Skip to content

Skip to table of contents

ਜੀਵਨੀ

ਮੇਰੇ ਡਾਕਟਰੀ ਪੇਸ਼ੇ ਨਾਲੋਂ ਵੀ ਵਧੀਆ ਸੇਵਾ

ਮੇਰੇ ਡਾਕਟਰੀ ਪੇਸ਼ੇ ਨਾਲੋਂ ਵੀ ਵਧੀਆ ਸੇਵਾ

“ਇਸ ਨਾਲ ਤਾਂ ਮੇਰੇ ਬਚਪਨ ਦਾ ਸੁਪਨਾ ਹੀ ਸੱਚ ਹੋ ਜਾਣਾ!” ਇਹ ਗੱਲ ਮੈਂ 1971 ਵਿਚ ਇਕ ਪਤੀ-ਪਤਨੀ ਨੂੰ ਕਹੀ ਸੀ ਜੋ ਮੇਰੇ ਕਲੀਨਿਕ ਤੇ ਇਲਾਜ ਕਰਾਉਣ ਆਏ ਸਨ। ਉਸ ਮੁਲਾਕਾਤ ਤੋਂ ਬਾਅਦ ਮੇਰੀ ਜ਼ਿੰਦਗੀ ਹੀ ਬਦਲ ਗਈ ਤੇ ਮੈਨੂੰ ਯਕੀਨ ਹੋ ਗਿਆ ਕਿ ਮੇਰਾ ਬਚਪਨ ਦਾ ਸੁਪਨਾ ਜ਼ਰੂਰ ਸੱਚ ਹੋ ਜਾਵੇਗਾ। ਪਰ ਸ਼ਾਇਦ ਤੁਸੀਂ ਜਾਣਨਾ ਚਾਹੋ ਕਿ ਉਹ ਪਤੀ-ਪਤਨੀ ਕੌਣ ਸਨ ਅਤੇ ਮੇਰੇ ਬਚਪਨ ਦਾ ਸੁਪਨਾ ਕੀ ਸੀ। ਚਲੋ ਹੁਣ ਮੈਂ ਤੁਹਾਨੂੰ ਆਪਣੀ ਕਹਾਣੀ ਸ਼ੁਰੂ ਤੋਂ ਦੱਸਦਾ ਹਾਂ।

ਮੇਰਾ ਜਨਮ 1941 ਵਿਚ ਫਰਾਂਸ ਦੇ ਪੈਰਿਸ ਸ਼ਹਿਰ ਵਿਚ ਹੋਇਆ। ਮੇਰਾ ਪਰਿਵਾਰ ਅਮੀਰ ਨਹੀਂ ਸੀ। ਪਰ ਜਦੋਂ ਮੈਂ ਦਸ ਸਾਲ ਦਾ ਸੀ, ਤਾਂ ਮੈਨੂੰ ਟੀ. ਬੀ. ਦੀ ਬੀਮਾਰੀ ਹੋ ਗਈ ਅਤੇ ਮੈਨੂੰ ਸਕੂਲ ਜਾਣਾ ਛੱਡਣਾ ਪਿਆ। ਮੇਰੇ ਫੇਫੜੇ ਬਹੁਤ ਕਮਜ਼ੋਰ ਹੋ ਗਏ ਸਨ, ਇਸ ਲਈ ਡਾਕਟਰਾਂ ਨੇ ਮੈਨੂੰ ਬੈੱਡ ’ਤੇ ਆਰਾਮ ਕਰਨ ਲਈ ਕਿਹਾ। ਇਹ ਸੁਣ ਕੇ ਮੈਂ ਬਹੁਤ ਨਿਰਾਸ਼ ਹੋ ਗਿਆ ਕਿਉਂਕਿ ਮੈਨੂੰ ਪੜ੍ਹਨਾ ਬਹੁਤ ਪਸੰਦ ਸੀ। ਪਰ ਮੈਂ ਹਿੰਮਤ ਨਹੀਂ ਹਾਰੀ। ਇਸ ਲਈ ਮੈਂ ਕਈ ਮਹੀਨੇ ਡਿਕਸ਼ਨਰੀ ਪੜ੍ਹਨ ਅਤੇ ਪੈਰਿਸ ਦੀ ਯੂਨੀਵਰਸਿਟੀ ਦੇ ਇਕ ਰੇਡੀਓ ਪ੍ਰੋਗ੍ਰਾਮ ਨੂੰ ਸੁਣਨ ਵਿਚ ਬਿਤਾਏ। ਪਰ ਅਖ਼ੀਰ ਜਦੋਂ ਡਾਕਟਰ ਨੇ ਮੈਨੂੰ ਕਿਹਾ ਕਿ ਮੈਂ ਠੀਕ ਹੋ ਗਿਆ ਸੀ ਤੇ ਸਕੂਲ ਜਾ ਸਕਦਾ ਸੀ, ਤਾਂ ਮੇਰੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਮੈਂ ਆਪਣੇ ਆਪ ਨੂੰ ਕਿਹਾ, ‘ਡਾਕਟਰਾਂ ਦਾ ਕੰਮ ਤਾਂ ਕਮਾਲ ਦਾ ਹੈ!’ ਉਦੋਂ ਤੋਂ ਮੈਂ ਵੀ ਲੋਕਾਂ ਨੂੰ ਠੀਕ ਕਰਨ ਦੇ ਸੁਪਨੇ ਲੈਣ ਲੱਗ ਪਿਆ। ਜਦੋਂ ਵੀ ਮੇਰੇ ਡੈਡੀ ਮੈਨੂੰ ਪੁੱਛਦੇ ਸੀ ਕਿ ਤੂੰ ਆਪਣੀ ਜ਼ਿੰਦਗੀ ਵਿਚ ਕੀ ਬਣਨਾ ਚਾਹੁੰਦਾ, ਤਾਂ ਮੈਂ ਹਮੇਸ਼ਾ ਉਨ੍ਹਾਂ ਨੂੰ ਕਹਿੰਦਾ ਸੀ, “ਮੈਂ ਡਾਕਟਰ ਬਣਨਾ ਚਾਹੁੰਦਾ।” ਇਸ ਤਰ੍ਹਾਂ ਡਾਕਟਰ ਬਣਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ ਬਣ ਗਿਆ।

