Skip to content

Skip to table of contents

ਆਖ਼ਰੀ ਦੁਸ਼ਮਣ ਮੌਤ ਨੂੰ ਖ਼ਤਮ ਕੀਤਾ ਜਾਵੇਗਾ

ਆਖ਼ਰੀ ਦੁਸ਼ਮਣ ਮੌਤ ਨੂੰ ਖ਼ਤਮ ਕੀਤਾ ਜਾਵੇਗਾ

“ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।”1 ਕੁਰਿੰ. 15:26.

1, 2. ਆਦਮ ਤੇ ਹੱਵਾਹ ਨੂੰ ਕਿਹੋ ਜਿਹੀ ਜ਼ਿੰਦਗੀ ਦਿੱਤੀ ਗਈ ਸੀ ਅਤੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

ਜਦੋਂ ਆਦਮ ਤੇ ਹੱਵਾਹ ਨੂੰ ਬਣਾਇਆ ਗਿਆ ਸੀ, ਉਸ ਵੇਲੇ ਉਨ੍ਹਾਂ ਦਾ ਕੋਈ ਦੁਸ਼ਮਣ ਨਹੀਂ ਸੀ। ਉਹ ਮੁਕੰਮਲ ਸਨ ਤੇ ਇਕ ਸੋਹਣੇ ਬਾਗ਼ ਵਿਚ ਰਹਿੰਦੇ ਸਨ। ਉਨ੍ਹਾਂ ਦਾ ਆਪਣੇ ਸਿਰਜਣਹਾਰ ਨਾਲ ਗੂੜ੍ਹਾ ਰਿਸ਼ਤਾ ਸੀ, ਉਹ ਪਰਮੇਸ਼ੁਰ ਦੇ ਪੁੱਤਰ ਤੇ ਧੀ ਸਨ। (ਉਤ. 2:7-9; ਲੂਕਾ 3:38) ਯਹੋਵਾਹ ਨੇ ਉਨ੍ਹਾਂ ਨੂੰ ਇਕ ਜ਼ਰੂਰੀ ਕੰਮ ਦਿੱਤਾ ਸੀ। (ਉਤਪਤ 1:28 ਪੜ੍ਹੋ।) ਉਨ੍ਹਾਂ ਨੂੰ ‘ਧਰਤੀ ਨੂੰ ਭਰਨ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰਨ’ ਲਈ ਲੰਬੇ ਸਮੇਂ ਦੀ ਲੋੜ ਨਹੀਂ ਸੀ। ਪਰ ‘ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰਨ’ ਲਈ ਉਨ੍ਹਾਂ ਨੂੰ ਹਮੇਸ਼ਾ ਜੀਉਂਦੇ ਰਹਿਣ ਦੀ ਲੋੜ ਸੀ। ਉਹ ਹਮੇਸ਼ਾ-ਹਮੇਸ਼ਾ ਲਈ ਇਸ ਕੰਮ ਤੋਂ ਖ਼ੁਸ਼ੀ ਪਾ ਸਕਦੇ ਸਨ।

2 ਪਰ ਹੁਣ ਹਾਲਾਤ ਇੰਨੇ ਵੱਖਰੇ ਕਿਉਂ ਹਨ? ਇਨਸਾਨ ਦੀ ਖ਼ੁਸ਼ੀ ਦੇ ਇੰਨੇ ਦੁਸ਼ਮਣ ਕਿੱਦਾਂ ਬਣ ਗਏ ਜਿਨ੍ਹਾਂ ਵਿੱਚੋਂ ਮੌਤ ਸਭ ਤੋਂ ਵੱਡੀ ਦੁਸ਼ਮਣ ਹੈ? ਪਰਮੇਸ਼ੁਰ ਇਨ੍ਹਾਂ ਦੁਸ਼ਮਣਾਂ ਨੂੰ ਖ਼ਤਮ ਕਰਨ ਲਈ ਕੀ ਕਰੇਗਾ? ਬਾਈਬਲ ਵਿਚ ਇਨ੍ਹਾਂ ਸਵਾਲਾਂ ਦੇ ਅਤੇ ਇਸ ਵਿਸ਼ੇ ਨਾਲ ਸੰਬੰਧਿਤ ਹੋਰ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਆਓ ਆਪਾਂ ਕੁਝ ਖ਼ਾਸ ਸਵਾਲਾਂ ’ਤੇ ਗੌਰ ਕਰੀਏ।

 ਪਿਆਰ ਭਰੀ ਚੇਤਾਵਨੀ

3, 4. (ੳ) ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਕੀ ਹੁਕਮ ਦਿੱਤਾ ਸੀ? (ਅ) ਉਹ ਹੁਕਮ ਮੰਨਣਾ ਕਿੰਨਾ ਕੁ ਜ਼ਰੂਰੀ ਸੀ?

3 ਭਾਵੇਂ ਆਦਮ ਤੇ ਹੱਵਾਹ ਕੋਲ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਸੀ, ਪਰ ਉਹ ਅਮਰ ਨਹੀਂ ਸਨ। ਜੀਉਂਦੇ ਰਹਿਣ ਲਈ ਉਨ੍ਹਾਂ ਨੂੰ ਸਾਹ ਲੈਣ, ਖਾਣ-ਪੀਣ ਤੇ ਸੌਣ ਦੀ ਲੋੜ ਸੀ। ਉਨ੍ਹਾਂ ਲਈ ਸਭ ਤੋਂ ਜ਼ਰੂਰੀ ਸੀ ਕਿ ਉਹ ਆਪਣੇ ਜੀਵਨਦਾਤੇ ਨਾਲ ਰਿਸ਼ਤਾ ਬਣਾ ਕੇ ਰੱਖਣ। (ਬਿਵ. 8:3) ਪਰਮੇਸ਼ੁਰ ਦੀ ਸੇਧ ਵਿਚ ਚੱਲ ਕੇ ਹੀ ਉਹ ਹਮੇਸ਼ਾ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਸਨ। ਹੱਵਾਹ ਨੂੰ ਬਣਾਉਣ ਤੋਂ ਪਹਿਲਾਂ ਹੀ ਯਹੋਵਾਹ ਨੇ ਆਦਮ ਨੂੰ ਇਹ ਗੱਲ ਸਾਫ਼-ਸਾਫ਼ ਦੱਸ ਦਿੱਤੀ ਸੀ। ਕਿਵੇਂ? ਬਾਈਬਲ ਵਿਚ ਦੱਸਿਆ ਗਿਆ ਹੈ: “ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।”ਉਤ. 2:16, 17.

