ਸਿਰਫ਼ ਪਰਮੇਸ਼ੁਰ ਸਾਡੀ ਧਰਤੀ ਨੂੰ ਬਚਾ ਸਕਦਾ ਹੈ
ਸਿਰਫ਼ ਪਰਮੇਸ਼ੁਰ ਸਾਡੀ ਧਰਤੀ ਨੂੰ ਬਚਾ ਸਕਦਾ ਹੈ
“ਇਕ ਅਨਮੋਲ ਅਤੇ ਚਮਕਦਾ ਹੀਰਾ।” ਪੁਲਾੜ-ਯਾਤਰੀ ਐਡਗਰ ਮਿੱਚਲ ਨੇ ਇਨ੍ਹਾਂ ਸ਼ਬਦਾਂ ਨਾਲ ਸਾਡੀ ਧਰਤੀ ਬਾਰੇ ਗੱਲ ਕੀਤੀ ਜਦੋਂ ਉਸ ਨੇ ਇਸ ਨੂੰ ਪੁਲਾੜ ਦੇ ਘੁੱਪ ਹਨੇਰੇ ਵਿਚ ਦੂਰੋਂ ਦੇਖਿਆ।
ਪਰਮੇਸ਼ੁਰ ਨੇ ਧਰਤੀ ਨੂੰ ਇਨਸਾਨਾਂ ਦੇ ਰਹਿਣ ਲਈ ਤਿਆਰ ਕਰਨ ਵਾਸਤੇ ਬਹੁਤ ਮਿਹਨਤ ਕੀਤੀ। ਇਸ ਦੀ ਵਧੀਆ ਰਚਨਾ ਦੇਖ ਕੇ ਪਰਮੇਸ਼ੁਰ ਦੇ ਫ਼ਰਿਸ਼ਤਿਆਂ ਨੇ “ਖੁਸ਼ੀ ਦੇ ਨਾਹਰੇ ਮਾਰੇ।” (ਅੱਯੂਬ 38:7, CL) ਸਾਡੀ ਧਰਤੀ ਲਾਜਵਾਬ ਹੈ ਅਤੇ ਇਸ ਉੱਤੇ ਗੌਰ ਕਰ ਕੇ ਸਾਨੂੰ ਵੀ ਖ਼ੁਸ਼ੀ ਨਾਲ ਪਰਮੇਸ਼ੁਰ ਦੇ ਗੁਣ ਗਾਉਣੇ ਚਾਹੀਦੇ ਹਨ। ਧਰਤੀ ਉੱਤੇ ਜੀਵ-ਜੰਤੂਆਂ ਦੀ ਜ਼ਿੰਦਗੀ ਬਰਕਰਾਰ ਰੱਖਣ ਲਈ ਪਰਮੇਸ਼ੁਰ ਨੇ ਕਈ ਗੁੰਝਲਦਾਰ ਪ੍ਰਬੰਧ ਕੀਤੇ ਹਨ। ਇਕ ਵਧੀਆ ਪ੍ਰਬੰਧ ਇਹ ਹੈ ਕਿ ਪੈੜ-ਪੌਦੇ ਸੂਰਜ ਦੀ ਰੌਸ਼ਨੀ, ਹਵਾ ਵਿੱਚੋਂ ਕਾਰਬਨ ਡਾਇਆਕਸਾਈਡ ਅਤੇ ਪਾਣੀ ਲੈ ਕੇ ਭੋਜਨ ਪੈਦਾ ਕਰਦੇ ਹਨ। ਇਸ ਪ੍ਰਬੰਧ ਰਾਹੀਂ ਸਾਡੇ ਵਾਤਾਵਰਣ ਵਿਚ ਆਕਸੀਜਨ ਛੱਡੀ ਜਾਂਦੀ ਹੈ ਜੋ ਸਾਡੇ ਜ਼ਿੰਦਾ ਰਹਿਣ ਲਈ ਜ਼ਰੂਰੀ ਹੈ।
ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਇਸ ਧਰਤੀ ਦੀ ਦੇਖ-ਭਾਲ ਇਨਸਾਨ ਦੇ ਹੱਥਾਂ ਵਿਚ ਸੌਂਪੀ ਸੀ। (ਉਤਪਤ 1:28; 2:15) ਪਰ ਧਰਤੀ ਨੂੰ ਸਹੀ-ਸਲਾਮਤ ਰੱਖਣ ਲਈ ਇਨਸਾਨ ਨੂੰ ਇਸ ਬਾਰੇ ਸਹੀ ਨਜ਼ਰੀਆ ਅਪਣਾਉਣ ਦੀ ਲੋੜ ਸੀ। ਅਸਲ ਵਿਚ ਉਸ ਨੂੰ ਆਪਣੀ ਸੌਂਪੀ ਹੋਈ ਅਮਾਨਤ ਨਾਲ ਪਿਆਰ ਕਰਨ ਦੀ ਲੋੜ ਸੀ। ਉਸ ਨੂੰ ਧਰਤੀ ਨੂੰ ਸਵਾਰ ਕੇ ਰੱਖਣ ਦੀ ਦਿਲੋਂ ਇੱਛਾ ਹੋਣੀ ਚਾਹੀਦੀ ਸੀ। ਪਰ ਇਨਸਾਨ ਆਪਣੇ ਫ਼ੈਸਲੇ ਆਪ ਹੀ ਕਰਨ ਦੀ ਯੋਗਤਾ ਨਾਲ ਬਣਾਇਆ ਗਿਆ ਸੀ। ਇਸ ਲਈ ਉਹ ਜਾਂ ਤਾਂ ਧਰਤੀ ਦੀ ਦੇਖ-ਭਾਲ ਕਰ ਸਕਦਾ ਸੀ ਜਾਂ ਉਸ ਦਾ ਨੁਕਸਾਨ। ਅਫ਼ਸੋਸ ਦੀ ਗੱਲ ਹੈ ਕਿ ਉਸ ਨੇ ਧਰਤੀ ਦਾ ਨੁਕਸਾਨ ਹੀ ਕੀਤਾ ਹੈ। ਇਨਸਾਨ ਦੀ ਲਾਪਰਵਾਹੀ ਅਤੇ ਲਾਲਚ ਕਾਰਨ ਬਹੁਤ ਬਰਬਾਦੀ ਹੋਈ ਹੈ।
ਨਤੀਜੇ ਵਜੋਂ ਇਹ ਕੁਝ ਸਮੱਸਿਆਵਾਂ ਹਨ: (1) ਜੰਗਲਾਂ ਦੀ ਕਟਾਈ ਕਾਰਨ ਹਵਾ ਵਿਚ ਕਾਰਬਨ ਡਾਇਆਕਸਾਈਡ ਜ਼ਿਆਦਾ ਰਹਿੰਦਾ ਹੈ ਜਿਸ ਕਰਕੇ ਰੁੱਤਾਂ ’ਤੇ ਅਸਰ ਪੈਂਦਾ ਹੈ ਅਤੇ ਮੌਸਮ ਬਹੁਤ ਖ਼ਰਾਬ ਹੋ ਰਿਹਾ ਹੈ। (2) ਖੇਤਾਂ ਵਿਚ ਹੱਦੋਂ ਵੱਧ ਕੀੜੇਮਾਰ ਦਵਾਈਆਂ ਦੀ ਵਰਤੋ ਕੀੜਿਆਂ-ਮਕੌੜਿਆਂ ਨੂੰ ਨਸ਼ਟ ਕਰ ਰਹੀ ਹੈ ਜੋ ਪੇੜ-ਪੌਦਿਆਂ ਨੂੰ ਪਰਾਗਿਤ ਕਰਨ ਵਰਗੇ ਜ਼ਰੂਰੀ ਕੰਮ ਕਰਦੇ ਹਨ। (3) ਸਮੁੰਦਰ ਤੇ ਦਰਿਆਵਾਂ ਵਿੱਚੋਂ ਲੋੜੋਂ ਵੱਧ ਮੱਛੀਆਂ ਕੱਢਣ ਅਤੇ ਗੰਦਾ ਪਾਣੀ ਮੱਛੀਆਂ ਦੀ ਗਿਣਤੀ ਘਟਾ ਰਿਹਾ ਹੈ। (4) ਧਰਤੀ ਦੇ ਕੁਦਰਤੀ ਭੰਡਾਰਾਂ ਦੀ ਲਾਲਚੀ ਦੁਰਵਰਤੋਂ ਕਰਕੇ ਅਗਲੀਆਂ ਪੀੜ੍ਹੀਆਂ ਲਈ ਬਹੁਤ ਕੁਝ ਨਹੀਂ ਬਚ ਰਿਹਾ। ਇਹ ਗਲੋਬਲ ਵਾਰਮਿੰਗ ਹੋਣ ਦਾ ਇਕ ਕਾਰਨ ਮੰਨਿਆ ਜਾਂਦਾ ਹੈ। ਕਈ ਵਿਗਿਆਨੀ ਕਹਿੰਦੇ ਹਨ ਕਿ ਉੱਤਰੀ ਤੇ ਦੱਖਣੀ ਧਰੁਵਾਂ ਵਿਚ ਬਰਫ਼ ਪਿਘਲ ਰਹੀ ਹੈ ਅਤੇ ਆਈਸਬਰਗ ਟੁੱਟ ਰਹੇ ਹਨ। ਇਹ ਵੀ ਗਲੋਬਲ ਵਾਰਮਿੰਗ ਦੀ ਨਿਸ਼ਾਨੀ ਹੈ।
