ਪਾਠਕਾਂ ਵੱਲੋਂ ਸਵਾਲ
ਕੀ ਮਸੀਹੀਆਂ ਲਈ ਮੁਰਦਿਆਂ ਦਾ ਦਾਹ-ਸੰਸਕਾਰ ਕਰਨਾ ਸਹੀ ਹੈ?
ਬਾਈਬਲ ਮੁਰਦਿਆਂ ਦੇ ਦਾਹ-ਸੰਸਕਾਰ ਬਾਰੇ ਕੋਈ ਇਤਰਾਜ਼ ਨਹੀਂ ਕਰਦੀ।
ਬਾਈਬਲ ਵਿਚ ਅਜਿਹੇ ਬਿਰਤਾਂਤ ਦਿੱਤੇ ਗਏ ਹਨ ਜਿਨ੍ਹਾਂ ਵਿਚ ਮਰੇ ਹੋਏ ਲੋਕਾਂ ਦੀਆਂ ਲਾਸ਼ਾਂ ਜਾਂ ਹੱਡੀਆਂ ਸਾੜਨ ਬਾਰੇ ਦੱਸਿਆ ਗਿਆ ਹੈ। (ਯਹੋ. 7:25; 2 ਇਤ. 34:4, 5) ਇਨ੍ਹਾਂ ਬਿਰਤਾਂਤਾਂ ਤੋਂ ਸ਼ਾਇਦ ਲੱਗੇ ਕਿ ਉਨ੍ਹਾਂ ਲੋਕਾਂ ਨੂੰ ਇੱਜ਼ਤ ਨਾਲ ਦਫ਼ਨਾਏ ਜਾਣ ਦੇ ਯੋਗ ਨਹੀਂ ਸਮਝਿਆ ਗਿਆ ਸੀ। ਪਰ ਕਿਸੇ ਦਾ ਦਾਹ-ਸੰਸਕਾਰ ਕੀਤੇ ਜਾਣ ਦਾ ਹਮੇਸ਼ਾ ਇਹ ਮਤਲਬ ਨਹੀਂ ਹੁੰਦਾ।
ਇਸ ਬਾਰੇ ਅਸੀਂ ਰਾਜਾ ਸ਼ਾਊਲ ਤੇ ਉਸ ਦੇ ਤਿੰਨ ਪੁੱਤਰਾਂ ਦੀ ਮੌਤ ਦੇ ਬਿਰਤਾਂਤ ਤੋਂ ਜਾਣ ਸਕਦੇ ਹਾਂ। ਉਹ ਚਾਰੇ ਫਲਿਸਤੀਆਂ ਨਾਲ ਲੜਾਈ ਵਿਚ ਮਾਰੇ ਗਏ ਸਨ। ਸ਼ਾਊਲ ਦਾ ਇਕ ਪੁੱਤਰ ਯੋਨਾਥਾਨ ਦਾਊਦ ਦਾ ਜਿਗਰੀ ਦੋਸਤ ਤੇ ਵਫ਼ਾਦਾਰ ਸਾਥੀ ਸੀ। ਜਦੋਂ ਯਾਬੇਸ਼ ਗਿਲਆਦ ਦੇ ਬਹਾਦਰ ਇਜ਼ਰਾਈਲੀਆਂ ਨੇ ਇਸ ਬਾਰੇ ਸੁਣਿਆ, ਤਾਂ ਉਨ੍ਹਾਂ ਨੇ ਚਾਰਾਂ ਦੀਆਂ ਲਾਸ਼ਾਂ ਲੈ ਕੇ ਸਾੜ ਦਿੱਤੀਆਂ ਅਤੇ ਹੱਡੀਆਂ ਦੱਬ ਦਿੱਤੀਆਂ। ਬਾਅਦ ਵਿਚ ਦਾਊਦ ਨੇ ਇਸ ਕੰਮ ਲਈ ਉਨ੍ਹਾਂ ਇਜ਼ਰਾਈਲੀਆਂ ਦੀ ਸ਼ਲਾਘਾ ਕੀਤੀ ਸੀ।
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਜਦੋਂ ਪਰਮੇਸ਼ੁਰ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰੇਗਾ, ਤਾਂ ਉਨ੍ਹਾਂ ਦੀ ਸੋਚ, ਯਾਦਾਸ਼ਤ ਤੇ ਭਾਵਨਾਵਾਂ ਉਹੀ ਹੋਣਗੀਆਂ ਜੋ ਉਨ੍ਹਾਂ ਦੇ ਜੀਉਂਦੇ-ਜੀ ਸਨ। ਭਾਵੇਂ ਕਿਸੇ ਮੁਰਦੇ ਦਾ ਦਾਹ-ਸੰਸਕਾਰ ਕੀਤਾ ਜਾਂਦਾ ਹੈ ਜਾਂ ਨਹੀਂ, ਪਰ ਯਹੋਵਾਹ ਕਿਸੇ ਵੀ ਵਿਅਕਤੀ ਨੂੰ ਜੀਉਂਦਾ ਕਰਨ ਵੇਲੇ ਉਸ ਨੂੰ ਨਵਾਂ ਸਰੀਰ ਦੇ ਸਕਦਾ ਹੈ। ਜਿਨ੍ਹਾਂ ਤਿੰਨ ਵਫ਼ਾਦਾਰ ਇਬਰਾਨੀ ਮੁੰਡਿਆਂ ਨੂੰ ਨਬੂਕਦਨੱਸਰ ਦੇ ਕਹਿਣ ਤੇ ਅੱਗ ਦੀ ਭੱਠੀ ਵਿਚ ਸੁੱਟਿਆ ਗਿਆ ਸੀ, ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਸੀ ਕਿ ਜੇ ਉਹ ਸੜ ਕੇ ਸੁਆਹ ਹੋ ਗਏ, ਤਾਂ ਪਰਮੇਸ਼ੁਰ ਉਨ੍ਹਾਂ ਨੂੰ ਜੀਉਂਦਾ ਨਹੀਂ ਕਰ ਸਕਦਾ। (ਦਾਨੀ. 3:16-18) ਇਹ ਗੱਲ ਯਹੋਵਾਹ ਦੇ ਉਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਵੀ ਸੱਚ ਹੈ ਜਿਹੜੇ ਨਾਜ਼ੀ ਤਸੀਹੇ ਕੈਂਪਾਂ ਵਿਚ ਮਾਰੇ ਗਏ ਸਨ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਗਿਆ ਸੀ। ਪਰਮੇਸ਼ੁਰ ਦੇ ਕਈ ਵਫ਼ਾਦਾਰ ਸੇਵਕ ਧਮਾਕਿਆਂ ਵਿਚ ਜਾਂ ਹੋਰ ਤਰੀਕਿਆਂ ਨਾਲ ਮਾਰੇ ਗਏ ਹਨ ਜਿਨ੍ਹਾਂ ਦੀਆਂ ਹੱਡੀਆਂ ਤਕ ਨਹੀਂ ਮਿਲੀਆਂ। ਫਿਰ ਵੀ ਇਹ ਗੱਲ ਪੱਕੀ ਹੈ ਕਿ ਉਨ੍ਹਾਂ ਨੂੰ ਜ਼ਰੂਰ ਜੀਉਂਦਾ ਕੀਤਾ ਜਾਵੇਗਾ।
ਕਿਸੇ ਵਿਅਕਤੀ ਨੂੰ ਜੀਉਂਦਾ ਕਰਨ ਲਈ ਯਹੋਵਾਹ ਨੂੰ ਉਸ ਦੇ ਪੁਰਾਣੇ ਸਰੀਰ ਨੂੰ ਦੁਬਾਰਾ ਜੋੜਨ ਦੀ ਲੋੜ ਨਹੀਂ ਹੈ। ਇਹ ਗੱਲ ਅਸੀਂ ਚੁਣੇ ਹੋਏ ਮਸੀਹੀਆਂ ਨੂੰ ਜੀਉਂਦਾ ਕੀਤੇ ਜਾਣ ਤੋਂ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਸਵਰਗ ਵਿਚ ਜ਼ਿੰਦਗੀ ਦਿੱਤੀ ਜਾਂਦੀ ਹੈ। ਯਿਸੂ ਵਾਂਗ, ਜਿਸ ਨੂੰ ਜੀਉਂਦਾ ਕਰ ਕੇ “ਸਵਰਗੀ ਸਰੀਰ” ਦਿੱਤਾ ਗਿਆ ਸੀ, ਉਨ੍ਹਾਂ ਨੂੰ ਵੀ ਜੀਉਂਦਾ ਕਰ ਕੇ ਸਵਰਗੀ ਸਰੀਰ ਦਿੱਤਾ ਜਾਂਦਾ ਹੈ, ਪਰ ਉਨ੍ਹਾਂ ਦੀ ਸੋਚ, ਯਾਦਾਸ਼ਤ ਤੇ ਭਾਵਨਾਵਾਂ ਉਹੀ ਹੁੰਦੀਆਂ ਹਨ ਜੋ ਧਰਤੀ ਉੱਤੇ ਉਨ੍ਹਾਂ ਦੇ ਜੀਉਂਦੇ-ਜੀ ਸਨ। ਉਨ੍ਹਾਂ ਦੇ ਇਨਸਾਨੀ ਸਰੀਰ ਦਾ ਕੋਈ ਵੀ ਅੰਗ ਸਵਰਗ ਵਿਚ ਨਹੀਂ ਲਿਜਾਇਆ ਜਾਂਦਾ।
