ਪਰਿਵਾਰ ਵਿਚ ਖ਼ੁਸ਼ੀਆਂ ਲਿਆਓ
ਘਰ ਦਾ ਖ਼ਰਚਾ ਚਲਾਉਣਾ
ਪਤੀ: “ਮੇਰੀ ਪਤਨੀ ਲੌਰਾ * ਫਜ਼ੂਲ ਚੀਜ਼ਾਂ ਉੱਤੇ ਪੈਸਾ ਖ਼ਰਚਦੀ ਰਹਿੰਦੀ ਹੈ। ਅਜਿਹੀਆਂ ਚੀਜ਼ਾਂ ਜਿਨ੍ਹਾਂ ਦੀ ਸਾਨੂੰ ਲੋੜ ਵੀ ਨਹੀਂ ਹੁੰਦੀ। ਉਹ ਤਾਂ ਪੈਸੇ ਜੋੜ ਹੀ ਨਹੀਂ ਸਕਦੀ! ਜਦ ਅਚਾਨਕ ਕੋਈ ਵਾਧੂ ਖ਼ਰਚਾ ਆਉਂਦਾ ਹੈ, ਤਾਂ ਸਾਡੇ ਲਈ ਬਹੁਤ ਔਖਾ ਹੋ ਜਾਂਦਾ ਹੈ। ਮੈਂ ਤਾਂ ਕਹਿੰਦਾ ਹਾਂ ਕਿ ਜੇ ਮੇਰੀ ਪਤਨੀ ਦੇ ਹੱਥ ਵਿਚ ਪੈਸਾ ਹੈ, ਤਾਂ ਉਹ ਖ਼ਰਚ ਕੇ ਹੀ ਰਹੇਗੀ!”
ਪਤਨੀ: “ਸ਼ਾਇਦ ਮੈਂ ਜ਼ਿਆਦਾ ਪੈਸਾ ਨਹੀਂ ਜੋੜ ਸਕਦੀ, ਪਰ ਮੇਰੇ ਪਤੀ ਨੂੰ ਇਹ ਨਹੀਂ ਪਤਾ ਕਿ ਅੱਜ-ਕਲ੍ਹ ਕਿੰਨੀ ਮਹਿੰਗਾਈ ਹੈ। ਖਾਣ ਦਾ ਸਾਮਾਨ, ਘਰ ਦਾ ਸਾਮਾਨ ਅਤੇ ਘਰ ਦੇ ਬਿਲ ਵਧਦੇ ਜਾ ਰਹੇ ਹਨ। ਮੈਨੂੰ ਪੁੱਛੋ, ਮੈਂ ਹੀ ਘਰ ਚਲਾਉਂਦੀ ਹਾਂ। ਜਿਨ੍ਹਾਂ ਚੀਜ਼ਾਂ ਦੀ ਸਾਨੂੰ ਲੋੜ ਹੈ ਮੈਂ ਖ਼ਰੀਦ ਲੈਂਦੀ ਹਾਂ, ਭਾਵੇਂ ਬਾਅਦ ਵਿਚ ਪੈਸੇ ਬਾਰੇ ਝਗੜਾ ਹੋ ਜਾਵੇ।”
ਘਰ ਵਿਚ ਕਲੇਸ਼ ਦਾ ਇਕ ਖ਼ਾਸ ਕਾਰਨ ਪੈਸਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪਤੀ-ਪਤਨੀ ਵਿਚਕਾਰ ਜ਼ਿਆਦਾਤਰ ਝਗੜੇ ਪੈਸੇ ਬਾਰੇ ਹੀ ਹੁੰਦੇ ਹਨ।
