ਸਾਨੂੰ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣਨਾ ਚਾਹੀਦਾ ਹੈ
‘ਤੁਸੀਂ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ।’
1, 2. (ੳ) ਪਰਮੇਸ਼ੁਰ ਦੇ ਲੋਕਾਂ ਤੋਂ ਕਿਸ ਤਰ੍ਹਾਂ ਦੇ ਚਾਲ-ਚਲਣ ਦੀ ਉਮੀਦ ਰੱਖੀ ਜਾਂਦੀ ਹੈ? (ਅ) ਇਸ ਲੇਖ ਵਿਚ ਕਿਹੜੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਤਰਸ ਰਸੂਲ ਨੇ ਲੇਵੀਆਂ ਦੀ ਕਿਤਾਬ ਦਾ ਹਵਾਲਾ ਦੇ ਕੇ ਸਮਝਾਇਆ ਕਿ ਮਸੀਹੀਆਂ ਨੂੰ ਆਪਣਾ ਚਾਲ-ਚਲਣ ਪਵਿੱਤਰ ਰੱਖਣ ਦੀ ਲੋੜ ਹੈ। (1 ਪਤਰਸ 1:14-16 ਪੜ੍ਹੋ।) “ਪਵਿੱਤਰ ਪਰਮੇਸ਼ੁਰ” ਯਹੋਵਾਹ ਚੁਣੇ ਹੋਏ ਮਸੀਹੀਆਂ ਤੇ “ਹੋਰ ਭੇਡਾਂ” ਤੋਂ ਉਮੀਦ ਰੱਖਦਾ ਹੈ ਕਿ ਉਹ ਕੁਝ ਗੱਲਾਂ ਵਿਚ ਹੀ ਨਹੀਂ, ਸਗੋਂ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣਨ।
2 ਲੇਵੀਆਂ ਦੀ ਕਿਤਾਬ ਦੀਆਂ ਹੋਰ ਗੱਲਾਂ ਦੀ ਜਾਂਚ ਕਰਨ ਨਾਲ ਸਾਨੂੰ ਬਹੁਤ ਫ਼ਾਇਦਾ ਹੋਵੇਗਾ ਅਤੇ ਅਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਸਾਬਤ ਕਰਾਂਗੇ ਕਿ ਅਸੀਂ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਹਾਂ। ਅਸੀਂ ਇਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ: ਸਮਝੌਤਾ ਕਰਨ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ? ਯਹੋਵਾਹ ਨੂੰ ਆਪਣਾ ਰਾਜਾ ਮੰਨਣ ਬਾਰੇ ਲੇਵੀਆਂ ਦੀ ਕਿਤਾਬ ਸਾਨੂੰ ਕੀ ਸਿਖਾਉਂਦੀ ਹੈ? ਅਸੀਂ ਇਜ਼ਰਾਈਲੀਆਂ ਦੀਆਂ ਚੜ੍ਹਾਈਆਂ ਬਲ਼ੀਆਂ ਤੋਂ ਕੀ ਸਿੱਖ ਸਕਦੇ ਹਾਂ?
ਸਮਝੌਤਾ ਕਰਨ ਤੋਂ ਬਚੋ
3, 4. (ੳ) ਮਸੀਹੀਆਂ ਨੂੰ ਬਾਈਬਲ ਦੇ ਕਾਨੂੰਨਾਂ ਤੇ ਅਸੂਲਾਂ ਨਾਲ ਸਮਝੌਤਾ ਕਿਉਂ ਨਹੀਂ ਕਰਨਾ ਚਾਹੀਦਾ? (ਅ) ਸਾਨੂੰ ਬਦਲਾ ਕਿਉਂ ਨਹੀਂ ਲੈਣਾ ਚਾਹੀਦਾ ਤੇ ਨਾ ਹੀ ਆਪਣੇ ਮਨ ਵਿਚ ਗੁੱਸਾ ਰੱਖਣਾ ਚਾਹੀਦਾ ਹੈ?
3 ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦੇ ਕਾਨੂੰਨਾਂ ਤੇ ਅਸੂਲਾਂ ’ਤੇ ਅਟੱਲ ਰਹਿਣਾ ਚਾਹੀਦਾ ਹੈ। ਸਾਨੂੰ ਨਾ ਤਾਂ ਕਦੇ ਇਨ੍ਹਾਂ ਨਾਲ ਸਮਝੌਤਾ ਕਰਨਾ ਚਾਹੀਦਾ ਤੇ ਨਾ ਹੀ ਇਨ੍ਹਾਂ ਨੂੰ ਅਪਵਿੱਤਰ ਸਮਝਣਾ ਚਾਹੀਦਾ। ਭਾਵੇਂ ਕਿ ਅਸੀਂ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਾਂ, ਪਰ ਇਸ ਕਾਨੂੰਨ ਵਿਚ ਦਿੱਤੀਆਂ ਮੰਗਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕਿਹੜੀਆਂ ਗੱਲਾਂ ਸਹੀ ਹਨ ਜਾਂ ਕਿਹੜੀਆਂ ਨਹੀਂ। ਮਿਸਾਲ ਲਈ, ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਗਿਆ ਸੀ: “ਤੂੰ ਬਦਲਾ ਨਾ ਲਵੀਂ, ਨਾ ਆਪਣੇ ਲੋਕਾਂ ਦੇ ਪਰਵਾਰ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ। ਮੈਂ ਯਹੋਵਾਹ ਹਾਂ।”
4 ਯਹੋਵਾਹ ਸਾਡੇ ਤੋਂ ਉਮੀਦ ਰੱਖਦਾ ਹੈ ਕਿ ਅਸੀਂ ਨਾ ਤਾਂ ਬਦਲਾ ਲਈਏ ਤੇ ਨਾ ਹੀ ਆਪਣੇ ਮਨ ਵਿਚ ਗੁੱਸਾ ਪਾਲੀਏ। (ਰੋਮੀ. 12:19) ਜੇ ਅਸੀਂ ਪਰਮੇਸ਼ੁਰ ਦੇ ਕਾਨੂੰਨਾਂ ਤੇ ਅਸੂਲਾਂ ਨੂੰ ਨਹੀਂ ਮੰਨਦੇ, ਤਾਂ ਸ਼ੈਤਾਨ ਖ਼ੁਸ਼ ਹੁੰਦਾ ਹੈ ਤੇ ਅਸੀਂ ਪਰਮੇਸ਼ੁਰ ਦੇ ਨਾਂ ਨੂੰ ਬਦਨਾਮ ਕਰਦੇ ਹਾਂ। ਭਾਵੇਂ ਕਿ ਕਿਸੇ ਨੇ ਜਾਣ-ਬੁੱਝ ਕੇ ਸਾਨੂੰ ਦੁੱਖ ਪਹੁੰਚਾਇਆ ਹੈ, ਤਾਂ ਵੀ ਸਾਨੂੰ ਆਪਣੇ ਮਨ ਵਿਚ ਗੁੱਸਾ ਨਹੀਂ ਰੱਖਣਾ ਚਾਹੀਦਾ ਹੈ। ਬਾਈਬਲ ਵਿਚ ਸਾਡੀ ਤੁਲਨਾ “ਮਿੱਟੀ ਦੇ ਭਾਂਡਿਆਂ” ਨਾਲ ਕੀਤੀ ਗਈ ਹੈ ਜਿਨ੍ਹਾਂ ਵਿਚ ਖ਼ਜ਼ਾਨਾ ਰੱਖਿਆ ਗਿਆ ਹੈ। ਇਹ ਖ਼ਜ਼ਾਨਾ ਹੈ ਸੇਵਕਾਈ। (2 ਕੁਰਿੰ. 4:1, 7) ਅਸੀਂ ਆਪਣੇ ਅੰਦਰ ਗੁੱਸਾ ਨਹੀਂ ਰੱਖਣਾ ਚਾਹੁੰਦੇ ਕਿਉਂਕਿ ਗੁੱਸਾ ਐਸਿਡ ਵਾਂਗ ਹੈ ਤੇ ਅਸੀਂ ਐਸਿਡ ਨੂੰ ਉਸ ਭਾਂਡੇ ਵਿਚ ਨਹੀਂ ਰੱਖਾਂਗੇ ਜਿਸ ਵਿਚ ਕੋਈ ਕੀਮਤੀ ਖ਼ਜ਼ਾਨਾ ਰੱਖਿਆ ਗਿਆ ਹੈ।