4 ‘ਭਲੇ ਬੁਰੇ ਦੀ ਸਿਆਣ ਦਾ ਬਿਰਛ’ ਇਸ ਗੱਲ ਦੀ ਨਿਸ਼ਾਨੀ ਸੀ ਕਿ ਪਰਮੇਸ਼ੁਰ ਨੂੰ ਹੀ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਭਲਾ ਕੀ ਹੈ ਤੇ ਬੁਰਾ ਕੀ ਹੈ। ਇਹ ਸੱਚ ਹੈ ਕਿ ਆਦਮ ਨੂੰ ਭਲੇ-ਬੁਰੇ ਦੀ ਸਮਝ ਸੀ ਕਿਉਂਕਿ ਉਸ ਨੂੰ ਪਰਮੇਸ਼ੁਰ ਦੇ ਸਰੂਪ ’ਤੇ ਬਣਾਇਆ ਗਿਆ ਸੀ ਅਤੇ ਉਸ ਨੂੰ ਜ਼ਮੀਰ ਦਿੱਤੀ ਗਈ ਸੀ। ਪਰ ਉਸ ਦਰਖ਼ਤ ਨੇ ਆਦਮ ਤੇ ਹੱਵਾਹ ਨੂੰ ਯਾਦ ਕਰਾਉਣਾ ਸੀ ਕਿ ਉਨ੍ਹਾਂ ਨੂੰ ਹਮੇਸ਼ਾ ਯਹੋਵਾਹ ਦੀ ਸੇਧ ਦੀ ਲੋੜ ਪਵੇਗੀ। ਉਸ ਦਰਖ਼ਤ ਦਾ ਫਲ ਖਾਣ ਦਾ ਮਤਲਬ ਸੀ ਕਿ ਉਹ ਯਹੋਵਾਹ ਤੋਂ ਆਜ਼ਾਦੀ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਹੋਣ ਵਾਲੀ ਔਲਾਦ ਨੂੰ ਬੁਰੇ ਅੰਜਾਮ ਭੁਗਤਣੇ ਪੈਣੇ ਸਨ। ਯਹੋਵਾਹ ਨੇ ਇਸ ਹੁਕਮ ਦੇ ਨਾਲ-ਨਾਲ ਸਜ਼ਾ ਵੀ ਦੱਸ ਦਿੱਤੀ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਗੱਲ ਕਿੰਨੀ ਗੰਭੀਰ ਸੀ।

ਇਨਸਾਨ ਕਿਉਂ ਮਰਨ ਲੱਗੇ?

5. ਆਦਮ ਤੇ ਹੱਵਾਹ ਨੂੰ ਅਣਆਗਿਆਕਾਰੀ ਕਰਨ ਲਈ ਕਿਵੇਂ ਭਰਮਾਇਆ ਗਿਆ ਸੀ?

5 ਹੱਵਾਹ ਨੂੰ ਬਣਾਉਣ ਤੋਂ ਬਾਅਦ ਆਦਮ ਨੇ ਉਸ ਨੂੰ ਪਰਮੇਸ਼ੁਰ ਦਾ ਹੁਕਮ ਦੱਸਿਆ। ਉਹ ਇਸ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਸ ਨੇ ਇਸ ਹੁਕਮ ਦਾ ਇਕ-ਇਕ ਸ਼ਬਦ ਸ਼ੈਤਾਨ ਨੂੰ ਦੁਹਰਾਇਆ ਸੀ ਜਿਸ ਨੇ ਸੱਪ ਰਾਹੀਂ ਉਸ ਨਾਲ ਗੱਲ ਕੀਤੀ ਸੀ। (ਉਤ. 3:1-3) ਸ਼ੈਤਾਨ ਨੇ ਆਪਣੇ ਦਿਲ ਵਿਚ ਆਜ਼ਾਦ ਹੋਣ ਅਤੇ ਤਾਕਤਵਰ ਬਣਨ ਦੀ ਇੱਛਾ ਪਾਲ਼ੀ। (ਯਾਕੂਬ 1:14, 15 ਵਿਚ ਨੁਕਤਾ ਦੇਖੋ।) ਆਪਣੇ ਬੁਰੇ ਇਰਾਦੇ ਨੂੰ ਪੂਰਾ ਕਰਨ ਲਈ ਉਸ ਨੇ ਪਰਮੇਸ਼ੁਰ ਉੱਤੇ ਝੂਠ ਬੋਲਣ ਦਾ ਦੋਸ਼ ਲਾਇਆ। ਉਸ ਨੇ ਹੱਵਾਹ ਨੂੰ ਭਰੋਸਾ ਦਿਵਾਇਆ ਕਿ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਉਹ ਮਰੇਗੀ ਨਹੀਂ, ਸਗੋਂ ਪਰਮੇਸ਼ੁਰ ਵਰਗੀ ਬਣ ਜਾਵੇਗੀ। (ਉਤ. 3:4, 5) ਹੱਵਾਹ ਨੇ ਉਸ ਦੀ ਗੱਲ ’ਤੇ ਭਰੋਸਾ ਕੀਤਾ ਅਤੇ ਫਲ ਖਾ ਕੇ ਆਪਣੀ ਮਨ-ਮਰਜ਼ੀ ਕੀਤੀ। ਉਸ ਨੇ ਆਦਮ ਨੂੰ ਵੀ ਉਹ ਫਲ ਖਾਣ ਲਈ ਮਨਾ ਲਿਆ। (ਉਤ. 3:6, 17) ਸ਼ੈਤਾਨ ਨੇ ਹੱਵਾਹ ਨਾਲ ਝੂਠ ਬੋਲਿਆ ਸੀ। (1 ਤਿਮੋਥਿਉਸ 2:14 ਪੜ੍ਹੋ।) ਭਾਵੇਂ ਆਦਮ ਜਾਣਦਾ ਸੀ ਕਿ ਫਲ ਖਾਣਾ ਗ਼ਲਤ ਸੀ, ਫਿਰ ਵੀ ਉਸ ਨੇ “ਆਪਣੀ ਤੀਵੀਂ ਦੀ ਗੱਲ ਸੁਣੀ।” ਹੱਵਾਹ ਨੂੰ ਲੱਗਾ ਹੋਣਾ ਕਿ ਸੱਪ ਉਸ ਦਾ ਭਲਾ ਚਾਹੁੰਦਾ ਸੀ, ਪਰ ਅਸਲ ਵਿਚ ਸ਼ੈਤਾਨ ਬੇਰਹਿਮ ਦੁਸ਼ਮਣ ਸੀ ਜੋ ਜਾਣਦਾ ਸੀ ਕਿ ਉਸ ਦੇ ਝੂਠ ਦੇ ਕਿੰਨੇ ਬੁਰੇ ਨਤੀਜੇ ਨਿਕਲਣਗੇ।

6, 7. ਯਹੋਵਾਹ ਨੇ ਪਾਪੀਆਂ ਦਾ ਨਿਆਂ ਕਿਵੇਂ ਕੀਤਾ ਸੀ?