ਸਾਇੰਸ ਦੀ ਪੜ੍ਹਾਈ ਕਰ ਕੇ ਮੈਂ ਰੱਬ ਦੇ ਨੇੜੇ ਆਇਆ

ਸਾਡਾ ਪਰਿਵਾਰ ਕੈਥੋਲਿਕ ਸੀ, ਪਰ ਮੈਨੂੰ ਪਰਮੇਸ਼ੁਰ ਬਾਰੇ ਬਹੁਤਾ ਕੁਝ ਪਤਾ ਨਹੀਂ ਸੀ। ਨਾਲੇ ਮੇਰੇ ਬਹੁਤ ਸਾਰੇ ਸਵਾਲ ਸਨ ਜਿਨ੍ਹਾਂ ਦੇ ਜਵਾਬ ਮੈਨੂੰ ਨਹੀਂ ਮਿਲੇ ਸਨ। ਯੂਨੀਵਰਸਿਟੀ ਵਿਚ ਸਾਇੰਸ ਦੀ ਪੜ੍ਹਾਈ ਕਰਨ ਤੋਂ ਬਾਅਦ ਹੀ ਮੈਨੂੰ ਭਰੋਸਾ ਹੋਇਆ ਕਿ ਇਨਸਾਨ ਨੂੰ ਬਣਾਇਆ ਗਿਆ ਹੈ, ਨਾ ਕਿ ਆਪਣੇ ਆਪ ਬਣ ਗਿਆ।

ਮੈਨੂੰ ਯਾਦ ਹੈ, ਜਦੋਂ ਮੈਂ ਪਹਿਲੀ ਵਾਰ ਮਾਈਕ੍ਰੋਸਕੋਪ ਹੇਠਾਂ ਇਕ ਪੌਦੇ ਦੇ ਸੈੱਲ ਨੂੰ ਦੇਖਿਆ ਸੀ, ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਸੈੱਲ ਕਿਵੇਂ ਆਪਣੇ ਆਪ ਨੂੰ ਗਰਮ ਤੇ ਠੰਢੇ ਤਾਪਮਾਨ ਤੋਂ ਬਚਾਉਂਦਾ ਹੈ। ਮੈਂ ਇਹ ਵੀ ਦੇਖਿਆ ਕਿ ਜਦੋਂ ਸੈੱਲ ਦ੍ਰਵ (cytoplasm) ਲੂਣ ਦੇ ਸੰਪਰਕ ਵਿਚ ਆਉਂਦਾ ਹੈ, ਤਾਂ ਉਹ ਕਿਵੇਂ ਸੁੰਗੜ ਜਾਂਦਾ ਹੈ ਅਤੇ ਫਿਰ ਸਾਫ਼ ਤੇ ਸ਼ੁੱਧ ਪਾਣੀ ਵਿਚ ਪਾਉਣ ਨਾਲ ਕਿਵੇਂ ਫੈਲ ਜਾਂਦਾ ਹੈ। ਇਨ੍ਹਾਂ ਅਤੇ ਹੋਰ ਬਹੁਤ ਸਾਰੀਆਂ ਕ੍ਰਿਆਵਾਂ ਕਰਕੇ ਜਾਨਦਾਰ ਚੀਜ਼ਾਂ ਆਪਣੇ ਆਪ ਨੂੰ ਬਦਲਦੇ ਹੋਏ ਵਾਤਾਵਰਣ ਵਿਚ ਢਾਲ ਸਕਦੀਆਂ ਹਨ। ਹਰ ਸੈੱਲ ਦੀ ਗੁੰਝਲ ਬਣਤਰ ਨੂੰ ਦੇਖ ਕੇ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਸਾਰਾ ਕੁਝ ਅਚਾਨਕ ਹੀ ਨਹੀਂ ਬਣਿਆ, ਸਗੋਂ ਇਸ ਨੂੰ ਕਿਸੇ-ਨਾ-ਕਿਸੇ ਨੇ ਸੋਚ-ਸਮਝ ਕੇ ਬਣਾਇਆ ਹੈ।

ਆਪਣੀ ਡਾਕਟਰੀ ਪੜ੍ਹਾਈ ਦੇ ਦੂਜੇ ਸਾਲ ਦੌਰਾਨ ਮੈਂ ਇੱਦਾਂ ਦੇ ਹੋਰ ਵੀ ਸਬੂਤ ਦੇਖੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ। ਜਦੋਂ ਅਸੀਂ ਮਨੁੱਖੀ ਸਰੀਰ ਦੀ ਬਣਤਰ ਬਾਰੇ ਸਟੱਡੀ ਕਰ ਰਹੇ ਸੀ, ਤਾਂ ਅਸੀਂ ਦੇਖਿਆ ਕਿ ਸਾਡੀ ਕੂਹਣੀ ਤੋਂ ਲੈ ਕੇ ਗੁਟ ਤਕ ਦੀਆਂ ਮਾਸਪੇਸ਼ੀਆਂ, ਲਿਗਾਮੈਂਟ (ਹੱਡੀ ਨੂੰ ਹੱਡੀ ਨਾਲ ਜੋੜਦਾ ਹੈ) ਅਤੇ ਟੈਂਡਨ (ਹੱਡੀ ਨੂੰ ਮਾਸਪੇਸ਼ੀਆਂ ਨਾਲ ਜੋੜਦਾ ਹੈ) ਦੀ ਬਣਤਰ ਕਮਾਲ ਦੀ ਹੈ। ਇਨ੍ਹਾਂ ਕਰਕੇ ਅਸੀਂ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਹਿਲਾ ਸਕਦੇ ਹਾਂ। ਉਦਾਹਰਣ ਲਈ, ਜਿਹੜੇ ਟੈਂਡਨ ਹੱਥ ਦੀਆਂ ਮਾਸਪੇਸ਼ੀਆਂ ਨੂੰ ਹਰੇਕ ਉਂਗਲ ਦੀ ਦੂਜੀ ਹੱਡੀ ਨਾਲ ਜੋੜਦੇ ਹਨ, ਉਹ ਦੋ ਹਿੱਸਿਆਂ ਵਿਚ ਵੰਡ ਹੋ ਜਾਂਦੇ ਹਨ ਤਾਂਕਿ ਉਨ੍ਹਾਂ ਦੇ ਵਿਚਕਾਰੋਂ ਦੂਸਰੇ ਟੈਂਡਨ ਲੰਘ ਸਕਣ ਜੋ ਉਂਗਲਾਂ ਦੇ ਪੋਟਿਆਂ ਤਕ ਜਾਂਦੇ ਹਨ। ਇਸ ਨਾਲ ਦੂਜੇ ਟੈਂਡਨ ਆਪਣੀ ਜਗ੍ਹਾ ’ਤੇ ਸਥਿਰ ਰਹਿੰਦੇ ਹਨ। ਨਾਲੇ ਕੁਝ ਮਜ਼ਬੂਤ ਟਿਸ਼ੂ (ਤੰਤੂ) ਵੀ ਟੈਂਡਨ ਨੂੰ ਉਂਗਲਾਂ ਦੀਆਂ ਹੱਡੀਆਂ ਨਾਲ ਜੋੜ ਕੇ ਰੱਖਦੇ ਹਨ। ਜੇ ਸਾਡੀਆਂ ਉਂਗਲੀਆਂ ਨੂੰ ਇਸ ਤਰ੍ਹਾਂ ਨਾ ਬਣਾਇਆ ਗਿਆ ਹੁੰਦਾ, ਤਾਂ ਟੈਂਡਨ ਤੀਰ-ਕਮਾਨ ਦੀ ਡੋਰੀ ਵਾਂਗ ਤਣੇ ਰਹਿਣੇ ਸਨ ਜਿਸ ਕਰਕੇ ਸਾਡੀਆਂ ਉਂਗਲੀਆਂ ਨੇ ਚੰਗੀ ਤਰ੍ਹਾਂ ਕੰਮ ਨਹੀਂ ਕਰਨਾ ਸੀ। ਮੈਂ ਸਾਫ਼-ਸਾਫ਼ ਦੇਖ ਸਕਦਾ ਸੀ ਕਿ ਇਨਸਾਨੀ ਸਰੀਰ ਨੂੰ ਬਣਾਉਣ ਵਾਲਾ ਬਹੁਤ ਬੁੱਧੀਮਾਨ ਹੈ!

