ਇਨਸਾਨਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ?
ਯਿਸੂ ਤੋਂ ਸਿੱਖੋ
ਇਨਸਾਨਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ?
ਕੀ ਯਿਸੂ ਨੇ ਵਾਅਦਾ ਕੀਤਾ ਸੀ ਕਿ ਲੋਕ ਸਵਰਗ ਨੂੰ ਜਾਣਗੇ?
ਹਾਂ, ਉਸ ਨੇ ਕੀਤਾ ਸੀ। ਯਿਸੂ ਨੂੰ ਖ਼ੁਦ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ ਤੇ ਉਹ ਸਵਰਗ ਵਿਚ ਆਪਣੇ ਪਿਤਾ ਯਹੋਵਾਹ ਕੋਲ ਵਾਪਸ ਗਿਆ। ਪਰ ਆਪਣੀ ਮੌਤ ਤੇ ਜੀ ਉੱਠਣ ਤੋਂ ਪਹਿਲਾਂ ਉਸ ਨੇ ਆਪਣੇ 11 ਵਫ਼ਾਦਾਰ ਚੇਲਿਆਂ ਨੂੰ ਕਿਹਾ: “ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ . . . ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ।” (ਯੂਹੰਨਾ 14:2) ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਸਾਰੇ ਲੋਕ ਸਵਰਗ ਨੂੰ ਜਾਣਗੇ। ਉਸ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਿਰਫ਼ ਥੋੜ੍ਹੇ ਜਣਿਆਂ ਨੂੰ ਇਹ ਸਨਮਾਨ ਮਿਲੇਗਾ ਜਦ ਉਸ ਨੇ ਕਿਹਾ: “ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਪਿਤਾ ਨੂੰ ਪਸਿੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ।”—ਲੂਕਾ 12:32.
‘ਛੋਟਾ ਝੁੰਡ’ ਸਵਰਗ ਵਿਚ ਕੀ ਕਰੇਗਾ?
ਪਰਮੇਸ਼ੁਰ ਚਾਹੁੰਦਾ ਹੈ ਕਿ ਇਹ ਥੋੜ੍ਹੇ ਜਿਹੇ ਲੋਕ ਸਵਰਗ ਵਿਚ ਯਿਸੂ ਨਾਲ ਰਾਜ ਕਰਨ। ਅਸੀਂ ਕਿਵੇਂ ਜਾਣਦੇ ਹਾਂ? ਯਿਸੂ ਨੇ ਆਪਣੇ ਜੀ ਉੱਠਣ ਤੋਂ ਬਾਅਦ ਯੂਹੰਨਾ ਰਸੂਲ ਨੂੰ ਦਰਸ਼ਣ ਵਿਚ ਦੱਸਿਆ ਕਿ ਕੁਝ ਵਫ਼ਾਦਾਰ ਲੋਕ ਸਵਰਗੋਂ “ਧਰਤੀ ਉੱਤੇ ਰਾਜ ਕਰਨਗੇ।” (ਪਰਕਾਸ਼ ਦੀ ਪੋਥੀ 1:1; 5:9, 10) ਇਹ ਕਿੰਨੀ ਚੰਗੀ ਗੱਲ ਹੈ। ਅੱਜ ਇਨਸਾਨਾਂ ਨੂੰ ਇਕ ਚੰਗੀ ਸਰਕਾਰ ਦੀ ਸਖ਼ਤ ਜ਼ਰੂਰਤ ਹੈ। ਯਿਸੂ ਦੇ ਹੱਥਾਂ ਵਿਚ ਇਹ ਸਰਕਾਰ ਕੀ ਕੁਝ ਕਰੇਗੀ? ਯਿਸੂ ਨੇ ਜਵਾਬ ਦਿੱਤਾ: “ਮਨੁੱਖ ਦਾ ਪੁੱਤ੍ਰ ਨਵੀਂ ਸਰਿਸ਼ਟ ਵਿੱਚ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਜੋ ਮੇਰੇ ਮਗਰ ਹੋ ਤੁਰੇ ਹੋ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ।” (ਮੱਤੀ 19:28) ਇਸ “ਨਵੀਂ ਸਰਿਸ਼ਟ” ਦਾ ਇਹ ਮਤਲਬ ਹੈ ਕਿ ਯਿਸੂ ਤੇ ਉਸ ਦੇ ਸਾਥੀ ਆਪਣੇ ਰਾਜ ਦੁਆਰਾ ਧਰਤੀ ਉੱਤੇ ਵਧੀਆ ਹਾਲਾਤ ਲਿਆਉਣਗੇ। ਫਿਰ ਸਾਰਾ ਕੁਝ ਅਜਿਹਾ ਹੋਵੇਗਾ ਜਿਵੇਂ ਇਨਸਾਨਾਂ ਦੇ ਪਾਪ ਕਰਨ ਤੋਂ ਪਹਿਲਾਂ ਸੀ।
ਯਿਸੂ ਨੇ ਬਾਕੀ ਇਨਸਾਨਾਂ ਨੂੰ ਕਿਹੜੀ ਉਮੀਦ ਦਿੱਤੀ ਸੀ?