ਵਧ ਰਹੀਆਂ ਕੁਦਰਤੀ ਆਫ਼ਤਾਂ ਬਾਰੇ ਸੋਚ ਕੇ ਕਈ ਲੋਕ ਸ਼ਾਇਦ ਕਹਿਣ ਕਿ ਧਰਤੀ ਹੁਣ ਆਪਣਾ ਬਦਲਾ ਲੈ ਰਹੀ ਹੈ ਤੇ ਇਸੇ ਕਰਕੇ ਅਸੀਂ ਕੁਦਰਤੀ ਆਫ਼ਤਾਂ ਦੇਖ ਰਹੇ ਹਾਂ। ਪਰਮੇਸ਼ੁਰ ਨੇ ਸਾਨੂੰ ਇਹ ਧਰਤੀ ਮੁਫ਼ਤ ਵਿਚ ਦਿੱਤੀ ਹੈ। ਅਸਲ ਵਿਚ ਅਸੀਂ ਕਿਰਾਇਆ ਦੇਣ ਤੋਂ ਬਿਨਾਂ ਇਸ ਉੱਤੇ ਰਹਿ ਰਹੇ ਹਾਂ। (ਉਤਪਤ 1:26-29) ਪਰ ਅੱਜ ਹੋ ਰਹੀਆਂ ਘਟਨਾਵਾਂ ਤੋਂ ਪਤਾ ਚੱਲਦਾ ਹੈ ਕਿ ਕਈਆਂ ਲੋਕਾਂ ਨੂੰ ਧਰਤੀ ਦੀ ਦੇਖ-ਭਾਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ। ਇਸ ਦੀ ਬਜਾਇ ਉਹ ਆਪਣੀ ਮਨ-ਮਰਜ਼ੀ ਕਰਦੇ ਹਨ ਅਤੇ ਆਪਣੇ ਹੀ ਕੰਮ-ਧੰਦਿਆਂ ਵਿਚ ਰੁੱਝੇ ਹੋਏ ਹਨ। ਅਸਲ ਵਿਚ ਇਨਸਾਨ ਨੇ ਆਪਣੀ ਅਮਾਨਤ ਨੂੰ ਨਹੀਂ ਸੰਭਾਲਿਆ ਤੇ ‘ਧਰਤੀ ਦਾ ਨਾਸ ਕਰ’ ਰਿਹਾ ਹੈ ਜਿਵੇਂ ਪਰਕਾਸ਼ ਦੀ ਪੋਥੀ 11:18 ਵਿਚ ਦੱਸਿਆ ਗਿਆ ਹੈ।
ਬਾਈਬਲ ਦਿਖਾਉਂਦੀ ਹੈ ਕਿ ਧਰਤੀ ਉੱਤੇ ਜ਼ਿੰਦਗੀ ਬਰਕਰਾਰ ਰੱਖਣ ਲਈ ਪ੍ਰਬੰਧ ਕਰਨ ਵਾਲੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਇਨਸਾਨਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਧਰਤੀ ਦਾ ਨਾਸ਼ ਕਰ ਰਹੇ ਹਨ। (ਸਫ਼ਨਯਾਹ 1:14; ਪਰਕਾਸ਼ ਦੀ ਪੋਥੀ 19:11-15) ਇਸ ਤੋਂ ਪਹਿਲਾਂ ਕਿ ਮਨੁੱਖ ਧਰਤੀ ਨੂੰ ਬਿਲਕੁਲ ਬਰਬਾਦ ਕਰ ਦੇਵੇ, ਪਰਮੇਸ਼ੁਰ ਧਰਤੀ ਨੂੰ ਬਹੁਤ ਜਲਦੀ ਬਚਾ ਲਵੇਗਾ। ਇਹ ਜ਼ਰੂਰੀ ਹੈ ਕਿ ਅਸੀਂ ਉਸ ਸਮੇਂ ਲਈ ਤਿਆਰ ਰਹੀਏ। * (ਮੱਤੀ 24:44) ਵਾਕਿਆ ਸਿਰਫ਼ ਪਰਮੇਸ਼ੁਰ ਹੀ ਸਾਡੀ ਧਰਤੀ ਨੂੰ ਬਚਾ ਸਕਦਾ ਹੈ। (w09 1/1)
[ਫੁਟਨੋਟ]
^ ਪੈਰਾ 7 ਇਸ ਬਾਰੇ ਹੋਰ ਜਾਣਕਾਰੀ ਲਈ ਕਿ ਸਾਨੂੰ ਅੱਜ ਕਿਉਂ ਤਿਆਰ ਰਹਿਣਾ ਚਾਹੀਦਾ ਹੈ ਜਾਗਦੇ ਰਹੋ! ਨਾਂ ਦਾ ਬਰੋਸ਼ਰ ਦੇਖੋ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।