6 ਆਦਮ ਤੇ ਹੱਵਾਹ ਨੇ ਆਪਣੇ ਸੁਆਰਥ ਕਰਕੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਜਿਸ ਨੇ ਉਨ੍ਹਾਂ ਨੂੰ ਜ਼ਿੰਦਗੀ ਤੇ ਹੋਰ ਸਭ ਕੁਝ ਦਿੱਤਾ ਸੀ। ਯਹੋਵਾਹ ਉਨ੍ਹਾਂ ਦੇ ਪਾਪ ਤੋਂ ਅਣਜਾਣ ਨਹੀਂ ਸੀ। (1 ਇਤ. 28:9; ਕਹਾਉਤਾਂ 15:3 ਪੜ੍ਹੋ।) ਪਰ ਉਸ ਨੇ ਸ਼ੈਤਾਨ, ਆਦਮ ਤੇ ਹੱਵਾਹ ਨੂੰ ਪਾਪ ਕਰਨ ਤੋਂ ਰੋਕਿਆ ਨਹੀਂ, ਸਗੋਂ ਉਨ੍ਹਾਂ ਨੂੰ ਇਹ ਦਿਖਾਉਣ ਦਾ ਮੌਕਾ ਦਿੱਤਾ ਕਿ ਉਹ ਉਸ ਬਾਰੇ ਕਿਵੇਂ ਮਹਿਸੂਸ ਕਰਦੇ ਸਨ। ਪਿਤਾ ਹੋਣ ਦੇ ਨਾਤੇ ਯਹੋਵਾਹ ਦਾ ਦਿਲ ਉਨ੍ਹਾਂ ਦੀ ਅਣਆਗਿਆਕਾਰੀ ਕਰਕੇ ਬਹੁਤ ਦੁਖੀ ਹੋਇਆ। (ਉਤਪਤ 6:6 ਵਿਚ ਨੁਕਤਾ ਦੇਖੋ।) ਫਿਰ ਉਸ ਨੇ ਉਨ੍ਹਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਸਜ਼ਾ ਸੁਣਾਈ।

7 ਪਰਮੇਸ਼ੁਰ ਨੇ ਆਦਮ ਨੂੰ ਕਿਹਾ ਸੀ: “ਜਿਸ ਦਿਨ ਤੂੰ ਉਸ [ਭਲੇ ਬੁਰੇ ਦੀ ਸਿਆਣ ਦੇ ਬਿਰਛ] ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” ਆਦਮ ਨੇ ਸ਼ਾਇਦ ਸੋਚਿਆ ਹੋਣਾ ਕਿ ਯਹੋਵਾਹ 24 ਘੰਟਿਆਂ ਵਾਲੇ “ਦਿਨ” ਦੀ ਗੱਲ ਕਰ ਰਿਹਾ ਸੀ। ਯਹੋਵਾਹ ਦੇ ਹੁਕਮ ਦੀ ਉਲੰਘਣਾ ਕਰਨ ਤੋਂ ਬਾਅਦ ਉਸ ਨੇ ਸੋਚਿਆ ਹੋਣਾ ਕਿ ਉਹ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਮਰ ਜਾਵੇਗਾ। “ਠੰਡੇ ਵੇਲੇ”  ਯਹੋਵਾਹ ਨੇ ਆਦਮ ਤੇ ਹੱਵਾਹ ਨਾਲ ਗੱਲ ਕੀਤੀ। (ਉਤ. 3:8) ਧਰਮੀ ਨਿਆਂਕਾਰ ਹੋਣ ਦੇ ਨਾਤੇ ਉਸ ਨੇ ਪਹਿਲਾਂ ਉਨ੍ਹਾਂ ਦੀ ਗੱਲ ਸੁਣੀ। (ਉਤ. 3:9-13) ਫਿਰ ਉਸ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ। (ਉਤ. 3:14-19) ਜੇ ਉਹ ਉਸੇ ਵੇਲੇ ਉਨ੍ਹਾਂ ਨੂੰ ਮਾਰ ਦਿੰਦਾ, ਤਾਂ ਧਰਤੀ ਨੂੰ ਭਰਨ ਦਾ ਉਸ ਦਾ ਮਕਸਦ ਅਧੂਰਾ ਰਹਿ ਜਾਣਾ ਸੀ। (ਯਸਾ. 55:11) ਭਾਵੇਂ ਕਿ ਉਸ ਨੇ ਦੱਸ ਦਿੱਤਾ ਕਿ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਤੇ ਉਸੇ ਵੇਲੇ ਉਨ੍ਹਾਂ ਉੱਤੇ ਪਾਪ ਦਾ ਅਸਰ ਹੋਣਾ ਸ਼ੁਰੂ ਹੋ ਗਿਆ, ਫਿਰ ਵੀ ਉਸ ਨੇ ਉਨ੍ਹਾਂ ਨੂੰ ਜੀਉਂਦਾ ਰੱਖਿਆ ਤਾਂਕਿ ਉਹ ਬੱਚੇ ਪੈਦਾ ਕਰ ਸਕਣ ਜਿਹੜੇ ਉਸ ਦੇ ਹੋਰ ਪ੍ਰਬੰਧਾਂ ਤੋਂ ਫ਼ਾਇਦਾ ਲੈ ਸਕਣਗੇ। ਯਹੋਵਾਹ ਦੀਆਂ ਨਜ਼ਰਾਂ ਵਿਚ ਆਦਮ ਤੇ ਹੱਵਾਹ ਉਸੇ ਦਿਨ ਮਰ ਗਏ ਜਿਸ ਦਿਨ ਉਨ੍ਹਾਂ ਨੇ ਪਾਪ ਕੀਤਾ ਸੀ। ਨਾਲੇ ਪਰਮੇਸ਼ੁਰ ਲਈ ਇਕ ਹਜ਼ਾਰ ਸਾਲ ਇਕ ਦਿਨ ਦੇ ਬਰਾਬਰ ਹੈ, ਇਸ ਲਈ ਉਹ ਇਕ “ਦਿਨ” ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਹੀ ਮਰ ਗਏ।2 ਪਤ. 3:8.

