Skip to content

Skip to table of contents

ਸਹੀ ਤੇ ਗ਼ਲਤ ਬਾਰੇ: ਰੱਬ ਦੇ ਬਚਨ ਵਿੱਚੋਂ ਭਰੋਸੇਯੋਗ ਸਲਾਹਾਂ

ਸਹੀ ਤੇ ਗ਼ਲਤ ਬਾਰੇ: ਰੱਬ ਦੇ ਬਚਨ ਵਿੱਚੋਂ ਭਰੋਸੇਯੋਗ ਸਲਾਹਾਂ

ਜੇ ਅਸੀਂ ਸਹੀ ਤੇ ਗ਼ਲਤ ਬਾਰੇ ਸਿਰਫ਼ ਆਪਣੀ ਜਾਂ ਦੂਜਿਆਂ ਦੀ ਸੋਚ ਮੁਤਾਬਕ ਹੀ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਪੂਰੇ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਸਾਡੇ ਫ਼ੈਸਲਿਆਂ ਦੇ ਵਧੀਆ ਨਤੀਜੇ ਹੀ ਨਿਕਲਣਗੇ। ਬਾਈਬਲ ਸਿਰਫ਼ ਇਸ ਦਾ ਕਾਰਨ ਹੀ ਨਹੀਂ ਦੱਸਦੀ ਕਿ ਖ਼ੁਦ ਦੀ ਅਤੇ ਦੂਜਿਆਂ ਦੀ ਸੋਚ ਮੁਤਾਬਕ ਫ਼ੈਸਲੇ ਕਰਨ ਦੇ ਹਮੇਸ਼ਾ ਵਧੀਆ ਨਤੀਜੇ ਕਿਉਂ ਨਹੀਂ ਨਿਕਲਦੇ, ਸਗੋਂ ਇਹ ਸਾਨੂੰ ਭਰੋਸੇਮੰਦ ਸਲਾਹਾਂ ਵੀ ਦਿੰਦੀ ਹੈ ਜਿਨ੍ਹਾਂ ਨੂੰ ਮੰਨ ਕੇ ਅਸੀਂ ਵਧੀਆ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਜੀ ਸਕਦੇ ਹਾਂ।

ਸਾਨੂੰ ਰੱਬ ਦੀ ਸਲਾਹ ਦੀ ਲੋੜ ਹੈ

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ a ਪਰਮੇਸ਼ੁਰ ਨੇ ਇਨਸਾਨ ਨੂੰ ਇੱਦਾਂ ਬਣਾਇਆ ਹੈ ਕਿ ਉਨ੍ਹਾਂ ਨੂੰ ਉਸ ਦੀ ਅਗਵਾਈ ਦੀ ਲੋੜ ਹੈ। ਇਨਸਾਨ ਸਹੀ ਤੇ ਗ਼ਲਤ ਬਾਰੇ ਤੈਅ ਕਰਨ ਦੇ ਕਾਬਲ ਨਹੀਂ ਹੈ। (ਯਿਰਮਿਯਾਹ 10:23) ਇਸ ਲਈ ਰੱਬ ਨੇ ਬਾਈਬਲ ਵਿਚ ਆਪਣੇ ਉੱਚੇ-ਸੁੱਚੇ ਮਿਆਰ ਦਰਜ ਕਰਵਾਏ ਹਨ। ਉਹ ਸਾਨੂੰ ਪਿਆਰ ਕਰਦਾ ਹੈ ਅਤੇ ਨਹੀਂ ਚਾਹੁੰਦਾ ਕਿ ਅਸੀਂ ਗ਼ਲਤ ਫ਼ੈਸਲੇ ਕਰ ਕੇ ਬੁਰੇ ਨਤੀਜੇ ਭੁਗਤੀਏ ਅਤੇ ਮੁਸ਼ਕਲਾਂ ਝੱਲੀਏ। (ਬਿਵਸਥਾ ਸਾਰ 5:29; 1 ਯੂਹੰਨਾ 4:8) ਇਸ ਤੋਂ ਵੀ ਅਹਿਮ, ਉਹ ਸਾਡਾ ਸਿਰਜਣਹਾਰ ਹੈ ਅਤੇ ਉਸ ਕੋਲ ਅਥਾਹ ਬੁੱਧ ਤੇ ਗਿਆਨ ਹੈ। ਇਸ ਕਰਕੇ ਸਹੀ ਤੇ ਗ਼ਲਤ ਬਾਰੇ ਉਹ ਸਾਨੂੰ ਸਭ ਤੋਂ ਵਧੀਆ ਸਲਾਹ ਦੇ ਸਕਦਾ ਹੈ। (ਜ਼ਬੂਰ 100:3; 104:24) ਪਰ ਉਹ ਕਦੇ ਵੀ ਸਾਨੂੰ ਮਜਬੂਰ ਨਹੀਂ ਕਰਦਾ ਕਿ ਅਸੀਂ ਉਸ ਦੀ ਸਲਾਹ ਮੁਤਾਬਕ ਚੱਲੀਏ।