5. ਅਸੀਂ ਹਾਰੂਨ ਤੋਂ ਅਤੇ ਉਸ ਦੇ ਪੁੱਤਰਾਂ ਦੀ ਮੌਤ ਤੋਂ ਕੀ ਸਬਕ ਸਿੱਖ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
5 ਲੇਵੀਆਂ 10:1-11 ਵਿਚ ਹਾਰੂਨ ਦੇ ਪਰਿਵਾਰ ਨਾਲ ਵਾਪਰੀ ਦੁਖਦਾਈ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਜਦੋਂ ਹਾਰੂਨ ਦੇ ਪੁੱਤਰਾਂ ਨਾਦਾਬ ਤੇ ਅਬੀਹੂ ਨੂੰ ਸਵਰਗ ਤੋਂ ਆਈ ਅੱਗ ਨੇ ਤੰਬੂ ਵਿਚ ਭਸਮ ਕਰ ਦਿੱਤਾ, ਤਾਂ ਪਰਿਵਾਰ ਨੂੰ ਕਿੰਨਾ ਵੱਡਾ ਸਦਮਾ ਲੱਗਾ ਹੋਣਾ! ਹਾਰੂਨ ਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਦੀ ਮੌਤ ’ਤੇ ਸੋਗ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ ਜੋ ਕਿ ਉਨ੍ਹਾਂ ਦੀ ਨਿਹਚਾ ਦੀ ਵੱਡੀ ਪਰੀਖਿਆ ਸੀ। ਕੀ ਤੁਸੀਂ ਆਪਣੇ ਛੇਕੇ ਹੋਏ ਪਰਿਵਾਰ ਦੇ ਮੈਂਬਰਾਂ ਜਾਂ ਹੋਰ ਛੇਕੇ ਲੋਕਾਂ ਨਾਲ ਸੰਗਤ ਨਾ ਕਰ ਕੇ ਆਪਣੇ ਆਪ ਨੂੰ ਪਵਿੱਤਰ ਸਾਬਤ ਕਰਦੇ ਹੋ?
6, 7. (ੳ) ਧਾਰਮਿਕ ਸਥਾਨ ’ਤੇ ਹੋਣ ਵਾਲੇ ਵਿਆਹ ’ਤੇ ਕੁਝ ਰੀਤੀ-ਰਿਵਾਜਾਂ ਵਿਚ ਹਿੱਸਾ ਲੈਣ ਜਾਂ ਨਾ ਲੈਣ ਦਾ ਫ਼ੈਸਲਾ ਕਰਦਿਆਂ ਸਾਨੂੰ ਕਿਹੜੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ? (ਫੁਟਨੋਟ ਦੇਖੋ।) (ਅ) ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਕਿਵੇਂ ਸਮਝਾ ਸਕਦੇ ਹਾਂ ਕਿ ਅਸੀਂ ਧਾਰਮਿਕ ਸਥਾਨ ’ਤੇ ਹੋਣ ਵਾਲੇ ਵਿਆਹ ਦੀਆਂ ਰੀਤਾਂ-ਰਿਵਾਜਾਂ ਵਿਚ ਹਿੱਸਾ ਕਿਉਂ ਨਹੀਂ ਲੈਣਾ?
6 ਸਾਡੇ ਉੱਤੇ ਸ਼ਾਇਦ ਹਾਰੂਨ ਤੇ ਉਸ ਦੇ ਪਰਿਵਾਰ ਵਰਗੀ ਔਖੀ ਪਰੀਖਿਆ ਨਾ ਆਵੇ। ਪਰ ਉਦੋਂ ਕੀ ਜਦੋਂ ਸਾਡਾ ਕੋਈ ਰਿਸ਼ਤੇਦਾਰ ਸਾਨੂੰ ਧਾਰਮਿਕ ਸਥਾਨ ’ਤੇ ਹੋਣ ਵਾਲੇ ਵਿਆਹ ’ਤੇ ਬੁਲਾਉਂਦਾ ਹੈ? ਬਾਈਬਲ ਵਿਚ ਕਿਤੇ ਵੀ ਇਸ ਤਰ੍ਹਾਂ ਦੇ ਵਿਆਹ ’ਤੇ ਜਾਣ ਤੋਂ ਮਨ੍ਹਾ ਨਹੀਂ ਕੀਤਾ ਗਿਆ। ਪਰ ਜਦੋਂ ਉਹ ਸਾਨੂੰ ਵਿਆਹ ਦਾ ਸੱਦਾ ਦਿੰਦੇ ਸਮੇਂ ਕੁਝ ਰੀਤੀ-ਰਿਵਾਜਾਂ ਵਿਚ ਹਿੱਸਾ ਲੈਣ ਲਈ ਕਹਿੰਦਾ ਹੈ, ਉਦੋਂ ਕੀ? ਕੀ ਬਾਈਬਲ ਵਿਚ ਅਜਿਹੇ ਅਸੂਲ ਹਨ ਜੋ ਇਸ ਮਾਮਲੇ ਬਾਰੇ ਫ਼ੈਸਲਾ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ? *
7 ਇਨ੍ਹਾਂ ਹਾਲਾਤਾਂ ਵਿਚ ਅਸੀਂ ਆਪਣੇ ਆਪ ਨੂੰ ਯਹੋਵਾਹ ਅੱਗੇ ਪਵਿੱਤਰ ਸਾਬਤ ਕਰਨਾ ਚਾਹੁੰਦੇ ਹਾਂ, ਪਰ ਸ਼ਾਇਦ ਇਸ ਗੱਲ ਨੂੰ ਸਾਡੇ ਰਿਸ਼ਤੇਦਾਰ ਨਾ ਸਮਝ ਸਕਣ। (1 ਪਤ. 4:3, 4) ਇਹ ਸੱਚ ਹੈ ਕਿ ਅਸੀਂ ਉਨ੍ਹਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਪਰ ਚੰਗਾ ਹੋਵੇਗਾ ਜੇ ਅਸੀਂ ਉਨ੍ਹਾਂ ਨਾਲ ਪਿਆਰ ਨਾਲ ਇਸ ਮਾਮਲੇ ਬਾਰੇ ਸਾਫ਼-ਸਾਫ਼ ਗੱਲ ਕਰੀਏ। ਸਾਨੂੰ ਇਹ ਖ਼ਾਸ ਮੌਕਾ ਆਉਣ ਤੋਂ ਕਾਫ਼ੀ ਚਿਰ ਪਹਿਲਾਂ ਗੱਲ ਕਰ ਲੈਣੀ ਚਾਹੀਦੀ ਹੈ। ਅਸੀਂ ਉਨ੍ਹਾਂ ਦਾ ਧੰਨਵਾਦ ਕਰ ਸਕਦੇ ਹਾਂ ਤੇ ਕਹਿ ਸਕਦੇ ਹਾਂ ਕਿ ਅਸੀਂ ਖ਼ੁਸ਼ ਹਾਂ ਕਿ ਉਨ੍ਹਾਂ ਨੇ ਸਾਨੂੰ ਵਿਆਹ ’ਤੇ ਬੁਲਾਇਆ ਤੇ ਕੁਝ ਰੀਤੀ-ਰਿਵਾਜਾਂ ਵਿਚ ਹਿੱਸਾ ਲੈਣ ਲਈ ਕਿਹਾ ਹੈ। ਫਿਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਇਸ ਖ਼ਾਸ ਮੌਕੇ ਉੱਤੇ ਖ਼ੁਸ਼ੀਆਂ ਮਨਾਉਣ, ਪਰ ਅਸੀਂ ਧਾਰਮਿਕ ਰੀਤਾਂ-ਰਿਵਾਜਾਂ ਵਿਚ ਹਿੱਸਾ ਨਹੀਂ ਲਵਾਂਗੇ ਜਿਸ ਕਰਕੇ ਸ਼ਾਇਦ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸ਼ਰਮਿੰਦਾ ਹੋਣਾ ਪਵੇ। ਇੱਦਾਂ ਅਸੀਂ ਆਪਣੇ ਵਿਸ਼ਵਾਸਾਂ ਤੇ ਨਿਹਚਾ ਨਾਲ ਸਮਝੌਤਾ ਕਰਨ ਤੋਂ ਬਚ ਸਕਦੇ ਹਾਂ।
ਯਹੋਵਾਹ ਨੂੰ ਆਪਣਾ ਰਾਜਾ ਮੰਨੋ
8. ਲੇਵੀਆਂ ਦੀ ਕਿਤਾਬ ਇਸ ਗੱਲ ’ਤੇ ਕਿਵੇਂ ਜ਼ੋਰ ਦਿੰਦੀ ਹੈ ਕਿ ਯਹੋਵਾਹ ਸਾਡਾ ਰਾਜਾ ਹੈ?