8, 9. ਆਦਮ ਦੇ ਪਾਪ ਦਾ ਉਸ ਦੇ ਬੱਚਿਆ ਉੱਤੇ ਕੀ ਅਸਰ ਪਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

8 ਆਦਮ ਤੇ ਹੱਵਾਹ ਦੀ ਗ਼ਲਤੀ ਦਾ ਉਨ੍ਹਾਂ ਦੇ ਬੱਚਿਆਂ ’ਤੇ ਵੀ ਅਸਰ ਪਿਆ। ਰੋਮੀਆਂ 5:12 ਵਿਚ ਦੱਸਿਆ ਗਿਆ ਹੈ: “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” ਸਭ ਤੋਂ ਪਹਿਲਾਂ ਵਫ਼ਾਦਾਰ ਹਾਬਲ ਦੀ ਮੌਤ ਹੋਈ ਸੀ। (ਉਤ. 4:8) ਫਿਰ ਆਦਮ ਦੇ ਹੋਰ ਬੱਚੇ ਬੁੱਢੇ ਹੋ ਕੇ ਮਰ ਗਏ। ਕੀ ਉਨ੍ਹਾਂ ਨੂੰ ਵਿਰਸੇ ਵਿਚ ਪਾਪ ਤੇ ਮੌਤ ਮਿਲੀ ਸੀ? ਪੌਲੁਸ ਰਸੂਲ ਨੇ ਅੱਗੇ ਕਿਹਾ: “ਇਕ ਆਦਮੀ ਦੀ ਅਣਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਾਪੀ ਠਹਿਰਾਇਆ ਗਿਆ ਸੀ।” (ਰੋਮੀ. 5:19) ਆਦਮ ਤੋਂ ਵਿਰਸੇ ਵਿਚ ਮਿਲੇ ਪਾਪ ਅਤੇ ਮੌਤ ਇਨਸਾਨ ਦੇ ਜਾਨੀ ਦੁਸ਼ਮਣ ਬਣ ਗਏ ਅਤੇ ਨਾਮੁਕੰਮਲ ਇਨਸਾਨ ਇਨ੍ਹਾਂ ਤੋਂ ਪਿੱਛਾ ਨਹੀਂ ਛੁਡਾ ਸਕਦੇ। ਅਸੀਂ ਪੂਰੀ ਤਰ੍ਹਾਂ ਨਹੀਂ ਸਮਝਾ ਸਕਦੇ ਕਿ ਕਿਵੇਂ ਪਾਪ ਤੇ ਮੌਤ ਆਦਮ ਦੇ ਸਰੀਰ ਤੋਂ ਉਸ ਦੇ ਬੱਚਿਆਂ ਦੇ ਸਰੀਰਾਂ ਵਿਚ ਗਈ, ਪਰ ਅਸੀਂ ਇਨ੍ਹਾਂ ਦੇ ਨਤੀਜੇ ਜ਼ਰੂਰ ਦੇਖ ਸਕਦੇ ਹਾਂ।

9 ਇਸੇ ਕਰਕੇ ਬਾਈਬਲ ਵਿਚ ਪਾਪ ਤੇ ਮੌਤ ਦੀ ਤੁਲਨਾ ਸਾਹ ਘੁੱਟਣ ਵਾਲੇ “ਪੜਦੇ” ਅਤੇ “ਕੱਜਣ” ਨਾਲ ਕੀਤੀ ਗਈ ਹੈ ਜਿਸ ਨੇ ਸਾਰੀ ਮਨੁੱਖਜਾਤੀ ਨੂੰ ਢੱਕਿਆ ਹੋਇਆ ਹੈ। (ਯਸਾ. 25:7) ਇਸ ਲਈ “ਆਦਮ ਕਰਕੇ ਸਾਰੇ ਮਰਦੇ ਹਨ।” (1 ਕੁਰਿੰ. 15:22) ਫਿਰ ਮਨ ਵਿਚ ਕੁਦਰਤੀ ਇਕ ਸਵਾਲ ਆਉਂਦਾ ਹੈ ਜੋ ਪੌਲੁਸ ਨੇ ਪੁੱਛਿਆ ਸੀ: “ਕੌਣ ਮੈਨੂੰ ਇਸ ਸਰੀਰ ਤੋਂ ਬਚਾਏਗਾ ਜੋ ਮਰਨ ਵਾਲਾ ਹੈ?” ਕੀ ਕੋਈ ਉਸ ਨੂੰ ਬਚਾ ਸਕਦਾ ਸੀ? *ਰੋਮੀ. 7:24.

ਪਾਪ ਤੇ ਮੌਤ ਨੂੰ ਖ਼ਤਮ ਕੀਤਾ ਜਾਵੇਗਾ

10. (ੳ) ਬਾਈਬਲ ਦੀਆਂ ਕਿਹੜੀਆਂ ਕੁਝ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਦਮ ਰਾਹੀਂ ਆਈ ਮੌਤ ਨੂੰ ਖ਼ਤਮ ਕਰੇਗਾ? (ਅ) ਇਨ੍ਹਾਂ ਆਇਤਾਂ ਤੋਂ ਸਾਨੂੰ ਯਹੋਵਾਹ ਤੇ ਉਸ ਦੇ ਪੁੱਤਰ ਬਾਰੇ ਕੀ ਪਤਾ ਲੱਗਦਾ ਹੈ?

