ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਸੱਚਾਈ ਦੇ ਰਾਹ ’ਤੇ ਚੱਲ ਰਹੇ ਹੋ? ਕਿਉਂ?
‘ਤੁਸੀਂ ਆਪ ਦੇਖੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।’
1. ਈਸਾਈ-ਜਗਤ ਦੇ ਪਾਦਰੀਆਂ ਨੇ ਯੁੱਧਾਂ ਦੌਰਾਨ ਕੀ ਕੀਤਾ ਹੈ?
ਕੀ ਪਰਮੇਸ਼ੁਰ ਚਾਹੁੰਦਾ ਹੈ ਕਿ ਸੱਚੇ ਮਸੀਹੀ ਹੋਰ ਦੇਸ਼ਾਂ ਦੇ ਲੋਕਾਂ ਨਾਲ ਲੜਨ ਤੇ ਉਨ੍ਹਾਂ ਨੂੰ ਜਾਨੋਂ ਮਾਰਨ? ਪਿਛਲੇ 100 ਸਾਲਾਂ ਦੌਰਾਨ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਨੇ ਇਸ ਤਰ੍ਹਾਂ ਕੀਤਾ ਹੈ। ਲੜਾਈਆਂ ਵਿਚ ਕੈਥੋਲਿਕਾਂ ਅਤੇ ਪ੍ਰੋਟੈਸਟੈਟਾਂ ਨੇ ਆਪੋ-ਆਪਣੇ ਧਰਮ ਦੇ ਲੋਕਾਂ ਨੂੰ ਜਾਨੋਂ ਮਾਰਿਆ ਹੈ। ਕੈਥੋਲਿਕ ਤੇ ਪ੍ਰੋਟੈਸਟੈਂਟ ਪਾਦਰੀਆਂ ਨੇ ਆਪਣੇ-ਆਪਣੇ ਦੇਸ਼ ਦੇ ਫ਼ੌਜੀਆਂ ਤੇ ਹਥਿਆਰਾਂ ਲਈ ਬਰਕਤ ਮੰਗੀ। ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਨੇ ਦੂਸਰੇ ਵਿਸ਼ਵ ਯੁੱਧ ਵਿਚ ਬੇਰਹਿਮੀ ਨਾਲ ਦੂਸਰਿਆਂ ਦਾ ਕਤਲ ਕੀਤਾ।
2, 3. ਦੂਸਰੇ ਵਿਸ਼ਵ ਯੁੱਧ ਵਿਚ ਅਤੇ ਹੋਰ ਲੜਾਈਆਂ ਵਿਚ ਯਹੋਵਾਹ ਦੇ ਗਵਾਹਾਂ ਨੇ ਕੀ ਕੀਤਾ ਅਤੇ ਕਿਉਂ?
2 ਯਹੋਵਾਹ ਦੇ ਗਵਾਹਾਂ ਨੇ ਯੁੱਧਾਂ ਦੌਰਾਨ ਕੀ ਕੀਤਾ? ਇਤਿਹਾਸ ਤੋਂ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਉਨ੍ਹਾਂ ਨੇ ਯੁੱਧਾਂ ਵਿਚ ਕਿਸੇ ਦਾ ਪੱਖ ਨਹੀਂ ਲਿਆ। ਉਹ ਨਿਰਪੱਖ ਕਿਉਂ ਰਹੇ? ਕਿਉਂਕਿ ਉਹ ਯਿਸੂ ਦੀ ਮਿਸਾਲ ਅਤੇ ਸਿੱਖਿਆਵਾਂ ਉੱਤੇ ਚੱਲੇ ਸਨ। ਉਸ ਨੇ ਕਿਹਾ ਸੀ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:35) ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਆਪਣੀ ਚਿੱਠੀ ਵਿਚ ਜੋ ਲਿਖਿਆ ਸੀ, ਉਸ ਵਿਚ ਦਿੱਤੇ ਗਏ ਅਸੂਲਾਂ ਨੂੰ ਯਹੋਵਾਹ ਦੇ ਗਵਾਹ ਯਾਦ ਰੱਖਦੇ ਹਨ ਅਤੇ ਲੜਾਈ ਵੇਲੇ ਉਨ੍ਹਾਂ ਅਸੂਲਾਂ ਉੱਤੇ ਚੱਲੇ ਸਨ।
3 ਸੱਚੇ ਮਸੀਹੀ ਸਹੀ ਤੇ ਗ਼ਲਤ ਬਾਰੇ ਬਾਈਬਲ ਵਿੱਚੋਂ ਸੇਧ ਲੈਂਦੇ ਹਨ, ਇਸ ਲਈ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਯੁੱਧ ਕਰਨ ਜਾਂ ਯੁੱਧ ਦੀ ਸਿਖਲਾਈ ਲੈਣ ਦੀ ਇਜਾਜ਼ਤ ਨਹੀਂ ਦਿੰਦੀ। ਨਿਰਪੱਖ ਰਹਿਣ ਕਰਕੇ ਹਜ਼ਾਰਾਂ ਹੀ ਗਵਾਹਾਂ ਨੂੰ ਸਤਾਇਆ ਗਿਆ ਹੈ ਜਿਨ੍ਹਾਂ ਵਿਚ ਬੁੱਢੇ ਤੇ ਜਵਾਨ, ਆਦਮੀ ਤੇ ਔਰਤਾਂ ਸ਼ਾਮਲ ਹਨ। ਬਹੁਤ ਸਾਰੇ ਗਵਾਹਾਂ ਨੂੰ ਮਜ਼ਦੂਰੀ ਕੈਂਪਾਂ ਤੇ ਜੇਲ੍ਹਾਂ ਵਿਚ ਜ਼ੁਲਮ ਝੱਲਣੇ ਪਏ ਹਨ। ਜਰਮਨੀ ਵਿਚ ਨਾਜ਼ੀ ਰਾਜ ਦੌਰਾਨ ਕੁਝ ਨੂੰ ਜਾਨੋਂ ਵੀ ਮਾਰਿਆ ਗਿਆ। ਯੂਰਪ ਵਿਚ ਇੰਨਾ ਅਤਿਆਚਾਰ ਸਹਿਣ ਦੇ ਬਾਵਜੂਦ ਗਵਾਹ ਇਹ ਗੱਲ ਨਹੀਂ ਭੁੱਲੇ ਕਿ ਉਨ੍ਹਾਂ ਨੂੰ ਯਹੋਵਾਹ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਵਫ਼ਾਦਾਰੀ ਨਾਲ ਜੇਲ੍ਹਾਂ ਤੇ ਤਸ਼ੱਦਦ ਕੈਂਪਾਂ ਵਿਚ ਪ੍ਰਚਾਰ ਕੀਤਾ। ਉਨ੍ਹਾਂ ਨੂੰ ਘਰੋਂ ਬੇਘਰ ਕਰ ਕੇ ਜਿੱਥੇ ਕਿਤੇ ਵੀ ਲਿਜਾਇਆ ਗਿਆ ਸੀ, ਉਹ ਉੱਥੇ ਵੀ ਪ੍ਰਚਾਰ ਕਰਦੇ ਰਹੇ। * 1994 ਵਿਚ ਰਵਾਂਡਾ ਵਿਚ ਹੋਏ ਨਸਲੀ ਖ਼ੂਨ-ਖ਼ਰਾਬੇ ਵਿਚ ਗਵਾਹਾਂ ਨੇ ਬਿਲਕੁਲ ਹਿੱਸਾ ਨਹੀਂ ਲਿਆ। ਯੂਗੋਸਲਾਵੀਆ ਦੇਸ਼ ਦੇ ਟੁਕੜੇ ਹੋਣ ਸਮੇਂ ਬਾਲਕਨ ਦੇਸ਼ਾਂ ਵਿਚ ਹੋਈਆਂ ਲੜਾਈਆਂ ਵਿਚ ਹੋਏ ਖ਼ੂਨ-ਖ਼ਰਾਬੇ ਵਿਚ ਵੀ ਗਵਾਹ ਨਿਰਪੱਖ ਰਹੇ।
4. ਯਹੋਵਾਹ ਦੇ ਗਵਾਹਾਂ ਦੀ ਨਿਰਪੱਖਤਾ ਦਾ ਦੂਸਰਿਆਂ ਉੱਤੇ ਕੀ ਅਸਰ ਪਿਆ ਹੈ?
4 ਯਹੋਵਾਹ ਦੇ ਗਵਾਹਾਂ ਦੀ ਨਿਰਪੱਖਤਾ ਕਰਕੇ ਦੁਨੀਆਂ ਭਰ ਵਿਚ ਹਜ਼ਾਰਾਂ ਲੋਕਾਂ ਨੂੰ ਯਕੀਨ ਹੋਇਆ ਹੈ ਕਿ ਗਵਾਹ ਸੱਚੇ ਦਿਲੋਂ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨਾਲ ਪਿਆਰ ਕਰਦੇ ਹਨ। ਦੂਸਰੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਗਵਾਹ ਸੱਚੇ ਮਸੀਹੀ ਧਰਮ ਉੱਤੇ ਚੱਲਦੇ ਹਨ। ਪਰ ਸਾਡੀ ਭਗਤੀ ਸੰਬੰਧੀ ਹੋਰ ਵੀ ਕਈ ਗੱਲਾਂ ਹਨ ਜਿਨ੍ਹਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਯਕੀਨ ਹੋਇਆ ਹੈ ਕਿ ਯਹੋਵਾਹ ਦੇ ਗਵਾਹ ਸੱਚੇ ਮਸੀਹੀ ਹਨ।
ਇਤਿਹਾਸ ਵਿਚ ਸਿੱਖਿਆ ਦੇਣ ਦਾ ਸਭ ਤੋਂ ਵੱਡਾ ਪ੍ਰਬੰਧ
5. ਪਹਿਲੀ ਸਦੀ ਵਿਚ ਮਸੀਹ ਦੇ ਚੇਲਿਆਂ ਨੂੰ ਕਿਹੜੀ ਤਬਦੀਲੀ ਮੁਤਾਬਕ ਆਪਣੇ ਆਪ ਨੂੰ ਢਾਲਣਾ ਪਿਆ?
5 ਯਿਸੂ ਨੇ ਆਪਣੀ ਸੇਵਕਾਈ ਦੀ ਸ਼ੁਰੂਆਤ ਤੋਂ ਹੀ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਸੀ। ਉਸ ਨੇ ਇਹ ਕੰਮ ਕਰਨ ਲਈ ਪਹਿਲਾਂ ਆਪਣੇ 12 ਚੇਲਿਆਂ ਨੂੰ ਤੇ ਬਾਅਦ ਵਿਚ 70 ਚੇਲਿਆਂ ਨੂੰ ਸਿਖਲਾਈ ਦਿੱਤੀ। (ਲੂਕਾ 6:13; 10:1) ਉਨ੍ਹਾਂ ਨੂੰ ਪਹਿਲਾਂ ਯਹੂਦੀਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਸਿਖਲਾਈ ਦਿੱਤੀ ਗਈ ਸੀ। ਫਿਰ ਬਾਅਦ ਵਿਚ ਉਸ ਨੇ ਆਪਣੇ ਚੇਲਿਆਂ ਨੂੰ ਹੋਰ ਕੌਮਾਂ ਦੇ ਬੇਸੁੰਨਤੇ ਲੋਕਾਂ ਨੂੰ ਵੀ ਖ਼ੁਸ਼ ਖ਼ਬਰੀ ਸੁਣਾਉਣ ਲਈ ਕਿਹਾ। ਇਹ ਜਾਣ ਕੇ ਚੇਲਿਆਂ ਨੂੰ ਬਹੁਤ ਹੈਰਾਨੀ ਹੋਈ। ਜੋਸ਼ੀਲੇ ਯਹੂਦੀ ਚੇਲਿਆਂ ਲਈ ਇਹ ਕਿੰਨੀ ਵੱਡੀ ਤਬਦੀਲੀ ਸੀ!
6. ਪਤਰਸ ਨੂੰ ਕਿੱਦਾਂ ਯਕੀਨ ਹੋਇਆ ਕਿ ਯਹੋਵਾਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ?