ਮੈਂ ਇਹ ਵੀ ਸਿੱਖਿਆ ਕਿ ਇਕ ਬੱਚਾ ਜਨਮ ਲੈਣ ਤੋਂ ਤੁਰੰਤ ਬਾਅਦ ਸਾਹ ਕਿਵੇਂ ਲੈਂਦਾ ਹੈ। ਜਨਮ ਤੋਂ ਪਹਿਲਾਂ ਬੱਚੇ ਨੂੰ ਆਪਣੀ ਮਾਂ ਤੋਂ ਨਾੜੂ ਰਾਹੀਂ ਆਕਸੀਜਨ ਮਿਲਦੀ ਹੈ ਕਿਉਂਕਿ ਉਸ ਵੇਲੇ ਬੱਚੇ ਦੇ ਫੇਫੜਿਆਂ ਵਿਚ ਐੱਲਵੇਓਲੀ (alveoli) ਯਾਨੀ ਛੋਟੇ-ਛੋਟੇ ਗੁਬਾਰਿਆਂ ਵਰਗੀਆਂ ਥੈਲੀਆਂ ਫੁੱਲੀਆਂ ਨਹੀਂ ਹੁੰਦੀਆਂ। ਬੱਚੇ ਦੇ ਜਨਮ ਤੋਂ ਕੁਝ ਹਫ਼ਤੇ ਪਹਿਲਾਂ ਇਨ੍ਹਾਂ ਥੈਲੀਆਂ ਦੀ ਅੰਦਰਲੀ ਸਤਹ ’ਤੇ ਸਰਫੈਕਟੈਂਟ ਨਾਂ ਦਾ ਤਰਲ ਪਦਾਰਥ ਫੈਲਣ ਲੱਗ ਪੈਂਦਾ ਹੈ। ਜਨਮ ਤੋਂ ਬਾਅਦ ਜਦੋਂ ਬੱਚਾ ਪਹਿਲੀ ਵਾਰ ਸਾਹ ਲੈਂਦਾ ਹੈ, ਤਾਂ ਉਸ ਵੇਲੇ ਉਸ ਦੇ ਸਰੀਰ ਵਿਚ ਬਹੁਤ ਸਾਰੇ ਹੈਰਾਨੀਜਨਕ ਬਦਲਾਅ ਹੁੰਦੇ ਹਨ। ਬੱਚੇ ਦੇ ਦਿਲ ਦਾ ਛੇਕ ਬੰਦ ਹੋ ਜਾਂਦਾ ਹੈ ਜਿਸ ਕਰਕੇ ਖ਼ੂਨ ਫੇਫੜਿਆਂ ਨੂੰ ਜਾਣ ਲੱਗ ਪੈਂਦਾ ਹੈ। ਉਸ ਖ਼ਾਸ ਸਮੇਂ ਐੱਲਵੇਓਲੀ ਵਿਚ ਸਰਫੈਕਟੈਂਟ ਹੋਣ ਕਰਕੇ ਉਹ ਚਿੰਬੜੇ ਨਹੀਂ ਰਹਿੰਦੇ ਜਿਸ ਕਰਕੇ ਉਨ੍ਹਾਂ ਵਿਚ ਫਟਾਫਟ ਹਵਾ ਭਰ ਜਾਂਦੀ ਹੈ। ਇਸ ਤਰ੍ਹਾਂ ਬੱਚਾ ਜਨਮ ਲੈਣ ਤੋਂ ਬਾਅਦ ਆਪਣੇ ਆਪ ਸਾਹ ਲੈਣ ਲੱਗ ਪੈਂਦਾ ਹੈ। ਇਹ ਸਭ ਜਾਣ ਕੇ ਸ੍ਰਿਸ਼ਟੀਕਰਤਾ ਲਈ ਮੇਰਾ ਦਿਲ ਹੋਰ ਵੀ ਸ਼ਰਧਾ ਨਾਲ ਭਰ ਗਿਆ।

ਮੈਂ ਉਸ ਪਰਮੇਸ਼ੁਰ ਬਾਰੇ ਹੋਰ ਜਾਣਨਾ ਚਾਹੁੰਦਾ ਸੀ ਜਿਸ ਨੇ ਇਸ ਤਰ੍ਹਾਂ ਦੀਆਂ ਸਾਰੀਆਂ ਸ਼ਾਨਦਾਰ ਚੀਜ਼ਾਂ ਬਣਾਈਆਂ ਹਨ। ਇਸ ਲਈ ਮੈਂ ਬੜੇ ਧਿਆਨ ਨਾਲ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। ਮੈਨੂੰ ਇਹ ਪੜ੍ਹ ਕੇ ਬਹੁਤ ਹੈਰਾਨੀ ਹੋਈ ਕਿ ਲਗਭਗ 3,000 ਸਾਲ ਪਹਿਲਾਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਸਾਫ਼-ਸਫ਼ਾਈ ਬਾਰੇ ਕਾਨੂੰਨ ਦਿੱਤੇ ਸਨ। ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਮਲ ਤਿਆਗਣ ਤੋਂ ਬਾਅਦ ਉਸ ਨੂੰ ਮਿੱਟੀ ਨਾਲ ਢੱਕ ਦੇਣ, ਬਾਕਾਇਦਾ ਨਹਾਉਣ-ਧੋਣ ਅਤੇ ਕਿਸੇ ਵਿਚ ਛੂਤ ਦੀ ਬੀਮਾਰੀ ਦੇ ਲੱਛਣ ਨਜ਼ਰ ਆਉਣ ਤੇ ਉਸ ਨੂੰ ਦੂਜਿਆਂ ਤੋਂ ਵੱਖਰਾ ਰੱਖਣ। (ਲੇਵੀ. 13:50; 15:11; ਬਿਵ. 23:13) ਬਾਈਬਲ ਵਿਚ ਇਸ ਬਾਰੇ ਕਾਫ਼ੀ ਸਦੀਆਂ ਪਹਿਲਾਂ ਹੀ ਦੱਸਿਆ ਗਿਆ ਹੈ ਜਦ ਕਿ ਵਿਗਿਆਨੀਆਂ ਨੂੰ ਇਸ ਬਾਰੇ ਸਿਰਫ਼ 150 ਸਾਲ ਪਹਿਲਾਂ ਹੀ ਪਤਾ ਲੱਗਾ। ਮੈਂ ਇਹ ਵੀ ਦੇਖਿਆ ਕਿ ਪਰਮੇਸ਼ੁਰ ਨੇ ਲੇਵੀਆਂ ਦੀ ਕਿਤਾਬ ਵਿਚ ਸਰੀਰਕ ਸੰਬੰਧਾਂ ਬਾਰੇ ਜੋ ਕਾਨੂੰਨ ਦਿੱਤੇ ਹਨ, ਉਨ੍ਹਾਂ ਨਾਲ ਪੂਰੀ ਇਜ਼ਰਾਈਲ ਕੌਮ ਦੀ ਸਿਹਤ ਚੰਗੀ ਰਹਿੰਦੀ ਸੀ। (ਲੇਵੀ. 12:1-6; 15:16-24) ਅਖ਼ੀਰ ਮੈਨੂੰ ਭਰੋਸਾ ਹੋ ਗਿਆ ਕਿ ਸਾਨੂੰ ਬਣਾਉਣ ਵਾਲੇ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਉਨ੍ਹਾਂ ਦੀ ਭਲਾਈ ਲਈ ਇਹ ਸਾਰੇ ਕਾਨੂੰਨ ਦਿੱਤੇ ਸਨ ਅਤੇ ਜਿਹੜੇ ਇਜ਼ਰਾਈਲੀ ਇਨ੍ਹਾਂ ਕਾਨੂੰਨਾਂ ਮੁਤਾਬਕ ਚੱਲਦੇ ਸਨ, ਉਨ੍ਹਾਂ ਨੂੰ ਉਹ ਬਰਕਤਾਂ ਦਿੰਦਾ ਸੀ। ਇਸ ਤੋਂ ਮੈਨੂੰ ਪੱਕਾ ਭਰੋਸਾ ਹੋ ਗਿਆ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ, ਉਸ ਪਰਮੇਸ਼ੁਰ ਦਾ ਜਿਸ ਦਾ ਨਾਂ ਹਾਲੇ ਤਕ ਮੈਨੂੰ ਪਤਾ ਨਹੀਂ ਸੀ।

ਜੀਵਨ ਸਾਥੀ ਮਿਲਿਆ ਅਤੇ ਪਰਮੇਸ਼ੁਰ ਵੀ

3 ਅਪ੍ਰੈਲ 1965 ਨੂੰ ਮੈਂ ਤੇ ਲਾਇਡੀ ਆਪਣੇ ਵਿਆਹ ਵਾਲੇ ਦਿਨ

ਜਦੋਂ ਮੈਂ ਯੂਨੀਵਰਸਿਟੀ ਵਿਚ ਆਪਣੀ ਡਾਕਟਰੀ ਪੜ੍ਹਾਈ ਕਰ ਰਿਹਾ ਸੀ, ਤਾਂ ਉਦੋਂ ਮੈਂ ਇਕ ਕੁੜੀ ਨੂੰ ਮਿਲਿਆ ਜਿਸ ਦਾ ਨਾਂ ਲਾਇਡੀ ਸੀ। ਮੈਨੂੰ ਉਸ ਨਾਲ ਪਿਆਰ ਹੋ ਗਿਆ ਅਤੇ ਅਸੀਂ 1965 ਵਿਚ ਵਿਆਹ ਕਰਾ ਲਿਆ। ਉਦੋਂ ਮੇਰੀ ਪੜ੍ਹਾਈ ਹਾਲੇ ਪੂਰੀ ਨਹੀਂ ਹੋਈ ਸੀ ਕਿ 1971 ਤਕ ਸਾਡੇ ਤਿੰਨ ਬੱਚੇ ਵੀ ਹੋ ਗਏ, ਦੋ ਕੁੜੀਆਂ ਤੇ ਇਕ ਮੁੰਡਾ। ਲਾਇਡੀ ਨੇ ਮੇਰੀ ਡਾਕਟਰ ਵਜੋਂ ਕੰਮ ਕਰਨ ਅਤੇ ਪਰਿਵਾਰ ਦੀ ਦੇਖ-ਭਾਲ ਕਰਨ ਵਿਚ ਮੇਰਾ ਬਹੁਤ ਸਾਥ ਦਿੱਤਾ।

ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਇਕ ਹਸਪਤਾਲ ਵਿਚ ਤਿੰਨ ਸਾਲ ਕੰਮ ਕੀਤਾ। ਫਿਰ ਮੈਂ ਆਪਣਾ ਕਲਿਨਿਕ ਖੋਲ੍ਹ ਲਿਆ। ਕੁਝ ਸਮੇਂ ਬਾਅਦ ਇਕ ਤੀਵੀਂ-ਆਦਮੀ ਮੇਰੇ ਕੋਲੋਂ ਦਵਾਈ ਲੈਣ ਆਏ। ਇਹ ਦੋਵੇਂ ਉਹੀ ਦੋ ਮਰੀਜ਼ ਸਨ ਜਿਨ੍ਹਾਂ ਦਾ ਮੈਂ ਸ਼ੁਰੂ-ਸ਼ੁਰੂ ਵਿਚ ਜ਼ਿਕਰ ਕੀਤਾ ਸੀ। ਹਾਲੇ ਮੈਂ ਉਸ ਆਦਮੀ ਲਈ ਦਵਾਈ ਲਿਖਣ ਹੀ ਵਾਲਾ ਸੀ ਕਿ ਉਸ ਦੀ ਤੀਵੀਂ ਨੇ ਮੈਨੂੰ ਕਿਹਾ: “ਡਾਕਟਰ, ਪਲੀਜ਼, ਉਹ ਦਵਾਈਆਂ ਨਾ ਲਿਖਿਓ ਜਿਨ੍ਹਾਂ ਵਿਚ ਖ਼ੂਨ ਹੋਵੇ।” ਮੈਂ ਹੈਰਾਨੀ ਨਾਲ ਪੁੱਛਿਆ: “ਸੱਚੀਂ? ਕਿਉਂ?” ਉਸ ਨੇ ਕਿਹਾ: “ਅਸੀਂ ਯਹੋਵਾਹ ਦੇ ਗਵਾਹ ਹਾਂ।” ਮੈਂ ਕਦੇ ਵੀ ਨਹੀਂ ਸੁਣਿਆ ਸੀ ਕਿ ਯਹੋਵਾਹ ਦੇ ਗਵਾਹ ਕੌਣ ਹਨ ਜਾਂ ਉਹ ਖ਼ੂਨ ਕਿਉਂ ਨਹੀਂ ਲੈਂਦੇ। ਉਸ ਔਰਤ ਨੇ ਮੈਨੂੰ ਆਪਣੀ ਬਾਈਬਲ ਵਿੱਚੋਂ ਕੁਝ ਆਇਤਾਂ ਖੋਲ੍ਹ ਕੇ ਦਿਖਾਈਆਂ ਕਿ ਉਹ ਖ਼ੂਨ ਕਿਉਂ ਨਹੀਂ ਲੈਂਦੇ। (ਰਸੂ. 15:28, 29) ਫਿਰ ਉਨ੍ਹਾਂ ਨੇ ਮੈਨੂੰ ਬਾਈਬਲ ਵਿੱਚੋਂ ਦਿਖਾਇਆ ਕਿ ਪਰਮੇਸ਼ੁਰ ਦਾ ਰਾਜ ਬਹੁਤ ਜਲਦੀ ਦੁੱਖ-ਤਕਲੀਫ਼ਾਂ, ਬੀਮਾਰੀਆਂ ਅਤੇ ਮੌਤ ਦਾ ਹਮੇਸ਼ਾ ਲਈ ਨਾਮੋ-ਨਿਸ਼ਾਨ ਮਿਟਾ ਦੇਵੇਗਾ। (ਪ੍ਰਕਾ. 21:3, 4) ਮੈਂ ਖ਼ੁਸ਼ੀ ਦੇ ਮਾਰੇ ਕਿਹਾ: “ਇਸ ਨਾਲ ਤਾਂ ਮੇਰੇ ਬਚਪਨ ਦਾ ਸੁਪਨਾ ਹੀ ਸੱਚ ਹੋ ਜਾਣਾ! ਮੈਂ ਡਾਕਟਰ ਹੀ ਇਸੇ ਕਰਕੇ ਬਣਿਆ ਹਾਂ ਤਾਂਕਿ ਮੈਂ ਲੋਕਾਂ ਦੀਆਂ ਬੀਮਾਰੀਆਂ ਠੀਕ ਕਰ ਸਕਾਂ।” ਮੈਨੂੰ ਉਨ੍ਹਾਂ ਨਾਲ ਗੱਲ ਕਰ ਕੇ ਇੰਨਾ ਚੰਗਾ ਲੱਗਾ ਕਿ ਮੈਂ ਉਨ੍ਹਾਂ ਨਾਲ ਡੇਢ ਘੰਟਾ ਗੱਲਾਂ ਕਰਦਾ ਰਿਹਾ। ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਜਿਸ ਪਰਮੇਸ਼ੁਰ ਬਾਰੇ ਮੈਂ ਜਾਣਨਾ ਚਾਹੁੰਦਾ ਸੀ, ਉਸ ਦਾ ਇਕ ਨਾਂ ਹੈ, ਯਹੋਵਾਹ! ਮੈਂ ਉਸੇ ਵੇਲੇ ਸੋਚ ਲਿਆ ਕਿ ਹੁਣ ਮੈਂ ਕੈਥੋਲਿਕ ਧਰਮ ਨੂੰ ਨਹੀਂ ਮੰਨਣਾ।