10 ਜੀ ਹਾਂ, ਯਹੋਵਾਹ ਪੌਲੁਸ ਨੂੰ ਬਚਾ ਸਕਦਾ ਸੀ। “ਪੜਦੇ” ਬਾਰੇ ਗੱਲ ਕਰਨ ਤੋਂ ਬਾਅਦ ਯਸਾਯਾਹ ਨੇ ਲਿਖਿਆ: “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।” (ਯਸਾ. 25:8) ਜਿਵੇਂ ਇਕ ਪਿਤਾ ਆਪਣੇ ਬੱਚਿਆਂ ਦੇ ਦੁੱਖਾਂ ਦੇ ਕਾਰਨਾਂ ਨੂੰ ਖ਼ਤਮ ਕਰਦਾ ਹੈ ਤੇ ਉਨ੍ਹਾਂ ਦੇ ਹੰਝੂ ਪੂੰਝਦਾ ਹੈ, ਉਸੇ ਤਰ੍ਹਾਂ ਯਹੋਵਾਹ ਨੂੰ ਆਦਮ ਰਾਹੀਂ ਆਈ ਮੌਤ ਨੂੰ ਖ਼ਤਮ ਕਰਨ ਵਿਚ ਬੇਹੱਦ ਖ਼ੁਸ਼ੀ ਹੁੰਦੀ ਹੈ। ਇਸ ਕੰਮ ਵਿਚ ਕੋਈ ਹੋਰ ਵੀ ਉਸ ਦਾ ਸਾਥ ਦਿੰਦਾ ਹੈ। 1 ਕੁਰਿੰਥੀਆਂ 15:22 ਵਿਚ ਲਿਖਿਆ ਹੈ: “ਠੀਕ ਜਿਵੇਂ ਆਦਮ ਕਰਕੇ ਸਾਰੇ ਮਰਦੇ ਹਨ, ਉਸੇ ਤਰ੍ਹਾਂ ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ।” ਇਸੇ ਤਰ੍ਹਾਂ ਜਦੋਂ ਪੌਲੁਸ ਨੇ ਪੁੱਛਿਆ ਸੀ, ‘ਕੌਣ ਮੈਨੂੰ ਬਚਾਏਗਾ?’ ਤਾਂ ਉਸ ਨੇ ਅੱਗੇ ਕਿਹਾ ਸੀ: “ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਬਚਾਏਗਾ।” (ਰੋਮੀ. 7:25) ਇਸ ਤੋਂ ਪਤਾ ਲੱਗਦਾ ਹੈ ਕਿ ਆਦਮ ਤੇ ਹੱਵਾਹ ਦੀ ਬਗਾਵਤ ਤੋਂ ਬਾਅਦ ਵੀ ਇਨਸਾਨਾਂ ਲਈ ਯਹੋਵਾਹ ਦਾ ਪਿਆਰ ਘਟਿਆ ਨਹੀਂ। ਨਾਲੇ, ਪਹਿਲੇ ਜੋੜੇ ਨੂੰ ਬਣਾਉਣ ਵਿਚ ਯਹੋਵਾਹ ਦਾ ਸਾਥ ਦੇਣ ਵਾਲੇ ਉਸ ਦੇ ਪੁੱਤਰ ਯਿਸੂ ਨੇ ਵੀ ਉਨ੍ਹਾਂ ਦੀ ਸੰਤਾਨ ਨਾਲ ਪਿਆਰ  ਕਰਨਾ ਨਹੀਂ ਛੱਡਿਆ। (ਕਹਾ. 8:30, 31) ਪਰ ਉਨ੍ਹਾਂ ਨੂੰ ਕਿਵੇਂ ਬਚਾਇਆ ਜਾਵੇਗਾ?

11. ਯਹੋਵਾਹ ਨੇ ਮਨੁੱਖਜਾਤੀ ਦੀ ਮਦਦ ਕਰਨ ਲਈ ਕਿਹੜਾ ਇੰਤਜ਼ਾਮ ਕੀਤਾ ਸੀ?

11 ਇਨਸਾਨ ਨਾਮੁਕੰਮਲ ਹਨ ਅਤੇ ਮਰਦੇ ਹਨ ਕਿਉਂਕਿ ਆਦਮ ਨੇ ਪਾਪ ਕੀਤਾ ਸੀ ਅਤੇ ਯਹੋਵਾਹ ਨੇ ਉਸ ਦਾ ਨਿਆਂ ਕਰ ਕੇ ਸਜ਼ਾ ਸੁਣਾਈ ਸੀ। (ਰੋਮੀ. 5:12, 16) ਅਸੀਂ ਬਾਈਬਲ ਵਿਚ ਪੜ੍ਹਦੇ ਹਾਂ: “ਇਕ ਗੁਨਾਹ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਸਜ਼ਾ ਦੇ ਯੋਗ ਠਹਿਰਾਇਆ ਗਿਆ ਹੈ।” (ਰੋਮੀ. 5:18) ਯਹੋਵਾਹ ਆਪਣੇ ਅਸੂਲਾਂ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਮੌਤ ਦੀ ਸਜ਼ਾ ਨੂੰ ਕਿਵੇਂ ਹਟਾ ਸਕਦਾ ਸੀ? ਇਸ ਦਾ ਜਵਾਬ ਸਾਨੂੰ ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਮਿਲਦਾ ਹੈ: “ਮਨੁੱਖ ਦਾ ਪੁੱਤਰ . . . ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ ਹੈ।” (ਮੱਤੀ 20:28) ਯਹੋਵਾਹ ਦੇ ਜੇਠੇ ਪੁੱਤਰ ਨੇ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਉਸ ਨੇ ਇਸੇ ਕਰਕੇ ਮੁਕੰਮਲ ਇਨਸਾਨ ਦੇ ਰੂਪ ਵਿਚ ਧਰਤੀ ਉੱਤੇ ਜਨਮ ਲਿਆ ਸੀ ਤਾਂਕਿ ਉਹ ਰਿਹਾਈ ਦੀ ਕੀਮਤ ਦੇਵੇ। ਇਹ ਕੀਮਤ ਦੇਣ ਨਾਲ ਨਿਆਂ ਦੀ ਤੱਕੜੀ ਦੇ ਪੱਲੜੇ ਕਿਵੇਂ ਬਰਾਬਰ ਹੋਣੇ ਸਨ?1 ਤਿਮੋ. 2:5, 6.

12. ਰਿਹਾਈ ਦੀ ਕੀਮਤ ਕੀ ਸੀ ਜਿਸ ਨਾਲ ਨਿਆਂ ਦੀ ਤੱਕੜੀ ਦੇ ਪੱਲੜੇ ਬਰਾਬਰ ਹੋਏ?

