Skip to content

Skip to table of contents

ਕੀ ਤੁਹਾਡੀ ਜ਼ਮੀਰ ਤੁਹਾਨੂੰ ਸਹੀ ਸੇਧ ਦਿੰਦੀ ਹੈ?

ਕੀ ਤੁਹਾਡੀ ਜ਼ਮੀਰ ਤੁਹਾਨੂੰ ਸਹੀ ਸੇਧ ਦਿੰਦੀ ਹੈ?

“ਇਸ ਹਿਦਾਇਤ ਦਾ ਮਕਸਦ ਇਹ ਹੈ ਕਿ ਅਸੀਂ ਸਾਫ਼ ਦਿਲ, ਸਾਫ਼ ਜ਼ਮੀਰ ਅਤੇ ਸੱਚੀ ਨਿਹਚਾ ਰੱਖ ਕੇ ਪਿਆਰ ਕਰੀਏ।”1 ਤਿਮੋ. 1:5.

ਗੀਤ: 22, 48

1, 2. ਸਾਨੂੰ ਜ਼ਮੀਰ ਕਿਸ ਨੇ ਦਿੱਤੀ ਅਤੇ ਅਸੀਂ ਸ਼ੁਕਰਗੁਜ਼ਾਰ ਕਿਉਂ ਹੋ ਸਕਦੇ ਹਾਂ ਕਿ ਸਾਡੇ ਸਾਰਿਆਂ ਕੋਲ ਜ਼ਮੀਰ ਹੈ?

ਯਹੋਵਾਹ ਨੇ ਇਨਸਾਨਾਂ ਨੂੰ ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। ਸਹੀ ਫ਼ੈਸਲੇ ਕਰਨ ਲਈ ਯਹੋਵਾਹ ਨੇ ਸਾਨੂੰ ਇਕ ਮਦਦਗਾਰ ਦਿੱਤਾ ਹੈ। ਇਹ ਮਦਦਗਾਰ ਹੈ, ਸਾਡੀ ਜ਼ਮੀਰ। ਜ਼ਮੀਰ ਸਾਡੀ ਅੰਦਰਲੀ ਆਵਾਜ਼ ਹੈ ਜੋ ਸਾਨੂੰ ਸਹੀ ਤੇ ਗ਼ਲਤ ਵਿਚ ਫ਼ਰਕ ਪਛਾਣਨ ਵਿਚ ਮਦਦ ਕਰਦੀ ਹੈ। ਜਦੋਂ ਅਸੀਂ ਆਪਣੀ ਜ਼ਮੀਰ ਨੂੰ ਸਹੀ ਤਰੀਕੇ ਨਾਲ ਵਰਤਦੇ ਹਾਂ, ਤਾਂ ਇਹ ਸਾਡੀ ਸਹੀ ਕੰਮ ਕਰਨ ਵਿਚ ਤੇ ਗ਼ਲਤ ਕੰਮਾਂ ਤੋਂ ਬਚਣ ਵਿਚ ਮਦਦ ਕਰਦੀ ਹੈ। ਸਾਡੀ ਜ਼ਮੀਰ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰੀਏ।

2 ਭਾਵੇਂ ਅੱਜ ਦੁਨੀਆਂ ਦੇ ਲੋਕ ਬਾਈਬਲ ਦੇ ਮਿਆਰਾਂ ਨੂੰ ਨਹੀਂ ਜਾਣਦੇ, ਫਿਰ ਵੀ ਕੁਝ ਲੋਕ ਉਹ ਕੰਮ ਕਰਦੇ ਹਨ ਜਿਹੜੇ ਚੰਗੇ ਹਨ ਤੇ ਉਨ੍ਹਾਂ ਕੰਮਾਂ ਤੋਂ ਨਫ਼ਰਤ ਕਰਦੇ ਹਨ ਜਿਹੜੇ ਬੁਰੇ ਹਨ। (ਰੋਮੀਆਂ 2:14, 15 ਪੜ੍ਹੋ।) ਇੱਦਾਂ ਕਿਉਂ? ਕਿਉਂਕਿ ਉਨ੍ਹਾਂ ਕੋਲ ਵੀ ਜ਼ਮੀਰ ਹੈ। ਇਸ ਕਰਕੇ ਬਹੁਤ ਸਾਰੇ ਲੋਕ ਭੈੜੇ ਤੋਂ ਭੈੜੇ ਕੰਮ ਕਰਨ ਤੋਂ ਬਚੇ ਰਹਿੰਦੇ ਹਨ। ਕਲਪਨਾ ਕਰੋ ਕਿ ਜੇ ਲੋਕਾਂ ਕੋਲ ਜ਼ਮੀਰ ਨਾ ਹੁੰਦੀ, ਤਾਂ ਦੁਨੀਆਂ ਹੋਰ ਵੀ ਬੁਰੀ ਹੁੰਦੀ! ਅਸੀਂ ਅੱਜ ਨਾਲੋਂ ਜ਼ਿਆਦਾ ਬੁਰੀਆਂ ਖ਼ਬਰਾਂ ਸੁਣਦੇ। ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਇਨਸਾਨਾਂ ਨੂੰ ਜ਼ਮੀਰ ਦਿੱਤੀ ਹੈ!

3. ਸਿਖਲਾਈ ਦਿੱਤੀ ਜ਼ਮੀਰ ਦੇ ਕੀ ਫ਼ਾਇਦੇ ਹਨ?

