ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਇਕ ਔਰਤ ਈਮਾਨਦਾਰ ਕਿੱਦਾਂ ਬਣੀ ਜੋ ਪਹਿਲਾਂ ਹੀਰਿਆਂ ਦੀ ਸਮਗਲਿੰਗ ਕਰਦੀ ਹੁੰਦੀ ਸੀ ਅਤੇ ਆਪਣੇ ਮਾਲਕ ਤੋਂ ਚੋਰੀ ਕਰਦੀ ਹੁੰਦੀ ਸੀ? ਉਸ ਔਰਤ ਨੂੰ ਜੀਣ ਦਾ ਕਾਰਨ ਕਿਵੇਂ ਮਿਲਿਆ ਜਿਸ ਨੇ ਦੋ ਵਾਰ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ? ਇਕ ਸ਼ਰਾਬੀ ਅਤੇ ਡ੍ਰੱਗਜ਼ ਲੈਣ ਵਾਲੇ ਆਦਮੀ ਨੂੰ ਆਪਣੇ ਨਸ਼ੇ ਛੱਡਣ ਦੀ ਤਾਕਤ ਕਿੱਥੋਂ ਮਿਲੀ? ਆਓ ਦੇਖੀਏ ਕਿ ਉਨ੍ਹਾਂ ਦਾ ਕੀ ਕਹਿਣਾ ਹੈ।
ਜਾਣ-ਪਛਾਣ
ਨਾਂ: ਮਾਰਗਰਟ ਡਬੇਰਨ
ਉਮਰ: 45
ਦੇਸ਼: ਬਾਤਸਵਾਨਾ
ਮੈਂ ਸਮਗਲਿੰਗ ਅਤੇ ਚੋਰੀ ਕਰਦੀ ਹੁੰਦੀ ਸੀ
ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੇਰਾ ਪਿਤਾ ਜਰਮਨੀ ਤੋਂ ਸੀ, ਪਰ ਉਹ ਦੱਖਣ-ਪੱਛਮੀ ਅਫ਼ਰੀਕਾ (ਹੁਣ ਨਮੀਬੀਆ) ਵਿਚ ਰਹਿਣ ਆਇਆ ਸੀ। ਮੇਰੀ ਮਾਂ ਬਾਤਸਵਾਨਾ ਦੀ ਮੰਗੋਲੋਗਾ ਕਬੀਲੇ ਦੀ ਹੈ। ਮੇਰਾ ਜਨਮ ਨਮੀਬੀਆ ਦੇ ਗੋਬਾਬਿਸ ਨਗਰ ਵਿਚ ਹੋਇਆ ਸੀ।
1970 ਦੇ ਦਹਾਕੇ ਵਿਚ ਦੱਖਣੀ ਅਫ਼ਰੀਕਾ ਦੀ ਸਰਕਾਰ ਨਮੀਬੀਆ ਦੇ ਕਈ ਇਲਾਕਿਆਂ ਉੱਤੇ ਹਕੂਮਤ ਚਲਾ ਰਹੀ ਸੀ। ਸਰਕਾਰ ਨੇ ਕਾਨੂੰਨ ਬਣਾਏ ਕਿ ਕਾਲੇ-ਗੋਰੇ ਇਕੱਠੇ ਨਹੀਂ ਰਹਿ ਸਕਦੇ ਸਨ। ਇਨ੍ਹਾਂ ਕਾਨੂੰਨਾਂ ਨੂੰ ਖ਼ਾਸ ਕਰ ਕੇ ਨਗਰਾਂ ਤੇ ਪਿੰਡਾਂ ਵਿਚ ਲਾਗੂ ਕੀਤਾ ਗਿਆ। ਮੇਰਾ ਪਿਤਾ ਜਰਮਨੀ ਤੋਂ ਸੀ ਅਤੇ ਮੇਰੀ ਮਾਂ ਬਾਤਸਵਾਨਾ ਤੋਂ, ਇਸ ਲਈ ਉਨ੍ਹਾਂ ਉੱਤੇ ਜ਼ੋਰ ਪਾਇਆ ਗਿਆ ਕਿ ਉਹ ਇਕ-ਦੂਜੇ ਤੋਂ ਅੱਡ ਹੋ ਜਾਣ। ਇਸ ਲਈ ਮੇਰੀ ਮਾਂ ਸਾਰੇ ਬੱਚਿਆਂ ਨੂੰ ਲੈ ਕੇ ਬਾਤਸਵਾਨਾ ਦੇ ਗਾਂਸੀ ਇਲਾਕੇ ਵਿਚ ਰਹਿਣ ਚਲੇ ਗਈ।
1979 ਵਿਚ ਮੈਂ ਬਾਤਸਵਾਨਾ ਦੇ ਲੋਬਾਤਸੀ ਨਗਰ ਵਿਚ ਇਕ ਪਰਿਵਾਰ ਨਾਲ ਰਹਿਣ ਚਲੀ ਗਈ ਤਾਂਕਿ ਮੈਂ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਸਕਾਂ। ਬਾਅਦ ਵਿਚ ਮੈਨੂੰ ਇਕ ਮੋਟਰ ਗਰਾਜ ਦੇ ਦਫ਼ਤਰ ਵਿਚ ਨੌਕਰੀ ਮਿਲੀ। ਛੋਟੀ ਉਮਰ ਤੋਂ ਮੈਂ ਮੰਨਦੀ ਆਈ ਸੀ ਕਿ ਰੱਬ ਲੋਕਾਂ ਲਈ ਕੁਝ ਨਹੀਂ ਕਰਦਾ ਅਤੇ ਤੁਸੀਂ ਜੋ ਕੁਝ ਕਰਨਾ ਹੈ, ਆਪ ਹੀ ਕਰਨਾ ਪਵੇਗਾ, ਚਾਹੇ ਤੁਹਾਨੂੰ ਆਪਣਾ ਗੁਜ਼ਾਰਾ ਤੋਰਨ ਲਈ ਗ਼ਲਤ ਤਰੀਕਾ ਕਿਉਂ ਨਾ ਅਪਣਾਉਣਾ ਪਵੇ।