12 ਜਿਵੇਂ ਪਾਪ ਕਰਨ ਤੋਂ ਪਹਿਲਾਂ ਆਦਮ ਕੋਲ ਹਮੇਸ਼ਾ ਜੀਉਣ ਦੀ ਉਮੀਦ ਸੀ, ਉਸੇ ਤਰ੍ਹਾਂ ਮੁਕੰਮਲ ਹੋਣ ਕਰਕੇ ਯਿਸੂ ਕੋਲ ਵੀ ਹਮੇਸ਼ਾ ਜੀਉਣ ਦੀ ਉਮੀਦ ਸੀ। ਯਹੋਵਾਹ ਦਾ ਮਕਸਦ ਸੀ ਕਿ ਸਾਰੀ ਧਰਤੀ ਆਦਮ ਦੇ ਮੁਕੰਮਲ ਬੱਚਿਆਂ ਨਾਲ ਭਰ ਜਾਵੇ। ਇਸ ਲਈ ਆਪਣੇ ਪਿਤਾ ਅਤੇ ਆਦਮ ਦੀ ਸੰਤਾਨ ਨਾਲ ਗਹਿਰਾ ਪਿਆਰ ਹੋਣ ਕਰਕੇ ਯਿਸੂ ਨੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ। ਜੀ ਹਾਂ, ਆਦਮ ਨੇ ਜੋ ਗੁਆਇਆ ਸੀ, ਉਸ ਨੂੰ ਵਾਪਸ ਲੈਣ ਲਈ ਯਿਸੂ ਨੇ ਪੂਰੀ ਕੀਮਤ ਅਦਾ ਕੀਤੀ। ਇਸ ਤੋਂ ਬਾਅਦ ਯਹੋਵਾਹ ਨੇ ਆਪਣੇ ਪੁੱਤਰ ਨੂੰ ਸਵਰਗੀ ਸਰੀਰ ਵਿਚ ਜੀਉਂਦਾ ਕੀਤਾ। (1 ਪਤ. 3:18) ਯਿਸੂ ਨੇ ਮੁਕੰਮਲ ਜ਼ਿੰਦਗੀ ਦੇ ਬਦਲੇ ਵਿਚ ਮੁਕੰਮਲ ਜ਼ਿੰਦਗੀ ਦੇ ਕੇ ਯਹੋਵਾਹ ਦੇ ਨਿਆਂ ਦੀ ਤੱਕੜੀ ਦੇ ਪੱਲੜਿਆਂ ਨੂੰ ਬਰਾਬਰ ਕੀਤਾ। ਇਸ ਕਰਕੇ ਯਹੋਵਾਹ ਨੇ ਇਹ ਕੀਮਤ ਸਵੀਕਾਰ ਕੀਤੀ। ਇਸ ਨਾਲ ਆਦਮ ਦੀ ਸੰਤਾਨ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੁੱਲ੍ਹਿਆ। ਇਸ ਤਰ੍ਹਾਂ ਯਿਸੂ ਨੇ ਆਦਮ ਦੀ ਜਗ੍ਹਾ ਲੈ ਲਈ। ਪੌਲੁਸ ਸਮਝਾਉਂਦਾ ਹੈ: “ਧਰਮ-ਗ੍ਰੰਥ ਵਿਚ ਤਾਂ ਇਹ ਵੀ ਲਿਖਿਆ ਗਿਆ ਹੈ: ‘ਪਹਿਲਾ ਆਦਮ ਜੀਉਂਦਾ ਇਨਸਾਨ ਬਣਿਆ।’ ਆਖ਼ਰੀ ਆਦਮ ਸਵਰਗੀ ਸਰੀਰ ਧਾਰ ਕੇ ਜੀਵਨ ਦੇਣ ਵਾਲਾ ਬਣਿਆ।”1 ਕੁਰਿੰ. 15:45.

ਸਭ ਤੋਂ ਪਹਿਲਾਂ ਮਰਨ ਵਾਲੇ ਇਨਸਾਨ ਹਾਬਲ ਨੂੰ ਯਿਸੂ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਤੋਂ ਫ਼ਾਇਦਾ ਹੋਵੇਗਾ (ਪੈਰਾ 13 ਦੇਖੋ)

13. “ਆਖ਼ਰੀ ਆਦਮ” ਮਰ ਚੁੱਕੇ ਲੋਕਾਂ ਲਈ ਕੀ ਕਰੇਗਾ?

13 ਉਹ ਸਮਾਂ ਜਲਦੀ ਹੀ ਆਵੇਗਾ ਜਦੋਂ “ਆਖ਼ਰੀ ਆਦਮ” ਇਨਸਾਨਾਂ ਨੂੰ ਹਮੇਸ਼ਾ ਦਾ ‘ਜੀਵਨ ਦੇਵੇਗਾ।’ ਆਦਮ ਦੀ ਜ਼ਿਆਦਾਤਰ ਸੰਤਾਨ ਪਹਿਲਾਂ ਹੀ ਮਰ ਚੁੱਕੀ ਹੈ। ਉਨ੍ਹਾਂ ਨੂੰ ਧਰਤੀ ਉੱਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ।ਯੂਹੰ. 5:28, 29.

14. ਯਹੋਵਾਹ ਨੇ ਆਦਮ ਤੋਂ ਵਿਰਸੇ ਵਿਚ ਮਿਲੀ ਨਾਮੁਕੰਮਲਤਾ ਨੂੰ ਖ਼ਤਮ ਕਰਨ ਦਾ ਕੀ ਪ੍ਰਬੰਧ ਕੀਤਾ ਹੈ?

14 ਮਨੁੱਖਜਾਤੀ ਨੂੰ ਵਿਰਸੇ ਵਿਚ ਮਿਲੀ ਨਾਮੁਕੰਮਲਤਾ ਤੋਂ ਕਿਵੇਂ ਛੁਟਕਾਰਾ ਦਿਵਾਇਆ ਜਾਵੇਗਾ? ਯਹੋਵਾਹ ਨੇ ਇਕ ਸਰਕਾਰ ਦਾ ਪ੍ਰਬੰਧ ਕੀਤਾ ਹੈ ਜਿਸ ਦਾ ਰਾਜਾ “ਆਖ਼ਰੀ ਆਦਮ” ਹੈ ਅਤੇ ਉਸ ਨਾਲ ਰਾਜ ਕਰਨ ਲਈ ਮਨੁੱਖਜਾਤੀ ਵਿੱਚੋਂ ਕੁਝ ਇਨਸਾਨਾਂ ਨੂੰ ਚੁਣਿਆ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 5:9, 10 ਪੜ੍ਹੋ।) ਸਵਰਗ ਵਿਚ ਯਿਸੂ ਨਾਲ ਰਾਜ ਕਰਨ ਵਾਲੇ ਰਾਜਿਆਂ ਨੂੰ ਨਾਮੁਕੰਮਲ ਇਨਸਾਨਾਂ ਦੀਆਂ ਸਮੱਸਿਆਵਾਂ ਦੀ ਸਮਝ ਹੋਵੇਗੀ। ਹਜ਼ਾਰ ਸਾਲ ਦੌਰਾਨ ਇਕੱਠੇ ਰਾਜ ਕਰਦੇ ਹੋਏ ਉਹ ਧਰਤੀ ਉੱਤੇ ਰਹਿੰਦੇ ਇਨਸਾਨਾਂ ਦੀ ਮਦਦ ਕਰਨਗੇ ਤੇ ਉਨ੍ਹਾਂ ਦੀ ਨਾਮੁਕੰਮਲਤਾ ਦੂਰ ਕਰਨਗੇ ਜਿਸ ਤੋਂ ਉਹ ਆਪਣੇ ਆਪ ਪਿੱਛਾ ਨਹੀਂ ਛੁਡਾ ਸਕੇ।ਪ੍ਰਕਾ. 20:6.