3 ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਅਸੀਂ ਆਪਣੀ ਜ਼ਮੀਰ ਨੂੰ ਸਿਖਾ ਸਕਦੇ ਹਾਂ। ਪਰ ਯਹੋਵਾਹ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਜ਼ਮੀਰ ਸਹੀ ਤਰੀਕੇ ਨਾਲ ਕੰਮ ਕਰੇ ਕਿਉਂਕਿ ਇਹ ਮੰਡਲੀ ਦੀ ਏਕਤਾ ਵਧਾਉਣ ਵਿਚ ਜ਼ਬਰਦਸਤ ਮਦਦ ਦੇ ਸਕਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਮੀਰ ਸਾਨੂੰ ਯਾਦ ਕਰਾਵੇ ਕਿ ਬਾਈਬਲ ਦੇ ਮਿਆਰਾਂ ਅਨੁਸਾਰ ਕੀ ਸਹੀ ਤੇ ਕੀ ਗ਼ਲਤ ਹੈ। ਪਰ ਆਪਣੀ ਜ਼ਮੀਰ ਨੂੰ ਸਿਖਲਾਈ ਦੇਣੀ ਤੇ ਇਸ ਨੂੰ ਸਹੀ ਤਰੀਕੇ ਨਾਲ ਵਰਤਣ ਲਈ ਸਿਰਫ਼ ਇਹੀ ਜਾਣਨਾ ਕਾਫ਼ੀ ਨਹੀਂ ਹੈ ਕਿ ਬਾਈਬਲ ਕੀ ਕਹਿੰਦੀ ਹੈ। ਸਾਨੂੰ ਪਰਮੇਸ਼ੁਰ ਦੇ ਮਿਆਰਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਤੇ ਇਹ ਭਰੋਸਾ ਰੱਖਣਾ ਚਾਹੀਦਾ ਹੈ ਕਿ ਇਹ ਸਾਡੇ ਭਲੇ ਲਈ ਹਨ। ਪੌਲੁਸ ਨੇ ਲਿਖਿਆ: “ਇਸ ਹਿਦਾਇਤ ਦਾ ਮਕਸਦ ਇਹ ਹੈ ਕਿ ਅਸੀਂ ਸਾਫ਼ ਦਿਲ, ਸਾਫ਼ ਜ਼ਮੀਰ ਅਤੇ ਸੱਚੀ ਨਿਹਚਾ ਰੱਖ ਕੇ ਪਿਆਰ ਕਰੀਏ।” (1 ਤਿਮੋ. 1:5) ਜਦੋਂ ਅਸੀਂ ਆਪਣੀ ਜ਼ਮੀਰ ਨੂੰ ਸਿਖਲਾਈ ਦੇ ਕੇ ਇਸ ਅਨੁਸਾਰ ਫ਼ੈਸਲੇ ਕਰਦੇ ਹਾਂ, ਤਾਂ ਯਹੋਵਾਹ ਲਈ ਸਾਡਾ ਪਿਆਰ ਵਧਦਾ ਹੈ ਤੇ ਉਸ ’ਤੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਅਸੀਂ ਜਿਸ ਤਰੀਕੇ ਨਾਲ ਆਪਣੀ ਜ਼ਮੀਰ ਵਰਤਦੇ ਹਾਂ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਕਿੰਨਾ ਕੁ ਗੂੜ੍ਹਾ ਹੈ ਤੇ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ ਕਿ ਨਹੀਂ। ਨਾਲੇ ਸਾਡੀ ਜ਼ਮੀਰ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ।

4. ਅਸੀਂ ਆਪਣੀ ਜ਼ਮੀਰ ਨੂੰ ਸਿਖਲਾਈ ਕਿਵੇਂ ਦੇ ਸਕਦੇ ਹਾਂ?

4 ਪਰ ਅਸੀਂ ਆਪਣੀ ਜ਼ਮੀਰ ਨੂੰ ਸਿਖਲਾਈ ਕਿਵੇਂ ਦੇ ਸਕਦੇ ਹਾਂ? ਸਾਨੂੰ ਬਾਕਾਇਦਾ ਬਾਈਬਲ ਦੀ ਸਟੱਡੀ ਕਰਨੀ ਚਾਹੀਦੀ ਹੈ, ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਤੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਕਿ ਉਹ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਵਿਚ ਸਾਡੀ ਮਦਦ ਕਰੇ। ਸੋ ਇਸ ਦਾ ਮਤਲਬ ਹੈ ਕਿ ਸਾਨੂੰ ਬਾਈਬਲ ਦਾ ਗਿਆਨ ਲੈਣ ਤੇ ਕਾਨੂੰਨਾਂ ਨੂੰ ਜਾਣਨ ਦੇ ਨਾਲ-ਨਾਲ ਕੁਝ ਹੋਰ ਵੀ ਸਿੱਖਣ ਦੀ ਲੋੜ ਹੈ। ਜਦੋਂ ਅਸੀਂ ਬਾਈਬਲ ਦੀ ਸਟੱਡੀ ਕਰਦੇ ਹਾਂ, ਤਾਂ ਸਾਡਾ ਟੀਚਾ ਹੋਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣੀਏ। ਇਸ ਤਰ੍ਹਾਂ ਕਰਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਉਹ ਕਿਹੋ ਜਿਹਾ ਹੈ ਤੇ ਉਸ ਨੂੰ ਕੀ ਪਸੰਦ ਹੈ ਤੇ ਕੀ ਨਹੀਂ। ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਦੇ ਜਾਂਦੇ ਹਾਂ, ਉੱਦਾਂ-ਉੱਦਾਂ ਸਾਡੀ ਜ਼ਮੀਰ ਝੱਟ ਪਛਾਣ ਕਰਨ ਲੱਗ ਪੈਂਦੀ ਹੈ ਕਿ ਪਰਮੇਸ਼ੁਰ ਦੇ ਸਹੀ ਤੇ ਗ਼ਲਤ ਬਾਰੇ ਕੀ ਵਿਚਾਰ ਹਨ। ਜਿੰਨਾ ਜ਼ਿਆਦਾ ਅਸੀਂ ਆਪਣੀ ਜ਼ਮੀਰ ਨੂੰ ਸਿਖਲਾਈ ਦਿੰਦੇ ਹਾਂ, ਉੱਨਾ ਜ਼ਿਆਦਾ ਅਸੀਂ ਯਹੋਵਾਹ ਵਾਂਗ ਸੋਚਣਾ ਸ਼ੁਰੂ ਕਰ ਸਕਦੇ ਹਾਂ।

5. ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?

5 ਪਰ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ਫ਼ੈਸਲੇ ਕਰਦਿਆਂ ਸਿਖਲਾਈ ਦਿੱਤੀ ਜ਼ਮੀਰ ਸਾਡੀ ਕਿਵੇਂ ਮਦਦ ਕਰ ਸਕਦੀ ਹੈ? ਦੂਜੇ ਆਪਣੀ ਜ਼ਮੀਰ ਅਨੁਸਾਰ ਜੋ ਫ਼ੈਸਲੇ ਕਰਦੇ ਹਨ, ਸਾਨੂੰ ਉਨ੍ਹਾਂ ਦੀ ਨੁਕਤਾਚੀਨੀ ਕਿਉਂ ਨਹੀਂ ਕਰਨੀ ਚਾਹੀਦੀ? ਸਾਡੀ ਜ਼ਮੀਰ ਸਾਨੂੰ ਪ੍ਰਚਾਰ ਕਰਨ ਲਈ ਕਿਵੇਂ ਪ੍ਰੇਰਿਤ ਕਰ ਸਕਦੀ ਹੈ? ਆਓ ਆਪਾਂ ਤਿੰਨ ਮਾਮਲਿਆਂ ’ਤੇ ਗੌਰ ਕਰੀਏ ਜਿਨ੍ਹਾਂ ਵਿਚ ਸਾਨੂੰ ਸਹੀ ਤਰੀਕੇ ਨਾਲ ਸਿਖਲਾਈ ਦਿੱਤੀ ਜ਼ਮੀਰ ਦੀ ਲੋੜ ਹੈ: (1) ਸਿਹਤ ਸੰਬੰਧੀ, (2) ਮਨੋਰੰਜਨ ਸੰਬੰਧੀ ਤੇ (3) ਪ੍ਰਚਾਰ ਸੰਬੰਧੀ।