6 ਪਤਰਸ ਰਸੂਲ ਨੂੰ ਕੁਰਨੇਲੀਅਸ ਨਾਂ ਦੇ ਇਕ ਬੇਸੁੰਨਤੇ ਗ਼ੈਰ-ਯਹੂਦੀ ਆਦਮੀ ਕੋਲ ਘੱਲਿਆ ਗਿਆ ਸੀ। ਉੱਥੇ ਪਤਰਸ ਨੇ ਕਬੂਲ ਕੀਤਾ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਕੁਰਨੇਲੀਅਸ ਤੇ ਉਸ ਦੇ ਘਰਾਣੇ ਨੇ ਬਪਤਿਸਮਾ ਲਿਆ। ਮਸੀਹੀ ਧਰਮ ਹੁਣ ਦੂਰ-ਦੂਰ ਤਕ ਨਵੇਂ ਇਲਾਕਿਆਂ ਵਿਚ ਫੈਲ ਰਿਹਾ ਸੀ, ਇਸ ਕਰਕੇ ਸਾਰੀਆਂ ਕੌਮਾਂ ਦੇ ਲੋਕ ਸੱਚਾਈ ਨੂੰ ਸੁਣ ਸਕਦੇ ਸਨ ਤੇ ਇਸ ਨੂੰ ਕਬੂਲ ਕਰ ਸਕਦੇ ਸਨ। (ਰਸੂ. 10:9-48) ਹੁਣ ਪੂਰੀ ਦੁਨੀਆਂ ਵਿਚ ਪ੍ਰਚਾਰ ਦਾ ਕੰਮ ਕੀਤਾ ਜਾਣਾ ਸੀ।
7, 8. ਯਹੋਵਾਹ ਦੇ ਸੰਗਠਨ ਨੇ ਕਿਹੜਾ ਕੰਮ ਕਰਨ ਦੀ ਪਹਿਲ ਕੀਤੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
7 ਸਾਡੇ ਜ਼ਮਾਨੇ ਵਿਚ ਯਹੋਵਾਹ ਦੇ ਸੰਗਠਨ ਵਿਚ ਅਗਵਾਈ ਕਰਨ ਵਾਲੇ ਭਰਾ ਜੋਸ਼ ਨਾਲ ਦੂਜਿਆਂ ਨੂੰ ਦੁਨੀਆਂ ਭਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੇ ਸਿੱਖਿਆ ਦੇਣ ਦੀ ਹੱਲਾਸ਼ੇਰੀ ਦਿੰਦੇ ਹਨ। ਅੱਜ ਲਗਭਗ 80 ਲੱਖ ਜੋਸ਼ੀਲੇ ਗਵਾਹ 600 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਮਸੀਹ ਦਾ ਸੰਦੇਸ਼ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਭਾਸ਼ਾਵਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਯਹੋਵਾਹ ਦੇ ਗਵਾਹ ਘਰ-ਘਰ ਤੇ ਸੜਕਾਂ ਉੱਤੇ ਪ੍ਰਚਾਰ ਕਰਦੇ ਹਨ। ਕਈ ਵਾਰ ਉਹ ਮੇਜ਼ ਜਾਂ ਰੇੜ੍ਹੀ (trolley) ਉੱਤੇ ਪ੍ਰਕਾਸ਼ਨ ਰੱਖ ਕੇ ਪ੍ਰਚਾਰ ਕਰਦੇ ਹਨ। ਪ੍ਰਚਾਰ ਦਾ ਕੰਮ ਯਹੋਵਾਹ ਦੇ ਗਵਾਹਾਂ ਦੀ ਪਛਾਣ ਬਣ ਗਿਆ ਹੈ।
8 ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਲਈ 2,900 ਤੋਂ ਜ਼ਿਆਦਾ ਅਨੁਵਾਦਕਾਂ ਨੂੰ ਖ਼ਾਸ ਸਿਖਲਾਈ ਦਿੱਤੀ ਗਈ ਹੈ। ਦੁਨੀਆਂ ਦੀਆਂ ਮੁੱਖ ਭਾਸ਼ਾਵਾਂ ਤੋਂ ਇਲਾਵਾ ਅਜਿਹੀਆਂ ਸੈਂਕੜੇ ਭਾਸ਼ਾਵਾਂ ਵਿਚ ਵੀ ਸਾਡੇ ਪ੍ਰਕਾਸ਼ਨਾਂ ਦਾ ਅਨੁਵਾਦ ਕੀਤਾ ਜਾਂਦਾ ਹੈ ਜੋ ਇੰਨੀਆਂ ਮਸ਼ਹੂਰ ਤਾਂ ਨਹੀਂ ਹਨ, ਪਰ ਕਰੋੜਾਂ ਲੋਕ ਉਹ ਭਾਸ਼ਾਵਾਂ ਬੋਲਦੇ ਹਨ। ਉਦਾਹਰਣ ਲਈ, ਸਪੇਨ ਵਿਚ ਲੱਖਾਂ ਕੈਟਲਨ ਲੋਕ ਰੋਜ਼ ਆਪਣੀ ਮਾਂ-ਬੋਲੀ ਬੋਲਦੇ ਹਨ। ਕੁਝ ਲੋਕ ਸੋਚਦੇ ਸਨ ਕਿ ਕੈਟਲਨ ਭਾਸ਼ਾ ਮਿਟ ਜਾਵੇਗੀ। ਪਰ ਹਾਲ ਹੀ ਵਿਚ ਅਨਡੋਰਾ, ਆਲੀਕਾਂਟੇ ਅਤੇ ਵੇਲੈਂਸੀਆ ਦੇ ਇਲਾਕਿਆਂ ਵਿਚ ਤੇ ਬੈਲੀਆਰਿਕ ਟਾਪੂਆਂ ਉੱਤੇ ਲੋਕ ਦੁਬਾਰਾ ਤੋਂ ਕੈਟਲਨ ਅਤੇ ਇਸ ਦੀਆਂ ਉਪਭਾਸ਼ਾਵਾਂ ਬੋਲਣ ਲੱਗ ਪਏ ਹਨ। ਯਹੋਵਾਹ ਦੇ ਗਵਾਹ ਹੁਣ ਕੈਟਲਨ ਭਾਸ਼ਾ ਵਿਚ ਵੀ ਬਾਈਬਲ ਦੇ ਪ੍ਰਕਾਸ਼ਨਾਂ ਦਾ ਅਨੁਵਾਦ ਕਰਦੇ ਹਨ। ਇਸ ਭਾਸ਼ਾ ਵਿਚ ਮਸੀਹੀ ਸਭਾਵਾਂ ਵੀ ਕੀਤੀਆਂ ਜਾਂਦੀਆਂ ਹਨ ਕਿਉਂਕਿ ਆਪਣੀ ਮਾਂ-ਬੋਲੀ ਵਿਚ ਸੱਚਾਈ ਦਾ ਲੋਕਾਂ ਦੇ ਦਿਲਾਂ ਉੱਤੇ ਸਿੱਧਾ ਅਸਰ ਪੈਂਦਾ ਹੈ।
9, 10. ਪਰਮੇਸ਼ੁਰ ਦੇ ਸੰਗਠਨ ਨੇ ਲੋਕਾਂ ਤਕ ਰਾਜ ਦੀ ਖ਼ੁਸ਼ ਖ਼ਬਰੀ ਦਾ ਸੰਦੇਸ਼ ਪਹੁੰਚਾਉਣ ਲਈ ਕੀ ਕੀਤਾ ਹੈ?