15, 16. (ੳ) ਬਾਈਬਲ ਵਿਚ ਜ਼ਿਕਰ ਕੀਤੀ ਗਈ “ਆਖ਼ਰੀ ਦੁਸ਼ਮਣ ਮੌਤ” ਕੀ ਹੈ ਅਤੇ ਇਸ ਨੂੰ ਕਦੋਂ ਖ਼ਤਮ ਕੀਤਾ ਜਾਵੇਗਾ? (ਅ) 1 ਕੁਰਿੰਥੀਆਂ 15:28 ਮੁਤਾਬਕ ਯਿਸੂ ਕੀ ਕਰੇਗਾ?

15 ਆਦਮ ਦੀ ਅਣਆਗਿਆਕਾਰੀ ਕਰਕੇ ਇਨਸਾਨ ਦੇ ਜਿੰਨੇ ਵੀ ਦੁਸ਼ਮਣ ਬਣੇ, ਉਨ੍ਹਾਂ ਸਾਰਿਆਂ ਤੋਂ ਆਗਿਆਕਾਰ ਇਨਸਾਨਾਂ ਨੂੰ ਹਜ਼ਾਰ ਸਾਲ ਦਾ ਰਾਜ ਖ਼ਤਮ ਹੋਣ ਤਕ ਆਜ਼ਾਦ ਕਰ ਦਿੱਤਾ ਗਿਆ ਹੋਵੇਗਾ। ਬਾਈਬਲ ਦੱਸਦੀ ਹੈ: “ਠੀਕ ਜਿਵੇਂ ਆਦਮ ਕਰਕੇ ਸਾਰੇ ਮਰਦੇ ਹਨ, ਉਸੇ ਤਰ੍ਹਾਂ ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ। ਪਰ ਸਾਰਿਆਂ ਨੂੰ ਆਪੋ-ਆਪਣੀ ਵਾਰੀ ਸਿਰ: ਸਭ ਤੋਂ ਪਹਿਲਾਂ ਮਸੀਹ ਨੂੰ ਤੇ ਫਿਰ ਉਸ ਦੀ ਮੌਜੂਦਗੀ ਦੌਰਾਨ ਉਨ੍ਹਾਂ ਨੂੰ ਜਿਹੜੇ ਮਸੀਹ ਦੇ ਹਨ [ਯਾਨੀ ਉਸ ਨਾਲ ਰਾਜ ਕਰਨ ਵਾਲਿਆਂ ਨੂੰ]। ਅਖ਼ੀਰ ਵਿਚ, ਜਦੋਂ ਮਸੀਹ ਸਾਰੀਆਂ ਸਰਕਾਰਾਂ ਅਤੇ ਅਧਿਕਾਰ ਤੇ ਤਾਕਤ ਰੱਖਣ ਵਾਲਿਆਂ ਨੂੰ ਖ਼ਤਮ ਕਰ ਦੇਵੇਗਾ, ਤਾਂ ਉਹ ਆਪਣੇ  ਪਿਤਾ ਪਰਮੇਸ਼ੁਰ ਨੂੰ ਰਾਜ ਵਾਪਸ ਸੌਂਪ ਦੇਵੇਗਾ। ਕਿਉਂਕਿ ਉਹ ਰਾਜੇ ਵਜੋਂ ਉਦੋਂ ਤਕ ਰਾਜ ਕਰੇਗਾ ਜਦੋਂ ਤਕ ਪਰਮੇਸ਼ੁਰ ਸਾਰੇ ਦੁਸ਼ਮਣਾਂ ਨੂੰ ਉਸ ਦੇ ਪੈਰਾਂ ਹੇਠ ਨਹੀਂ ਕਰ ਦਿੰਦਾ। ਅਤੇ ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।” (1 ਕੁਰਿੰ. 15:22-26) ਜੀ ਹਾਂ, ਆਦਮ ਦੁਆਰਾ ਆਈ ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। ਜਿਸ “ਪੜਦੇ” ਨੇ ਸਾਰੇ ਇਨਸਾਨਾਂ ਨੂੰ ਢੱਕਿਆ ਹੋਇਆ ਹੈ, ਉਸ “ਪੜਦੇ” ਨੂੰ ਹਮੇਸ਼ਾ ਲਈ ਹਟਾ ਦਿੱਤਾ ਜਾਵੇਗਾ।ਯਸਾ. 25:7, 8.

16 ਪੌਲੁਸ ਰਸੂਲ ਇਨ੍ਹਾਂ ਸ਼ਬਦਾਂ ਨਾਲ ਆਪਣੀ ਗੱਲ ਖ਼ਤਮ ਕਰਦਾ ਹੈ: “ਸਾਰਾ ਕੁਝ ਪੁੱਤਰ ਦੇ ਅਧੀਨ ਹੋ ਜਾਣ ਤੋਂ ਬਾਅਦ ਪੁੱਤਰ ਆਪ ਵੀ ਪਰਮੇਸ਼ੁਰ ਦੇ ਅਧੀਨ ਹੋ ਜਾਵੇਗਾ ਜਿਸ ਨੇ ਪੁੱਤਰ ਦੇ ਅਧੀਨ ਸਾਰਾ ਕੁਝ ਕੀਤਾ ਹੈ ਤਾਂਕਿ ਪਰਮੇਸ਼ੁਰ ਹੀ ਸਾਰਿਆਂ ਦਾ ਰਾਜਾ ਹੋਵੇ।” (1 ਕੁਰਿੰ. 15:28) ਪੁੱਤਰ ਦੇ ਰਾਜ ਦਾ ਮਕਸਦ ਪੂਰਾ ਹੋ ਚੁੱਕਾ ਹੋਵੇਗਾ। ਫਿਰ ਉਹ ਖ਼ੁਸ਼ੀ-ਖ਼ੁਸ਼ੀ ਆਪਣਾ ਅਧਿਕਾਰ ਯਹੋਵਾਹ ਨੂੰ ਵਾਪਸ ਕਰ ਦੇਵੇਗਾ ਅਤੇ ਮੁਕੰਮਲ ਹੋ ਚੁੱਕੇ ਇਨਸਾਨਾਂ ਨੂੰ ਉਸ ਦੇ ਹਵਾਲੇ ਕਰ ਦੇਵੇਗਾ।

17. ਸ਼ੈਤਾਨ ਦਾ ਕੀ ਅੰਜਾਮ ਹੋਵੇਗਾ?