ਜਦ ਪਤੀ-ਪਤਨੀ ਪੈਸੇ ਬਾਰੇ ਸਹੀ ਨਜ਼ਰੀਆ ਨਹੀਂ ਰੱਖਦੇ, ਤਾਂ ਟੈਨਸ਼ਨ ਵਧਦੀ ਹੈ ਅਤੇ ਝਗੜੇ ਹੁੰਦੇ ਹਨ। ਕਈ ਵਾਰ ਪਤੀ-ਪਤਨੀ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਅਤੇ ਯਹੋਵਾਹ ਨਾਲ ਉਨ੍ਹਾਂ ਦੇ ਰਿਸ਼ਤੇ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ। (1 ਤਿਮੋਥਿਉਸ 6:9, 10) ਜੇ ਮਾਪੇ ਪੈਸਿਆਂ ਦੀ ਸਹੀ ਵਰਤੋ ਨਹੀਂ ਕਰਦੇ, ਤਾਂ ਸ਼ਾਇਦ ਉਨ੍ਹਾਂ ਨੂੰ ਕੰਮ ਤੇ ਓਵਰਟਾਈਮ ਲਾਉਣਾ ਪਵੇ। ਨਤੀਜੇ ਵਜੋਂ ਇਕ-ਦੂਜੇ ਲਈ ਅਤੇ ਬੱਚਿਆਂ ਲਈ ਘੱਟ ਹੀ ਸਮਾਂ ਰਹਿੰਦਾ ਹੈ। ਇਸ ਤੋਂ ਇਲਾਵਾ ਉਹ ਆਪਣੇ ਬੱਚਿਆਂ ਨੂੰ ਪੈਸੇ ਬਚਾਉਣੇ ਨਹੀਂ, ਸਗੋਂ ਪੈਸੇ ਉਡਾਉਣੇ ਸਿਖਾਉਂਦੇ ਹਨ।
ਬਾਈਬਲ ਦੱਸਦੀ ਹੈ ਕਿ ‘ਧਨ ਸੁਰੱਖਿਆ ਦਿੰਦਾ ਹੈ।’ (ਉਪਦੇਸ਼ਕ 7:12, CL) ਪਰ ਪੈਸਾ ਤਦ ਹੀ ਤੁਹਾਡੇ ਵਿਆਹ ਅਤੇ ਪਰਿਵਾਰ ਦੀ ਸੁਰੱਖਿਆ ਕਰੇਗਾ ਜੇ ਤੁਸੀਂ ਆਪਣੇ ਖ਼ਰਚੇ ਨੂੰ ਕੰਟ੍ਰੋਲ ਕਰਨਾ ਸਿੱਖੋਗੇ ਅਤੇ ਆਪਣੇ ਸਾਥੀ ਨਾਲ ਇਸ ਬਾਰੇ ਠੰਢੇ ਦਿਮਾਗ਼ ਨਾਲ ਗੱਲ ਕਰੋਗੇ। * ਇਸ ਤਰ੍ਹਾਂ ਘਰ ਦੇ ਖ਼ਰਚੇ ਬਾਰੇ ਗੱਲ ਕਰਨ ਨਾਲ ਵਿਆਹ ਦਾ ਬੰਧਨ ਹੋਰ ਵੀ ਮਜ਼ਬੂਤ ਹੋ ਸਕਦਾ ਹੈ।
ਪਰ ਪੈਸੇ ਕਰਕੇ ਘਰ ਵਿਚ ਇੰਨੀਆਂ ਮੁਸੀਬਤਾਂ ਕਿਉਂ ਖੜ੍ਹੀਆਂ ਹੁੰਦੀਆਂ ਹਨ? ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ ਤਾਂਕਿ ਪੈਸਿਆਂ ਬਾਰੇ ਝਗੜਾ ਕਰਨ ਦੀ ਬਜਾਇ ਤੁਸੀਂ ਸ਼ਾਂਤੀ ਨਾਲ ਗੱਲ ਕਰ ਸਕੋ?