9 ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਅਤੇ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਸਿੱਖਿਆ ਦੇਣ ਦਾ ਕੰਮ ਦੁਨੀਆਂ ਭਰ ਵਿਚ ਚੱਲ ਰਿਹਾ ਹੈ। ਉਦਾਹਰਣ ਲਈ, ਮੈਕਸੀਕੋ ਵਿਚ ਮੁੱਖ ਤੌਰ ਤੇ ਸਪੇਨੀ ਭਾਸ਼ਾ ਬੋਲੀ ਜਾਂਦੀ ਹੈ, ਪਰ ਉੱਥੇ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਉਨ੍ਹਾਂ ਵਿੱਚੋਂ ਮਾਇਆ ਭਾਸ਼ਾ ਇਕ ਹੈ। ਮੈਕਸੀਕੋ ਬ੍ਰਾਂਚ ਨੇ ਮਾਇਆ ਭਾਸ਼ਾ ਦੇ ਅਨੁਵਾਦਕਾਂ ਲਈ ਦੇਸ਼ ਦੇ ਅਜਿਹੇ ਇਲਾਕੇ ਵਿਚ ਰਹਿਣ ਦਾ ਪ੍ਰਬੰਧ ਕੀਤਾ ਹੈ ਜਿੱਥੇ ਉਹ ਰੋਜ਼ ਆਪਣੀ ਭਾਸ਼ਾ ਬੋਲ ਤੇ ਸੁਣ ਸਕਦੇ ਹਨ। ਇਕ ਹੋਰ ਉਦਾਹਰਣ ’ਤੇ ਗੌਰ ਕਰੋ। ਨੇਪਾਲ ਦੀ ਜਨਸੰਖਿਆ 2 ਕਰੋੜ 90 ਲੱਖ ਤੋਂ ਜ਼ਿਆਦਾ ਹੈ। ਉੱਥੇ ਲਗਭਗ 120 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪਰ ਇਕ ਕਰੋੜ ਤੋਂ ਜ਼ਿਆਦਾ ਲੋਕਾਂ ਦੀ ਮਾਂ-ਬੋਲੀ ਨੇਪਾਲੀ ਹੈ ਅਤੇ ਹੋਰ ਬਹੁਤ ਸਾਰੇ ਲੋਕ ਨੇਪਾਲੀ ਜਾਣਦੇ ਹਨ ਜਿਨ੍ਹਾਂ ਦੀ ਮਾਂ-ਬੋਲੀ ਕੋਈ ਹੋਰ ਹੈ। ਸਾਡੇ ਬਾਈਬਲ-ਆਧਾਰਿਤ ਪ੍ਰਕਾਸ਼ਨ ਨੇਪਾਲੀ ਵਿਚ ਵੀ ਤਿਆਰ ਕੀਤੇ ਜਾਂਦੇ ਹਨ।
10 ਦੁਨੀਆਂ ਭਰ ਵਿਚ ਅਨੁਵਾਦਕਾਂ ਦੀਆਂ ਬਹੁਤ ਸਾਰੀਆਂ ਟੀਮਾਂ ਦੇ ਕੰਮ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਸੰਗਠਨ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਕੰਮ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ। ਪੂਰੀ ਦੁਨੀਆਂ ਵਿਚ ਪ੍ਰਚਾਰ ਕਰ ਕੇ ਕਰੋੜਾਂ ਟ੍ਰੈਕਟ, ਬਰੋਸ਼ਰ ਤੇ ਰਸਾਲੇ ਮੁਫ਼ਤ ਵਿਚ ਵੰਡੇ ਗਏ ਹਨ। ਇਨ੍ਹਾਂ ਪ੍ਰਕਾਸ਼ਨਾਂ ਦੀ ਛਪਾਈ ਦਾ ਖ਼ਰਚਾ ਯਹੋਵਾਹ ਦੇ ਗਵਾਹਾਂ ਦੁਆਰਾ ਆਪਣੀ ਇੱਛਾ ਨਾਲ ਦਿੱਤੇ ਦਾਨ ਨਾਲ ਚਲਾਇਆ ਜਾਂਦਾ ਹੈ। ਯਹੋਵਾਹ ਦੇ ਗਵਾਹ ਯਿਸੂ ਦੀ ਇਸ ਹਿਦਾਇਤ ਉੱਤੇ ਚੱਲਦੇ ਹਨ: “ਤੁਹਾਨੂੰ ਮੁਫ਼ਤ ਮਿਲਿਆ ਹੈ, ਤੁਸੀਂ ਵੀ ਮੁਫ਼ਤ ਦਿਓ।”
11, 12. ਯਹੋਵਾਹ ਦੇ ਗਵਾਹਾਂ ਦੁਆਰਾ ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਦਾ ਲੋਕਾਂ ’ਤੇ ਕੀ ਅਸਰ ਪਿਆ ਹੈ?