17 ਸ਼ੈਤਾਨ ਦਾ ਕੀ ਹੋਵੇਗਾ ਜੋ ਸਾਰੇ ਇਨਸਾਨਾਂ ਦੇ ਦੁੱਖਾਂ ਦੀ ਜੜ੍ਹ ਹੈ? ਪ੍ਰਕਾਸ਼ ਦੀ ਕਿਤਾਬ 20:7-15 ਵਿਚ ਇਸ ਦਾ ਜਵਾਬ ਦਿੱਤਾ ਗਿਆ ਹੈ। ਆਖ਼ਰੀ ਪਰੀਖਿਆ ਵਿਚ ਸ਼ੈਤਾਨ ਨੂੰ ਮੁਕੰਮਲ ਇਨਸਾਨਾਂ ਨੂੰ ਗੁਮਰਾਹ ਕਰਨ ਦਾ ਮੌਕਾ ਦਿੱਤਾ ਜਾਵੇਗਾ। ਫਿਰ ਸ਼ੈਤਾਨ ਤੇ ਉਸ ਦੇ ਪਿੱਛੇ ਲੱਗੇ ਸਾਰੇ ਇਨਸਾਨਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। ਇਸ ਨੂੰ ਬਾਈਬਲ ਵਿਚ “ਦੂਸਰੀ ਮੌਤ” ਕਿਹਾ ਗਿਆ ਹੈ। (ਪ੍ਰਕਾ. 21:8) “ਦੂਸਰੀ ਮੌਤ” ਨੂੰ ਕਦੀ ਖ਼ਤਮ ਨਹੀਂ ਕੀਤਾ ਜਾਵੇਗਾ ਕਿਉਂਕਿ ਜਿਹੜੇ ਲੋਕ ਇਹ ਮੌਤ ਮਰਨਗੇ, ਉਨ੍ਹਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ। ਪਰ ਆਪਣੇ ਸਿਰਜਣਹਾਰ ਨਾਲ ਪਿਆਰ ਕਰਨ ਵਾਲੇ ਅਤੇ ਉਸ ਦੀ ਸੇਵਾ ਕਰਨ ਵਾਲੇ ਇਨਸਾਨਾਂ ਨੂੰ “ਦੂਸਰੀ ਮੌਤ” ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।

18. ਯਹੋਵਾਹ ਨੇ ਆਦਮ ਨੂੰ ਜੋ ਕੰਮ ਦਿੱਤਾ ਸੀ, ਉਹ ਕਿਵੇਂ ਪੂਰਾ ਹੋਵੇਗਾ?

18 ਫਿਰ ਸਾਰੇ ਇਨਸਾਨ ਮੁਕੰਮਲ ਹੋਣਗੇ ਤੇ ਯਹੋਵਾਹ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਇਨਸਾਨ ਦੀਆਂ ਖ਼ੁਸ਼ੀਆਂ ਦੇ ਸਾਰੇ ਦੁਸ਼ਮਣ ਖ਼ਤਮ ਹੋ ਚੁੱਕੇ ਹੋਣਗੇ। ਆਦਮ ਨੂੰ ਜੋ ਕੰਮ ਦਿੱਤਾ ਗਿਆ ਸੀ, ਉਹ ਉਸ ਤੋਂ ਬਿਨਾਂ ਪੂਰਾ ਹੋ ਜਾਵੇਗਾ। ਧਰਤੀ ਉਸ ਦੇ ਬੱਚਿਆਂ ਨਾਲ ਭਰੀ ਹੋਵੇਗੀ ਜੋ ਖ਼ੁਸ਼ੀ-ਖ਼ੁਸ਼ੀ ਧਰਤੀ ਦੀ ਅਤੇ ਇਸ ਉੱਤੇ ਸਾਰੇ ਜੀਵ-ਜੰਤੂਆਂ ਦੀ ਦੇਖ-ਭਾਲ ਕਰਨਗੇ। ਯਹੋਵਾਹ ਨੇ ਆਖ਼ਰੀ ਦੁਸ਼ਮਣ ਮੌਤ ਨੂੰ ਖ਼ਤਮ ਕਰਨ ਲਈ ਜੋ ਵੀ ਕੀਤਾ ਹੈ, ਆਓ ਆਪਾਂ ਕਦੀ ਵੀ ਉਸ ਦੀ ਕਦਰ ਕਰਨੀ ਨਾ ਛੱਡੀਏ।

^ ਪੇਰਗ੍ਰੈਫ 9 ਸਾਇੰਸਦਾਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨ ਕਿਉਂ ਬੁੱਢਾ ਹੋ ਕੇ ਮਰ ਜਾਂਦਾ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਬਾਰੇ ਇਨਸਾਈਟ ਔਨ ਦ ਸਕ੍ਰਿਪਚਰਸ ਵਿਚ ਕਿਹਾ ਗਿਆ ਹੈ: “ਉਹ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿ ਸਿਰਜਣਹਾਰ ਨੇ ਆਪ ਪਹਿਲੇ ਇਨਸਾਨੀ ਜੋੜੇ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਅਤੇ ਉਹ ਜਿਸ ਤਰੀਕੇ ਨਾਲ ਇਨਸਾਨਾਂ ਨੂੰ ਇਹ ਸਜ਼ਾ ਦਿੰਦਾ ਹੈ, ਉਸ ਨੂੰ ਪੂਰੀ ਤਰ੍ਹਾਂ ਸਮਝਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ।”—ਖੰਡ 2, ਸਫ਼ਾ 247.