮਾਂ ਬਣਨ ਵਾਲੀ ਸੀ, ਤਾਂ ਉਨ੍ਹਾਂ ਨੇ ਆਪਣੇ 1929 ਮਾਡਲ ਦੇ ਏ ਫੋਰਡ ਟਰੱਕ ਨੂੰ ਘਰ ਵਰਗਾ ਬਣਾ ਲਿਆ। ਇਸ ਤੋਂ ਪਹਿਲਾਂ ਉਹ ਤੰਬੂਆਂ ਵਿਚ ਰਹਿੰਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਇਹ ‘ਚੱਲਦਾ-ਫਿਰਦਾ ਘਰ’ ਇਕ “ਸੋਹਣੇ ਹੋਟਲ ਵਰਗਾ ਲੱਗਦਾ ਸੀ।” ਭਾਵੇਂ ਕਿ ਉਨ੍ਹਾਂ ਦੀ ਧੀ ਛੋਟੀ ਸੀ, ਫਿਰ ਵੀ ਉਹ ਉਸ ਨੂੰ ਨਾਲ ਲੈ ਕੇ ਪਾਇਨੀਅਰਿੰਗ ਕਰਦੇ ਰਹੇ ਅਤੇ ਅਮਰੀਕਾ ਵਿਚ ਇਤਾਲਵੀ ਲੋਕਾਂ ਨੂੰ ਪ੍ਰਚਾਰ ਕਰਦੇ ਰਹੇ।

ਉਸ ਸਮੇਂ ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਸੁਣਦੇ ਸਨ, ਪਰ ਗ਼ਰੀਬ ਤੇ ਬੇਰੋਜ਼ਗਾਰ ਲੋਕਾਂ ਕੋਲ ਪ੍ਰਕਾਸ਼ਨ ਲੈਣ ਲਈ ਪੈਸੇ ਨਹੀਂ ਹੁੰਦੇ ਸਨ। ਇਸ ਲਈ ਉਹ ਪ੍ਰਕਾਸ਼ਨਾਂ ਦੇ ਬਦਲੇ ਹੋਰ ਕਈ ਚੀਜ਼ਾਂ ਦੇ ਦਿੰਦੇ ਸਨ। ਮਿਸਾਲ ਲਈ ਦੋ ਪਾਇਨੀਅਰ ਭੈਣਾਂ ਨੇ 64 ਵੱਖ-ਵੱਖ ਚੀਜ਼ਾਂ ਦੀ ਲਿਸਟ ਬਣਾਈ ਜੋ ਉਨ੍ਹਾਂ ਨੂੰ ਲੋਕਾਂ ਨੇ ਦਿੱਤੀਆਂ ਸਨ। ਇਹ ਲਿਸਟ ਇੱਦਾਂ ਲੱਗਦੀ ਸੀ ਜਿੱਦਾਂ ਉਹ “ਕਿਸੇ ਦੁਕਾਨ ਤੋਂ ਲਈਆਂ ਚੀਜ਼ਾਂ ਦੀ ਲਿਸਟ” ਪੜ੍ਹ ਰਹੀਆਂ ਹੋਣ।

ਫਰੈੱਡ ਐਂਡਰਸਨ ਨਾਂ ਦਾ ਭਰਾ ਇਕ ਕਿਸਾਨ ਨੂੰ ਮਿਲਿਆ ਜਿਸ ਨੇ ਉਸ ਨੂੰ ਕਿਤਾਬਾਂ ਦੇ ਬਦਲੇ ਐਨਕਾਂ ਦਿੱਤੀਆਂ ਜੋ ਉਸ ਦੀ ਮੰਮੀ ਦੀਆਂ ਹੁੰਦੀਆਂ ਸਨ। ਅਗਲੇ ਖੇਤ ਵਿਚ ਇਕ ਆਦਮੀ ਪ੍ਰਕਾਸ਼ਨ ਲੈਣਾ ਤਾਂ ਚਾਹੁੰਦਾ ਸੀ, ਪਰ ਉਸ ਨੇ ਕਿਹਾ: “ਮੇਰੇ ਕੋਲ ਪੜ੍ਹਨ ਲਈ ਐਨਕਾਂ ਨਹੀਂ ਹਨ।” ਇਸ ਲਈ ਜੋ ਐਨਕਾਂ ਭਰਾ ਨੂੰ ਉਸ ਗੁਆਂਢੀ ਤੋਂ ਮਿਲੀਆਂ ਸਨ, ਉਸ ਨੇ ਆਦਮੀ ਨੂੰ ਦੇ ਦਿੱਤੀਆਂ। ਹੁਣ ਉਹ ਐਨਕਾਂ ਦੀ ਮਦਦ ਨਾਲ ਪੜ੍ਹ ਸਕਦਾ ਸੀ, ਸੋ ਉਸ ਨੇ ਖ਼ੁਸ਼ੀ-ਖ਼ੁਸ਼ੀ ਭਰਾ ਨੂੰ ਕਿਤਾਬਾਂ ਅਤੇ ਐਨਕਾਂ ਲਈ ਦਾਨ ਦਿੱਤਾ।