ਕੰਮ ਤੇ ਮੇਰੇ ਕੋਲ ਕਾਫ਼ੀ ਜ਼ਿੰਮੇਵਾਰੀ ਸੀ। ਇਸ ਕਰਕੇ ਮੈਂ ਮੌਕੇ ਦਾ ਫ਼ਾਇਦਾ ਉਠਾ ਕੇ ਆਪਣੇ ਮਾਲਕ ਤੋਂ ਕਾਰਾਂ ਦੇ ਸਪੇਅਰ ਪਾਰਟ ਚੋਰੀ ਕਰਦੀ ਹੁੰਦੀ ਸੀ। ਜਦ ਵੀ ਰਾਤ ਨੂੰ ਰੇਲ-ਗੱਡੀ ਸਾਡੇ ਨਗਰ ਵਿਚਦੀ ਲੰਘਦੀ ਸੀ, ਤਾਂ ਮੈਂ ਤੇ ਮੇਰੇ ਸਾਥੀ ਉਸ ਉੱਤੇ ਚੜ੍ਹ ਕੇ ਜੋ ਵੀ ਹੱਥ ਆਉਂਦਾ ਸੀ ਉਸ ਨੂੰ ਚੋਰੀ ਕਰ ਲੈਂਦੇ ਸਨ। ਮੈਂ ਹੀਰੇ, ਸੋਨਾ ਅਤੇ ਕਾਂਸੀ ਦੀ ਸਮਗਲਿੰਗ ਵੀ ਸ਼ੁਰੂ ਕਰਨ ਲੱਗ ਪਈ। ਮੈਂ ਡ੍ਰੱਗਜ਼ ਲੈਣੇ ਸ਼ੁਰੂ ਕੀਤੇ, ਮੈਂ ਬਹੁਤ ਗੁੱਸੇਖ਼ੋਰ ਤੇ ਲੜਾਕੀ ਸੀ ਅਤੇ ਮੇਰੇ ਬਹੁਤ ਬੁਆਏ-ਫ੍ਰੈਂਡ ਸਨ।
ਫਿਰ 1993 ਵਿਚ ਮੈਂ ਚੋਰੀ ਕਰਦੀ ਫੜੀ ਗਈ ਅਤੇ ਆਪਣੀ ਨੌਕਰੀ ਤੋਂ ਕੱਢੀ ਗਈ। ਇਹ ਸੋਚ ਕੇ ਕਿ ਉਹ ਵੀ ਫੜੇ ਜਾਣਗੇ ਮੇਰੇ ਸਾਥੀ ਮੈਨੂੰ ਛੱਡ ਗਏ। ਇਸ ਤੋਂ ਮੈਨੂੰ ਬਹੁਤ ਦੁੱਖ ਲੱਗਾ ਅਤੇ ਮੈਂ ਫ਼ੈਸਲਾ ਕੀਤਾ ਕਿ ਮੈਂ ਕਿਸੇ ਉੱਤੇ ਇਤਬਾਰ ਨਹੀਂ ਕਰਾਂਗੀ।
ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: 1994 ਵਿਚ ਮੈਂ ਟਿਮ ਤੇ ਵਰਜੀਨੀਆ ਨੂੰ ਮਿਲੀ ਜੋ ਯਹੋਵਾਹ ਦੇ ਗਵਾਹਾਂ ਦੇ ਦੋ ਮਿਸ਼ਨਰੀ ਸਨ। ਮੈਂ ਨਵੀਂ ਥਾਂ ਤੇ ਨੌਕਰੀ ਕਰ ਰਹੀ ਸੀ ਅਤੇ ਉਹ ਦੁਪਹਿਰ ਦੀ ਛੁੱਟੀ ਵੇਲੇ ਮੇਰੇ ਨਾਲ ਬਾਈਬਲ ਬਾਰੇ ਗੱਲਾਂ ਕਰਨ ਆਉਂਦੇ ਸਨ। ਬਾਅਦ ਵਿਚ ਜਦ ਮੈਨੂੰ ਲੱਗਾ ਕਿ ਮੈਂ ਉਨ੍ਹਾਂ ਉੱਤੇ ਇਤਬਾਰ ਕਰ ਸਕਦੀ ਹਾਂ, ਤਾਂ ਮੈਂ ਉਨ੍ਹਾਂ ਨੂੰ ਆਪਣੇ ਘਰ ਬਾਈਬਲ ਸਟੱਡੀ ਕਰਨ ਲਈ ਬੁਲਾਇਆ।
ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਰੱਬ ਨੂੰ ਖ਼ੁਸ਼ ਕਰਨਾ ਸੀ, ਤਾਂ ਮੈਨੂੰ ਆਪਣੀ ਜ਼ਿੰਦਗੀ ਬਦਲਣੀ ਪੈਣੀ ਹੈ। ਮਿਸਾਲ ਲਈ, ਮੈਂ 1 ਕੁਰਿੰਥੀਆਂ 6:9, 10 ਤੋਂ ਸਿੱਖਿਆ ਕਿ “ਨਾ ਹਰਾਮਕਾਰ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।” ਇਕ-ਇਕ ਕਰ ਕੇ ਮੈਂ ਆਪਣੀਆਂ ਬੁਰੀਆਂ ਆਦਤਾਂ ਛੱਡਣ ਲੱਗ ਪਈ। ਪਹਿਲਾਂ ਮੈਂ ਚੋਰੀ ਕਰਨੀ ਬੰਦ ਕੀਤੀ। ਇਸ ਤੋਂ ਬਾਅਦ ਮੈਂ ਉਨ੍ਹਾਂ ਗੁੰਡਿਆਂ ਨਾਲੋਂ ਆਪਣਾ ਨਾਤਾ ਤੋੜਿਆ ਜਿਨ੍ਹਾਂ ਨੂੰ ਮੈਂ ਬਚਪਨ ਤੋਂ ਜਾਣਦੀ ਸੀ। ਫਿਰ ਯਹੋਵਾਹ ਦੀ ਸ਼ਕਤੀ ਨਾਲ ਮੈਂ ਆਪਣਿਆਂ ਬੁਆਏ-ਫ੍ਰੈਂਡਾਂ ਨੂੰ ਛੱਡਿਆ।