11 ਯਹੋਵਾਹ ਦੇ ਗਵਾਹਾਂ ਨੂੰ ਕੋਈ ਸ਼ੱਕ ਨਹੀਂ ਕਿ ਉਹ ਸੱਚਾਈ ਦੇ ਰਾਹ ’ਤੇ ਚੱਲ ਰਹੇ ਹਨ, ਇਸ ਕਰਕੇ ਉਹ ਹੋਰ ਕੌਮਾਂ ਤੇ ਨਸਲਾਂ ਦੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਦੇ ਹਨ। ਬਹੁਤ ਸਾਰੇ ਗਵਾਹਾਂ ਨੇ ਆਪਣੀ ਜ਼ਿੰਦਗੀ ਸਾਦੀ ਬਣਾਈ ਹੈ, ਹੋਰ ਭਾਸ਼ਾ ਸਿੱਖੀ ਹੈ ਤੇ ਹੋਰ ਸਭਿਆਚਾਰ ਮੁਤਾਬਕ ਰਹਿਣਾ ਸਿੱਖਿਆ ਹੈ ਤਾਂਕਿ ਉਹ ਇਸ ਜ਼ਰੂਰੀ ਕੰਮ ਵਿਚ ਹਿੱਸਾ ਲੈ ਸਕਣ। ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਤੇ ਸਿੱਖਿਆ ਦੇਣ ਦੇ ਕੰਮ ਤੋਂ ਵੀ ਬਹੁਤ ਸਾਰੇ ਲੋਕਾਂ ਨੂੰ ਯਕੀਨ ਹੋਇਆ ਹੈ ਕਿ ਯਹੋਵਾਹ ਦੇ ਗਵਾਹ ਯਿਸੂ ਮਸੀਹ ਦੇ ਸੱਚੇ ਚੇਲੇ ਹਨ।
12 ਗਵਾਹ ਇਹ ਸਭ ਕੁਝ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਹ ਸੱਚਾਈ ਦੇ ਰਾਹ ’ਤੇ ਚੱਲ ਰਹੇ ਹਨ। ਹੋਰ ਕਿਹੜੀ ਗੱਲ ਨੇ ਲੱਖਾਂ ਲੋਕਾਂ ਨੂੰ ਯਕੀਨ ਦਿਵਾਇਆ ਹੈ ਕਿ ਯਹੋਵਾਹ ਦੇ ਗਵਾਹ ਸੱਚਾਈ ਦੇ ਰਾਹ ’ਤੇ ਚੱਲ ਰਹੇ ਹਨ?
ਉਨ੍ਹਾਂ ਨੂੰ ਕਿਉਂ ਯਕੀਨ ਹੈ?
13. ਗਵਾਹਾਂ ਨੇ ਆਪਣੇ ਸੰਗਠਨ ਨੂੰ ਸ਼ੁੱਧ ਕਿਵੇਂ ਰੱਖਿਆ ਹੈ?
13 ਸਾਡੇ ਸਮੇਂ ਵਿਚ ਰਹਿੰਦੇ ਵਫ਼ਾਦਾਰ ਮਸੀਹੀਆਂ ਨੂੰ ਪੂਰਾ ਯਕੀਨ ਹੈ ਕਿ ਉਹ ਸੱਚਾਈ ਦੇ ਰਾਹ ’ਤੇ ਚੱਲ ਰਹੇ ਹਨ। ਉਨ੍ਹਾਂ ਦੀਆਂ ਟਿੱਪਣੀਆਂ ਤੋਂ ਸਾਨੂੰ ਫ਼ਾਇਦਾ ਹੋ ਸਕਦਾ ਹੈ। ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਇਕ ਭਰਾ ਨੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹੋਏ ਕਿਹਾ: “ਯਹੋਵਾਹ ਦੇ ਸੰਗਠਨ ਨੂੰ ਸ਼ੁੱਧ ਤੇ ਸਾਫ਼ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਕਰਕੇ ਇਹ ਨਹੀਂ ਦੇਖਿਆ ਜਾਂਦਾ ਕਿ ਕਿਸ ਨੂੰ ਸਲਾਹ ਜਾਂ ਅਨੁਸ਼ਾਸਨ ਦਿੱਤਾ ਜਾਂਦਾ ਹੈ।” ਯਹੋਵਾਹ ਦੇ ਗਵਾਹ ਸੰਗਠਨ ਨੂੰ ਸਾਫ਼ ਕਿਵੇਂ ਰੱਖਦੇ ਹਨ? ਉਹ ਪਰਮੇਸ਼ੁਰ ਦੇ ਬਚਨ ਵਿਚ ਦੱਸੇ ਅਸੂਲਾਂ ਅਤੇ ਯਿਸੂ ਤੇ ਉਸ ਦੇ ਚੇਲਿਆਂ ਦੀ ਮਿਸਾਲ ਉੱਤੇ ਚੱਲਦੇ ਹਨ। ਬਹੁਤ ਥੋੜ੍ਹੇ ਯਹੋਵਾਹ ਦੇ ਗਵਾਹਾਂ ਨੇ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਚੱਲਣ ਤੋਂ ਇਨਕਾਰ ਕੀਤਾ ਹੈ ਜਿਸ ਕਰਕੇ ਉਨ੍ਹਾਂ ਨੂੰ ਮਸੀਹੀ ਮੰਡਲੀ ਵਿੱਚੋਂ ਕੱਢਿਆ ਗਿਆ ਹੈ। ਜ਼ਿਆਦਾਤਰ ਗਵਾਹ ਸਾਫ਼-ਸੁਥਰੀ ਜ਼ਿੰਦਗੀ ਜੀਉਂਦੇ ਹਨ। ਉਨ੍ਹਾਂ ਵਿਚ ਉਹ ਲੋਕ ਵੀ ਹਨ ਜਿਹੜੇ ਪਹਿਲਾਂ ਪਰਮੇਸ਼ੁਰ ਦੇ ਅਸੂਲਾਂ ਤੋਂ ਉਲਟ ਚੱਲਦੇ ਸਨ, ਪਰ ਫਿਰ ਉਨ੍ਹਾਂ ਨੇ ਆਪਣੇ ਆਪ ਨੂੰ ਬਦਲਿਆ।
14. ਮੰਡਲੀ ਵਿੱਚੋਂ ਕੱਢੇ ਗਏ ਬਹੁਤ ਸਾਰੇ ਲੋਕਾਂ ਨੇ ਕੀ ਕੀਤਾ ਹੈ ਅਤੇ ਇਸ ਦਾ ਕੀ ਨਤੀਜਾ ਨਿਕਲਿਆ ਹੈ?