8 ਲੇਵੀਆਂ ਦੀ ਕਿਤਾਬ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਯਹੋਵਾਹ ਸਾਡਾ ਰਾਜਾ ਹੈ। ਇਸ ਕਿਤਾਬ ਵਿਚ 30 ਤੋਂ ਜ਼ਿਆਦਾ ਵਾਰ ਦੱਸਿਆ ਗਿਆ ਹੈ ਕਿ ਇਸ ਵਿਚ ਦਿੱਤੇ ਕਾਨੂੰਨ ਯਹੋਵਾਹ ਵੱਲੋਂ ਹਨ। ਮੂਸਾ ਇਹ ਗੱਲ ਜਾਣਦਾ ਸੀ ਤੇ ਉਸ ਨੇ ਉਹੀ ਕੀਤਾ ਜੋ ਯਹੋਵਾਹ ਨੇ ਉਸ ਨੂੰ ਕਰਨ ਦਾ ਹੁਕਮ ਦਿੱਤਾ ਸੀ। (ਲੇਵੀ. 8:4, 5) ਇਸੇ ਤਰ੍ਹਾਂ ਸਾਨੂੰ ਵੀ ਉਹੀ ਕਰਨਾ ਚਾਹੀਦਾ ਹੈ ਜੋ ਸਾਡਾ ਰਾਜਾ ਯਹੋਵਾਹ ਸਾਡੇ ਤੋਂ ਚਾਹੁੰਦਾ ਹੈ। ਪਰਮੇਸ਼ੁਰ ਦਾ ਸੰਗਠਨ ਇਸ ਮਾਮਲੇ ਵਿਚ ਸਾਡੀ ਮਦਦ ਕਰਦਾ ਹੈ। ਪਰ ਸ਼ਾਇਦ ਸਾਡੀ ਨਿਹਚਾ ਦੀ ਪਰੀਖਿਆ ਉਦੋਂ ਹੋਵੇ ਜਦੋਂ ਅਸੀਂ ਇਕੱਲੇ ਹੋਈਏ ਜਿਸ ਤਰ੍ਹਾਂ ਯਿਸੂ ਨੂੰ ਉਜਾੜ ਵਿਚ ਇਕੱਲਾ ਹੁੰਦਿਆਂ ਹੋਇਆਂ ਪਰਖਿਆ ਗਿਆ ਸੀ। (ਲੂਕਾ 4:1-13) ਜੇ ਅਸੀਂ ਯਹੋਵਾਹ ਨੂੰ ਆਪਣਾ ਰਾਜਾ ਮੰਨਦੇ ਹਾਂ ਅਤੇ ਉਸ ’ਤੇ ਭਰੋਸਾ ਰੱਖਦੇ ਹਾਂ, ਤਾਂ ਕੋਈ ਵੀ ਸਾਡੇ ਤੋਂ ਸਮਝੌਤਾ ਨਹੀਂ ਕਰਵਾ ਸਕਦਾ ਤੇ ਅਸੀਂ ਕਿਸੇ ਤੋਂ ਵੀ ਨਹੀਂ ਡਰਾਂਗੇ।
9. ਸਾਰੀਆਂ ਕੌਮਾਂ ਪਰਮੇਸ਼ੁਰ ਦੇ ਲੋਕਾਂ ਨਾਲ ਨਫ਼ਰਤ ਕਿਉਂ ਕਰਦੀਆਂ ਹਨ?
9 ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਪਰਮੇਸ਼ੁਰ ਦੇ ਲੋਕ ਹੋਣ ਦੇ ਨਾਤੇ ਸਾਨੂੰ ਦੁਨੀਆਂ ਭਰ ਵਿਚ ਸਤਾਇਆ ਜਾਵੇਗਾ ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ: “ਲੋਕ ਤੁਹਾਡੇ ਉੱਤੇ ਅਤਿਆਚਾਰ ਕਰਨਗੇ ਅਤੇ ਤੁਹਾਨੂੰ ਮਾਰ ਦੇਣਗੇ। ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।” (ਮੱਤੀ 24:9) ਭਾਵੇਂ ਕਿ ਸਾਡੇ ਨਾਲ ਨਫ਼ਰਤ ਕੀਤੀ ਜਾਂਦੀ ਹੈ, ਫਿਰ ਵੀ ਅਸੀਂ ਪ੍ਰਚਾਰ ਕਰਨ ਵਿਚ ਲੱਗੇ ਰਹਿੰਦੇ ਹਾਂ ਤੇ ਅਸੀਂ ਆਪਣੇ ਚਾਲ-ਚਲਣ ਵਿਚ ਪਵਿੱਤਰ ਰਹਿੰਦੇ ਹਾਂ। ਅਸੀਂ ਈਮਾਨਦਾਰ ਹਾਂ, ਸਰੀਰਕ ਤੇ ਨੈਤਿਕ ਤੌਰ ਤੇ ਸ਼ੁੱਧ ਰਹਿੰਦੇ ਹਾਂ ਅਤੇ ਸਰਕਾਰੀ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ। ਤਾਂ ਫਿਰ ਸਾਡੇ ਨਾਲ ਨਫ਼ਰਤ ਕਿਉਂ ਕੀਤੀ ਜਾਂਦੀ ਹੈ? (ਰੋਮੀ. 13:1-7) ਕਿਉਂਕਿ ਅਸੀਂ ਯਹੋਵਾਹ ਨੂੰ ਆਪਣਾ ਮਹਾਨ ਰਾਜਾ ਮੰਨਿਆ ਹੈ। ਅਸੀਂ “ਉਸੇ ਇਕੱਲੇ” ਦੀ ਹੀ ਭਗਤੀ ਕਰਦੇ ਹਾਂ ਤੇ ਕਦੀ ਵੀ ਉਸ ਦੇ ਧਾਰਮਿਕ ਕਾਨੂੰਨਾਂ ਤੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਦੇ।
10. ਉਦੋਂ ਕੀ ਹੋਇਆ ਜਦੋਂ ਇਕ ਭਰਾ ਨਿਰਪੱਖ ਨਹੀਂ ਰਿਹਾ?