ਮੁਸੀਬਤਾਂ
ਕਈ ਵਾਰ ਝਗੜੇ ਅਸਲ ਵਿਚ ਪੈਸੇ ਬਾਰੇ ਨਹੀਂ ਹੁੰਦੇ, ਬਲਕਿ ਭਰੋਸਾ ਤੇ ਡਰ ਬਾਰੇ ਹੁੰਦੇ ਹਨ। ਮਿਸਾਲ ਲਈ, ਜਿਹੜਾ ਪਤੀ ਆਪਣੀ ਪਤਨੀ ਤੋਂ ਇਕ-ਇਕ ਪੈਸੇ ਦਾ ਹਿਸਾਬ ਮੰਗਦਾ ਹੈ ਉਹ ਸ਼ਾਇਦ ਕਹਿ ਰਿਹਾ ਹੋਵੇ ਕਿ ਉਸ ਨੂੰ ਆਪਣੀ ਪਤਨੀ ’ਤੇ ਭਰੋਸਾ ਨਹੀਂ ਕਿ ਉਹ ਚੰਗੀ ਤਰ੍ਹਾਂ ਘਰ ਚਲਾ ਸਕਦੀ ਹੈ। ਜਿਹੜੀ ਪਤਨੀ ਇਹ ਸ਼ਿਕਾਇਤ ਕਰਦੀ ਹੈ ਕਿ ਉਸ ਦਾ ਪਤੀ ਪੈਸੇ ਨਹੀਂ ਜੋੜਦਾ ਸ਼ਾਇਦ ਕਹਿ ਰਹੀ ਹੋਵੇ ਕਿ ਉਸ ਨੂੰ ਡਰ ਹੈ ਕਿ ਕਿਸੇ ਸਮੇਂ ਉਨ੍ਹਾਂ ਉੱਤੇ ਪੈਸਿਆਂ ਦੀ ਤੰਗੀ ਆ ਜਾਵੇਗੀ।
ਪਤੀ-ਪਤਨੀ ਦੇ ਪਾਲਣ-ਪੋਸਣ ਵਿਚ ਫ਼ਰਕ ਹੋਣ ਕਰਕੇ ਵੀ ਮੁਸੀਬਤਾਂ ਆ ਸਕਦੀਆਂ ਹਨ। ਮੈਥਿਉ, ਜਿਸ ਦੇ ਵਿਆਹ ਨੂੰ ਅੱਠ ਸਾਲ ਹੋ ਚੁੱਕੇ ਹਨ, ਕਹਿੰਦਾ ਹੈ: “ਮੇਰੀ ਪਤਨੀ ਪੈਸੇ ਬਾਰੇ ਬਹੁਤਾ ਫ਼ਿਕਰ ਨਹੀਂ ਕਰਦੀ ਕਿਉਂਕਿ ਉਹ ਅਜਿਹੇ ਪਰਿਵਾਰ ਵਿਚ ਵੱਡੀ ਹੋਈ ਸੀ ਜਿੱਥੇ ਪੈਸਾ ਸੋਚ-ਸਮਝ ਕੇ ਖ਼ਰਚਿਆ ਜਾਂਦਾ ਸੀ। ਪਰ ਮੇਰੇ ਹਾਲਾਤ ਵੱਖਰੇ ਸਨ। ਮੇਰਾ ਪਿਤਾ ਸ਼ਰਾਬੀ ਸੀ ਤੇ ਹਰ ਰੋਜ਼ ਬਹੁਤ ਸਿਗਰਟਾਂ ਪੀਂਦਾ ਸੀ। ਨਾਲੇ ਕਈ ਵਾਰ
ਉਸ ਕੋਲ ਨੌਕਰੀ ਨਹੀਂ ਹੁੰਦੀ ਸੀ। ਇਸ ਲਈ ਸਾਡੇ ਕੋਲ ਜ਼ਰੂਰੀ ਚੀਜ਼ਾਂ ਖ਼ਰੀਦਣ ਲਈ ਵੀ ਪੈਸੇ ਨਹੀਂ ਹੁੰਦੇ ਸਨ। ਮੈਨੂੰ ਹੁਣ ਵੀ ਡਰ ਰਹਿੰਦਾ ਹੈ ਕਿ ਮੇਰੇ ਸਿਰ ’ਤੇ ਕਰਜ਼ਾ ਚੜ੍ਹ ਜਾਵੇਗਾ। ਇਸ ਕਰਕੇ ਪੈਸੇ ਖ਼ਰਚਣ ਬਾਰੇ ਸਾਡੇ ਵੱਖਰੇ ਵਿਚਾਰ ਹੁੰਦੇ ਹਨ।” ਤੁਹਾਡੇ ਘਰ ਵਿਚ ਟੈਨਸ਼ਨ ਦਾ ਜੋ ਵੀ ਕਾਰਨ ਹੋਵੇ, ਤੁਸੀਂ ਪੈਸੇ ਨੂੰ ਸਮਝਦਾਰੀ ਨਾਲ ਵਰਤ ਕੇ ਆਪਣੇ ਘਰ ਦੀ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹੋ?ਤੁਹਾਡੇ ਲਈ ਸਭ ਤੋਂ ਜ਼ਰੂਰੀ ਕੀ ਹੈ, ਪੈਸਾ ਜਾਂ ਵਿਆਹ ਦਾ ਬੰਧਨ?