ਮੈਂ ਉਸ ਗਵਾਹ ਜੋੜੇ ਨੂੰ ਆਪਣੇ ਕਲਿਨਿਕ ਵਿਚ ਤਿੰਨ ਹੋਰ ਵਾਰ ਮਿਲਿਆ ਅਤੇ ਹਰ ਵਾਰ ਅਸੀਂ ਇਕ ਘੰਟੇ ਤੋਂ ਜ਼ਿਆਦਾ ਸਮਾਂ ਗੱਲਾਂ ਕਰਦੇ ਰਹੇ। ਫਿਰ ਮੈਂ ਉਨ੍ਹਾਂ ਨੂੰ ਆਪਣੇ ਘਰ ਬੁਲਾਇਆ ਤਾਂਕਿ ਅਸੀਂ ਬਾਈਬਲ ਵਿੱਚੋਂ ਹੋਰ ਵੀ ਜ਼ਿਆਦਾ ਚਰਚਾ ਕਰ ਸਕੀਏ। ਭਾਵੇਂ ਕਿ ਲਾਇਡੀ ਸਟੱਡੀ ਕਰਨ ਵੇਲੇ ਮੇਰੇ ਨਾਲ ਬੈਠਦੀ ਸੀ, ਪਰ ਉਹ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਕੈਥੋਲਿਕ ਧਰਮ ਦੀਆਂ ਸਿੱਖਿਆਵਾਂ ਗ਼ਲਤ ਹਨ। ਇਸ ਲਈ ਮੈਂ ਇਕ ਪਾਦਰੀ ਨੂੰ ਆਪਣੇ ਘਰ ਬੁਲਾਇਆ। ਅਸੀਂ ਅੱਧੀ ਰਾਤ ਤਕ ਉਸ ਨਾਲ ਚਰਚ ਦੀਆਂ ਸਿੱਖਿਆਵਾਂ ਅਤੇ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਬਹਿਸ ਕਰਦੇ ਰਹੇ। ਇਸ ਤੋਂ ਬਾਅਦ ਲਾਇਡੀ ਨੂੰ ਭਰੋਸਾ ਹੋ ਗਿਆ ਕਿ ਸਿਰਫ਼ ਯਹੋਵਾਹ ਦੇ ਗਵਾਹ ਹੀ ਸੱਚਾਈ ਸਿਖਾਉਂਦੇ ਹਨ। ਫਿਰ ਸਾਡੇ ਦੋਹਾਂ ਦੇ ਦਿਲਾਂ ਵਿਚ ਯਹੋਵਾਹ ਪਰਮੇਸ਼ੁਰ ਲਈ ਇੰਨਾ ਜ਼ਿਆਦਾ ਪਿਆਰ ਵੱਧ ਗਿਆ ਕਿ ਅਸੀਂ 1974 ਵਿਚ ਬਪਤਿਸਮਾ ਲੈ ਲਿਆ।

ਅਸੀਂ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣੀ ਸ਼ੁਰੂ ਕੀਤੀ

ਜਦੋਂ ਮੈਂ ਸਿੱਖਿਆ ਕਿ ਪਰਮੇਸ਼ੁਰ ਇਨਸਾਨਾਂ ਲਈ ਕੀ ਚਾਹੁੰਦਾ ਹੈ, ਤਾਂ ਮੇਰੀ ਜ਼ਿੰਦਗੀ ਹੀ ਬਦਲ ਗਈ। ਸੱਚਾਈ ਵਿਚ ਆਉਣ ਤੋਂ ਪਹਿਲਾਂ ਮੇਰਾ ਕੰਮ ਹੀ ਮੇਰੇ ਲਈ ਸਭ ਕੁਝ ਸੀ। ਪਰ ਫਿਰ ਮੈਂ ਤੇ ਲਾਇਡੀ ਨੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ। ਅਸੀਂ ਪੱਕਾ ਇਰਾਦਾ ਕੀਤਾ ਕਿ ਅਸੀਂ ਆਪਣੇ 6 ਬੱਚਿਆਂ ਦੀ ਪਰਵਰਿਸ਼ ਬਾਈਬਲ ਦੇ ਮਿਆਰਾਂ ਮੁਤਾਬਕ ਕਰਾਂਗੇ। ਅਸੀਂ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਅਤੇ ਲੋਕਾਂ ਨੂੰ ਪਿਆਰ ਕਰਨਾ ਸਿਖਾਇਆ ਜਿਸ ਕਰਕੇ ਅਸੀਂ ਸਾਰੇ ਜਣੇ ਇਕ-ਦੂਜੇ ਦੇ ਹੋਰ ਵੀ ਨੇੜੇ ਆਏ ਅਤੇ ਸਾਡੇ ਪਰਿਵਾਰ ਵਿਚ ਏਕਤਾ ਬਣੀ ਰਹੀ।​—ਮੱਤੀ 22:37-39.

ਮੇਰਾ ਅਤੇ ਲਾਇਡੀ ਦਾ ਹਮੇਸ਼ਾ ਇੱਕੋ ਫ਼ੈਸਲਾ ਹੁੰਦਾ ਸੀ ਅਤੇ ਇਹ ਗੱਲ ਸਾਡੇ 6 ਬੱਚੇ ਵੀ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਨੂੰ ਘਰ ਦਾ ਇਹ ਅਸੂਲ ਚੰਗੀ ਤਰ੍ਹਾਂ ਪਤਾ ਸੀ ਕਿ “ਤੁਹਾਡੀ ‘ਹਾਂ’ ਦੀ ਹਾਂ ਅਤੇ ਤੁਹਾਡੀ ‘ਨਾਂਹ’ ਦੀ ਨਾਂਹ ਹੋਵੇ।” (ਮੱਤੀ 5:37) ਫਿਰ ਜਦੋਂ ਸਾਡੀ ਵੱਡੀ ਕੁੜੀ 17 ਕੁ ਸਾਲਾਂ ਦੀ ਹੋਈ, ਤਾਂ ਉਹ ਆਪਣੀ ਉਮਰ ਦੇ ਮੁੰਡੇ-ਕੁੜੀਆਂ ਨਾਲ ਘੁੰਮਣ ਜਾਣਾ ਚਾਹੁੰਦੀ ਸੀ। ਪਰ ਲਾਇਡੀ ਨੇ ਉਸ ਨੂੰ ਜਾਣ ਤੋਂ ਮਨ੍ਹਾਂ ਕਰ ਦਿੱਤਾ। ਉਸ ਦੇ ਇਕ ਦੋਸਤ ਨੇ ਉਸ ਨੂੰ ਕਿਹਾ: “ਜੇ ਤੇਰੀ ਮੰਮੀ ਨਹੀਂ ਜਾਣ ਦਿੰਦੀ, ਤਾਂ ਤੂੰ ਆਪਣੇ ਡੈਡੀ ਨੂੰ ਪੁੱਛ ਲਾ!” ਪਰ ਸਾਡੀ ਕੁੜੀ ਨੇ ਕਿਹਾ: “ਇਸ ਤਰ੍ਹਾਂ ਕਰਨ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਦੋਹਾਂ ਦਾ ਇੱਕੋ ਫ਼ੈਸਲਾ ਹੁੰਦਾ ਹੈ।” ਇਸ ਤਰ੍ਹਾਂ ਦੀਆਂ ਕਈ ਗੱਲਾਂ ਹਨ ਜਿਨ੍ਹਾਂ ਨੂੰ ਯਾਦ ਕਰ ਕੇ ਅਸੀਂ ਅਕਸਰ ਹੱਸਦੇ ਹਾਂ। ਸਾਡੇ ਤਿੰਨਾਂ ਮੁੰਡਿਆਂ ਤੇ ਤਿੰਨਾਂ ਕੁੜੀਆਂ ਨੇ ਆਪਣੀ ਅੱਖੀਂ ਦੇਖਿਆ ਕਿ ਅਸੀਂ ਦੋਵੇਂ ਜਣੇ ਮਿਲ ਕੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਦੇ ਹਾਂ। ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅੱਜ ਸਾਡੇ ਵੱਡੇ ਪਰਿਵਾਰ ਵਿੱਚੋਂ ਜ਼ਿਆਦਾਤਰ ਜਣੇ ਯਹੋਵਾਹ ਦੀ ਸੇਵਾ ਕਰ ਰਹੇ ਹਨ।