ਸਮਝਦਾਰ ਬਣੋ

6. ਸਿਹਤ ਸੰਬੰਧੀ ਅਸੀਂ ਕਿਹੜੇ ਫ਼ੈਸਲੇ ਕਰਦੇ ਹਾਂ?

6 ਬਾਈਬਲ ਕਹਿੰਦੀ ਹੈ ਕਿ ਸਾਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਆਦਤਾਂ ਵਿਚ ਸਮਝਦਾਰੀ ਵਰਤਣੀ ਚਾਹੀਦੀ ਹੈ, ਜਿਵੇਂ ਕਿ ਖਾਣ-ਪੀਣ ਦੀਆਂ ਆਦਤਾਂ। (ਕਹਾ. 23:20; 2 ਕੁਰਿੰ. 7:1) ਜਦੋਂ ਅਸੀਂ ਬਾਈਬਲ ਦੀ ਸਲਾਹ ਮੰਨਦੇ ਹਾਂ, ਤਾਂ ਇਹ ਕਈ ਤਰੀਕਿਆਂ ਨਾਲ ਸਾਡੀ ਸਿਹਤ ਨੂੰ ਸਹੀ ਰੱਖਣ ਵਿਚ ਮਦਦ ਕਰ ਸਕਦੀ ਹੈ। ਪਰ ਫਿਰ ਵੀ ਅਸੀਂ ਬੀਮਾਰ ਤੇ ਬੁੱਢੇ ਹੁੰਦੇ ਹਾਂ। ਸਾਨੂੰ ਸ਼ਾਇਦ ਕਿਹੜੇ ਫ਼ੈਸਲੇ ਕਰਨੇ ਪੈਣ? ਕੁਝ ਦੇਸ਼ਾਂ ਵਿਚ ਅਲੱਗ-ਅਲੱਗ ਤਰ੍ਹਾਂ ਦੇ ਇਲਾਜ ਉਪਲਬਧ ਹਨ, ਜਿਵੇਂ ਕਿ ਆਮ ਤੇ ਦੇਸੀ ਇਲਾਜ ਅਤੇ ਹੋਮੋਪੈਥੀ ਵਗੈਰਾ। ਭੈਣ-ਭਰਾ ਅਲੱਗ-ਅਲੱਗ ਇਲਾਜਾਂ ਬਾਰੇ ਸਲਾਹ ਲੈਣ ਲਈ ਬ੍ਰਾਂਚ ਆਫ਼ਿਸਾਂ ਨੂੰ ਬਾਕਾਇਦਾ ਚਿੱਠੀਆਂ ਲਿਖਦੇ ਹਨ। ਬਹੁਤ ਸਾਰੇ ਭੈਣ-ਭਰਾ ਪੁੱਛਦੇ ਹਨ: “ਕੀ ਯਹੋਵਾਹ ਦੇ ਗਵਾਹ ਇਹ ਇਲਾਜ ਕਰਾ ਸਕਦੇ ਹਨ ਜਾਂ ਨਹੀਂ?”

7. ਅਸੀਂ ਇਲਾਜ ਸੰਬੰਧੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ?

7 ਬ੍ਰਾਂਚ ਆਫ਼ਿਸ ਜਾਂ ਮੰਡਲੀ ਦੇ ਬਜ਼ੁਰਗ ਕੋਲ ਇਹ ਹੱਕ ਨਹੀਂ ਹੈ ਕਿ ਉਹ ਇਕ ਮਸੀਹੀ ਲਈ ਫ਼ੈਸਲਾ ਕਰੇ ਕਿ ਉਸ ਨੂੰ ਕਿਹੜਾ ਇਲਾਜ ਕਰਾਉਣਾ ਚਾਹੀਦਾ ਹੈ, ਭਾਵੇਂ ਕਿ ਮਸੀਹੀ ਉਨ੍ਹਾਂ ਕੋਲੋਂ ਇਸ ਬਾਰੇ ਪੁੱਛਦਾ ਹੈ। (ਗਲਾ. 6:5) ਪਰ ਬਜ਼ੁਰਗ ਉਸ ਨੂੰ ਦੱਸ ਸਕਦੇ ਹਨ ਕਿ ਯਹੋਵਾਹ ਇਸ ਬਾਰੇ ਕੀ ਕਹਿੰਦਾ ਹੈ ਤਾਂਕਿ ਉਹ ਮਸੀਹੀ ਸਮਝਦਾਰੀ ਨਾਲ ਫ਼ੈਸਲਾ ਕਰ ਸਕੇ। ਮਿਸਾਲ ਲਈ, ਪਰਮੇਸ਼ੁਰ ਨੇ ਸਾਨੂੰ ਲਹੂ ਤੋਂ ਦੂਰ ਰਹਿਣ ਲਈ ਕਿਹਾ ਹੈ। (ਰਸੂ. 15:29) ਇਸ ਹੁਕਮ ਤੋਂ ਇਕ ਮਸੀਹੀ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਉਹ ਇਲਾਜ ਨਹੀਂ ਕਰਾਉਣਾ ਚਾਹੀਦਾ ਜਿਸ ਵਿਚ ਪੂਰਾ ਲਹੂ ਜਾਂ ਲਹੂ ਦੇ ਚਾਰ ਮੁੱਖ ਕਣਾਂ ਨੂੰ ਵਰਤਿਆ ਜਾਂਦਾ ਹੈ। ਇਸ ਜਾਣਕਾਰੀ ਦਾ ਇਕ ਮਸੀਹੀ ਦੀ ਜ਼ਮੀਰ ’ਤੇ ਅਸਰ ਪੈਂਦਾ ਹੈ ਜਦੋਂ ਉਹ ਫ਼ੈਸਲਾ ਕਰਦਾ ਹੈ ਕਿ ਉਹ ਲਹੂ ਦੇ ਅੰਸ਼ ਲਵੇਗਾ ਜੋ ਲਹੂ ਦੇ ਚਾਰ ਮੁੱਖ ਕਣਾਂ ਤੋਂ ਬਣਦੇ ਹਨ। * ਇਲਾਜ ਸੰਬੰਧੀ ਬਾਈਬਲ ਦੀ ਹੋਰ ਕਿਹੜੀ ਸਲਾਹ ਸਾਡੀ ਸਮਝਦਾਰੀ ਨਾਲ ਫ਼ੈਸਲੇ ਕਰਨ ਵਿਚ ਮਦਦ ਕਰ ਸਕਦੀ ਹੈ?