ਸਫ਼ਲਤਾ ਦੀਆਂ ਚਾਰ ਕੁੰਜੀਆਂ
ਬਾਈਬਲ ਸਿਰਫ਼ ਪੈਸਿਆਂ ਬਾਰੇ ਸਲਾਹ ਦੇਣ ਲਈ ਨਹੀਂ ਲਿਖੀ ਗਈ ਸੀ। ਪਰ ਇਸ ਵਿਚ ਅਜਿਹੀ ਚੰਗੀ ਸਲਾਹ ਹੈ ਜੋ ਪੈਸਿਆਂ ਦੀਆਂ ਮੁਸ਼ਕਲਾਂ ਸੁਲਝਾਉਣ ਵਿਚ ਪਤੀ-ਪਤਨੀ ਦੀ ਮਦਦ ਕਰ ਸਕਦੀ ਹੈ। ਕਿਉਂ ਨਾ ਹੇਠਾਂ ਦਿੱਤੇ ਸੁਝਾਵਾਂ ਬਾਰੇ ਸੋਚੋ ਅਤੇ ਇਨ੍ਹਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ?
1. ਝਗੜਾ ਕਰਨ ਤੋਂ ਬਿਨਾਂ ਪੈਸਿਆਂ ਬਾਰੇ ਗੱਲ ਕਰਨੀ ਸਿੱਖੋ।
ਬਾਈਬਲ ਕਹਿੰਦੀ ਹੈ: “ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਨਾਲ ਬੁੱਧ ਹੈ।” (ਕਹਾਉਤਾਂ 13:10) ਹੋ ਸਕਦਾ ਹੈ ਕਿ ਤੁਹਾਡੇ ਪਿਛੋਕੜ ਕਾਰਨ ਤੁਸੀਂ ਦੂਜਿਆਂ ਨਾਲ ਜਾਂ ਆਪਣੇ ਸਾਥੀ ਨਾਲ ਪੈਸਿਆਂ ਬਾਰੇ ਗੱਲ ਕਰਨ ਤੋਂ ਝਿਜਕਦੇ ਹੋ। ਫਿਰ ਵੀ ਬੁੱਧੀਮਤਾ ਦੀ ਗੱਲ ਹੋਵੇਗੀ ਜੇ ਤੁਸੀਂ ਪੈਸਿਆਂ ਬਾਰੇ ਗੱਲ ਕਰਨੀ ਸਿੱਖੋ। ਮਿਸਾਲ ਲਈ, ਤੁਸੀਂ ਦੱਸ ਸਕਦੇ ਹੋ ਕਿ ਪੈਸਿਆਂ ਬਾਰੇ ਤੁਹਾਡੇ ਮਾਪਿਆਂ ਦੇ ਨਜ਼ਰੀਏ ਨੇ ਤੁਹਾਡੇ ਉੱਤੇ ਕੀ ਅਸਰ ਪਾਇਆ ਹੈ। ਇਹ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਸਾਥੀ ਦੇ ਪਿਛੋਕੜ ਦਾ ਉਸ ਉੱਤੇ ਕੀ ਅਸਰ ਪਿਆ ਹੈ।