ਸੱਚਾਈ ਸਿੱਖਣ ਤੋਂ ਬਾਅਦ ਮੈਂ ਆਪਣੇ ਡਾਕਟਰੀ ਪੇਸ਼ੇ ਰਾਹੀਂ ਪਰਮੇਸ਼ੁਰ ਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਸੀ। ਇਸ ਲਈ ਮੈਂ ਪੈਰਿਸ ਦੇ ਬੈਥਲ ਵਿਚ ਹਰ ਹਫ਼ਤੇ ਕੁਝ ਦਿਨ ਜਾ ਕੇ ਡਾਕਟਰ ਵਜੋਂ ਸੇਵਾ ਕਰਨ ਲੱਗ ਪਿਆ। ਫਿਰ ਜਦੋਂ ਲੂਵੀਏ ਸ਼ਹਿਰ ਵਿਚ ਨਵਾਂ ਬੈਥਲ ਬਣਿਆ, ਤਾਂ ਮੈਂ ਉੱਥੇ ਵੀ ਜਾਣ ਲੱਗ ਪਿਆ। ਇਸ ਤਰ੍ਹਾਂ ਮੈਨੂੰ ਬੈਥਲ ਵਿਚ ਸੇਵਾ ਕਰਦਿਆਂ ਲਗਭਗ 50 ਸਾਲ ਹੋ ਗਏ ਹਨ। ਇਸ ਸਮੇਂ ਦੌਰਾਨ ਬੈਥਲ ਵਿਚ ਮੇਰੇ ਬਹੁਤ ਸਾਰੇ ਚੰਗੇ ਦੋਸਤ ਬਣੇ। ਉਨ੍ਹਾਂ ਵਿੱਚੋਂ ਹੁਣ ਕੁਝ ਜਣਿਆਂ ਦੀ ਉਮਰ 90 ਤੋਂ ਵੀ ਜ਼ਿਆਦਾ ਸਾਲਾਂ ਦੀ ਹੈ। ਇਕ ਦਿਨ ਮੈਂ ਬੈਥਲ ਦੇ ਇਕ ਨਵੇਂ ਮੈਂਬਰ ਨੂੰ ਮਿਲਿਆ ਅਤੇ ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਲਗਭਗ 20 ਸਾਲ ਪਹਿਲਾਂ ਉਸ ਭਰਾ ਦੇ ਜਨਮ ਵੇਲੇ ਮੈਂ ਹੀ ਉਸ ਦੀ ਮੰਮੀ ਦੀ ਡਿਲਿਵਰੀ ਕੀਤੀ ਸੀ।

ਮੈਂ ਦੇਖਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਕਿੰਨੀ ਪਰਵਾਹ ਕਰਦਾ ਹੈ!

ਸਾਲਾਂ ਦੇ ਬੀਤਣ ਨਾਲ ਜਿੱਦਾਂ-ਜਿੱਦਾਂ ਮੈਂ ਦੇਖਿਆ ਕਿ ਯਹੋਵਾਹ ਆਪਣੇ ਸੰਗਠਨ ਰਾਹੀਂ ਕਿਵੇਂ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ ਅਤੇ ਉਨ੍ਹਾਂ ਦੀ ਰਾਖੀ ਕਰਦਾ ਹੈ, ਉੱਦਾਂ-ਉੱਦਾਂ ਯਹੋਵਾਹ ਲਈ ਮੇਰਾ ਪਿਆਰ ਵਧਦਾ ਗਿਆ। ਲਗਭਗ 1980 ਵਿਚ ਪ੍ਰਬੰਧਕ ਸਭਾ ਨੇ ਅਮਰੀਕਾ ਵਿਚ ਇਕ ਇੰਤਜ਼ਾਮ ਸ਼ੁਰੂ ਕੀਤਾ ਤਾਂਕਿ ਡਾਕਟਰਾਂ ਅਤੇ ਹਸਪਤਾਲ ਵਿਚ ਕੰਮ ਕਰਨ ਵਾਲਿਆਂ ਨੂੰ ਇਹ ਗੱਲ ਸਮਝਾਈ ਜਾ ਸਕੇ ਕਿ ਯਹੋਵਾਹ ਦੇ ਗਵਾਹ ਖ਼ੂਨ ਕਿਉਂ ਨਹੀਂ ਲੈਂਦੇ।