ਯਹੋਵਾਹ ਨੇ ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਨੂੰ ਉਹ ਹਰ ਚੀਜ਼ ਦਿੱਤੀ ਸੀ ਜਿਸ ਕਰਕੇ ਉਹ ਖ਼ੁਸ਼ ਰਹਿ ਸਕਦਾ ਸੀ। (ਉਤਪਤ 1:28, 29; 2:8, 15) ਉਸ ਨੇ ਉਨ੍ਹਾਂ ਨੂੰ ਕੁਝ ਸੌਖੇ ਜਿਹੇ ਹੁਕਮ ਵੀ ਦਿੱਤੇ ਸਨ ਅਤੇ ਉਹ ਚਾਹੁੰਦਾ ਸੀ ਕਿ ਉਹ ਇਨ੍ਹਾਂ ਨੂੰ ਮੰਨਣ। ਪਰ ਉਸ ਨੇ ਉਨ੍ਹਾਂ ਨੂੰ ਖ਼ੁਦ ਫ਼ੈਸਲਾ ਕਰਨ ਦਿੱਤਾ ਕਿ ਉਹ ਇਨ੍ਹਾਂ ਨੂੰ ਮੰਨਣਗੇ ਜਾਂ ਨਹੀਂ। (ਉਤਪਤ 2:9, 16, 17) ਦੁੱਖ ਦੀ ਗੱਲ ਹੈ ਕਿ ਆਦਮ ਅਤੇ ਹੱਵਾਹ ਨੇ ਰੱਬ ਦੀ ਬਜਾਇ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਉਣ ਦਾ ਫ਼ੈਸਲਾ ਕੀਤਾ। (ਉਤਪਤ 3:6) ਉਦੋਂ ਤੋਂ ਇਨਸਾਨ ਸਹੀ ਅਤੇ ਗ਼ਲਤ ਬਾਰੇ ਖ਼ੁਦ ਫ਼ੈਸਲੇ ਕਰਦਾ ਆਇਆ ਹੈ। ਇਸ ਦਾ ਨਤੀਜਾ ਕੀ ਨਿਕਲਿਆ? ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਰੱਬ ਦੀ ਗੱਲ ਨਾ ਸੁਣ ਕੇ ਇਨਸਾਨਾਂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ।​—ਉਪਦੇਸ਼ਕ ਦੀ ਕਿਤਾਬ 8:9.

ਚਾਹੇ ਸਾਡਾ ਪਿਛੋਕੜ ਜੋ ਮਰਜ਼ੀ ਹੋਵੇ, ਪਰ ਬਾਈਬਲ ਸਾਨੂੰ ਸਾਰਿਆਂ ਨੂੰ ਵਧੀਆ ਸਲਾਹਾਂ ਦਿੰਦੀ ਹੈ ਤਾਂਕਿ ਅਸੀਂ ਸਹੀ ਤੇ ਗ਼ਲਤ ਬਾਰੇ ਚੰਗੇ ਫ਼ੈਸਲੇ ਕਰ ਸਕੀਏ। (2 ਤਿਮੋਥਿਉਸ 3:16, 17; “ ਸਾਰੇ ਲੋਕਾਂ ਲਈ ਇਕ ਕਿਤਾਬ” ਨਾਂ ਦੀ ਡੱਬੀ ਦੇਖੋ।) ਗੌਰ ਕਰੋ ਕਿ ਬਾਈਬਲ ਸਾਡੀ ਮਦਦ ਕਿੱਦਾਂ ਕਰਦੀ ਹੈ।

ਹੋਰ ਜਾਣਕਾਰੀ ਲਓ ਕਿ ਅਸੀਂ ਬਾਈਬਲ ਨੂੰ “ਪਰਮੇਸ਼ੁਰ ਦਾ ਬਚਨ” ਕਿਉਂ ਕਹਿ ਸਕਦੇ ਹਾਂ।​—1 ਥੱਸਲੁਨੀਕੀਆਂ 2:13. ਸਾਡੀ ਵੈੱਬਸਾਈਟ jw.org/pa ʼਤੇ ਬਾਈਬਲ ਦਾ ਲਿਖਾਰੀ ਕੌਣ ਹੈ? ਨਾਂ ਦੀ ਵੀਡੀਓ ਦੇਖੋ।