ਅੱਜ ਮੇਰੀ ਜ਼ਿੰਦਗੀ: ਬਹੁਤ ਕੋਸ਼ਿਸ਼ ਕਰ ਕੇ ਮੈਂ ਆਪਣੇ ਗੁੱਸੇ ਉੱਤੇ ਕਾਬੂ ਪਾਉਣਾ ਸਿੱਖਿਆ ਹੈ। ਹੁਣ ਜਦੋਂ ਮੈਨੂੰ ਕਿਸੇ ਗੱਲ ਤੋਂ ਗੁੱਸਾ ਚੜ੍ਹਦਾ ਹੈ, ਮੈਂ ਆਪਣੇ ਬੱਚਿਆਂ ਨੂੰ ਦਬਕੇ ਨਹੀਂ ਮਾਰਦੀ। (ਅਫ਼ਸੀਆਂ 4:31) ਮੈਂ ਸ਼ਾਂਤ ਹੋ ਕੇ ਉਨ੍ਹਾਂ ਨਾਲ ਗੱਲਾਂ ਕਰਦੀ ਹਾਂ। ਇਸ ਤਰ੍ਹਾਂ ਕਰਨ ਨਾਲ ਚੰਗੇ ਨਤੀਜੇ ਨਿਕਲੇ ਹਨ ਅਤੇ ਸਾਡੇ ਪਰਿਵਾਰ ਦਾ ਪਿਆਰ ਵਧ ਗਿਆ ਹੈ।
ਹੁਣ ਮੇਰੇ ਪੁਰਾਣੇ ਦੋਸਤਾਂ ਨੂੰ ਅਤੇ ਮੇਰੇ ਗੁਆਂਢੀਆਂ ਨੂੰ ਪਤਾ ਹੈ ਕਿ ਉਹ ਮੇਰੇ ਉੱਤੇ ਭਰੋਸਾ ਰੱਖ ਸਕਦੇ ਹਨ। ਮੈਂ ਹੁਣ ਬੜੀ ਈਮਾਨਦਾਰੀ ਨਾਲ ਕੰਮ ਕਰਦੀ ਹਾਂ ਅਤੇ ਮੇਰੇ ਮਾਲਕ ਨੂੰ ਪਤਾ ਹੈ ਕਿ ਮੈਂ ਕੰਮ ਤੋਂ ਪੈਸੇ ਜਾਂ ਸਾਮਾਨ ਚੋਰੀ ਨਹੀਂ ਕਰਾਂਗੀ। ਇਸ ਤਰ੍ਹਾਂ ਮੈਂ ਨਾ ਸਿਰਫ਼ ਆਪਣਾ ਗੁਜ਼ਾਰਾ ਕਰ ਸਕਦੀ ਹਾਂ, ਪਰ ਮੈਂ ਦੂਸਰਿਆਂ ਨੂੰ ਬਾਈਬਲ ਸਿਖਾਉਣ ਵਿਚ ਕਾਫ਼ੀ ਸਮਾਂ ਵੀ ਲਾ ਸਕਦੀ ਹਾਂ। ਮੈਨੂੰ ਕਹਾਉਤਾਂ 10:22 ਦੇ ਸ਼ਬਦਾਂ ਉੱਤੇ ਪੂਰਾ ਯਕੀਨ ਹੈ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”
ਜਾਣ-ਪਛਾਣ
ਨਾਂ: ਗਲੋਰੀਆ ਏਲੀਜ਼ਾਰਾਰਾਸ ਡੇ ਚੋਪੇਰੈਨਾ
ਉਮਰ: 37
ਦੇਸ਼: ਮੈਕਸੀਕੋ
ਮੈਂ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ
ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੈਂ ਮੈਕਸੀਕੋ ਦੇਸ਼ ਵਿਚ ਨਾਊਕਾਲਪੇਨ ਨਾਂ ਦੇ ਅਮੀਰ ਇਲਾਕੇ ਵਿਚ ਵੱਡੀ ਹੋਈ ਸੀ। ਛੋਟੀ ਉਮਰ ਤੋਂ ਹੀ ਮੈਂ ਆਪਣੀ ਮਨ-ਮਰਜ਼ੀ ਕਰਦੀ ਹੁੰਦੀ ਸੀ ਤੇ ਪਾਰਟੀਆਂ ਵਿਚ ਜਾਣਾ ਪਸੰਦ ਕਰਦੀ ਸੀ। ਮੈਂ 12 ਸਾਲਾਂ ਦੀ ਸੀ ਜਦ ਮੈਂ ਸਿਗਰਟ ਪੀਣੀ ਸ਼ੁਰੂ ਕੀਤੀ, 14 ਦੀ ਜਦ ਮੈਂ ਸ਼ਰਾਬ ਪੀਣੀ ਸ਼ੁਰੂ ਕੀਤੀ ਤੇ 16 ਦੀ ਜਦ ਮੈਂ ਡ੍ਰੱਗਜ਼ ਲੈਣੇ ਸ਼ੁਰੂ ਕੀਤੇ। ਥੋੜ੍ਹੀ ਦੇਰ ਬਾਅਦ ਮੈਂ ਘਰ ਛੱਡ ਕੇ ਚਲੀ ਗਈ। ਮੇਰੇ ਕਈ ਦੋਸਤ ਅਜਿਹੇ ਪਰਿਵਾਰਾਂ ਤੋਂ ਸਨ ਜਿੱਥੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਕਈਆਂ ਨੂੰ ਕੁੱਟਿਆ-ਮਾਰਿਆ ਜਾਂਦਾ ਸੀ ਜਾਂ ਉਨ੍ਹਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਸਨ। ਮੈਂ ਇੰਨੀ ਦੁਖੀ ਸੀ ਕਿ ਮੈਂ ਦੋ ਵਾਰ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ।