14 ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਨੂੰ ਬਾਈਬਲ ਦੀਆਂ ਹਿਦਾਇਤਾਂ ਮੁਤਾਬਕ ਮੰਡਲੀ ਵਿੱਚੋਂ ਕੱਢਣਾ ਪਿਆ ਸੀ? ਅਜਿਹੇ ਹਜ਼ਾਰਾਂ ਲੋਕਾਂ ਨੇ ਆਪਣੇ ਗ਼ਲਤ ਕੰਮਾਂ ਤੋਂ ਤੋਬਾ ਕੀਤੀ ਹੈ ਅਤੇ ਉਨ੍ਹਾਂ ਦਾ ਮੰਡਲੀ ਵਿਚ ਦੁਬਾਰਾ ਸੁਆਗਤ ਕੀਤਾ ਗਿਆ ਹੈ। (2 ਕੁਰਿੰਥੀਆਂ 2:6-8 ਪੜ੍ਹੋ।) ਬਾਈਬਲ ਵਿਚ ਦੱਸੇ ਉੱਚੇ ਅਸੂਲਾਂ ਉੱਤੇ ਚੱਲਣ ਕਰਕੇ ਮਸੀਹੀ ਮੰਡਲੀ ਸਾਫ਼ ਰਹਿੰਦੀ ਹੈ। ਇਸ ਤੋਂ ਗਵਾਹਾਂ ਨੂੰ ਯਕੀਨ ਹੁੰਦਾ ਹੈ ਕਿ ਇਹੀ ਪਰਮੇਸ਼ੁਰ ਦਾ ਸੰਗਠਨ ਹੈ। ਬਹੁਤ ਸਾਰੇ ਚਰਚਾਂ ਵਿਚ ਗ਼ਲਤ ਕੰਮ ਕਰਨ ਵਾਲੇ ਲੋਕਾਂ ਨੂੰ ਬਰਦਾਸ਼ਤ ਕੀਤਾ ਜਾਂਦਾ ਹੈ। ਪਰ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲਦੇ ਹਨ। ਇਹ ਗੱਲ ਵੀ ਬਹੁਤ ਸਾਰੇ ਲੋਕਾਂ ਨੂੰ ਯਕੀਨ ਦਿਵਾਉਂਦੀ ਹੈ ਕਿ ਗਵਾਹ ਸੱਚਾਈ ਦੇ ਰਾਹ ਉੱਤੇ ਚੱਲਦੇ ਹਨ।
15. ਇਕ ਭਰਾ ਨੂੰ ਕਿਉਂ ਯਕੀਨ ਹੋਇਆ ਕਿ ਉਹ ਸੱਚਾਈ ਦੇ ਰਾਹ ਉੱਤੇ ਚੱਲ ਰਿਹਾ ਹੈ?
15 ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋਰ ਗਵਾਹ ਕਿਉਂ ਯਕੀਨ ਰੱਖਦੇ ਹਨ ਕਿ ਉਹ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ? 54 ਸਾਲਾਂ ਦੇ ਇਕ ਭਰਾ ਨੇ ਦੱਸਿਆ: “ਜਵਾਨੀ ਦੀ ਉਮਰ ਤੋਂ ਹੀ ਮੈਂ ਵਿਸ਼ਵਾਸ ਕਰਦਾ ਸੀ ਕਿ ਮੇਰੀ ਨਿਹਚਾ ਤਿੰਨ ਥੰਮ੍ਹਾਂ ਉੱਤੇ ਖੜ੍ਹੀ ਹੈ: (1) ਪਰਮੇਸ਼ੁਰ ਹੋਂਦ ਵਿਚ ਹੈ; (2) ਉਸ ਨੇ ਬਾਈਬਲ ਲਿਖਵਾਈ ਹੈ ਅਤੇ (3) ਉਹ ਅੱਜ ਯਹੋਵਾਹ ਦੇ ਗਵਾਹਾਂ ਦੇ ਸੰਗਠਨ ਨੂੰ ਇਸਤੇਮਾਲ ਕਰ ਰਿਹਾ ਹੈ ਅਤੇ ਇਸ ਉੱਤੇ ਬਰਕਤਾਂ ਪਾ ਰਿਹਾ ਹੈ। ਸਾਲਾਂ ਦੌਰਾਨ ਅਧਿਐਨ ਕਰ ਕੇ ਮੈਂ ਹਮੇਸ਼ਾ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਥੰਮ੍ਹ ਕਿੰਨੇ ਕੁ ਮਜ਼ਬੂਤ ਹਨ ਅਤੇ ਆਪਣੇ ਆਪ ਤੋਂ ਪੁੱਛਿਆ ਹੈ ਕਿ ਇਹ ਪੱਕੀ ਜ਼ਮੀਨ ਉੱਤੇ ਖੜ੍ਹੇ ਹਨ ਜਾਂ ਨਹੀਂ। ਸਾਲਾਂ ਦੌਰਾਨ ਮੈਨੂੰ ਇਸ ਗੱਲ ਦਾ ਜ਼ਿਆਦਾ ਤੋਂ ਜ਼ਿਆਦਾ ਸਬੂਤ ਮਿਲਿਆ ਹੈ ਕਿ ਇਹ ਥੰਮ੍ਹ ਮਜ਼ਬੂਤ ਹਨ, ਇਸ ਕਰਕੇ ਮੇਰੀ ਨਿਹਚਾ ਹੋਰ ਪੱਕੀ ਹੋਈ ਅਤੇ ਮੈਨੂੰ ਹੋਰ ਯਕੀਨ ਹੋਇਆ ਕਿ ਅਸੀਂ ਸੱਚ-ਮੁੱਚ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਾਂ।”
16. ਸੱਚਾਈ ਬਾਰੇ ਕਿਹੜੀ ਗੱਲ ਨੇ ਇਕ ਭੈਣ ਨੂੰ ਪ੍ਰਭਾਵਿਤ ਕੀਤਾ?