ਰੱਬ ਦੇ ਬਚਨ ਵਿੱਚੋਂ ਅਸੀਂ ਉਸ ਦੀਆਂ ਸਲਾਹਾਂ ਜਾਣ ਸਕਦੇ ਹਾਂ

ਬਾਈਬਲ ਵਿਚ ਸੱਚੀਆਂ ਘਟਨਾਵਾਂ ਦਰਜ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਇਨਸਾਨਾਂ ਨਾਲ ਸ਼ੁਰੂ ਤੋਂ ਕਿਹੋ ਜਿਹਾ ਰਿਸ਼ਤਾ ਰਿਹਾ ਹੈ। ਬਾਈਬਲ ਤੋਂ ਅਸੀਂ ਇਹ ਵੀ ਜਾਣ ਸਕਦੇ ਹਾਂ ਕਿ ਰੱਬ ਦੀਆਂ ਨਜ਼ਰਾਂ ਵਿਚ ਕੀ ਸਹੀ ਤੇ ਕੀ ਗ਼ਲਤ ਹੈ ਜਾਂ ਸਾਡੇ ਲਈ ਕੀ ਫ਼ਾਇਦੇਮੰਦ ਤੇ ਕੀ ਨੁਕਸਾਨਦੇਹ ਹੈ। (ਜ਼ਬੂਰ 19:7, 11) ਬਾਈਬਲ ਦੀਆਂ ਸਲਾਹਾਂ ਕਦੇ ਪੁਰਾਣੀਆਂ ਨਹੀਂ ਹੁੰਦੀਆਂ। ਇਨ੍ਹਾਂ ਦੀ ਮਦਦ ਨਾਲ ਅਸੀਂ ਹਰ ਰੋਜ਼ ਦੇ ਛੋਟੇ-ਮੋਟੇ ਫ਼ੈਸਲੇ ਵੀ ਸਮਝਦਾਰੀ ਨਾਲ ਕਰ ਸਕਦੇ ਹਾਂ।

ਇੱਦਾਂ ਦੀ ਹੀ ਇਕ ਸਲਾਹ ʼਤੇ ਗੌਰ ਕਰੋ। ਬਾਈਬਲ ਵਿਚ ਲਿਖਿਆ ਹੈ: “ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਵੇਗਾ, ਪਰ ਮੂਰਖਾਂ ਨਾਲ ਮੇਲ-ਜੋਲ ਰੱਖਣ ਵਾਲੇ ਨੂੰ ਦੁੱਖ ਹੋਵੇਗਾ।” (ਕਹਾਉਤਾਂ 13:20) ਇਹ ਸਲਾਹ ਪੁਰਾਣੇ ਜ਼ਮਾਨੇ ਵਿਚ ਜਿੰਨੀ ਲਾਗੂ ਹੁੰਦੀ ਸੀ, ਉੱਨੀ ਹੀ ਅੱਜ ਵੀ ਲਾਗੂ ਹੁੰਦੀ ਹੈ। ਬਾਈਬਲ ਵਿਚ ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਤੋਂ ਸਾਡੀ ਮਦਦ ਹੋ ਸਕਦੀ ਹੈ।​—“ ਬਾਈਬਲ ਦੀ ਸਲਾਹ ਕਦੇ ਪੁਰਾਣੀ ਨਹੀਂ ਹੁੰਦੀ” ਨਾਂ ਦੀ ਡੱਬੀ ਦੇਖੋ।

ਪਰ ਤੁਸੀਂ ਸ਼ਾਇਦ ਸੋਚੋ, ‘ਮੈਂ ਕਿਵੇਂ ਭਰੋਸਾ ਕਰ ਸਕਦਾ ਹਾਂ ਕਿ ਬਾਈਬਲ ਦੀਆਂ ਸਲਾਹਾਂ ਅੱਜ ਵੀ ਫ਼ਾਇਦੇਮੰਦ ਹਨ?’ ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਬਾਈਬਲ ਦੀਆਂ ਸਲਾਹਾਂ ਤੋਂ ਕੁਝ ਲੋਕਾਂ ਨੂੰ ਕਿਵੇਂ ਫ਼ਾਇਦਾ ਹੋਇਆ।

a ਯਹੋਵਾਹ ਰੱਬ ਦਾ ਨਾਂ ਹੈ।​—ਜ਼ਬੂਰ 83:18.