ਇਹ ਜ਼ਰੂਰੀ ਨਹੀਂ ਕਿ ਤੁਸੀਂ ਪੈਸਿਆਂ ਬਾਰੇ ਸਿਰਫ਼ ਉਦੋਂ ਗੱਲ ਕਰੋ ਜਦ ਕੋਈ ਮੁਸ਼ਕਲ ਖੜ੍ਹੀ ਹੁੰਦੀ ਹੈ। ਬਾਈਬਲ ਦੇ ਇਕ ਲਿਖਾਰੀ ਨੇ ਪੁੱਛਿਆ: “ਭਲਾ, ਦੋ ਜਣੇ ਇਕੱਠੇ ਚੱਲਣਗੇ, ਜੇ ਓਹ ਸਹਿਮਤ ਨਾ ਹੋਣ?” (ਆਮੋਸ 3:3) ਇਹ ਅਸੂਲ ਕਿੱਦਾਂ ਲਾਗੂ ਹੁੰਦਾ ਹੈ? ਜੇ ਤੁਸੀਂ ਇਕੱਠੇ ਮਿਲ ਕੇ ਪੈਸਿਆਂ ਬਾਰੇ ਗੱਲ ਕਰਨ ਦਾ ਇਕ ਖ਼ਾਸ ਸਮਾਂ ਤੈਅ ਕਰੋ, ਤਾਂ ਘੱਟ ਹੀ ਗ਼ਲਤਫ਼ਹਿਮੀਆਂ ਪੈਦਾ ਹੋਣਗੀਆਂ।
ਸੁਝਾਅ: ਘਰ ਦੇ ਖ਼ਰਚਿਆਂ ਬਾਰੇ ਗੱਲ ਕਰਨ ਦਾ ਇਕ ਖ਼ਾਸ ਸਮਾਂ ਤੈਅ ਕਰੋ। ਮਿਸਾਲ ਲਈ, ਸ਼ਾਇਦ ਤੁਸੀਂ ਹਰ ਮਹੀਨੇ ਦੇ ਪਹਿਲੇ ਦਿਨ ਜਾਂ ਹਰ ਹਫ਼ਤੇ ਇਕ ਦਿਨ ਚੁਣ ਸਕਦੇ ਹੋ। ਜ਼ਿਆਦਾ ਦੇਰ ਲਈ ਗੱਲ ਕਰਨੀ ਜ਼ਰੂਰੀ ਨਹੀਂ। ਸਿਰਫ਼ 15 ਮਿੰਟ ਜਾਂ ਇਸ ਤੋਂ ਵੀ ਘੱਟ ਕਾਫ਼ੀ ਹਨ। ਅਜਿਹਾ ਸਮਾਂ ਚੁਣੋ ਜਦ ਤੁਹਾਨੂੰ ਹੋਰ ਕੋਈ ਟੈਨਸ਼ਨ ਨਹੀਂ ਹੈ। ਇਹ ਵੀ ਤੈਅ ਕਰੋ ਕਿ ਤੁਸੀਂ ਪੈਸਿਆਂ ਬਾਰੇ ਕਦੋਂ ਗੱਲ ਨਹੀਂ ਕਰੋਗੇ, ਜਿਵੇਂ ਕਿ ਰੋਟੀ ਖਾਣ ਵੇਲੇ ਜਾਂ ਬੱਚਿਆਂ ਨਾਲ ਸਮਾਂ ਬਿਤਾਉਣ ਵੇਲੇ।
2. ਕਮਾਈ ਬਾਰੇ ਸਹੀ ਨਜ਼ਰੀਆ ਰੱਖੋ।
ਬਾਈਬਲ ਕਹਿੰਦੀ ਹੈ: “ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” (ਰੋਮੀਆਂ 12:10) ਜੇ ਸਿਰਫ਼ ਤੁਸੀਂ ਕਮਾਈ ਕਰ ਰਹੇ ਹੋ, ਤਾਂ ਆਪਣੇ ਸਾਥੀ ਦਾ ਆਦਰ ਕਰਦੇ ਹੋਏ ਇਸ ਨੂੰ ਆਪਣੇ ਹੀ ਪੈਸੇ ਸਮਝਣ ਦੀ ਬਜਾਇ ਪਰਿਵਾਰ ਦੇ ਪੈਸੇ ਸਮਝੋ।—1 ਤਿਮੋਥਿਉਸ 5:8.