16 ਨਿਊਯਾਰਕ ਵਿਚ ਵਰਲਡ ਹੈੱਡ-ਕੁਆਰਟਰ ਵਿਚ ਸੇਵਾ ਕਰ ਰਹੀ ਇਕ ਵਿਆਹੁਤਾ ਭੈਣ ਨੇ ਦੱਸਿਆ ਕਿ ਉਸ ਨੂੰ ਕਿਉਂ ਯਕੀਨ ਹੈ ਕਿ ਉਹ ਸੱਚਾਈ ਦੇ ਰਾਹ ਉੱਤੇ ਚੱਲ ਰਹੀ ਹੈ। ਉਸ ਨੇ ਕਿਹਾ: “ਯਹੋਵਾਹ ਦਾ ਸੰਗਠਨ ਹੀ ਇੱਕੋ-ਇਕ ਸੰਗਠਨ ਹੈ ਜੋ ਹਮੇਸ਼ਾ ਯਹੋਵਾਹ ਦੇ ਨਾਂ ਦਾ ਐਲਾਨ ਕਰਦਾ ਹੈ ਜੋ ਬਾਈਬਲ ਵਿਚ ਲਗਭਗ 7,000 ਵਾਰ ਪਾਇਆ ਜਾਂਦਾ ਹੈ। ਮੈਨੂੰ 2 ਇਤਹਾਸ 16:9 ਤੋਂ ਬਹੁਤ ਹੌਸਲਾ ਮਿਲਦਾ ਹੈ: ‘ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।’” ਉਸ ਨੇ ਅੱਗੇ ਕਿਹਾ: “ਸੱਚਾਈ ਨੇ ਮੈਨੂੰ ਸਿਖਾਇਆ ਹੈ ਕਿ ਮੈਂ ਕਿਵੇਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰ ਸਕਦੀ ਹਾਂ ਤਾਂਕਿ ਉਹ ਮੇਰੀ ਖ਼ਾਤਰ ਆਪਣੀ ਤਾਕਤ ਦਿਖਾਵੇ। ਯਹੋਵਾਹ ਨਾਲ ਰਿਸ਼ਤਾ ਮੇਰੇ ਲਈ ਸਭ ਤੋਂ ਜ਼ਿਆਦਾ ਕੀਮਤੀ ਹੈ। ਮੈਂ ਯਿਸੂ ਦੀ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਨੂੰ ਪਰਮੇਸ਼ੁਰ ਦਾ ਡੂੰਘਾ ਗਿਆਨ ਦਿੰਦਾ ਹੈ ਜਿਸ ਕਰਕੇ ਮੈਂ ਸੱਚਾਈ ਦੇ ਰਾਹ ਉੱਤੇ ਚੱਲ ਰਹੀ ਹਾਂ।”
17. ਇਕ ਭਰਾ ਨੂੰ ਕਿਹੜੀ ਗੱਲ ਦਾ ਯਕੀਨ ਹੋਇਆ ਜੋ ਪਹਿਲਾਂ ਰੱਬ ਨੂੰ ਨਹੀਂ ਮੰਨਦਾ ਸੀ ਅਤੇ ਕਿਉਂ?
17 ਇਕ ਭਰਾ ਪਹਿਲਾਂ ਰੱਬ ਨੂੰ ਨਹੀਂ ਮੰਨਦਾ ਸੀ। ਉਸ ਨੇ ਦੱਸਿਆ: “ਸ੍ਰਿਸ਼ਟੀ ਦੀਆਂ ਚੀਜ਼ਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਇਨਸਾਨ ਜ਼ਿੰਦਗੀ ਦਾ ਮਜ਼ਾ ਲੈਣ, ਇਸ ਲਈ ਉਹ ਬੁਰਾਈ ਨੂੰ ਬਰਦਾਸ਼ਤ ਨਹੀਂ ਕਰਦਾ ਰਹੇਗਾ। ਨਾਲੇ, ਜਿਉਂ-ਜਿਉਂ ਇਹ ਦੁਨੀਆਂ ਬੁਰਾਈ ਦੀ ਦਲਦਲ ਵਿਚ ਧਸਦੀ ਚਲੀ ਜਾ ਰਹੀ ਹੈ, ਤਿਉਂ-ਤਿਉਂ ਯਹੋਵਾਹ ਦੇ ਗਵਾਹਾਂ ਦੀ ਨਿਹਚਾ, ਜੋਸ਼ ਤੇ ਪਿਆਰ ਵਧਦਾ ਜਾ ਰਿਹਾ ਹੈ। ਸਿਰਫ਼ ਯਹੋਵਾਹ ਦੀ ਸ਼ਕਤੀ ਨਾਲ ਹੀ ਇਹ ਚਮਤਕਾਰ ਹੋ ਸਕਦਾ ਹੈ।”
18. ਦੋ ਹੋਰ ਭਰਾਵਾਂ ਨੇ ਜੋ ਕਿਹਾ, ਉਸ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
18 ਲੰਬੇ ਸਮੇਂ ਤੋਂ ਸੇਵਾ ਕਰ ਰਹੇ ਇਕ ਹੋਰ ਗਵਾਹ ਨੇ ਦੱਸਿਆ ਕਿ ਉਹ ਕਿਉਂ ਯਕੀਨ ਰੱਖਦਾ ਹੈ ਕਿ ਉਹ ਸੱਚਾਈ ਦੇ ਰਾਹ ’ਤੇ ਚੱਲ ਰਿਹਾ ਹੈ: “ਕਈ ਸਾਲਾਂ ਤੋਂ ਸਟੱਡੀ ਕਰ ਕੇ ਮੈਨੂੰ ਯਕੀਨ ਹੋਇਆ ਹੈ ਕਿ ਗਵਾਹ ਪਹਿਲੀ ਸਦੀ ਦੇ ਮਸੀਹੀਆਂ ਦੇ ਨਮੂਨੇ ਉੱਤੇ ਚੱਲਣ ਦੀ ਗੰਭੀਰਤਾ ਨਾਲ ਕੋਸ਼ਿਸ਼ ਕਰਦੇ ਹਨ। ਮੈਂ ਪੂਰੀ ਦੁਨੀਆਂ ਘੁੰਮਿਆ ਹਾਂ, ਇਸ ਲਈ ਮੈਂ ਆਪਣੀ ਅੱਖੀਂ ਯਹੋਵਾਹ ਦੇ ਗਵਾਹਾਂ ਦੀ ਏਕਤਾ ਦੇਖੀ ਹੈ। ਬਾਈਬਲ ਵਿਚ ਦੱਸੀ ਸੱਚਾਈ ਬਾਰੇ ਸਿੱਖ ਕੇ ਮੈਨੂੰ ਜ਼ਿੰਦਗੀ ਵਿਚ ਸੰਤੁਸ਼ਟੀ ਅਤੇ ਖ਼ੁਸ਼ੀ ਮਿਲੀ ਹੈ।” 