8. ਸਿਹਤ ਸੰਬੰਧੀ ਫ਼ੈਸਲੇ ਕਰਨ ਵਿਚ ਫ਼ਿਲਿੱਪੀਆਂ 4:5 ਸਾਡੀ ਕਿਵੇਂ ਮਦਦ ਕਰ ਸਕਦਾ ਹੈ?

8 ਕਹਾਉਤਾਂ 14:15 ਕਹਿੰਦਾ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।” ਅੱਜ ਸ਼ਾਇਦ ਕਈ ਬੀਮਾਰੀਆਂ ਦੇ ਇਲਾਜ ਨਾ ਹੋਣ। ਸੋ ਸਾਨੂੰ ਉਨ੍ਹਾਂ ਇਲਾਜਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਜੋ ਕਿਸੇ ਬੀਮਾਰੀ ਨੂੰ ਠੀਕ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਉਨ੍ਹਾਂ ਇਲਾਜਾਂ ਦਾ ਕੋਈ ਸਬੂਤ ਨਹੀਂ ਹੁੰਦਾ। ਪੌਲੁਸ ਨੇ ਲਿਖਿਆ: “ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।” (ਫ਼ਿਲਿ. 4:5) ਸਮਝਦਾਰੀ ਸਾਡੀ ਮਦਦ ਕਰੇਗੀ ਕਿ ਅਸੀਂ ਹੱਦੋਂ ਵਧ ਆਪਣੀ ਸਿਹਤ ਸੰਬੰਧੀ ਮਾਮਲਿਆਂ ’ਤੇ ਧਿਆਨ ਲਾਉਣ ਦੀ ਬਜਾਇ ਯਹੋਵਾਹ ਦੀ ਭਗਤੀ ’ਤੇ ਧਿਆਨ ਲਾਈ ਰੱਖੀਏ। ਜੇ ਸਾਡੀ ਜ਼ਿੰਦਗੀ ਵਿਚ ਸਾਡੀ ਸਿਹਤ ਸਭ ਤੋਂ ਅਹਿਮ ਮਾਮਲਾ ਬਣ ਜਾਵੇ, ਤਾਂ ਅਸੀਂ ਆਪਣੇ ਬਾਰੇ ਹੀ ਸੋਚਦੇ ਰਹਾਂਗੇ। (ਫ਼ਿਲਿ. 2:4) ਅਸੀਂ ਜਾਣਦੇ ਹਾਂ ਕਿ ਇਸ ਦੁਨੀਆਂ ਵਿਚ ਸਾਡੀ ਸਿਹਤ ਨੌਂ-ਬਰ-ਨੌਂ ਨਹੀਂ ਹੋ ਸਕਦੀ। ਇਸ ਲਈ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਸਭ ਤੋਂ ਪਹਿਲੀ ਥਾਂ ਦਿਓ।ਫ਼ਿਲਿੱਪੀਆਂ 1:10 ਪੜ੍ਹੋ।

ਕੀ ਤੁਸੀਂ ਆਪਣੇ ਵਿਚਾਰ ਦੂਸਰਿਆਂ ’ਤੇ ਥੋਪਦੇ ਹੋ? (ਪੈਰਾ 9 ਦੇਖੋ)

9. ਰੋਮੀਆਂ 14:13, 19 ਸਾਡੀ ਸਿਹਤ ਸੰਬੰਧੀ ਫ਼ੈਸਲਿਆਂ ’ਤੇ ਕਿਵੇਂ ਅਸਰ ਪਾਉਂਦਾ ਹੈ ਤੇ ਸ਼ਾਇਦ ਸਾਡੀ ਮੰਡਲੀ ਦੀ ਏਕਤਾ ਕਿਵੇਂ ਦਾਅ ’ਤੇ ਲੱਗ ਜਾਵੇ?