ਫਿਰ 1988 ਵਿਚ ਪ੍ਰਬੰਧਕ ਸਭਾ ਨੇ ਬੈਥਲ ਵਿਚ ਇਕ ਨਵਾਂ ਵਿਭਾਗ ਸ਼ੁਰੂ ਕੀਤਾ ਜਿਸ ਨੂੰ ਹਸਪਤਾਲ ਸੂਚਨਾ ਸੇਵਾਵਾਂ ਕਿਹਾ ਜਾਂਦਾ ਸੀ। ਸ਼ੁਰੂ-ਸ਼ੁਰੂ ਵਿਚ ਇਹ ਵਿਭਾਗ ਅਮਰੀਕਾ ਵਿਚ ਬਣੀਆਂ ਹਸਪਤਾਲ ਸੰਪਰਕ ਕਮੇਟੀਆਂ (HLC) ਦੀ ਨਿਗਰਾਨੀ ਕਰਦਾ ਸੀ। ਹਸਪਤਾਲ ਸੰਪਰਕ ਕਮੇਟੀਆਂ ਧਿਆਨ ਰੱਖਦੀਆਂ ਸਨ ਕਿ ਅਮਰੀਕਾ ਵਿਚ ਸਾਡੇ ਬੀਮਾਰ ਭੈਣਾਂ-ਭਰਾਵਾਂ ਨੂੰ ਖ਼ੂਨ ਤੋਂ ਬਿਨਾਂ ਵਧੀਆ ਇਲਾਜ ਮਿਲੇ। ਫਿਰ ਇਹ ਪ੍ਰਬੰਧ ਪੂਰੀ ਦੁਨੀਆਂ ਦੇ ਭੈਣਾਂ-ਭਰਾਵਾਂ ਲਈ ਕੀਤਾ ਗਿਆ। ਇਸ ਕਰਕੇ ਫਰਾਂਸ ਵਿਚ ਹਸਪਤਾਲ ਸੰਪਰਕ ਕਮੇਟੀ ਬਣਾਈ ਗਈ। ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਯਹੋਵਾਹ ਦਾ ਸੰਗਠਨ ਕਿੰਨੇ ਪਿਆਰ ਨਾਲ ਸਾਡੇ ਬੀਮਾਰ ਭੈਣਾਂ-ਭਰਾਵਾਂ ਦੀ ਲੋੜ ਵੇਲੇ ਮਦਦ ਕਰਦਾ ਹੈ।

ਮੇਰਾ ਸੁਪਨਾ ਸੱਚ ਹੋ ਰਿਹਾ ਹੈ!

ਸਾਨੂੰ ਹਾਲੇ ਵੀ ਪ੍ਰਚਾਰ ਦਾ ਕੰਮ ਕਰ ਕੇ ਖ਼ੁਸ਼ੀ ਮਿਲਦੀ ਹੈ

ਚਾਹੇ ਕਿ ਡਾਕਟਰ ਬਣਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ ਸੀ, ਪਰ ਜਦੋਂ ਮੈਂ ਧਿਆਨ ਨਾਲ ਸੋਚ-ਵਿਚਾਰ ਕੀਤਾ ਕਿ ਲੋਕਾਂ ਦੀਆਂ ਬੀਮਾਰੀਆਂ ਠੀਕ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਲੋਕਾਂ ਨੂੰ ਜ਼ਿੰਦਗੀ ਦੇ ਸੋਮੇ ਯਹੋਵਾਹ ਬਾਰੇ ਪਤਾ ਲੱਗੇ ਅਤੇ ਉਹ ਉਸ ਦੀ ਸੇਵਾ ਕਰਨ। ਇਸ ਲਈ ਮੈਂ ਰੀਟਾਇਰਮੈਂਟ ਤੋਂ ਬਾਅਦ ਲਾਇਡੀ ਨਾਲ ਮਿਲ ਕੇ ਰੈਗੂਲਰ ਪਾਇਨੀਅਰਿੰਗ ਕਰਨ ਲੱਗ ਪਿਆ ਅਤੇ ਅਸੀਂ ਹਰ ਮਹੀਨੇ ਕਈ-ਕਈ ਘੰਟੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਸੀ। ਅਸੀਂ ਹੁਣ ਵੀ ਜਿੰਨਾ ਹੋ ਸਕੇ ਜ਼ਿੰਦਗੀਆਂ ਬਚਾਉਣ ਵਾਲੇ ਇਸ ਕੰਮ ਵਿਚ ਹਿੱਸਾ ਲੈਂਦੇ ਹਾਂ।

2021 ਵਿਚ ਲਾਇਡੀ ਨਾਲ

ਹਾਲੇ ਵੀ ਜਿੰਨਾ ਮੇਰੇ ਹੱਥ-ਵੱਸ ਹੈ, ਮੈਂ ਲੋਕਾਂ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਪਰ ਮੈਨੂੰ ਪਤਾ ਹੈ ਕਿ ਦੁਨੀਆਂ ਦਾ ਵਧੀਆ ਤੋਂ ਵਧੀਆ ਡਾਕਟਰ ਵੀ ਸਾਰੀਆਂ ਬੀਮਾਰੀਆਂ ਦਾ ਇਲਾਜ ਨਹੀਂ ਕਰ ਸਕਦਾ ਜਾਂ ਮੌਤ ਨੂੰ ਖ਼ਤਮ ਨਹੀਂ ਕਰ ਸਕਦਾ। ਇਸ ਲਈ ਮੈਂ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ ਜਦੋਂ ਦੁੱਖ-ਦਰਦ, ਬੀਮਾਰੀਆਂ ਅਤੇ ਮੌਤ ਹਮੇਸ਼ਾ ਲਈ ਖ਼ਤਮ ਹੋ ਜਾਣਗੇ। ਜਲਦੀ ਹੀ ਨਵੀਂ ਦੁਨੀਆਂ ਆਉਣ ਵਾਲੀ ਹੈ। ਉਸ ਸਮੇਂ ਮੈਂ ਹਮੇਸ਼ਾ-ਹਮੇਸ਼ਾ ਲਈ ਪਰਮੇਸ਼ੁਰ ਬਾਰੇ ਸਿੱਖ ਸਕਾਂਗਾ, ਖ਼ਾਸ ਕਰਕੇ ਉਸ ਦੁਆਰਾ ਬਣਾਏ ਸ਼ਾਨਦਾਰ ਇਨਸਾਨੀ ਸਰੀਰ ਬਾਰੇ ਹੋਰ ਵੀ ਚੰਗੀ ਤਰ੍ਹਾਂ ਜਾਣ ਸਕਾਂਗਾ। ਸੱਚੀ! ਉਦੋਂ ਮੇਰੇ ਬਚਪਨ ਦਾ ਸੁਪਨਾ ਪੂਰੀ ਤਰ੍ਹਾਂ ਸਾਕਾਰ ਹੋਵੇਗਾ। ਮੈਨੂੰ ਪੱਕਾ ਭਰੋਸਾ ਹੈ ਕਿ ਸਾਡਾ ਆਉਣ ਵਾਲਾ ਕੱਲ੍ਹ ਬਹੁਤ ਹੀ ਸੁਨਹਿਰਾ ਹੋਵੇਗਾ!