10 ਅਸੀਂ ਇਸ “ਦੁਨੀਆਂ ਵਰਗੇ ਨਹੀਂ” ਹਾਂ। ਇਸ ਲਈ ਅਸੀਂ ਦੁਨੀਆਂ ਦੇ ਯੁੱਧਾਂ ਤੇ ਰਾਜਨੀਤਿਕ ਮਾਮਲਿਆਂ ਤੋਂ ਨਿਰਪੱਖ ਰਹਿੰਦੇ ਹਾਂ। (ਯੂਹੰਨਾ 15:18-21; ਯਸਾਯਾਹ 2:4 ਪੜ੍ਹੋ।) ਪਰਮੇਸ਼ੁਰ ਦੇ ਕੁਝ ਸਮਰਪਿਤ ਗਵਾਹ ਨਿਰਪੱਖ ਨਹੀਂ ਰਹੇ। ਇਨ੍ਹਾਂ ਵਿੱਚੋਂ ਕਈਆਂ ਨੇ ਤੋਬਾ ਕੀਤੀ ਤੇ ਆਪਣੇ ਦਿਆਲੂ ਸਵਰਗੀ ਪਿਤਾ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਿਆ। (ਜ਼ਬੂ. 51:17) ਕੁਝ ਜਣਿਆਂ ਨੇ ਤੋਬਾ ਨਹੀਂ ਕੀਤੀ। ਮਿਸਾਲ ਲਈ, ਦੂਜੇ ਵਿਸ਼ਵ ਯੁੱਧ ਦੌਰਾਨ ਬਹੁਤ ਸਾਰੇ ਭਰਾਵਾਂ ਨੂੰ ਬਿਨਾਂ ਵਜ੍ਹਾ ਹੰਗਰੀ ਦੀਆਂ ਜੇਲ੍ਹਾਂ ਵਿਚ ਸੁੱਟਿਆ ਗਿਆ। ਇਨ੍ਹਾਂ ਭਰਾਵਾਂ ਵਿੱਚੋਂ 45 ਸਾਲ ਤੋਂ ਘੱਟ ਉਮਰ ਵਾਲੇ 160 ਭਰਾਵਾਂ ਨੂੰ ਅਫ਼ਸਰਾਂ ਨੇ ਇਕ ਕਸਬੇ ਵਿਚ ਇਕੱਠਾ ਕੀਤਾ ਤੇ ਉਨ੍ਹਾਂ ਨੂੰ ਫ਼ੌਜ ਵਿਚ ਭਰਤੀ ਹੋਣ ਦਾ ਹੁਕਮ ਦਿੱਤਾ। ਵਫ਼ਾਦਾਰ ਭਰਾ ਆਪਣੇ ਫ਼ੈਸਲੇ ’ਤੇ ਅਟੱਲ ਰਹੇ, ਪਰ ਨੌਂ ਜਣਿਆਂ ਨੇ ਮਿਲਟਰੀ ਵਿਚ ਭਰਤੀ ਹੋਣ ਦੀ ਸਹੁੰ ਚੁੱਕੀ ਤੇ ਵਰਦੀਆਂ ਲੈ ਲਈਆਂ। ਦੋ ਸਾਲਾਂ ਬਾਅਦ ਕੁਝ ਫ਼ੌਜੀਆਂ ਨੂੰ ਵਫ਼ਾਦਾਰ ਗਵਾਹਾਂ ਨੂੰ ਮਾਰਨ ਦਾ ਹੁਕਮ ਦਿੱਤਾ ਗਿਆ। ਇਨ੍ਹਾਂ ਫ਼ੌਜੀਆਂ ਵਿਚ ਉਹ ਫ਼ੌਜੀ ਵੀ ਸੀ ਜਿਸ ਨੇ ਪਹਿਲਾਂ ਆਪਣੀ ਨਿਹਚਾ ਨਾਲ ਸਮਝੌਤਾ ਕੀਤਾ ਸੀ। ਉਨ੍ਹਾਂ ਵਫ਼ਾਦਾਰ ਭਰਾਵਾਂ ਵਿਚ ਉਸ ਦਾ ਆਪਣਾ ਸਕਾ ਭਰਾ ਵੀ ਸੀ ਜਿਨ੍ਹਾਂ ਨੂੰ ਮਾਰਨ ਦਾ ਹੁਕਮ ਦਿੱਤਾ ਗਿਆ ਸੀ! ਪਰ ਕਿਸੇ ਵਜ੍ਹਾ ਕਰਕੇ ਵਫ਼ਾਦਾਰ ਗਵਾਹਾਂ ਨੂੰ ਮਾਰਿਆ ਨਹੀਂ ਗਿਆ।
ਤਨੋਂ-ਮਨੋਂ ਸੇਵਾ ਕਰੋ
11, 12. ਅਸੀਂ ਪ੍ਰਾਚੀਨ ਇਜ਼ਰਾਈਲ ਵਿਚ ਚੜ੍ਹਾਈਆਂ ਜਾਂਦੀਆਂ ਬਲ਼ੀਆਂ ਤੋਂ ਕੀ ਸਿੱਖ ਸਕਦੇ ਹਾਂ?
11 ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਇਜ਼ਰਾਈਲੀਆਂ ਨੇ ਕਿਹੜੀਆਂ ਖ਼ਾਸ ਬਲ਼ੀਆਂ ਚੜ੍ਹਾਉਣੀਆਂ ਸਨ। (ਲੇਵੀ. 9:1-4, 15-21) ਬਲ਼ੀਆਂ ਵਿਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹ ਯਿਸੂ ਦੀ ਮੁਕੰਮਲ ਕੁਰਬਾਨੀ ਵੱਲ ਇਸ਼ਾਰਾ ਕਰਦੀਆਂ ਸਨ। ਇਸ ਤੋਂ ਇਲਾਵਾ, ਹਰ ਕੁਰਬਾਨੀ ਨੂੰ ਚੜ੍ਹਾਉਣ ਦਾ ਖ਼ਾਸ ਤਰੀਕਾ ਦੱਸਿਆ ਗਿਆ ਸੀ। ਮਿਸਾਲ ਲਈ, ਗੌਰ ਕਰੋ ਕਿ ਇਕ ਨਵਜੰਮੇ ਬੱਚੇ ਦੀ ਮਾਂ ਤੋਂ ਕਿਹੜੀ ਬਲ਼ੀ ਦੀ ਮੰਗ ਕੀਤੀ ਜਾਂਦੀ ਸੀ। ਲੇਵੀਆਂ 12:6 ਵਿਚ ਲਿਖਿਆ ਹੈ: “ਉਸ ਦੇ ਸ਼ੁੱਧ ਹੋਣ ਦੇ ਦਿਨ ਪੁੱਤ੍ਰ ਦੇ ਲਈ ਯਾ ਧੀ ਦੇ ਲਈ ਪੂਰੇ ਹੋਣ ਤਾਂ ਉਹ ਇੱਕ ਵਰਹੇ ਦਾ ਲੇਲਾ ਇੱਕ ਹੋਮ ਕਰਕੇ ਅਤੇ ਇੱਕ ਕਬੂਤ੍ਰ ਦਾ ਬੱਚਾ ਯਾ ਘੁੱਗੀ ਪਾਪ ਦੀ ਭੇਟ ਕਰਕੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਜਾਜਕ ਦੇ ਅੱਗੇ ਲਿਆਵੇ।” ਭਾਵੇਂ ਕਿ ਪਰਮੇਸ਼ੁਰ ਨੇ ਬਲ਼ੀਆਂ ਚੜ੍ਹਾਉਣ ਦੀਆਂ ਮੰਗਾਂ ਇਜ਼ਰਾਈਲੀਆਂ ਨੂੰ ਬਾਰੀਕੀ ਨਾਲ ਦੱਸੀਆਂ ਸਨ, ਪਰ ਉਸ ਦੇ ਕਾਨੂੰਨ ਤੋਂ ਪਤਾ ਲੱਗਦਾ ਸੀ ਕਿ ਉਹ ਉਨ੍ਹਾਂ ਤੋਂ ਹੱਦੋਂ ਵਧ ਨਹੀਂ ਮੰਗਦਾ ਸੀ ਤੇ ਉਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਜੇ ਇਕ ਮਾਂ ਭੇਡ ਨਹੀਂ ਚੜ੍ਹਾ ਸਕਦੀ ਸੀ, ਤਾਂ ਉਹ ਦੋ ਘੁੱਗੀਆਂ ਜਾਂ ਦੋ ਕਬੂਤਰ ਦੇ ਬੱਚੇ ਚੜ੍ਹਾ ਸਕਦੀ ਸੀ। (ਲੇਵੀ. 12:8) ਭਾਵੇਂ ਕਿ ਉਹ ਗ਼ਰੀਬ ਸੀ, ਪਰ ਯਹੋਵਾਹ ਉਸ ਨੂੰ ਕੀਮਤੀ ਭੇਟ ਚੜ੍ਹਾਉਣ ਵਾਲੇ ਜਿੰਨਾ ਹੀ ਪਿਆਰ ਕਰਦਾ ਸੀ ਤੇ ਉਸ ਦੀ ਕਦਰ ਕਰਦਾ ਸੀ। ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?