ਜੇ ਤੁਸੀਂ ਦੋਵੇਂ ਪੈਸੇ ਕਮਾ ਰਹੇ ਹੋ, ਤਾਂ ਇਕ-ਦੂਜੇ ਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਕਮਾ ਰਹੇ ਹੋ ਤੇ ਤੁਸੀਂ ਕਿਹੜੇ ਵੱਡੇ ਖ਼ਰਚੇ ਕਰ ਰਹੇ ਹੋ। ਇਸ ਤਰ੍ਹਾਂ ਤੁਸੀਂ ਇਕ-ਦੂਜੇ ਦਾ ਆਦਰ ਕਰ ਸਕਦੇ ਹੋ। ਜੇ ਤੁਸੀਂ ਇਹ ਗੱਲਾਂ ਖੁੱਲ੍ਹ ਕੇ ਨਾ ਕਰੋ, ਤਾਂ ਇਕ-ਦੂਜੇ ਤੋਂ ਤੁਹਾਡਾ ਭਰੋਸਾ ਉੱਠ ਸਕਦਾ ਹੈ ਤੇ ਤੁਹਾਡਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਇਕ-ਇਕ ਪੈਸੇ ਦਾ ਹਿਸਾਬ ਦਿਓ। ਪਰ ਜੇ ਤੁਸੀਂ ਕੋਈ ਵੱਡਾ ਖ਼ਰਚਾ ਕਰਨ ਤੋਂ ਪਹਿਲਾਂ ਆਪਣੇ ਸਾਥੀ ਦੀ ਰਾਇ ਲਓ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਉਸ ਦੀ ਕਦਰ ਕਰਦੇ ਹੋ।
ਸੁਝਾਅ: ਫ਼ੈਸਲਾ ਕਰੋ ਕਿ ਤੁਸੀਂ ਇਕ-ਦੂਜੇ ਨੂੰ ਦੱਸਣ ਤੋਂ ਬਿਨਾਂ ਕਿੰਨਾ ਪੈਸਾ ਖ਼ਰਚ ਸਕਦੇ ਹੋ। ਮਿਸਾਲ ਲਈ, 200 ਰੁਪਏ, 2,000 ਰੁਪਏ ਜਾਂ ਕੋਈ ਹੋਰ ਰਕਮ। ਜੇ ਤੁਸੀਂ ਇਸ ਤੋਂ ਜ਼ਿਆਦਾ ਖ਼ਰਚਣੇ ਚਾਹੁੰਦੇ ਹੋ, ਤਾਂ ਪਹਿਲਾਂ ਆਪਣੇ ਸਾਥੀ ਨਾਲ ਗੱਲ ਕਰੋ।
3. ਬਜਟ ਬਣਾਓ। ਬਾਈਬਲ ਕਹਿੰਦੀ ਹੈ:
“ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।” (ਕਹਾਉਤਾਂ 21:5, CL) ਬਜਟ ਬਣਾਉਣ ਨਾਲ ਤੁਸੀਂ ਅਗਾਹਾਂ ਲਈ ਪੈਸੇ ਰੱਖ ਸਕੋਗੇ ਤੇ ਫ਼ਜ਼ੂਲ ਖ਼ਰਚਾ ਕਰਨ ਤੋਂ ਬਚੋਗੇ। ਨੀਨਾ, ਜਿਸ ਦੇ ਵਿਆਹ ਨੂੰ ਪੰਜ ਸਾਲ ਹੋ ਚੁੱਕੇ ਹਨ, ਕਹਿੰਦੀ ਹੈ: “ਜਦੋਂ ਤੁਸੀਂ ਲਿਖਦੇ ਹੋ ਕਿ ਕਿੰਨੇ ਪੈਸੇ ਆਉਂਦੇ ਹਨ ਤੇ ਕਿੰਨੇ ਖ਼ਰਚੇ ਜਾਂਦੇ ਹਨ, ਤਾਂ ਤੁਸੀਂ ਸ਼ਾਇਦ ਹੈਰਾਨ ਹੋਵੋ। ਇਸ ਤੋਂ ਤੁਹਾਨੂੰ ਅਸਲੀਅਤ ਦਾ ਪਤਾ ਲੱਗੇਗਾ।”