ਹਰਬਰਟ ਐਬਟ ਨੇ ਆਪਣੀ ਗੱਡੀ ਵਿਚ ਮੁਰਗੀਆਂ ਦਾ ਖਾਲੀ ਪਿੰਜਰਾ ਰੱਖਿਆ ਹੋਇਆ ਸੀ। ਉਹ ਲੋਕਾਂ ਤੋਂ ਪ੍ਰਕਾਸ਼ਨਾਂ ਦੇ ਬਦਲੇ ਤਿੰਨ-ਚਾਰ ਮੁਰਗੀਆਂ ਲੈ ਲੈਂਦਾ ਸੀ, ਫਿਰ ਉਹ ਉਨ੍ਹਾਂ ਨੂੰ ਬਾਜ਼ਾਰ ਵਿਚ ਵੇਚ ਦਿੰਦਾ ਸੀ। ਉਨ੍ਹਾਂ ਪੈਸਿਆਂ ਨਾਲ ਉਹ ਗੱਡੀ ਵਿਚ ਤੇਲ ਪੁਆ ਲੈਂਦਾ ਸੀ। ਉਸ ਨੇ ਲਿਖਿਆ: “ਕਦੀ-ਕਦੀ ਸਾਡੀ ਜੇਬ ਵਿਚ ਇਕ ਧੇਲਾ ਵੀ ਨਹੀਂ ਸੀ ਹੁੰਦਾ, ਪਰ ਅਸੀਂ ਪਾਇਨੀਅਰਿੰਗ ਨਹੀਂ ਛੱਡੀ। ਜਦ ਤਕ ਸਾਡੀ ਗੱਡੀ ਵਿਚ ਤੇਲ ਹੁੰਦਾ ਸੀ, ਅਸੀਂ ਯਹੋਵਾਹ ’ਤੇ ਪੂਰਾ ਭਰੋਸਾ ਰੱਖ ਕੇ ਇਕ ਥਾਂ ਤੋਂ ਦੂਜੀ ਥਾਂ ਅੱਗੇ ਵਧਦੇ ਜਾਂਦੇ ਸੀ।”