12 ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਨੂੰ ਪਰਮੇਸ਼ੁਰ ਨੂੰ “ਉਸਤਤ ਦਾ ਬਲੀਦਾਨ” ਚੜ੍ਹਾਉਣ ਦੀ ਹੱਲਾਸ਼ੇਰੀ ਦਿੱਤੀ। (ਇਬ. 13:15) ਅਸੀਂ ਇਹ ਬਲੀਦਾਨ ਉਦੋਂ ਚੜ੍ਹਾਉਂਦੇ ਹਾਂ ਜਦੋਂ ਅਸੀਂ ਦੂਜਿਆਂ ਨੂੰ ਯਹੋਵਾਹ ਦੇ ਨਾਂ ਬਾਰੇ ਦੱਸਦੇ ਹਾਂ। ਬੋਲ਼ੇ ਭੈਣ-ਭਰਾ ਸੈਨਤ ਭਾਸ਼ਾ ਵਰਤ ਕੇ ਪਰਮੇਸ਼ੁਰ ਨੂੰ ਇਹ ਬਲੀਦਾਨ ਚੜ੍ਹਾਉਂਦੇ ਹਨ। ਜਿਹੜੇ ਭੈਣ-ਭਰਾ ਬੀਮਾਰੀ ਜਾਂ ਬੁਢਾਪੇ ਕਰਕੇ ਘਰਾਂ ਵਿਚ ਰਹਿਣ ਲਈ ਮਜਬੂਰ ਹਨ, ਉਹ ਚਿੱਠੀਆਂ ਲਿਖ ਕੇ, ਫ਼ੋਨ ਕਰ ਕੇ ਜਾਂ ਆਪਣੀ ਦੇਖ-ਭਾਲ ਕਰਨ ਵਾਲਿਆਂ ਤੇ ਮਿਲਣ ਆਉਣ ਵਾਲਿਆਂ ਨੂੰ ਗਵਾਹੀ ਦੇ ਕੇ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ। ਇਹ ਸਾਡੇ ਹਾਲਾਤਾਂ ਤੇ ਸਾਡੀ ਸਿਹਤ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਯਹੋਵਾਹ ਨੂੰ ਉਸਤਤ ਦਾ ਬਲੀਦਾਨ ਕਿੰਨਾ ਕੁ ਚੜ੍ਹਾ ਸਕਦੇ ਹਾਂ, ਪਰ ਸਾਨੂੰ ਉਸ ਦੀ ਸੇਵਾ ਹਮੇਸ਼ਾ ਤਨੋਂ-ਮਨੋਂ ਕਰਨੀ ਚਾਹੀਦੀ ਹੈ।
13. ਸਾਨੂੰ ਆਪਣੇ ਪ੍ਰਚਾਰ ਦੇ ਕੰਮ ਦੀ ਰਿਪੋਰਟ ਕਿਉਂ ਦੇਣੀ ਚਾਹੀਦੀ ਹੈ?
13 ਅਸੀਂ ਪਰਮੇਸ਼ੁਰ ਨੂੰ ਉਸਤਤ ਦੇ ਬਲੀਦਾਨ ਆਪਣੀ ਮਰਜ਼ੀ ਨਾਲ ਚੜ੍ਹਾਉਂਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। (ਮੱਤੀ 22:37, 38) ਪਰ ਸਾਡੇ ਤੋਂ ਮੰਗ ਕੀਤੀ ਜਾਂਦੀ ਹੈ ਕਿ ਅਸੀਂ ਆਪਣੇ ਪ੍ਰਚਾਰ ਦੇ ਕੰਮ ਦੀ ਰਿਪੋਰਟ ਦੇਈਏ। ਸੋ ਇਸ ਪ੍ਰਬੰਧ ਪ੍ਰਤੀ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ? ਅਸੀਂ ਹਰ ਮਹੀਨੇ ਜਿਹੜੀ ਰਿਪੋਰਟ ਪਾਉਂਦੇ ਹਾਂ, ਉਸ ਦਾ ਸੰਬੰਧ ਸਾਡੀ ਭਗਤੀ ਨਾਲ ਹੈ। (2 ਪਤ. 1:7) ਪਰ ਕਿਸੇ ਨੂੰ ਵੀ ਮਜਬੂਰ ਹੋ ਕੇ ਪ੍ਰਚਾਰ ਵਿਚ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ ਤਾਂਕਿ ਉਹ ਜ਼ਿਆਦਾ ਘੰਟੇ ਰਿਪੋਰਟ ਵਿਚ ਲਿਖ ਸਕੇ। ਇਸੇ ਲਈ ਜੇ ਕੋਈ ਭੈਣ-ਭਰਾ ਉਮਰ ਜਾਂ ਸਿਹਤ ਕਰਕੇ ਜ਼ਿਆਦਾ ਸਮਾਂ ਪ੍ਰਚਾਰ ਵਿਚ ਨਹੀਂ ਲਾ ਸਕਦਾ, ਤਾਂ ਉਹ 15 ਮਿੰਟ ਵੀ ਰਿਪੋਰਟ ਵਿਚ ਭਰ ਸਕਦਾ ਹੈ। ਤਨੋਂ-ਮਨੋਂ ਕੀਤੇ ਗਏ ਇਨ੍ਹਾਂ 15 ਮਿੰਟਾਂ ਦੀ ਯਹੋਵਾਹ ਕਦਰ ਕਰਦਾ ਹੈ ਕਿਉਂਕਿ ਇਹ ਤੁਹਾਡੇ ਪਿਆਰ ਦਾ ਸਬੂਤ ਹੈ ਤੇ ਤੁਸੀਂ ਉਸ ਦੇ ਗਵਾਹ ਹੋਣ ਦੇ ਸਨਮਾਨ ਦੀ ਬਹੁਤ ਕਦਰ ਕਰਦੇ ਹੋ। ਜਿਹੜੇ ਇਜ਼ਰਾਈਲੀ ਆਪਣੇ ਹਾਲਾਤਾਂ ਕਰਕੇ ਮਹਿੰਗੀਆਂ ਬਲ਼ੀਆਂ ਨਹੀਂ ਚੜ੍ਹਾ ਸਕਦੇ ਸਨ, ਉਨ੍ਹਾਂ ਵਾਂਗ ਯਹੋਵਾਹ ਦੇ ਅਨਮੋਲ ਸੇਵਕ ਆਪਣੇ ਹਾਲਾਤਾਂ ਕਰਕੇ ਥੋੜ੍ਹੇ ਸਮੇਂ ਦੀ ਰਿਪੋਰਟ ਭਰ ਸਕਦੇ ਹਨ। ਅਸਲ ਵਿਚ ਸਾਡੀ ਇਕ-ਇਕ ਜਣੇ ਦੀ ਰਿਪੋਰਟ ਦੁਨੀਆਂ ਭਰ ਦੀ ਰਿਪੋਰਟ ਵਿਚ ਸ਼ਾਮਲ ਕੀਤੀ ਜਾਂਦੀ ਹੈ ਜਿਸ ਦੀ ਮਦਦ ਨਾਲ ਸੰਗਠਨ ਭਵਿੱਖ ਵਿਚ ਪ੍ਰਚਾਰ ਦੇ ਕੰਮ ਦੀ ਯੋਜਨਾ ਬਣਾ ਸਕਦਾ ਹੈ। ਤਾਂ ਫਿਰ ਕੀ ਇਹ ਸਾਡੇ ਤੋਂ ਵੱਡੀ ਮੰਗ ਕੀਤੀ ਜਾਂਦੀ ਹੈ ਕਿ ਅਸੀਂ ਪ੍ਰਚਾਰ ਦੀ ਰਿਪੋਰਟ ਦੇਈਏ?