9 ਇਕ ਸਮਝਦਾਰ ਮਸੀਹੀ ਆਪਣੇ ਵਿਚਾਰ ਦੂਜਿਆਂ ’ਤੇ ਥੋਪਣ ਦੀ ਕੋਸ਼ਿਸ਼ ਨਹੀਂ ਕਰੇਗਾ। ਇਕ ਦੇਸ਼ ਵਿਚ ਇਕ ਮਸੀਹੀ ਜੋੜੇ ਨੇ ਦੂਜਿਆਂ ਨੂੰ ਖ਼ਾਸ ਤਰ੍ਹਾਂ ਦੀਆਂ ਗੋਲੀਆਂ ਤੇ ਕਿਸੇ ਖ਼ਾਸ ਕਿਸਮ ਦਾ ਭੋਜਨ ਖਾਣ ਨੂੰ ਕਿਹਾ। ਉਨ੍ਹਾਂ ਨੇ ਕੁਝ ਭੈਣਾਂ-ਭਰਾਵਾਂ ਨੂੰ ਆਪਣੇ ਮਗਰ ਲਾ ਲਿਆ, ਪਰ ਕਈਆਂ ਨੇ ਇੱਦਾਂ ਨਾ ਕਰਨ ਦਾ ਫ਼ੈਸਲਾ ਕੀਤਾ। ਜਦੋਂ ਉਨ੍ਹਾਂ ਗੋਲੀਆਂ ਅਤੇ ਉਸ ਭੋਜਨ ਦਾ ਕੋਈ ਫ਼ਾਇਦਾ ਨਾ ਹੋਇਆ, ਤਾਂ ਉਹ ਭੈਣ-ਭਰਾ ਕਾਫ਼ੀ ਦੁਖੀ ਹੋਏ। ਉਸ ਜੋੜੇ ਨੂੰ ਆਪਣੇ ਲਈ ਇਹ ਫ਼ੈਸਲਾ ਕਰਨ ਦਾ ਹੱਕ ਸੀ ਕਿ ਉਹ ਇਹ ਗੋਲੀਆਂ ਤੇ ਭੋਜਨ ਖਾਣਗੇ ਜਾਂ ਨਹੀਂ। ਪਰ ਕੀ ਇਹ ਸਮਝਦਾਰੀ ਦੀ ਗੱਲ ਸੀ ਕਿ ਉਹ ਸਿਹਤ ਮਾਮਲੇ ਨੂੰ ਲੈ ਕੇ ਮੰਡਲੀ ਦੀ ਏਕਤਾ ਨੂੰ ਦਾਅ ’ਤੇ ਲਾਉਂਦੇ? ਪ੍ਰਾਚੀਨ ਰੋਮ ਵਿਚ ਕਈ ਮਸੀਹੀਆਂ ਦੇ ਕੁਝ ਖਾਣਿਆਂ ਤੇ ਤਿਉਹਾਰਾਂ ਬਾਰੇ ਅਲੱਗ-ਅਲੱਗ ਵਿਚਾਰ ਸਨ। ਪੌਲੁਸ ਨੇ ਉਨ੍ਹਾਂ ਨੂੰ ਕਿਹੜੀ ਸਲਾਹ ਦਿੱਤੀ? ਉਸ ਨੇ ਕਿਹਾ: “ਕੋਈ ਇਨਸਾਨ ਇਕ ਦਿਨ ਨੂੰ ਦੂਸਰੇ ਦਿਨਾਂ ਨਾਲੋਂ ਖ਼ਾਸ ਸਮਝਦਾ ਹੈ; ਪਰ ਕੋਈ ਹੋਰ ਇਨਸਾਨ ਸਾਰੇ ਦਿਨਾਂ ਨੂੰ ਬਰਾਬਰ ਸਮਝਦਾ ਹੈ; ਹਰ ਇਨਸਾਨ ਨੇ ਆਪਣੇ ਮਨ ਵਿਚ ਜੋ ਵੀ ਠੀਕ ਸਮਝਿਆ ਹੈ, ਉਸ ਉੱਤੇ ਪੂਰਾ ਯਕੀਨ ਰੱਖੇ।” ਆਓ ਆਪਾਂ ਧਿਆਨ ਰੱਖੀਏ ਕਿ ਸਾਡੇ ਕਰਕੇ ਕੋਈ ਠੋਕਰ ਨਾ ਖਾਵੇ।ਰੋਮੀਆਂ 14:5, 13, 15, 19, 20 ਪੜ੍ਹੋ।

10. ਸਾਨੂੰ ਦੂਜਿਆਂ ਦੇ ਕੀਤੇ ਫ਼ੈਸਲਿਆਂ ਦੀ ਨੁਕਤਾਚੀਨੀ ਕਿਉਂ ਨਹੀਂ ਕਰਨੀ ਚਾਹੀਦੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

10 ਕਈ ਵਾਰ ਸ਼ਾਇਦ ਸਾਨੂੰ ਸਮਝ ਨਾ ਆਵੇ ਕਿ ਮੰਡਲੀ ਵਿਚ ਕਿਸੇ ਭੈਣ ਜਾਂ ਭਰਾ ਨੇ ਆਪਣੇ ਕਿਸੇ ਨਿੱਜੀ ਮਾਮਲੇ ਬਾਰੇ ਕੋਈ ਫ਼ੈਸਲਾ ਕਿਉਂ ਲਿਆ ਹੈ। ਇਸ ਲਈ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ? ਸਾਨੂੰ ਉਸ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਹੈ ਜਾਂ ਉਸ ਨੂੰ ਫ਼ੈਸਲਾ ਬਦਲਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਸ਼ਾਇਦ ਉਸ ਨੂੰ ਆਪਣੀ ਜ਼ਮੀਰ ਨੂੰ ਹੋਰ ਜ਼ਿਆਦਾ ਸਿਖਲਾਈ ਦੇਣ ਦੀ ਲੋੜ ਹੋਵੇ ਜਾਂ ਸ਼ਾਇਦ ਉਹ ਆਪਣੇ ਨਾਲ ਹੱਦੋਂ ਵਧ ਸਖ਼ਤੀ ਵਰਤਦਾ ਹੋਵੇ। (1 ਕੁਰਿੰ. 8:11, 12) ਜਾਂ ਸ਼ਾਇਦ ਸਾਡੀ ਜ਼ਮੀਰ ਚੰਗੀ ਤਰ੍ਹਾਂ ਸਿਖਾਈ ਹੋਈ ਨਾ ਹੋਵੇ। ਸਿਹਤ ਸੰਬੰਧੀ ਸਾਨੂੰ ਸਾਰਿਆਂ ਨੂੰ ਆਪਣੇ ਫ਼ੈਸਲੇ ਖ਼ੁਦ ਕਰਨ ਦੀ ਲੋੜ ਹੈ ਤੇ ਇਨ੍ਹਾਂ ਫ਼ੈਸਲਿਆਂ ਦੀ ਪੂਰੀ ਜ਼ਿੰਮੇਵਾਰੀ ਆਪਣੇ ਸਿਰ ’ਤੇ ਲੈਣੀ ਚਾਹੀਦੀ ਹੈ।

ਮਨੋਰੰਜਨ ਦਾ ਮਜ਼ਾ ਲਓ

11, 12. ਮਨੋਰੰਜਨ ਚੁਣਦੇ ਵੇਲੇ ਸਾਨੂੰ ਬਾਈਬਲ ਦੀ ਕਿਹੜੀ ਸਲਾਹ ਨੂੰ ਮਨ ਵਿਚ ਰੱਖਣਾ ਚਾਹੀਦਾ ਹੈ?

11 ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਅਸੀਂ ਮਨੋਰੰਜਨ ਦਾ ਮਜ਼ਾ ਲੈ ਸਕਦੇ ਹਾਂ ਤੇ ਇਸ ਤੋਂ ਫ਼ਾਇਦਾ ਲੈ ਸਕਦੇ ਹਾਂ। ਸੁਲੇਮਾਨ ਨੇ ਲਿਖਿਆ ਕਿ “ਇੱਕ ਹੱਸਣ ਦਾ ਵੇਲਾ ਹੈ” ਤੇ “ਇੱਕ ਨੱਚਣ ਦਾ ਵੇਲਾ ਹੈ।” (ਉਪ. 3:4) ਪਰ ਹਰ ਤਰ੍ਹਾਂ ਦਾ ਮਨੋਰੰਜਨ ਫ਼ਾਇਦੇਮੰਦ, ਆਰਾਮਦਾਇਕ ਜਾਂ ਤਾਜ਼ਗੀ ਦੇਣ ਵਾਲਾ ਨਹੀਂ ਹੁੰਦਾ। ਸਾਨੂੰ ਬਹੁਤ ਜ਼ਿਆਦਾ ਸਮਾਂ ਮਨੋਰੰਜਨ ਕਰਨ ਵਿਚ ਨਹੀਂ ਲਾਉਣਾ ਚਾਹੀਦਾ। ਸਾਡੀ ਜ਼ਮੀਰ ਸਾਨੂੰ ਮਨੋਰੰਜਨ ਦਾ ਮਜ਼ਾ ਤੇ ਫ਼ਾਇਦਾ ਲੈਣ ਲਈ ਵਿਚ ਕਿਵੇਂ ਮਦਦ ਕਰ ਸਕਦੀ ਹੈ ਜੋ ਯਹੋਵਾਹ ਨੂੰ ਮਨਜ਼ੂਰ ਹੈ?