ਇਨਸਾਨਾਂ ਨੂੰ ਧਰਤੀ ਉੱਤੇ ਰਹਿਣ ਲਈ ਬਣਾਇਆ ਗਿਆ ਸੀ, ਪਰ ਇਸ ਦੇ ਉਲਟ ਯਿਸੂ ਨੂੰ ਸਵਰਗ ਵਿਚ ਰਹਿਣ ਲਈ ਬਣਾਇਆ ਗਿਆ ਸੀ। (ਜ਼ਬੂਰਾਂ ਦੀ ਪੋਥੀ 115:16) ਇਸੇ ਲਈ ਯਿਸੂ ਨੇ ਕਿਹਾ ਸੀ ਕਿ “ਤੁਸੀਂ ਹੇਠੋਂ ਦੇ ਹੋ, ਮੈਂ ਉੱਤੋਂ ਦਾ ਹਾਂ।” (ਯੂਹੰਨਾ 8:23) ਯਿਸੂ ਨੇ ਧਰਤੀ ’ਤੇ ਇਨਸਾਨਾਂ ਦੇ ਵਧੀਆ ਭਵਿੱਖ ਬਾਰੇ ਗੱਲ ਕੀਤੀ ਸੀ। ਇਕ ਵਾਰ ਉਸ ਨੇ ਇਹ ਵੀ ਕਿਹਾ ਕਿ “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਇੱਥੇ ਉਹ ਉਸ ਜ਼ਬੂਰ ਦਾ ਜ਼ਿਕਰ ਕਰ ਰਿਹਾ ਸੀ ਜਿੱਥੇ ਲਿਖਿਆ ਹੈ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:11, 29.
ਸੋ ਹਮੇਸ਼ਾ ਦੀ ਜ਼ਿੰਦਗੀ ਸਿਰਫ਼ ਸਵਰਗ ਨੂੰ ਜਾਣ ਵਾਲੇ “ਛੋਟੇ ਝੁੰਡ” ਨੂੰ ਹੀ ਨਹੀਂ ਦਿੱਤੀ ਜਾਂਦੀ। ਯਿਸੂ ਨੇ ਅਜਿਹੀ ਉਮੀਦ ਬਾਰੇ ਗੱਲ ਕੀਤੀ ਸੀ ਜੋ ਸਾਰੇ ਜਗਤ ਵਿਚ ਰਹਿਣ ਵਾਲੇ ਲੋਕਾਂ ਨੂੰ ਦਿੱਤੀ ਜਾਂਦੀ ਹੈ। ਉਸ ਨੇ ਕਿਹਾ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:16.
ਪਰਮੇਸ਼ੁਰ ਇਨਸਾਨਾਂ ਦੇ ਦੁੱਖ-ਦਰਦ ਦੂਰ ਕਿਵੇਂ ਕਰੇਗਾ?
ਯਿਸੂ ਨੇ ਦੁੱਖ-ਦਰਦ ਦੇ ਦੋ ਕਾਰਨ ਦੱਸੇ ਤੇ ਇਹ ਵੀ ਸਮਝਾਇਆ ਕਿ ਸਾਨੂੰ ਉਨ੍ਹਾਂ ਤੋਂ ਰਾਹਤ ਕਿਵੇਂ ਮਿਲੇਗੀ ਜਦ ਉਸ ਨੇ ਕਿਹਾ: “ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ।” (ਯੂਹੰਨਾ 12:31) ਪਹਿਲਾਂ ਤਾਂ ਬੁਰੇ ਇਨਸਾਨਾਂ ਦਾ ਨਿਆਂ ਕਰ ਕੇ ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ। ਫਿਰ ਸ਼ਤਾਨ ਇਨਸਾਨਾਂ ਤੋਂ ਦੂਰ ਕੀਤਾ ਜਾਵੇਗਾ ਤਾਂਕਿ ਉਹ ਉਨ੍ਹਾਂ ਨੂੰ ਭਰਮਾ ਨਾ ਸਕੇ।
ਉਨ੍ਹਾਂ ਬਾਰੇ ਕੀ ਜੋ ਇਤਿਹਾਸ ਦੌਰਾਨ ਪਰਮੇਸ਼ੁਰ ਅਤੇ ਯਿਸੂ ਬਾਰੇ ਜਾਣਨ ਅਤੇ ਉਨ੍ਹਾਂ ’ਤੇ ਨਿਹਚਾ ਕਰਨ ਤੋਂ ਬਿਨਾਂ ਮਰ ਚੁੱਕੇ ਹਨ? ਯਿਸੂ ਨੇ ਆਪਣੇ ਨਾਲ ਟੰਗੇ ਇਕ ਅਪਰਾਧੀ ਨੂੰ ਕਿਹਾ ਸੀ ਕਿ ਉਸ ਨੂੰ ਧਰਤੀ ਉੱਤੇ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ। ਇਸ ਅਪਰਾਧੀ ਦੇ ਨਾਲ-ਨਾਲ ਕਰੋੜਾਂ ਹੋਰਨਾਂ ਲੋਕਾਂ ਨੂੰ ਵੀ ਇਕ ਸੁੰਦਰ ਧਰਤੀ ਉੱਤੇ ਫਿਰ ਤੋਂ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ ਜਿੱਥੇ ਉਨ੍ਹਾਂ ਨੂੰ ਪਰਮੇਸ਼ੁਰ ਤੇ ਯਿਸੂ ਬਾਰੇ ਸਿੱਖਣ ਦਾ ਮੌਕਾ ਮਿਲੇਗਾ। ਫਿਰ ਉਸ ਆਦਮੀ ਨੂੰ ਧਰਤੀ ਉੱਤੇ ਧਰਮੀ ਲੋਕਾਂ ਨਾਲ ਹਮੇਸ਼ਾ ਲਈ ਰਹਿਣ ਦਾ ਮੌਕਾ ਮਿਲੇਗਾ।—ਰਸੂਲਾਂ ਦੇ ਕਰਤੱਬ 24:15. (w09 8/1)
ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? * ਕਿਤਾਬ ਦੇ ਤੀਜੇ ਤੇ ਸੱਤਵੇਂ ਅਧਿਆਇ ਦੇਖੋ।
[ਫੁਟਨੋਟ]
^ ਪੈਰਾ 13 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 29 ਉੱਤੇ ਤਸਵੀਰ]
“ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:29