ਸਟੱਡੀ ਕਰਨ ਦੀਆਂ ਸਾਡੀਆਂ ਆਦਤਾਂ ਤੇ ਉਸਤਤ ਦੇ ਬਲੀਦਾਨ
14. ਸਮਝਾਓ ਕਿ ਸਾਨੂੰ ਸਟੱਡੀ ਕਰਨ ਦੀਆਂ ਆਪਣੀਆਂ ਆਦਤਾਂ ਦੀ ਜਾਂਚ ਕਿਉਂ ਕਰਨੀ ਚਾਹੀਦੀ ਹੈ।
14 ਲੇਵੀਆਂ ਦੀ ਕਿਤਾਬ ਤੋਂ ਕੁਝ ਜ਼ਰੂਰੀ ਸਬਕ ਸਿੱਖਣ ਤੋਂ ਬਾਅਦ ਤੁਸੀਂ ਸ਼ਾਇਦ ਸੋਚੋ: ‘ਮੈਂ ਹੁਣ ਉਹ ਕਾਰਨ ਚੰਗੀ ਤਰ੍ਹਾਂ ਸਮਝ ਗਿਆ ਹਾਂ ਕਿ ਇਸ ਕਿਤਾਬ ਨੂੰ ਪਰਮੇਸ਼ੁਰ ਦੇ ਬਚਨ ਵਿਚ ਕਿਉਂ ਸ਼ਾਮਲ ਕੀਤਾ ਗਿਆ ਹੈ।’ (2 ਤਿਮੋ. 3:16) ਤੁਸੀਂ ਸ਼ਾਇਦ ਹੁਣ ਆਪਣੇ ਆਪ ਨੂੰ ਪਵਿੱਤਰ ਸਾਬਤ ਕਰਨ ਦਾ ਹੋਰ ਵੀ ਪੱਕਾ ਇਰਾਦਾ ਕਰ ਲਿਆ ਹੋਵੇ, ਇਸ ਲਈ ਨਹੀਂ ਕਿਉਂਕਿ ਯਹੋਵਾਹ ਸਾਡੇ ਤੋਂ ਇੱਦਾਂ ਚਾਹੁੰਦਾ ਹੈ, ਸਗੋਂ ਉਸ ਦਾ ਇਹ ਹੱਕ ਬਣਦਾ ਹੈ ਕਿ ਅਸੀਂ ਉਸ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਇਨ੍ਹਾਂ ਲੇਖਾਂ ਵਿੱਚੋਂ ਤੁਸੀਂ ਲੇਵੀਆਂ ਦੀ ਕਿਤਾਬ ਬਾਰੇ ਜੋ ਸਿੱਖਿਆ ਹੈ, ਉਸ ਕਰਕੇ ਸ਼ਾਇਦ ਤੁਸੀਂ ਬਾਈਬਲ ਦੀ ਹੋਰ ਡੂੰਘਾਈ ਨਾਲ ਸਟੱਡੀ ਕਰਨੀ ਚਾਹੋ। (ਕਹਾਉਤਾਂ 2:1-5 ਪੜ੍ਹੋ।) ਪ੍ਰਾਰਥਨਾ ਕਰ ਕੇ ਸਟੱਡੀ ਕਰਨ ਦੀਆਂ ਆਪਣੀਆਂ ਆਦਤਾਂ ਦੀ ਜਾਂਚ ਕਰੋ। ਯਕੀਨਨ ਤੁਸੀਂ ਯਹੋਵਾਹ ਨੂੰ ਉਹ ਉਸਤਤ ਦੇ ਬਲੀਦਾਨ ਚੜ੍ਹਾਉਣੇ ਚਾਹੋਗੇ ਜੋ ਉਸ ਨੂੰ ਮਨਜ਼ੂਰ ਹੋਣਗੇ। ਕੀ ਤੁਸੀਂ ਦੇਖਿਆ ਹੈ ਕਿ ਤੁਹਾਡਾ ਜ਼ਿਆਦਾਤਰ ਸਮਾਂ ਟੈਲੀਵਿਯਨ ਪ੍ਰੋਗ੍ਰਾਮ ਦੇਖਣ, ਆਪਣੇ ਸ਼ੌਂਕ ਪੂਰੇ ਕਰਨ, ਵੀਡੀਓ ਗੇਮਾਂ ਜਾਂ ਖੇਡਾਂ ਖੇਡਣ ਵਿਚ ਚਲਾ ਜਾਂਦਾ ਹੈ ਜਿਸ ਕਰਕੇ ਤੁਸੀਂ ਸੱਚਾਈ ਵਿਚ ਤਰੱਕੀ ਨਹੀਂ ਕਰ ਪਾਉਂਦੇ? ਜੇ ਹਾਂ, ਤਾਂ ਸ਼ਾਇਦ ਇਬਰਾਨੀਆਂ ਦੀ ਕਿਤਾਬ ਵਿਚ ਲਿਖੀਆਂ ਪੌਲੁਸ ਰਸੂਲ ਦੀਆਂ ਕੁਝ ਗੱਲਾਂ ’ਤੇ ਸੋਚ-ਵਿਚਾਰ ਕਰ ਕੇ ਤੁਹਾਨੂੰ ਫ਼ਾਇਦਾ ਹੋਵੇ।
15, 16. ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਸਾਫ਼-ਸਾਫ਼ ਸਲਾਹ ਕਿਉਂ ਦਿੱਤੀ ਸੀ?
15 ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਸਾਫ਼-ਸਾਫ਼ ਸਲਾਹ ਦਿੱਤੀ। (ਇਬਰਾਨੀਆਂ 5:7, 11-14 ਪੜ੍ਹੋ।) ਉਸ ਨੇ ਘੁਮਾ ਫਿਰਾ ਕੇ ਗੱਲ ਨਹੀਂ ਕੀਤੀ! ਉਸ ਨੇ ਦੱਸਿਆ ਕਿ ਉਨ੍ਹਾਂ ਦੀ ਸੋਚਣ-ਸਮਝਣ ਦੀ ਕਾਬਲੀਅਤ “ਕਮਜ਼ੋਰ ਪੈ ਗਈ” ਸੀ। ਪੌਲੁਸ ਨੇ ਇੰਨੀ ਜ਼ਬਰਦਸਤ ਤੇ ਸਿੱਧੀ-ਸਿੱਧੀ ਸਲਾਹ ਕਿਉਂ ਦਿੱਤੀ ਸੀ? ਉਹ ਵੀ ਯਹੋਵਾਹ ਵਾਂਗ ਉਨ੍ਹਾਂ ਨੂੰ ਪਿਆਰ ਕਰਦਾ ਸੀ ਤੇ ਫ਼ਿਕਰਮੰਦ ਸੀ ਕਿ ਇਬਰਾਨੀ ਮਸੀਹੀ ਸਿਰਫ਼ ਦੁੱਧ ਯਾਨੀ ਬਾਈਬਲ ਦੀਆਂ ਬੁਨਿਆਦੀ ਗੱਲਾਂ ਨਾਲ ਹੀ ਖ਼ੁਸ਼ ਸਨ। ਭਾਵੇਂ ਕਿ ਬਾਈਬਲ ਦੀਆਂ ਬੁਨਿਆਦੀ ਗੱਲਾਂ ਸਮਝਣੀਆਂ ਜ਼ਰੂਰੀ ਹਨ, ਪਰ ਸਾਨੂੰ “ਰੋਟੀ” ਖਾਣ ਯਾਨੀ ਬਾਈਬਲ ਦੀਆਂ ਡੂੰਘੀਆਂ ਸਿੱਖਿਆਵਾਂ ਨੂੰ ਵੀ ਸਮਝਣ ਦੀ ਲੋੜ ਹੈ ਜੇ ਅਸੀਂ ਸੱਚਾਈ ਵਿਚ ਤਰੱਕੀ ਕਰਨੀ ਚਾਹੁੰਦੇ ਹਾਂ।
16 ਦੂਜਿਆਂ ਨੂੰ ਸਿਖਾਉਣ ਦੇ ਕਾਬਲ ਬਣਨ ਦੀ ਬਜਾਇ ਇਬਰਾਨੀ ਮਸੀਹੀਆਂ ਨੂੰ ਜ਼ਰੂਰਤ ਸੀ ਕਿ ਕੋਈ ਉਨ੍ਹਾਂ ਨੂੰ ਸਿਖਾਵੇ। ਕਿਉਂ? ਕਿਉਂਕਿ ਉਹ “ਰੋਟੀ” ਖਾਣ ਤੋਂ ਪਰਹੇਜ਼ ਕਰਦੇ ਸਨ। ਆਪਣੇ ਆਪ ਤੋਂ ਪੁੱਛੋ: ‘ਕੀ ਬਾਈਬਲ ਦੀਆਂ ਡੂੰਘੀਆਂ ਸਿੱਖਿਆਵਾਂ ਪ੍ਰਤੀ ਮੇਰਾ ਰਵੱਈਆ ਸਹੀ ਹੈ? ਕੀ ਮੈਂ ਇਨ੍ਹਾਂ ਨੂੰ ਸਿੱਖ ਰਿਹਾ ਹਾਂ? ਜਾਂ ਕੀ ਮੈਂ ਪ੍ਰਾਰਥਨਾ ਕਰਨ ਤੇ ਬਾਈਬਲ ਦੀ ਡੂੰਘਾਈ ਨਾਲ ਸਟੱਡੀ ਕਰਨ ਤੋਂ ਦੂਰ ਭੱਜਦਾ ਹਾਂ? ਜੇ ਹਾਂ, ਤਾਂ ਕੀ ਇਸ ਸਮੱਸਿਆ ਦੀ ਜੜ੍ਹ ਸਟੱਡੀ ਕਰਨ ਦੀਆਂ ਮੇਰੀਆਂ ਆਦਤਾਂ ਹਨ?’ ਅਸੀਂ ਲੋਕਾਂ ਨੂੰ ਸਿਰਫ਼ ਪ੍ਰਚਾਰ ਹੀ ਨਹੀਂ ਕਰਨਾ, ਸਗੋਂ ਅਸੀਂ ਉਨ੍ਹਾਂ ਨੂੰ ਸਿਖਾਉਣਾ ਤੇ ਚੇਲੇ ਵੀ ਬਣਾਉਣਾ ਹੈ।
17, 18. (ੳ) ਸਾਨੂੰ ਲਗਾਤਾਰ ਬਾਈਬਲ ਦੀਆਂ ਡੂੰਘੀਆਂ ਗੱਲਾਂ ਬਾਰੇ ਕਿਉਂ ਸਿੱਖਦੇ ਰਹਿਣਾ ਚਾਹੀਦਾ ਹੈ? (ਅ) ਮਸੀਹੀ ਮੀਟਿੰਗਾਂ ਵਿਚ ਜਾਣ ਤੋਂ ਪਹਿਲਾਂ ਤੁਸੀਂ ਵਾਈਨ ਜਾਂ ਬੀਅਰ ਵਗੈਰਾ ਪੀਣ ਬਾਰੇ ਕੀ ਸੋਚਦੇ ਹੋ?
17 ਸਾਡੇ ਵਿੱਚੋਂ ਸ਼ਾਇਦ ਬਹੁਤ ਸਾਰਿਆਂ ਲਈ ਸਟੱਡੀ ਕਰਨੀ ਔਖੀ ਹੋਵੇ। ਇਹ ਸੱਚ ਹੈ ਕਿ ਯਹੋਵਾਹ ਸਾਨੂੰ ਸਟੱਡੀ ਕਰਨ ਲਈ ਮਜਬੂਰ ਨਹੀਂ ਕਰਦਾ। ਪਰ ਸਾਨੂੰ ਲਗਾਤਾਰ ਬਾਈਬਲ ਦੀਆਂ ਡੂੰਘੀਆਂ ਗੱਲਾਂ ਬਾਰੇ ਸਿੱਖਦੇ ਰਹਿਣਾ ਚਾਹੀਦਾ ਹੈ, ਭਾਵੇਂ ਕਿ ਅਸੀਂ ਕਾਫ਼ੀ ਸਾਲਾਂ ਤੋਂ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਾਂ ਜਾਂ ਥੋੜ੍ਹੇ ਸਮੇਂ ਤੋਂ। ਜੇ ਅਸੀਂ ਪਵਿੱਤਰ ਰਹਿਣਾ ਚਾਹੁੰਦੇ ਹਾਂ, ਤਾਂ ਸਟੱਡੀ ਕਰਨੀ ਜ਼ਰੂਰੀ ਹੈ।
18 ਪਵਿੱਤਰ ਰਹਿਣ ਲਈ ਸਾਨੂੰ ਬਾਈਬਲ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ ਤੇ ਉਹੀ ਕਰਨਾ ਚਾਹੀਦਾ ਹੈ ਜੋ ਯਹੋਵਾਹ ਸਾਨੂੰ ਕਰਨ ਨੂੰ ਕਹਿੰਦਾ ਹੈ। ਹਾਰੂਨ ਦੇ ਪੁੱਤਰਾਂ ਨਾਦਾਬ ਤੇ ਅਬੀਹੂ ’ਤੇ ਗੌਰ ਕਰੋ ਜਿਨ੍ਹਾਂ ਨੂੰ “ਓਪਰਾ ਧੂਪ” ਧੁਖਾਉਣ ਕਰਕੇ ਮਾਰਿਆ ਗਿਆ ਸੀ ਤੇ ਸ਼ਾਇਦ ਉਹ ਉਸ ਵੇਲੇ ਨਸ਼ੇ ਵਿਚ ਵੀ ਸਨ। (ਲੇਵੀ. 