12 ਬਾਈਬਲ ਸਾਨੂੰ ‘ਸਰੀਰ ਦੇ ਕੰਮਾਂ’ ਬਾਰੇ ਚੇਤਾਵਨੀ ਦਿੰਦੀ ਹੈ। ਇਨ੍ਹਾਂ ਕੰਮਾਂ ਵਿਚ ਸ਼ਾਮਲ ਹੈ, “ਹਰਾਮਕਾਰੀ, ਗੰਦ-ਮੰਦ, ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨੇ, ਮੂਰਤੀ-ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਗੁੱਸੇ ਵਿਚ ਭੜਕਣਾ, ਮਤਭੇਦ, ਫੁੱਟ, ਧੜੇਬਾਜ਼ੀ, ਖਾਰ ਖਾਣੀ, ਸ਼ਰਾਬੀ ਹੋਣਾ, ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ ਅਤੇ ਹੋਰ ਇਹੋ ਜਿਹੇ ਕੰਮ।” ਪੌਲੁਸ ਨੇ ਲਿਖਿਆ ਕਿ “ਜਿਹੜੇ ਲੋਕ ਇਨ੍ਹਾਂ ਕੰਮਾਂ ਵਿਚ ਲੱਗੇ ਰਹਿੰਦੇ ਹਨ, ਉਹ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।” (ਗਲਾ. 5:19-21) ਸੋ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੇਰੀ ਜ਼ਮੀਰ ਮੈਨੂੰ ਇਹੋ ਜਿਹੀਆਂ ਖੇਡਾਂ ਖੇਡਣ ਜਾਂ ਦੇਖਣ ਤੋਂ ਰੋਕਦੀ ਹੈ ਜੋ ਲੜਾਈ-ਝਗੜੇ, ਮੁਕਾਬਲੇਬਾਜ਼ੀ, ਦੇਸ਼ਭਗਤੀ ਜਾਂ ਹਿੰਸਾ ਨੂੰ ਹੱਲਾਸ਼ੇਰੀ ਦਿੰਦੀਆਂ ਹਨ? ਕੀ ਮੇਰੀ ਅੰਦਰਲੀ ਆਵਾਜ਼ ਮੈਨੂੰ ਚੇਤਾਵਨੀ ਦਿੰਦੀ ਹੈ ਜਦੋਂ ਮੇਰਾ ਦਿਲ ਅਜਿਹੀ ਫ਼ਿਲਮ ਦੇਖਣ ਲਈ ਲਲਚਾਉਂਦਾ ਹੈ ਜਿਸ ਵਿਚ ਅਸ਼ਲੀਲ ਸੀਨ ਹੁੰਦੇ ਹਨ ਜਾਂ ਜਿਸ ਵਿਚ ਹਰਾਮਕਾਰੀ, ਸ਼ਰਾਬੀਪੁਣੇ ਜਾਂ ਜਾਦੂਗਰੀ ਨੂੰ ਸਹੀ ਦਿਖਾਇਆ ਹੁੰਦਾ ਹੈ?’

13. ਮਨੋਰੰਜਨ ਦੇ ਮਾਮਲੇ ਵਿਚ 1 ਤਿਮੋਥਿਉਸ 4:8 ਤੇ ਕਹਾਉਤਾਂ 13:20 ਵਿਚ ਦਿੱਤੀਆਂ ਸਲਾਹਾਂ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ?

13 ਬਾਈਬਲ ਦੇ ਅਸੂਲ ਮਨੋਰੰਜਨ ਸੰਬੰਧੀ ਸਾਡੀ ਜ਼ਮੀਰ ਨੂੰ ਸਿਖਲਾਈ ਦੇਣ ਵਿਚ ਮਦਦ ਕਰ ਸਕਦੇ ਹਨ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ “ਸਰੀਰਕ ਅਭਿਆਸ ਕਰਨ ਨਾਲ ਕੁਝ ਹੱਦ ਤਕ ਹੀ ਫ਼ਾਇਦਾ ਹੁੰਦਾ ਹੈ।” (1 ਤਿਮੋ. 4:8) ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਬਾਕਾਇਦਾ ਕਸਰਤ ਕਰਨ ਕਰਕੇ ਉਨ੍ਹਾਂ ਦੀ ਸਿਹਤ ਵਧੀਆ ਰਹਿੰਦੀ ਹੈ ਤੇ ਉਨ੍ਹਾਂ ਨੂੰ ਤਾਜ਼ਗੀ ਮਿਲਦੀ ਹੈ। ਪਰ ਜੇ ਅਸੀਂ ਕਿਸੇ ਗਰੁੱਪ ਵਿਚ ਕਸਰਤ ਕਰਨੀ ਚਾਹੁੰਦੇ ਹਾਂ? ਕੀ ਇਸ ਗੱਲ ਨਾਲ ਕੋਈ ਫ਼ਰਕ ਪੈਂਦਾ ਹੈ ਕਿ ਅਸੀਂ ਕਿਸ ਨਾਲ ਕਸਰਤ ਕਰਦੇ ਹਾਂ? ਕਹਾਉਤਾਂ 13:20 ਸਾਨੂੰ ਦੱਸਦਾ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮਨੋਰੰਜਨ ਦੀ ਚੋਣ ਕਰਦੇ ਵੇਲੇ ਅਸੀਂ ਬਾਈਬਲ ਅਨੁਸਾਰ ਸਿਖਾਈ ਆਪਣੀ ਜ਼ਮੀਰ ਦੀ ਵਰਤੋਂ ਕਰੀਏ।

14. ਇਕ ਛੋਟੀ ਭੈਣ ਨੇ ਰੋਮੀਆਂ 14:2-4 ਵਿਚ ਦਿੱਤੀ ਸਲਾਹ ਕਿਵੇਂ ਲਾਗੂ ਕੀਤੀ?