ਮੈਂ 19 ਸਾਲਾਂ ਦੀ ਸੀ ਜਦ ਮੈਂ ਮਾਡਲ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਤਰ੍ਹਾਂ ਮੇਰੀ ਰਹਿਣੀ-ਬਹਿਣੀ ਰਾਜਨੀਤਿਕ ਲੋਕਾਂ ਅਤੇ ਹੋਰ ਵੱਡੀਆਂ-ਵੱਡੀਆਂ ਹਸਤੀਆਂ ਨਾਲ ਹੁੰਦੀ ਸੀ। ਕੁਝ ਸਮੇਂ ਬਾਅਦ ਮੈਂ ਵਿਆਹ ਕੀਤਾ ਅਤੇ ਮੇਰੇ ਬੱਚੇ ਵੀ ਹੋਏ। ਪਰ ਮੈਂ ਹੀ ਘਰ ਦੇ ਸਾਰੇ ਫ਼ੈਸਲੇ ਕਰਦੀ ਹੁੰਦੀ ਸੀ। ਮੈਂ ਸਿਗਰਟ ਅਤੇ ਸ਼ਰਾਬ ਪੀਣੀ ਨਹੀਂ ਛੱਡੀ ਅਤੇ ਮੈਂ ਬਹੁਤ ਪਾਰਟੀਆਂ ਵਿਚ ਵੀ ਜਾਂਦੀ ਸੀ। ਮੈਂ ਗੱਲ ਕਰਦੀ ਬਹੁਤ ਗਾਲਾਂ ਕੱਢਦੀ ਹੁੰਦੀ ਸੀ ਅਤੇ ਗੰਦੇ ਚੁਟਕਲੇ ਦੱਸਣੇ ਪਸੰਦ ਕਰਦੀ ਸੀ। ਮੈਨੂੰ ਝੱਟ ਗੁੱਸਾ ਵੀ ਆ ਜਾਂਦਾ ਸੀ।
ਮੈਂ ਉਨ੍ਹਾਂ ਲੋਕਾਂ ਨਾਲ ਸਮਾਂ ਗੁਜ਼ਾਰਦੀ ਸੀ ਜਿਨ੍ਹਾਂ ਦੀ ਜ਼ਿੰਦਗੀ ਮੇਰੇ ਵਰਗੀ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਮੇਰੇ ਕੋਲ ਸਭ ਕੁਝ ਹੈ ਤੇ ਮੈਂ ਖ਼ੁਸ਼ ਹਾਂ। ਪਰ ਅਸਲ ਵਿਚ ਮੇਰੀ ਜ਼ਿੰਦਗੀ ਖੋਖਲੀ ਸੀ ਅਤੇ ਮੇਰੇ ਕੋਲ ਜੀਣ ਦਾ ਕੋਈ ਕਾਰਨ ਨਹੀਂ ਸੀ।
ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: 1998 ਵਿਚ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਮੈਂ ਬਾਈਬਲ ਤੋਂ ਸਿੱਖਿਆ ਕਿ ਜ਼ਿੰਦਗੀ ਦਾ ਵੀ ਕੋਈ ਮਕਸਦ ਹੈ। ਮੈਂ ਇਹ ਵੀ ਸਿੱਖਿਆ ਕਿ ਯਹੋਵਾਹ ਪਰਮੇਸ਼ੁਰ ਨੇ ਇਸ ਧਰਤੀ ਨੂੰ ਸੁਧਾਰ ਕੇ ਸੁਖ-ਸ਼ਾਂਤੀ ਲਿਆਉਣੀ ਹੈ। ਉਸ ਨੇ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨਾ ਹੈ ਅਤੇ ਮੈਂ ਵੀ ਉਸ ਸਮੇਂ ਜੀਅ ਸਕਾਂਗੀ।
ਮੈਂ ਇਹ ਵੀ ਸਿੱਖਿਆ ਕਿ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਮੈਂ ਦਿਖਾ ਸਕਦੀ ਹਾਂ ਕਿ ਮੈਂ ਉਸ ਨੂੰ ਕਿੰਨਾ ਪਿਆਰ ਕਰਦੀ ਹਾਂ। (1 ਯੂਹੰਨਾ 5:3) ਪਹਿਲਾਂ-ਪਹਿਲਾਂ ਉਸ ਦਾ ਕਹਿਣਾ ਮੰਨਣਾ ਮੇਰੇ ਲਈ ਮੁਸ਼ਕਲ ਸੀ ਕਿਉਂਕਿ ਮੈਂ ਕਿਸੇ ਕੋਲੋਂ ਸਲਾਹ ਲੈਣਾ ਪਸੰਦ ਨਹੀਂ ਸੀ ਕਰਦੀ। ਪਰ ਅਖ਼ੀਰ ਵਿਚ ਮੈਨੂੰ ਕਬੂਲ ਕਰਨਾ ਪਿਆ ਕਿ ਮੈਨੂੰ ਬਾਈਬਲ ਦੀ ਸਲਾਹ ਦੀ ਲੋੜ ਸੀ। (ਯਿਰਮਿਯਾਹ 10:23) ਮੈਂ ਯਹੋਵਾਹ ਦੀ ਮਦਦ ਲਈ ਪ੍ਰਾਰਥਨਾ ਕੀਤੀ ਕਿ ਉਹ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਵਿਚ ਮੇਰੀ ਮਦਦ ਕਰੇ। ਮੈਂ ਇਹ ਵੀ ਪ੍ਰਾਰਥਨਾ ਕੀਤੀ ਕਿ ਮੈਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂ ਤਾਂਕਿ ਉਹ ਮੇਰੇ ਵਾਂਗ ਗ਼ਲਤੀਆਂ ਨਾ ਕਰਨ।
ਮੈਨੂੰ ਆਪਣੇ ਆਪ ਨੂੰ ਸੁਧਾਰਨਾ ਬਹੁਤ ਔਖਾ ਲੱਗਾ। ਪਰ ਫਿਰ ਮੈਂ ਅਫ਼ਸੀਆਂ 4:22-24 ਦੀ ਸਲਾਹ ਉੱਤੇ ਚੱਲੀ ਜਿੱਥੇ ਲਿਖਿਆ ਹੈ: “ਤੁਸੀਂ ਅਗਲੇ ਚਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ . . . ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।” ਆਪਣਾ ਸੁਭਾਅ ਬਦਲਣ ਲਈ ਮੈਨੂੰ ਸਿਗਰਟ ਪੀਣੀ ਅਤੇ ਅਜਿਹੀਆਂ ਮਾੜੀਆਂ ਆਦਤਾਂ ਛੱਡਣੀਆਂ ਪਈਆਂ। ਇਹ ਵੀ ਜ਼ਰੂਰੀ ਸੀ ਕਿ ਮੈਂ ਗਾਲਾਂ ਕੱਢਣ ਤੋਂ ਬਗੈਰ ਗੱਲ ਕਰਨੀ ਸਿੱਖਾਂ। ਇਨ੍ਹਾਂ ਸਾਰੀਆਂ ਤਬਦੀਲੀਆਂ ਕਰਨ ਲਈ ਮੈਨੂੰ ਤਕਰੀਬਨ ਤਿੰਨ ਸਾਲ ਲੱਗੇ ਤਾਂਕਿ ਮੈਂ ਯਹੋਵਾਹ ਦੀ ਇਕ ਗਵਾਹ ਵਜੋਂ ਬਪਤਿਸਮਾ ਲੈ ਸਕਾਂ।
ਇਸ ਦੇ ਨਾਲ-ਨਾਲ ਇਕ ਮਾਂ ਅਤੇ ਇਕ ਪਤਨੀ ਵਜੋਂ ਮੈਂ ਆਪਣੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਉਣੀਆਂ ਸ਼ੁਰੂ ਕੀਤੀਆਂ। ਮੈਂ 1 ਪਤਰਸ 3:1, 2 ਦੀ ਸਲਾਹ ਲਾਗੂ ਕੀਤੀ: “ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ। ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।”
ਅੱਜ ਮੇਰੀ ਜ਼ਿੰਦਗੀ: ਮੈਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਹੁਣ ਮੇਰੀ ਜ਼ਿੰਦਗੀ ਦਾ ਕੋਈ ਮਤਲਬ ਹੈ। ਮੇਰਾ ਸੁਭਾਅ ਪਹਿਲਾਂ ਨਾਲੋਂ ਕਾਫ਼ੀ ਸੁਧਰ ਗਿਆ ਹੈ ਅਤੇ ਮੈਂ ਆਪਣੇ ਬੱਚਿਆਂ ਨੂੰ ਵੀ ਚੰਗੀ ਮੱਤ ਦੇ ਸਕਦੀ ਹਾਂ। ਕਦੀ-ਕਦੀ ਮੇਰਾ ਦਿਲ ਮੈਨੂੰ ਆਪਣੀਆਂ ਪਿੱਛਲੀਆਂ ਕੀਤੀਆਂ ਲਈ ਦੋਸ਼ੀ ਠਹਿਰਾਉਂਦਾ ਹੈ, ਲੇਕਿਨ ਯਹੋਵਾਹ ਮੇਰਾ ਦਿਲ ਜਾਣਦਾ ਹੈ। (1 ਯੂਹੰਨਾ 3:19, 20) ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਨਾਲ ਮੇਰੀ ਜਾਨ ਬਚੀ ਹੈ ਅਤੇ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ।