10:1, 2) ਧਿਆਨ ਦਿਓ ਕਿ ਇਸ ਤੋਂ ਬਾਅਦ ਪਰਮੇਸ਼ੁਰ ਨੇ ਹਾਰੂਨ ਨੂੰ ਕੀ ਕਿਹਾ ਸੀ। (ਲੇਵੀਆਂ 10:8-11 ਪੜ੍ਹੋ।) ਕੀ ਇਨ੍ਹਾਂ ਆਇਤਾਂ ਦਾ ਇਹ ਮਤਲਬ ਹੈ ਕਿ ਸਾਨੂੰ ਮਸੀਹੀ ਮੀਟਿੰਗਾਂ ਵਿਚ ਜਾਣ ਤੋਂ ਪਹਿਲਾਂ ਵਾਈਨ ਜਾਂ ਬੀਅਰ ਵਗੈਰਾ ਨਹੀਂ ਪੀਣੀ ਚਾਹੀਦੀ? ਜ਼ਰਾ ਇਨ੍ਹਾਂ ਗੱਲਾਂ ’ਤੇ ਗੌਰ ਕਰੋ: ਅਸੀਂ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਾਂ। (ਰੋਮੀ. 10:4) ਕੁਝ ਦੇਸ਼ਾਂ ਵਿਚ ਸਾਡੇ ਭੈਣ-ਭਰਾ ਮੀਟਿੰਗ ਜਾਣ ਤੋਂ ਪਹਿਲਾਂ ਖਾਣੇ ਨਾਲ ਥੋੜ੍ਹੀ ਜਿਹੀ ਵਾਈਨ ਪੀ ਲੈਂਦੇ ਹਨ। ਪਸਾਹ ਦੇ ਤਿਉਹਾਰ ਵਾਲੇ ਦਿਨ ਦਾਖਰਸ ਦੇ ਚਾਰ ਕੱਪ ਵਰਤੇ ਗਏ ਸਨ। ਮੈਮੋਰੀਅਲ ਦੀ ਰੀਤ ਸ਼ੁਰੂ ਕਰਨ ਵੇਲੇ ਯਿਸੂ ਨੇ ਆਪਣੇ ਰਸੂਲਾਂ ਨੂੰ ਦਾਖਰਸ ਪੀਣ ਨੂੰ ਦਿੱਤੀ ਜੋ ਉਸ ਦੇ ਲਹੂ ਨੂੰ ਦਰਸਾਉਂਦੀ ਸੀ। (ਮੱਤੀ 26:27) ਬਾਈਬਲ ਹੱਦੋਂ ਵੱਧ ਸ਼ਰਾਬ ਪੀਣ ਤੇ ਸ਼ਰਾਬੀ ਹੋਣ ਤੋਂ ਮਨ੍ਹਾ ਕਰਦੀ ਹੈ। (1 ਕੁਰਿੰ. 6:10; 1 ਤਿਮੋ. 3:8) ਆਪਣੀ ਜ਼ਮੀਰ ਕਰਕੇ ਸ਼ਾਇਦ ਬਹੁਤ ਸਾਰੇ ਭੈਣ-ਭਰਾ ਯਹੋਵਾਹ ਦੀ ਭਗਤੀ ਕਰਨ ਤੋਂ ਪਹਿਲਾਂ ਵਾਈਨ ਜਾਂ ਬੀਅਰ ਨਾ ਪੀਣ। ਪਰ ਹਰ ਦੇਸ਼ ਦੇ ਹਾਲਾਤ ਵੱਖੋ-ਵੱਖਰੇ ਹਨ ਤੇ ਮਸੀਹੀਆਂ ਲਈ ਜ਼ਿਆਦਾ ਜ਼ਰੂਰੀ ਹੈ ਕਿ ਉਹ “ਸ਼ੁੱਧ ਅਤੇ ਅਸ਼ੁੱਧ ਦੇ ਵਿੱਚ ਭੇਦ” ਪਛਾਣਨ ਤਾਂਕਿ ਉਹ ਆਪਣੇ ਆਪ ਨੂੰ ਪਵਿੱਤਰ ਰੱਖ ਸਕਣ ਜਿਸ ਨਾਲ ਪਰਮੇਸ਼ੁਰ ਨੂੰ ਖ਼ੁਸ਼ੀ ਹੁੰਦੀ ਹੈ।
19. (ੳ) ਪਰਿਵਾਰਕ ਸਟੱਡੀ ਤੇ ਨਿੱਜੀ ਸਟੱਡੀ ਕਰਨ ਬਾਰੇ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? (ਅ) ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਪਵਿੱਤਰ ਰਹਿਣ ਦਾ ਇਰਾਦਾ ਕੀਤਾ ਹੈ?
19 ਜੇ ਤੁਸੀਂ ਬਾਈਬਲ ਦੀ ਧਿਆਨ ਨਾਲ ਜਾਂਚ ਕਰੋਗੇ, ਤਾਂ ਤੁਸੀਂ ਬਾਈਬਲ ਦੇ ਹੋਰ ਵਧੀਆ ਅਸੂਲਾਂ ਬਾਰੇ ਜਾਣ ਸਕੋਗੇ। ਬਾਈਬਲ ’ਤੇ ਆਧਾਰਿਤ ਪ੍ਰਕਾਸ਼ਨ ਵਰਤ ਕੇ ਪਰਿਵਾਰਕ ਸਟੱਡੀ ਤੇ ਖ਼ੁਦ ਬਾਈਬਲ ਦੀ ਸਟੱਡੀ ਕਰ ਕੇ ਹੋਰ ਫ਼ਾਇਦਾ ਲਓ। ਯਹੋਵਾਹ ਤੇ ਉਸ ਦੇ ਮਕਸਦਾਂ ਬਾਰੇ ਆਪਣੇ ਗਿਆਨ ਨੂੰ ਵਧਾਉਂਦੇ ਰਹੋ। ਉਸ ਦੇ ਨੇੜੇ ਜਾਓ। (ਯਾਕੂ. 4:8) ਜ਼ਬੂਰਾਂ ਦੇ ਲਿਖਾਰੀ ਵਾਂਗ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ ਜਿਸ ਨੇ ਗਾਇਆ: “ਮੇਰੀਆਂ ਅੱਖਾਂ ਖੋਲ੍ਹ, ਭਈ ਮੈਂ ਤੇਰੀ ਬਿਵਸਥਾ ਦੀਆਂ ਅਚਰਜ ਗੱਲਾਂ ਨੂੰ ਵੇਖਾਂ!” (ਜ਼ਬੂ. 119:18) ਕਦੀ ਵੀ ਬਾਈਬਲ ਦੇ ਕਾਨੂੰਨਾਂ ਅਤੇ ਅਸੂਲਾਂ ਨਾਲ ਸਮਝੌਤਾ ਨਾ ਕਰੋ। “ਪਵਿੱਤਰ ਪਰਮੇਸ਼ੁਰ” ਯਹੋਵਾਹ ਦੇ ਉੱਚੇ-ਸੁੱਚੇ ਕਾਨੂੰਨਾਂ ਦੀ ਖ਼ੁਸ਼ੀ-ਖ਼ੁਸ਼ੀ ਪਾਲਣਾ ਕਰੋ ਅਤੇ ਜੋਸ਼ ਨਾਲ ‘ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦੇ ਪਵਿੱਤਰ ਕੰਮ ਦਾ ਪ੍ਰਚਾਰ’ ਕਰਦੇ ਰਹੋ। (1 ਪਤ. 1:15; ਰੋਮੀ. 15:16) ਇਨ੍ਹਾਂ ਮੁਸੀਬਤਾਂ ਭਰੇ ਦਿਨਾਂ ਵਿਚ ਆਪਣੇ ਆਪ ਨੂੰ ਪਵਿੱਤਰ ਸਾਬਤ ਕਰੋ। ਆਓ ਆਪਾਂ ਸਾਰੇ ਜਣੇ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਰਹੀਏ ਤੇ ਦਿਖਾਈਏ ਕਿ ਯਹੋਵਾਹ ਸਾਡਾ ਰਾਜਾ ਹੈ।
^ ਪੈਰਾ 6 15 ਮਈ 2002 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।