14 ਇਕ ਮਸੀਹੀ ਜੋੜੇ, ਕ੍ਰਿਸਟੀਆਨ ਤੇ ਡਾਨੀਏਲਾ, ਦੀਆਂ ਦੋ ਨੌਜਵਾਨ ਧੀਆਂ ਹਨ। ਕ੍ਰਿਸਟੀਆਨ ਦੱਸਦਾ ਹੈ: “ਪਰਿਵਾਰਕ ਸਟੱਡੀ ਦੌਰਾਨ ਅਸੀਂ ਮਨੋਰੰਜਨ ਬਾਰੇ ਗੱਲਬਾਤ ਕੀਤੀ ਕਿ ਕਈ ਤਰ੍ਹਾਂ ਦਾ ਮਨੋਰੰਜਨ ਸਹੀ ਹੈ, ਪਰ ਕਈ ਤਰ੍ਹਾਂ ਦਾ ਨਹੀਂ। ਕਿਨ੍ਹਾਂ ਲੋਕਾਂ ਨਾਲ ਸੰਗਤ ਕਰਨੀ ਸਹੀ ਹੈ? ਸਾਡੀ ਇਕ ਧੀ ਨੇ ਦੱਸਿਆ ਕਿ ਸਕੂਲ ਵਿਚ ਅੱਧੀ ਛੁੱਟੀ ਵੇਲੇ ਕੁਝ ਨੌਜਵਾਨ ਗਵਾਹ ਜੋ ਵੀ ਕੰਮ ਕਰਦੇ ਹਨ, ਉਸ ਦੀ ਸੋਚ ਮੁਤਾਬਕ ਉਹ ਸਹੀ ਨਹੀਂ ਹਨ। ਉਸ ਨੂੰ ਲੱਗਾ ਕਿ ਦਬਾਅ ਹੇਠ ਆ ਕੇ ਉਸ ਨੂੰ ਵੀ ਉਨ੍ਹਾਂ ਵਾਂਗ ਕੰਮ ਕਰਨੇ ਪੈਣਗੇ। ਅਸੀਂ ਉਸ ਨਾਲ ਤਰਕ ਕੀਤਾ ਕਿ ਹਰ ਕਿਸੇ ਦੀ ਆਪਣੀ ਜ਼ਮੀਰ ਹੈ। ਸਾਨੂੰ ਜ਼ਮੀਰ ਰਾਹੀਂ ਸੇਧ ਮਿਲਣੀ ਚਾਹੀਦੀ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਸਾਡੇ ਕਿਹੜੇ ਦੋਸਤ ਹੋਣੇ ਚਾਹੀਦੇ ਹਨ।”ਰੋਮੀਆਂ 14:2-4 ਪੜ੍ਹੋ।

ਬਾਈਬਲ ਅਨੁਸਾਰ ਸਿਖਾਈ ਜ਼ਮੀਰ ਤੁਹਾਡੀ ਖ਼ਤਰਿਆਂ ਤੋਂ ਬਚਣ ਵਿਚ ਮਦਦ ਕਰ ਸਕਦੀ ਹੈ (ਪੈਰਾ 14 ਦੇਖੋ)

15. ਮਨੋਰੰਜਨ ਸੰਬੰਧੀ ਯੋਜਨਾ ਬਣਾਉਂਦਿਆਂ ਮੱਤੀ 6:33 ਸਾਡੀ ਕਿਵੇਂ ਮਦਦ ਕਰ ਸਕਦਾ ਹੈ?

15 ਤੁਸੀਂ ਮਨੋਰੰਜਨ ਕਰਨ ਵਿਚ ਕਿੰਨਾ ਸਮਾਂ ਲਾਉਂਦੇ ਹੋ? ਕੀ ਤੁਸੀਂ ਮੀਟਿੰਗਾਂ, ਪ੍ਰਚਾਰ ਜਾਂ ਬਾਈਬਲ ਸਟੱਡੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦੇ ਹੋ ਜਾਂ ਮਨੋਰੰਜਨ ਨੂੰ? ਤੁਹਾਡੀ ਜ਼ਿੰਦਗੀ ਵਿਚ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ? ਯਿਸੂ ਨੇ ਕਿਹਾ: “ਇਸ ਲਈ, ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿਓ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਰਹੋ, ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।” (ਮੱਤੀ 6:33) ਜਦੋਂ ਤੁਸੀਂ ਇਹ ਫ਼ੈਸਲਾ ਕਰਦੇ ਹੋ ਕਿ ਤੁਸੀਂ ਆਪਣਾ ਸਮਾਂ ਕਿਵੇਂ ਬਿਤਾਓਗੇ, ਤਾਂ ਕੀ ਤੁਹਾਡੀ ਜ਼ਮੀਰ ਤੁਹਾਨੂੰ ਯਿਸੂ ਦੀ ਸਲਾਹ ਯਾਦ ਕਰਾਉਂਦੀ ਹੈ?

ਪ੍ਰਚਾਰ ਕਰਨ ਦੀ ਹੱਲਾਸ਼ੇਰੀ

16. ਸਾਡੀ ਜ਼ਮੀਰ ਸਾਨੂੰ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਕਿਵੇਂ ਦਿੰਦੀ ਹੈ?