ਜਾਣ-ਪਛਾਣ
ਨਾਂ: ਜੈਲਸਨ ਖੋਹੇਯਾ ਡ ਓਲੀਵੈਰਾ
ਉਮਰ: 33
ਦੇਸ਼: ਬ੍ਰਾਜ਼ੀਲ
ਮੈਂ ਸ਼ਰਾਬੀ ਅਤੇ ਡ੍ਰੱਗਜ਼ ਲੈਣ ਵਾਲਾ ਹੁੰਦਾ ਸੀ
ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੇਰਾ ਜਨਮ ਬ੍ਰਾਜ਼ੀਲ ਦੇ ਬਾਜੇ ਸ਼ਹਿਰ ਵਿਚ ਹੋਇਆ ਸੀ। ਇਹ ਸ਼ਹਿਰ ਬ੍ਰਾਜ਼ੀਲ ਅਤੇ ਉਰੂਗਵਾਏ ਦੀ ਸਰਹੱਦ ’ਤੇ ਹੈ ਅਤੇ ਇੱਥੇ ਤਕਰੀਬਨ ਇਕ ਲੱਖ ਲੋਕ ਰਹਿੰਦੇ ਹਨ। ਇੱਥੇ ਜ਼ਿਆਦਾਤਰ ਖੇਤੀਬਾੜੀ ਅਤੇ ਪਸ਼ੂਆਂ ਚਾਰਨ ਦਾ ਕੰਮ ਕੀਤੀ ਜਾਂਦਾ ਹੈ। ਮੈਂ ਇਕ ਗ਼ਰੀਬ ਇਲਾਕੇ ਵਿਚ ਵੱਡਾ ਹੋਇਆ ਸੀ ਜਿੱਥੇ ਗੁੰਡਾਗਰਦੀ ਆਮ ਸੀ ਅਤੇ ਕਈ ਨੌਜਵਾਨ ਸ਼ਰਾਬ ਪੀਂਦੇ ਅਤੇ ਡ੍ਰੱਗਜ਼ ਲੈਂਦੇ ਸਨ।
ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਸ਼ਰਾਬ ਪੀਣੀ, ਭੰਗ ਦੇ ਸੂਟੇ ਲਾਉਣੇ ਅਤੇ ਰਾਕ ਮਿਊਜ਼ਿਕ ਸੁਣਨ ਲੱਗ ਪਿਆ। ਮੈਂ ਰੱਬ ਉੱਤੇ ਵਿਸ਼ਵਾਸ ਨਹੀਂ ਸੀ ਕਰਦਾ। ਮੈਨੂੰ ਲੱਗਦਾ ਸੀ ਕਿ ਦੁਨੀਆਂ ਵਿਚ ਸਾਰੇ ਦੁੱਖ ਇਸ ਗੱਲ ਦਾ ਸਬੂਤ ਸਨ ਕਿ ਰੱਬ ਹੈ ਹੀ ਨਹੀਂ।
ਮੈਂ ਗਿਟਾਰ ਵਜਾਉਂਦਾ ਅਤੇ ਗਾਣੇ ਲਿਖਦਾ ਹੁੰਦਾ ਸੀ। ਕਈ ਵਾਰ ਮੇਰੇ ਗਾਣਿਆਂ ਦੇ ਸ਼ਬਦ ਬਾਈਬਲ ਵਿਚ ਪਰਕਾਸ਼
ਦੀ ਪੋਥੀ ਤੋਂ ਲਏ ਗਏ ਸਨ। ਸਾਡਾ ਬੈਂਡ ਇੰਨਾ ਮਸ਼ਹੂਰ ਨਹੀਂ ਹੋਇਆ ਜਿਸ ਕਰਕੇ ਮੈਂ ਜ਼ਿਆਦਾ ਅਸਰ ਕਰਨ ਵਾਲੇ ਡ੍ਰੱਗਜ਼ ਲੈਣ ਲੱਗ ਪਿਆ। ਮੈਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਸੀ ਕਿਉਂਕਿ ਕਈ ਸੰਗੀਤਕਾਰ, ਜਿਨ੍ਹਾਂ ਦੇ ਗਾਣੇ ਮੈਂ ਬਹੁਤ ਸ਼ੌਕ ਨਾਲ ਸੁਣਦਾ ਹੁੰਦਾ ਸੀ, ਡ੍ਰੱਗਜ਼ ਲੈਣ ਕਰਕੇ ਹੀ ਮਰੇ ਸਨ।ਮੇਰੀ ਨਾਨੀ ਨੇ ਹੀ ਮੈਨੂੰ ਪਾਲਿਆ ਸੀ ਤੇ ਮੈਂ ਉਸ ਤੋਂ ਪੈਸੇ ਉਧਾਰ ਲੈ ਕੇ ਡ੍ਰੱਗਜ਼ ਖ਼ਰੀਦਦਾ ਹੁੰਦਾ ਸੀ। ਮੈਂ ਕੋਈ-ਨ-ਕੋਈ ਬਹਾਨਾ ਬਣਾ ਲੈਂਦਾ ਸੀ ਕਿ ਮੈਨੂੰ ਪੈਸਿਆਂ ਦੀ ਕਿਉਂ ਜ਼ਰੂਰਤ ਹੈ। ਇੰਨਾ ਹੀ ਨਹੀਂ, ਪਰ ਮੈਂ ਜਾਦੂ-ਟੂਣੇ ਵਿਚ ਵੀ ਹਿੱਸਾ ਲੈਂਦਾ ਸੀ। ਮੈਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਕਰ ਕੇ ਮੈਂ ਬਿਹਤਰ ਗਾਣੇ ਲਿਖ ਸਕਾਂਗਾ।
ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: ਜਦ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਅਤੇ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਜਾਣ ਲੱਗਾ, ਤਾਂ ਹੌਲੀ-ਹੌਲੀ ਮੇਰੀ ਸੋਚਣੀ ’ਤੇ ਚੰਗਾ ਅਸਰ ਪੈਣ ਲੱਗਾ। ਮਰਨ ਦੀ ਬਜਾਇ ਮੈਂ ਜੀਣਾ ਤੇ ਖ਼ੁਸ਼ ਹੋਣਾ ਚਾਹੁੰਦਾ ਸੀ। ਮੈਂ ਆਪਣੇ ਵਾਲ ਵਧਾਏ ਸਨ ਕਿਉਂਕਿ ਮੈਂ ਆਪਣੀ ਮਨ-ਮਰਜ਼ੀ ਕਰਨੀ ਚਾਹੁੰਦਾ ਸੀ ਤੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਸੀ। ਲੇਕਿਨ ਹੁਣ ਮੈਂ ਆਪਣੇ ਵਾਲ ਕੱਟਣ ਦਾ ਫ਼ੈਸਲਾ ਕੀਤਾ। ਮੈਨੂੰ ਪਤਾ ਸੀ ਕਿ ਰੱਬ ਨੂੰ ਖ਼ੁਸ਼ ਕਰਨ ਲਈ ਮੈਨੂੰ ਸ਼ਰਾਬ, ਸਿਗਰਟ ਤੇ ਡ੍ਰੱਗਜ਼ ਛੱਡਣੇ ਪੈਣਗੇ। ਮੈਂ ਉਹ ਮਾੜੇ ਗਾਣੇ ਵੀ ਸੁਣਨੇ ਬੰਦ ਕਰ ਦਿੱਤੇ ਜੋ ਮੈਂ ਪਹਿਲਾਂ ਸ਼ੌਕ ਨਾਲ ਸੁਣਦਾ ਹੁੰਦਾ ਸੀ।
ਜਦ ਮੈਂ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ਵਿਚ ਗਿਆ ਸੀ, ਤਾਂ ਮੈਂ ਦੇਖਿਆ ਕਿ ਕੰਧ ਉੱਤੇ ਉਨ੍ਹਾਂ ਨੇ ਬਾਈਬਲ ਦਾ ਇਕ ਹਵਾਲਾ ਲਿਖ ਕੇ ਲਾਇਆ ਸੀ। ਇਹ ਹਵਾਲਾ ਕਹਾਉਤਾਂ 3:5, 6 ਸੀ ਜਿੱਥੇ ਲਿਖਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” ਇਸ ਹਵਾਲੇ ਤੋਂ ਮੈਨੂੰ ਹੌਸਲਾ ਮਿਲਿਆ ਕਿ ਜੇ ਮੈਂ ਯਹੋਵਾਹ ਉੱਤੇ ਭਰੋਸਾ ਰੱਖਾਂ, ਤਾਂ ਉਹ ਮੇਰੀ ਜ਼ਿੰਦਗੀ ਸੁਧਾਰਨ ਵਿਚ ਜ਼ਰੂਰ ਮੇਰੀ ਮਦਦ ਕਰੇਗਾ।
ਮੇਰੇ ਲਈ ਆਪਣੀ ਜ਼ਿੰਦਗੀ ਬਦਲਣੀ ਅਤੇ ਭੈੜੀਆਂ ਆਦਤਾਂ ਛੱਡਣੀਆਂ ਬਹੁਤ ਔਖਾ ਸੀ। ਇਹ ਮੇਰੇ ਲਈ ਆਪਣਾ ਹੱਥ ਕੱਟਣ ਦੇ ਬਰਾਬਰ ਸੀ। (ਮੱਤੀ 18:8, 9) ਮੈਨੂੰ ਪਤਾ ਸੀ ਕਿ ਮੈਂ ਇਨ੍ਹਾਂ ਆਦਤਾਂ ਨੂੰ ਹੌਲੀ-ਹੌਲੀ ਨਹੀਂ ਛੱਡ ਸਕਦਾ ਇਸ ਲਈ ਮੈਂ ਇਨ੍ਹਾਂ ਨੂੰ ਇਕਦਮ ਛੱਡਣ ਦਾ ਫ਼ੈਸਲਾ ਕੀਤਾ। ਮੈਂ ਉਨ੍ਹਾਂ ਥਾਵਾਂ ’ਤੇ ਵੀ ਜਾਣਾ ਛੱਡ ਦਿੱਤਾ ਜਿੱਥੇ ਮੈਨੂੰ ਪਤਾ ਸੀ ਕਿ ਉਹ ਲੋਕ ਮਿਲਣਗੇ ਜੋ ਮੈਨੂੰ ਆਪਣੀਆਂ ਪੁਰਾਣੀਆਂ ਆਦਤਾਂ ਵੱਲ ਖਿੱਚਣ ਦੀ ਕੋਸ਼ਿਸ਼ ਕਰਨਗੇ।
ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿ ਮੈਂ ਯਹੋਵਾਹ ਦੀਆਂ ਨਜ਼ਰਾਂ ਵਿਚ ਸਾਫ਼ ਹੋਵਾਂ। ਪਰ ਕਦੀ-ਕਦੀ ਮੈਂ ਆਪਣੀ ਜ਼ਿੰਦਗੀ ਬਾਰੇ ਸੋਚ ਕੇ ਨਿਰਾਸ਼ ਹੋ ਜਾਂਦਾ ਸੀ। ਫਿਰ ਵੀ ਮੈਂ ਕੋਸ਼ਿਸ਼ ਕਰਦਾ ਸੀ ਕਿ ਮੈਂ ਆਪਣੀ ਤਰੱਕੀ ਵੱਲ ਜ਼ਿਆਦਾ ਧਿਆਨ ਦੇਵਾਂ। ਮੈਂ ਪ੍ਰਾਰਥਨਾ ਕਰਦਾ ਸੀ ਕਿ ਮੈਂ ਪਿੱਛੇ ਨਾ ਦੇਖਾਂ, ਪਰ ਅੱਗੇ ਵਧਦਾ ਰਹਾਂ ਤੇ ਯਹੋਵਾਹ ਨੇ ਮੇਰੀ ਸੁਣੀ। ਫਿਰ ਵੀ ਕਦੀ-ਕਦੀ ਮੈਂ ਨਸ਼ੇ ਕਰ ਬੈਠਦਾ ਸੀ। ਭਾਵੇਂ ਮੇਰਾ ਬੁਰਾ ਹਾਲ ਹੁੰਦਾ ਸੀ, ਲੇਕਿਨ ਮੈਂ ਆਪਣੀ ਬਾਈਬਲ ਸਟੱਡੀ ਕਰਨੀ ਬੰਦ ਨਹੀਂ ਕਰਦਾ ਸੀ।
ਬਾਈਬਲ ਤੋਂ ਪਰਮੇਸ਼ੁਰ ਬਾਰੇ ਮੈਂ ਸੱਚਾਈ ਸਿੱਖੀ। ਮਿਸਾਲ ਲਈ, ਮੈਂ ਸਿੱਖਿਆ ਕਿ ਉਸ ਨੂੰ ਸਾਡਾ ਫ਼ਿਕਰ ਹੈ, ਉਹ ਉਨ੍ਹਾਂ ਧਰਮਾਂ ਨੂੰ ਖ਼ਤਮ ਕਰੇਗਾ ਜੋ ਉਸ ਬਾਰੇ ਝੂਠ ਫੈਲਾਉਂਦੇ ਹਨ ਅਤੇ ਉਸ ਦੀ ਸ਼ਕਤੀ ਨਾਲ ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਕੀਤਾ ਜਾ ਰਿਹਾ ਹੈ। (ਮੱਤੀ 7:21-23; 24:14; 1 ਪਤਰਸ 5:6, 7) ਇਹ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ। ਅਖ਼ੀਰ ਵਿਚ ਮੈਂ ਫ਼ੈਸਲਾ ਕੀਤਾ ਕਿ ਮੈਂ ਯਹੋਵਾਹ ਦਾ ਸ਼ੁਕਰ ਕਰਨ ਲਈ ਉਸ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਲਾਵਾਂਗਾ।
ਅੱਜ ਮੇਰੀ ਜ਼ਿੰਦਗੀ: ਮੈਨੂੰ ਲੱਗਦਾ ਹੈ ਕਿ ਮੈਂ ਸਹੀ ਰਾਹ ’ਤੇ ਚੱਲ ਰਿਹਾ ਹਾਂ ਅਤੇ ਮੇਰੀ ਜ਼ਿੰਦਗੀ ਦਾ ਕੋਈ ਮਤਲਬ ਹੈ। (ਉਪਦੇਸ਼ਕ ਦੀ ਪੋਥੀ 12:13) ਆਪਣੇ ਪਰਿਵਾਰ ਉੱਤੇ ਬੋਝ ਬਣਨ ਦੀ ਬਜਾਇ ਮੈਂ ਉਨ੍ਹਾਂ ਨੂੰ ਕੁਝ ਦੇ ਸਕਿਆ ਹਾਂ। ਜੋ ਵੀ ਮੈਂ ਬਾਈਬਲ ਤੋਂ ਸਿੱਖਿਆ ਹੈ, ਮੈਂ ਆਪਣੀ ਨਾਨੀ ਨੂੰ ਵੀ ਦੱਸਿਆ ਜਿਸ ਕਾਰਨ ਉਹ ਵੀ ਯਹੋਵਾਹ ਦੀ ਇਕ ਗਵਾਹ ਬਣ ਗਈ ਹੈ। ਮੇਰੀ ਨਾਨੀ ਤੋਂ ਇਲਾਵਾ ਮੇਰੇ ਪਰਿਵਾਰ ਦੇ ਹੋਰ ਮੈਂਬਰ ਅਤੇ ਮੇਰੇ ਪੁਰਾਣੇ ਬੈਂਡ ਦਾ ਇਕ ਮੈਂਬਰ ਵੀ ਯਹੋਵਾਹ ਦੀ ਸੇਵਾ ਕਰਨ ਲੱਗ ਪਿਆ ਹੈ।
ਹੁਣ ਮੈਂ ਵਿਆਹ ਕਰ ਲਿਆ ਹੈ ਤੇ ਮੈਂ ਆਪਣੀ ਪਤਨੀ ਦੇ ਨਾਲ ਹੋਰਨਾਂ ਨੂੰ ਬਾਈਬਲ ਦੀ ਸਿੱਖਿਆ ਦੇਣ ਵਿਚ ਆਪਣਾ ਜ਼ਿਆਦਾ ਸਮਾਂ ਗੁਜ਼ਾਰਦਾ ਹਾਂ। ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ ਕਿਉਂਕਿ ਮੈਂ ‘ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖਣਾ’ ਸਿੱਖਿਆ ਹੈ। (w09 2/1)
[ਸਫ਼ਾ 21 ਉੱਤੇ ਸੁਰਖੀ]
“ਮਰਨ ਦੀ ਬਜਾਇ ਮੈਂ ਜੀਣਾ ਤੇ ਖ਼ੁਸ਼ ਹੋਣਾ ਚਾਹੁੰਦਾ ਸੀ।”