ਜੀਉਂਦੇ ਕੀਤੇ ਜਾਣ ਦੀ ਉਮੀਦ ਇਸ ਗੱਲ ’ਤੇ ਨਿਰਭਰ ਨਹੀਂ ਕਰਦੀ ਕਿ ਲਾਸ਼ ਨਾਲ ਕੀ ਕੀਤਾ ਜਾਂਦਾ ਹੈ। ਪਰ ਅਸੀਂ ਇਹ ਉਮੀਦ ਇਸ ਕਰਕੇ ਰੱਖਦੇ ਹਾਂ ਕਿਉਂਕਿ ਅਸੀਂ ਨਿਹਚਾ ਕਰਦੇ ਹਾਂ ਕਿ ਯਹੋਵਾਹ ਆਪਣੇ ਵਾਅਦਿਆਂ ਨੂੰ ਪੂਰਾ ਕਰ ਸਕਦਾ ਹੈ ਅਤੇ ਉਹ ਆਪਣੇ ਵਾਅਦੇ ਪੂਰੇ ਕਰਨੇ ਚਾਹੁੰਦਾ ਹੈ। (ਰਸੂ. 24:15) ਇਹ ਸੱਚ ਹੈ ਕਿ ਅਸੀਂ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਕਿ ਪਰਮੇਸ਼ੁਰ ਨੇ ਪੁਰਾਣੇ ਸਮਿਆਂ ਵਿਚ ਮਰੇ ਹੋਏ ਲੋਕਾਂ ਨੂੰ ਕਿਵੇਂ ਜੀਉਂਦਾ ਕੀਤਾ ਸੀ ਜਾਂ ਉਹ ਭਵਿੱਖ ਵਿਚ ਇਸ ਤਰ੍ਹਾਂ ਕਿਵੇਂ ਕਰੇਗਾ। ਫਿਰ ਵੀ ਅਸੀਂ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਮਰੇ ਹੋਏ ਲੋਕਾਂ ਨੂੰ ਜ਼ਰੂਰ ਦੁਬਾਰਾ ਜੀਉਂਦਾ ਕਰੇਗਾ। ਉਸ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕਰ ਕੇ “ਇਸ ਗੱਲ ਦੀ ਗਾਰੰਟੀ” ਦਿੱਤੀ ਹੈ।
ਮਸੀਹੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਇਲਾਕੇ ਜਾਂ ਸਮਾਜ ਵਿਚ ਲਾਸ਼ਾਂ ਨਾਲ ਕੀ ਕੀਤਾ ਜਾਂਦਾ ਹੈ ਜਾਂ ਫਿਰ ਕਾਨੂੰਨੀ ਤੌਰ ਤੇ ਕੀ ਕੀਤਾ ਜਾਣਾ ਚਾਹੀਦਾ ਹੈ। (2 ਕੁਰਿੰ. 6:3, 4) ਫਿਰ ਇਨ੍ਹਾਂ ਗੱਲਾਂ ਦੇ ਆਧਾਰ ’ਤੇ ਮਸੀਹੀ ਫ਼ੈਸਲਾ ਕਰ ਸਕਦੇ ਹਨ ਕਿ ਲਾਸ਼ ਦਾ ਦਾਹ-ਸੰਸਕਾਰ ਕਰਨਾ ਹੈ ਜਾਂ ਨਹੀਂ। ਇਹ ਫ਼ੈਸਲਾ ਕਰਨਾ ਹਰੇਕ ਮਸੀਹੀ ਦੀ ਨਿੱਜੀ ਜਾਂ ਉਸ ਦੇ ਪਰਿਵਾਰ ਦੀ ਜ਼ਿੰਮੇਵਾਰੀ ਹੈ।