16 ਸਹੀ ਜ਼ਮੀਰ ਸਾਨੂੰ ਸਿਰਫ਼ ਗ਼ਲਤ ਕੰਮ ਕਰਨ ਸੰਬੰਧੀ ਚੇਤਾਵਨੀ ਹੀ ਨਹੀਂ ਦਿੰਦੀ, ਸਗੋਂ ਇਹ ਸਾਨੂੰ ਚੰਗੇ ਕੰਮ ਕਰਨ ਲਈ ਵੀ ਪ੍ਰੇਰਦੀ ਹੈ। ਇਨ੍ਹਾਂ ਵਿੱਚੋਂ ਇਕ ਹੈ, ਘਰ-ਘਰ ਅਤੇ ਮੌਕਾ ਮਿਲਣ ਤੇ ਪ੍ਰਚਾਰ ਕਰਨਾ। ਪੌਲੁਸ ਨੇ ਇਸੇ ਤਰ੍ਹਾਂ ਕੀਤਾ ਸੀ। ਉਸ ਨੇ ਲਿਖਿਆ: “ਖ਼ੁਸ਼ ਖ਼ਬਰੀ ਸੁਣਾਉਣੀ ਤਾਂ ਮੇਰੇ ਲਈ ਜ਼ਰੂਰੀ ਹੈ। ਲਾਹਨਤ ਹੈ ਮੇਰੇ ’ਤੇ ਜੇ ਮੈਂ ਖ਼ੁਸ਼ ਖ਼ਬਰੀ ਨਾ ਸੁਣਾਵਾਂ!” (1 ਕੁਰਿੰ. 9:16) ਜਿੱਦਾਂ-ਜਿੱਦਾਂ ਅਸੀਂ ਪੌਲੁਸ ਦੀ ਰੀਸ ਕਰਾਂਗੇ, ਉੱਦਾਂ-ਉੱਦਾਂ ਸਾਡੀ ਜ਼ਮੀਰ ਸਾਨੂੰ ਯਕੀਨ ਦਿਵਾਏਗੀ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ। ਨਾਲੇ ਜਦੋਂ ਅਸੀਂ ਦੂਜਿਆਂ ਨੂੰ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਦੂਜਿਆਂ ਦੀ ਜ਼ਮੀਰ ਨੂੰ ਝੰਜੋੜਦੇ ਹਾਂ। ਪੌਲੁਸ ਨੇ ਕਿਹਾ: “ਲੋਕਾਂ ਨੂੰ ਉਹੀ ਦੱਸਦੇ ਹਾਂ ਜੋ ਇਸ ਵਿਚ ਲਿਖਿਆ ਹੈ। ਇਸ ਤਰ੍ਹਾਂ ਕਰ ਕੇ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੇ ਲੋਕਾਂ ਸਾਮ੍ਹਣੇ ਚੰਗੀ ਮਿਸਾਲ ਬਣਦੇ ਹਾਂ।”2 ਕੁਰਿੰ. 4:2.

17. ਇਕ ਨੌਜਵਾਨ ਭੈਣ ਨੇ ਬਾਈਬਲ ਅਨੁਸਾਰ ਸਿਖਾਈ ਆਪਣੀ ਜ਼ਮੀਰ ਦੇ ਅਨੁਸਾਰ ਕਿਵੇਂ ਕੰਮ ਕੀਤਾ?

17 ਜਦੋਂ ਜੈਕਲੀਨ 16 ਸਾਲਾਂ ਦੀ ਸੀ, ਤਾਂ ਉਹ ਸਕੂਲ ਵਿਚ ਜੀਵ-ਵਿਗਿਆਨ ਦੀ ਪੜ੍ਹਾਈ ਕਰਦੀ ਸੀ। ਵਿਦਿਆਰਥੀ ਵਿਕਾਸਵਾਦ ਬਾਰੇ ਸਿੱਖ ਰਹੇ ਸਨ। ਉਹ ਕਹਿੰਦੀ ਹੈ: “ਮੈਂ ਆਪਣੀ ਜ਼ਮੀਰ ਕਰਕੇ ਕਲਾਸ ਵਿਚ ਉੱਨਾ ਹਿੱਸਾ ਨਹੀਂ ਲਿਆ ਜਿੰਨਾ ਮੈਂ ਅੱਗੇ ਲੈਂਦੀ ਹੁੰਦੀ ਸੀ। ਮੈਂ ਵਿਕਾਸਵਾਦ ਦੀ ਸਿੱਖਿਆ ਦਾ ਪੱਖ ਨਹੀਂ ਲੈ ਸਕਦੀ ਸੀ। ਮੈਂ ਆਪਣੇ ਟੀਚਰ ਕੋਲ ਗਈ ਤੇ ਉਸ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਿਆ। ਮੈਨੂੰ ਬੜੀ ਹੈਰਾਨੀ ਹੋਈ ਕਿ ਉਸ ਨੇ ਮੇਰੀ ਗੱਲ ਧਿਆਨ ਨਾਲ ਸੁਣੀ ਤੇ ਮੈਨੂੰ ਪੂਰੀ ਕਲਾਸ ਦੇ ਸਾਮ੍ਹਣੇ ਸ੍ਰਿਸ਼ਟੀ ’ਤੇ ਬੋਲਣ ਦਾ ਮੌਕਾ ਦਿੱਤਾ।” ਜੈਕਲੀਨ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਸ ਨੇ ਬਾਈਬਲ ਅਨੁਸਾਰ ਸਿਖਾਈ ਆਪਣੀ ਜ਼ਮੀਰ ਦੀ ਗੱਲ ਸੁਣ ਕੇ ਉਸ ਅਨੁਸਾਰ ਕੰਮ ਕੀਤਾ। ਕੀ ਤੁਹਾਡੀ ਜ਼ਮੀਰ ਤੁਹਾਨੂੰ ਸਹੀ ਕੰਮ ਕਰਨ ਲਈ ਪ੍ਰੇਰਦੀ ਹੈ?

18. ਅਸੀਂ ਸਹੀ ਤੇ ਭਰੋਸੇਯੋਗ ਜ਼ਮੀਰ ਕਿਉਂ ਚਾਹੁੰਦੇ ਹਾਂ?

18 ਸਾਡਾ ਟੀਚਾ ਯਹੋਵਾਹ ਦੇ ਅਸੂਲਾਂ ਤੇ ਮਿਆਰਾਂ ਮੁਤਾਬਕ ਜੀਉਣ ਦਾ ਹੋਣਾ ਚਾਹੀਦਾ ਹੈ। ਸਾਡੀ ਜ਼ਮੀਰ ਸਾਡੇ ਇਸ ਟੀਚੇ ਨੂੰ ਹਾਸਲ ਕਰਨ ਵਿਚ ਮਦਦ ਕਰ ਸਕਦੀ ਹੈ। ਜਦੋਂ ਅਸੀਂ ਬਾਕਾਇਦਾ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਦੇ ਹਾਂ ਤੇ ਉਸ ’ਤੇ ਸੋਚ-ਵਿਚਾਰ ਕਰ ਕੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ, ਤਾਂ ਅਸੀਂ ਆਪਣੀ ਜ਼ਮੀਰ ਨੂੰ ਸਿਖਲਾਈ ਦਿੰਦੇ ਹਾਂ। ਫਿਰ ਸਾਡੀ ਜ਼ਮੀਰ ਸਾਡੀ ਮਸੀਹੀ ਜ਼ਿੰਦਗੀ ਵਿਚ ਭਰੋਸੇਯੋਗ ਸੇਧ ਦੇਣ ਵਾਲਾ ਸ਼ਾਨਦਾਰ ਤੋਹਫ਼ਾ ਹੋਵੇਗਾ।