ਭੈਣਾਂ-ਭਰਾਵਾਂ ਨੇ ਉਨ੍ਹਾਂ ਮੁਸ਼ਕਲ ਸਾਲਾਂ ਦੌਰਾਨ ਯਹੋਵਾਹ ਉੱਤੇ ਭਰੋਸਾ ਰੱਖਿਆ ਤੇ ਆਪਣੇ ਇਰਾਦੇ ’ਤੇ ਡਟੇ ਰਹੇ। ਮੈਕਸਵੈੱਲ ਅਤੇ ਐਮੀ ਲੂਇਸ ਦੀ ਮਿਸਾਲ ਲੈ ਲਓ। ਇਕ ਵਾਰ ਇੰਨੀ ਤੇਜ਼ ਮੀਂਹ-ਹਨੇਰੀ ਆਈ ਕਿ ਉਨ੍ਹਾਂ ਨੂੰ ਫਟਾਫਟ ਆਪਣੀ ਘਰ ਵਰਗੀ ਗੱਡੀ ਵਿੱਚੋਂ ਬਾਹਰ ਨਿਕਲਣਾ ਪਿਆ। ਉਨ੍ਹਾਂ ਦੇ ਬਾਹਰ ਨਿਕਲਦੇ ਹੀ ਤੁਰੰਤ ਗੱਡੀ ਉੱਤੇ ਇਕ ਦਰਖ਼ਤ ਆ ਡਿਗਿਆ ਤੇ ਗੱਡੀ ਦੇ ਦੋ ਹਿੱਸੇ ਹੋ ਗਏ। ਮੈਕਸਵੈੱਲ ਨੇ ਲਿਖਿਆ, “ਇਨ੍ਹਾਂ ਗੱਲਾਂ ਕਾਰਨ ਅਸੀਂ ਹੌਸਲਾ ਨਹੀਂ ਹਾਰਿਆ ਕਿਉਂਕਿ ਇੱਦਾਂ ਦੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਸਨ। ਅਸੀਂ ਪਾਇਨੀਅਰਿੰਗ ਛੱਡਣ ਬਾਰੇ ਕਦੇ ਸੋਚਿਆ ਵੀ ਨਹੀਂ। ਬਹੁਤ ਸਾਰੇ ਲੋਕਾਂ ਨੂੰ ਪ੍ਰਚਾਰ ਕਰਨਾ ਬਾਕੀ ਸੀ ਤੇ ਅਸੀਂ ਇਹ ਕੰਮ ਕਰਨ ਲਈ ਆਪਣਾ ਲੱਕ ਬੰਨ੍ਹਿਆ ਹੋਇਆ ਸੀ।” ਹਿੰਮਤ ਹਾਰਨ ਦੀ ਬਜਾਇ ਉਨ੍ਹਾਂ ਨੇ ਆਪਣੇ ਦੋਸਤਾਂ ਦੀ ਮਦਦ ਸਦਕਾ ਫਿਰ ਤੋਂ ਆਪਣਾ ਚੱਲਦਾ-ਫਿਰਦਾ ਘਰ ਬਣਾ ਲਿਆ।

ਅੱਜ ਦੇ ਔਖੇ ਸਮੇਂ ਵਿਚ ਵੀ ਯਹੋਵਾਹ ਦੇ ਲੱਖਾਂ ਹੀ ਜੋਸ਼ੀਲੇ ਗਵਾਹ ਸਾਦੀ ਜ਼ਿੰਦਗੀ ਜੀਉਂਦੇ ਹਨ। ਇਨ੍ਹਾਂ ਪੁਰਾਣੇ ਜ਼ਮਾਨੇ ਦੇ ਪਾਇਨੀਅਰਾਂ ਵਾਂਗ ਅਸੀਂ ਵੀ ਉਦੋਂ ਤਕ ਪ੍ਰਚਾਰ ਕਰਦੇ ਰਹਾਂਗੇ ਜਦ ਤਕ ਯਹੋਵਾਹ ਇਹ ਕਹਿ ਨਹੀਂ ਦਿੰਦਾ ਕਿ ਕੰਮ ਪੂਰਾ ਹੋ ਗਿਆ।

^ ਪੇਰਗ੍ਰੈਫ 3 ਹੁਣ ਸਾਡੀ ਰਾਜ ਸੇਵਕਾਈ ਕਿਹਾ ਜਾਂਦਾ ਹੈ।

^ ਪੇਰਗ੍ਰੈਫ 5 ਉਨ੍ਹਾਂ ਸਮਿਆਂ ਵਿਚ ਪਾਇਨੀਅਰ ਨੌਕਰੀ ਨਹੀਂ ਸੀ ਕਰਦੇ। ਉਨ੍ਹਾਂ ਨੂੰ ਘੱਟ ਕੀਮਤ ’ਤੇ ਬਾਈਬਲ ਪ੍ਰਕਾਸ਼ਨ ਮਿਲ ਜਾਂਦੇ ਸਨ ਅਤੇ ਇਨ੍ਹਾਂ ਤੋਂ ਮਿਲਦੇ ਦਾਨ ਨਾਲ ਉਹ ਆਪਣਾ ਗੁਜ਼ਾਰਾ ਤੋਰਦੇ ਸਨ।