60 ਸਾਲ ਤੋਂ ਜ਼ਿਆਦਾ ਉਮਰ ਦੇ ਇਕ ਭਰਾ ਨੂੰ ਪੁੱਛਿਆ ਗਿਆ ਕਿ ਉਸ ਨੂੰ ਕਿਉਂ ਯਕੀਨ ਹੈ ਕਿ ਯਹੋਵਾਹ ਦੇ ਗਵਾਹ ਸੱਚਾਈ ਦੇ ਰਾਹ ’ਤੇ ਚੱਲ ਰਹੇ ਹਨ। ਉਸ ਨੇ ਕਿਹਾ ਕਿ ਉਹ ਯਿਸੂ ਉੱਤੇ ਪੂਰੀ ਨਿਹਚਾ ਰੱਖਦੇ ਹਨ। ਉਸ ਨੇ ਸਮਝਾਇਆ: “ਅਸੀਂ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਦੀ ਬੜੇ ਧਿਆਨ ਨਾਲ ਸਟੱਡੀ ਕੀਤੀ ਹੈ। ਅਸੀਂ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਸਾਨੂੰ ਉਸ ਦੀ ਮਿਸਾਲ ’ਤੇ ਚੱਲਣ ਦੀ ਲੋੜ ਹੈ। ਯਿਸੂ ਦੀ ਰੀਸ ਕਰ ਕੇ ਅਸੀਂ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ ਤਾਂਕਿ ਅਸੀਂ ਪਰਮੇਸ਼ੁਰ ਦੇ ਹੋਰ ਨੇੜੇ ਜਾ ਸਕੀਏ। ਅਸੀਂ ਮੰਨਦੇ ਹਾਂ ਕਿ ਮਸੀਹ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਰਾਹੀਂ ਹੀ ਸਾਨੂੰ ਛੁਟਕਾਰਾ ਮਿਲ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਉਸ ਨੂੰ ਮਰੇ ਹੋਏ ਲੋਕਾਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਗਿਆ ਸੀ। ਕਈ ਲੋਕਾਂ ਨੇ ਉਸ ਨੂੰ ਜੀਉਂਦਾ ਹੋਣ ਤੋਂ ਬਾਅਦ ਆਪਣੀ ਅੱਖੀਂ ਦੇਖਿਆ ਸੀ ਤੇ ਉਨ੍ਹਾਂ ਦੀ ਭਰੋਸੇਯੋਗ ਗਵਾਹੀ ਬਾਈਬਲ ਵਿਚ ਦਰਜ ਹੈ।”
ਸੱਚਾਈ ਬਾਰੇ ਦੂਜਿਆਂ ਨੂੰ ਦੱਸੋ
19, 20. (ੳ) ਪੌਲੁਸ ਨੇ ਰੋਮ ਦੀ ਮੰਡਲੀ ਦੇ ਭਰਾਵਾਂ ਨੂੰ ਕਿਹੜੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਸੀ? (ਅ) ਸਮਰਪਿਤ ਮਸੀਹੀ ਹੋਣ ਦੇ ਨਾਤੇ ਸਾਨੂੰ ਕਿਹੜਾ ਸਨਮਾਨ ਮਿਲਿਆ ਹੈ?
19 ਮਸੀਹੀ ਹੋਣ ਦੇ ਨਾਤੇ ਅਸੀਂ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹਾਂ, ਇਸ ਕਰਕੇ ਸਾਨੂੰ ਦੂਜਿਆਂ ਨੂੰ ਵੀ ਸੱਚਾਈ ਦਾ ਗਿਆਨ ਦੇਣਾ ਚਾਹੀਦਾ ਹੈ। ਪੌਲੁਸ ਨੇ ਰੋਮ ਦੀ ਮੰਡਲੀ ਦੇ ਭਰਾਵਾਂ ਨਾਲ ਤਰਕ ਕਰਦੇ ਹੋਏ ਕਿਹਾ: “‘ਤੇਰੀ ਜ਼ਬਾਨ ਉੱਤੇ ਸੰਦੇਸ਼’ ਇਹ ਹੈ ਕਿ ਯਿਸੂ ਪ੍ਰਭੂ ਹੈ। ਜੇ ਤੁਸੀਂ ਇਸ ਸੰਦੇਸ਼ ਦਾ ਸਾਰਿਆਂ ਸਾਮ੍ਹਣੇ ਐਲਾਨ ਕਰੋਗੇ ਅਤੇ ਦਿਲੋਂ ਨਿਹਚਾ ਕਰੋਗੇ ਕਿ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ, ਤਾਂ ਤੁਸੀਂ ਬਚਾਏ ਜਾਓਗੇ। ਕਿਉਂਕਿ ਦਿਲੋਂ ਨਿਹਚਾ ਕਰਨ ਵਾਲੇ ਨੂੰ ਧਰਮੀ ਠਹਿਰਾਇਆ ਜਾਂਦਾ ਹੈ, ਪਰ ਮੁਕਤੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਆਪਣੇ ਮੂੰਹੋਂ ਉਸ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰੇ।”
20 ਯਹੋਵਾਹ ਦੇ ਸਮਰਪਿਤ ਗਵਾਹ ਹੋਣ ਦੇ ਨਾਤੇ ਸਾਨੂੰ ਯਕੀਨ ਹੈ ਕਿ ਅਸੀਂ ਸੱਚਾਈ ਦੇ ਰਾਹ ’ਤੇ ਚੱਲ ਰਹੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਸਾਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੂਸਰਿਆਂ ਨੂੰ ਸੁਣਾਉਣ ਦਾ ਸਨਮਾਨ ਮਿਲਿਆ ਹੈ। ਸੋ ਸਾਨੂੰ ਇਹ ਟੀਚਾ ਰੱਖਣਾ ਚਾਹੀਦਾ ਹੈ ਕਿ ਅਸੀਂ ਨਾ ਸਿਰਫ਼ ਦੂਸਰਿਆਂ ਨੂੰ ਬਾਈਬਲ ਬਾਰੇ ਸਿਖਾਈਏ, ਸਗੋਂ ਆਪਣੀ ਜ਼ਿੰਦਗੀ ਜੀਉਣ ਦੇ ਢੰਗ ਤੋਂ ਵੀ ਦਿਖਾਈਏ ਕਿ ਸਾਨੂੰ ਯਕੀਨ ਹੈ ਕਿ ਅਸੀਂ ਸੱਚਾਈ ਦੇ ਰਾਹ ’ਤੇ ਚੱਲ ਰਹੇ ਹਾਂ।