ਬਜਟ ਬਣਾਉਣਾ ਕੋਈ ਔਖੀ ਗੱਲ ਨਹੀਂ। ਡੈਰਨ ਦੇ ਵਿਆਹ ਨੂੰ 26 ਸਾਲ ਹੋ ਗਏ ਹਨ ਤੇ ਉਹ ਦੋ ਮੁੰਡਿਆਂ ਦਾ ਬਾਪ ਵੀ ਹੈ। ਉਹ ਕਹਿੰਦਾ ਹੈ: “ਪਹਿਲਾਂ ਅਸੀਂ ਖ਼ਰਚਾ ਚਲਾਉਣ ਲਈ ਵੱਖ-ਵੱਖ ਲਿਫ਼ਾਫ਼ੇ ਵਰਤਦੇ ਹੁੰਦੇ ਸੀ। ਮਿਸਾਲ ਲਈ, ਇਕ ਲਿਫ਼ਾਫ਼ਾ ਖਾਣ ਦੇ ਸਾਮਾਨ ਲਈ ਸੀ, ਇਕ ਮਨੋਰੰਜਨ ਲਈ ਸੀ ਤੇ ਇਕ ਵਾਲ-ਕਟਾਈ ਲਈ ਵੀ ਸੀ। ਜੇ ਕਿਸੇ ਚੀਜ਼ ਲਈ ਪੈਸਿਆਂ ਦੀ ਥੁੜ੍ਹ ਸੀ, ਤਾਂ ਅਸੀਂ ਇਕ ਹੋਰ ਲਿਫ਼ਾਫ਼ੇ ਵਿੱਚੋਂ ਉਧਾਰ ਸਮਝ ਕੇ ਪੈਸੇ ਕੱਢ ਲੈਂਦੇ ਸੀ, ਪਰ ਜਿੰਨਾ ਜਲਦੀ ਹੋ ਸਕੇ ਅਸੀਂ ਪੈਸੇ ਵਾਪਸ ਪਾ ਦਿੰਦੇ ਸੀ।” ਜੇ ਤੁਸੀਂ ਕੈਸ਼ ਦੇ ਕੇ ਬਿਲ ਨਹੀਂ ਭਰਦੇ, ਪਰ ਤੁਹਾਡੇ ਬੈਂਕ ਵਿੱਚੋਂ ਜਾਂ ਕ੍ਰੈਡਿਟ ਕਾਰਡ ਤੋਂ ਪੈਸੇ ਸਿੱਧੇ ਜਾਂਦੇ ਹਨ, ਤਾਂ ਹੋਰ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਖ਼ਰਚੇ ਦਾ ਧਿਆਨ ਰੱਖੋ।
ਸੁਝਾਅ: ਉਹ ਖ਼ਰਚੇ ਲਿਖੋ ਜੋ ਕਦੀ ਬਦਲਦੇ ਨਹੀਂ। ਇਹ ਤੈਅ ਕਰੋ ਕਿ ਤੁਸੀਂ ਆਪਣੀ ਕਮਾਈ ਵਿੱਚੋਂ ਕਿੰਨੇ ਪੈਸੇ ਬਚਾਓਗੇ। ਫਿਰ ਉਹ ਖ਼ਰਚੇ ਲਿਖੋ ਜੋ ਬਦਲਦੇ ਰਹਿੰਦੇ ਹਨ ਜਿਵੇਂ ਕਿ ਖਾਣ ਵਾਲੀਆਂ ਚੀਜ਼ਾਂ, ਬਿਜਲੀ ਤੇ ਟੈਲੀਫ਼ੋਨ ਦੇ ਬਿਲ। ਅਗਲੇ ਕੁਝ ਮਹੀਨਿਆਂ ਲਈ ਲਿਖੋ ਕਿ ਤੁਸੀਂ ਪੈਸੇ ਕਿੱਥੇ-ਕਿੱਥੇ ਖ਼ਰਚਦੇ ਹੋ। ਜ਼ਰੂਰਤ ਪੈਣ ਤੇ ਆਪਣੀ ਰਹਿਣੀ-ਬਹਿਣੀ ਵਿਚ ਤਬਦੀਲੀ ਕਰੋ ਤਾਂਕਿ ਤੁਸੀਂ ਕਰਜ਼ੇ ਵਿਚ ਨਾ ਪੈ ਜਾਓ।
4. ਫ਼ੈਸਲਾ ਕਰੋ ਕਿ ਕੌਣ ਕੀ ਕਰੇਗਾ।
ਬਾਈਬਲ ਕਹਿੰਦੀ ਹੈ: “ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਨ੍ਹਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ।” (ਉਪਦੇਸ਼ਕ ਦੀ ਪੋਥੀ 4:9, 10) ਕੁਝ ਪਰਿਵਾਰਾਂ ਵਿਚ ਪਤੀ ਪੈਸਾ ਸੰਭਾਲਦਾ ਹੈ। ਹੋਰਨਾਂ ਪਰਿਵਾਰਾਂ ਵਿਚ ਪਤਨੀ ਇਹ ਜ਼ਿੰਮੇਵਾਰੀ ਨਿਭਾਉਂਦੀ ਹੈ। (ਕਹਾਉਤਾਂ 31:10-28) ਪਰ ਕਈ ਜੋੜੇ ਰਲ-ਮਿਲ ਕੇ ਇਹ ਫ਼ਰਜ਼ ਨਿਭਾਉਂਦੇ ਹਨ। ਮਾਰੀਓ, ਜਿਸ ਦੇ ਵਿਆਹ ਨੂੰ 21 ਸਾਲ ਹੋ ਗਏ ਹਨ, ਕਹਿੰਦਾ ਹੈ: “ਮੇਰੀ ਪਤਨੀ ਘਰ ਦੇ ਬਿਲ ਤੇ ਛੋਟੇ-ਛੋਟੇ ਖ਼ਰਚੇ ਸੰਭਾਲਦੀ ਹੈ। ਮੈਂ ਟੈਕਸ, ਕਰਾਇਆ ਤੇ ਗੱਡੀ ਦਾ ਖ਼ਰਚਾ ਪੂਰਾ ਕਰਦਾ ਹਾਂ। ਅਸੀਂ ਇਨ੍ਹਾਂ ਸਾਰੇ ਖ਼ਰਚਿਆਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਾਂ ਤੇ ਮਿਲ ਕੇ ਕੰਮ ਕਰਦੇ ਹਾਂ।” ਤੁਸੀਂ ਜੋ ਵੀ ਤਰੀਕਾ ਅਪਣਾਓ, ਸਭ ਤੋਂ ਜ਼ਰੂਰੀ ਇਹ ਹੈ ਕਿ ਤੁਸੀਂ ਮਿਲ ਕੇ ਕੰਮ ਕਰੋ।
ਸੁਝਾਅ: ਇਕ-ਦੂਜੇ ਦੀਆਂ ਖੂਬੀਆਂ ਤੇ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਫ਼ੈਸਲਾ ਕਰੋ ਕਿ ਕੌਣ ਕੀ ਕਰੇਗਾ। ਫਿਰ ਦੋ ਕੁ ਮਹੀਨਿਆਂ ਬਾਅਦ ਦੇਖੋ ਕਿ ਸਭ ਕੁਝ ਕਿੱਦਾਂ ਚੱਲ ਰਿਹਾ ਹੈ। ਜੇ ਲੋੜ ਪਵੇ, ਤਾਂ ਤਬਦੀਲੀਆਂ ਕਰੋ। ਜੇ ਤੁਸੀਂ ਕਦੇ-ਕਦੇ ਆਪਣੇ ਸਾਥੀ ਦੀ ਥਾਂ ਬਿਲ ਭਰੋ ਜਾਂ ਸ਼ਾਪਿੰਗ ਕਰੋ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਉਹ ਕਿੰਨੀ ਮਿਹਨਤ ਕਰਦਾ ਹੈ।
ਪੈਸਿਆਂ ਨਾਲੋਂ ਕੀ ਕੀਮਤੀ ਹੈ?
ਇਹ ਜ਼ਰੂਰੀ ਨਹੀਂ ਕਿ ਪੈਸਿਆਂ ਬਾਰੇ ਗੱਲ ਕਰਨ ਨਾਲ ਇਕ-ਦੂਜੇ ਲਈ ਤੁਹਾਡਾ ਪਿਆਰ ਘੱਟ ਜਾਵੇ। ਲੀਆਹ, ਜਿਸ ਦੇ ਵਿਆਹ ਨੂੰ ਪੰਜ ਸਾਲ ਹੋ ਚੁੱਕੇ ਹਨ, ਇਨ੍ਹਾਂ ਸ਼ਬਦਾਂ ਦੀ ਸੱਚਾਈ ਜਾਣਦੀ ਹੈ। ਉਹ ਕਹਿੰਦੀ ਹੈ: “ਮੈਂ ਤੇ ਮੇਰੇ ਪਤੀ ਨੇ ਪੈਸਿਆਂ ਬਾਰੇ ਖੁੱਲ੍ਹ ਕੇ ਗੱਲ ਕਰਨੀ ਸਿੱਖੀ ਹੈ। ਇਸ ਕਰਕੇ ਅਸੀਂ ਹੁਣ ਮਿਲ ਕੇ ਕੰਮ ਕਰਦੇ ਹਾਂ ਤੇ ਸਾਡਾ ਪਿਆਰ ਹੋਰ ਵੀ ਵਧਿਆ ਹੈ।”
ਜਦ ਪਤੀ-ਪਤਨੀ ਪੈਸੇ ਖ਼ਰਚਣ ਬਾਰੇ ਗੱਲ ਕਰਦੇ ਹਨ, ਤਾਂ ਉਹ ਆਪਣੀਆਂ ਉਮੀਦਾਂ ਤੇ ਸੁਪਨਿਆਂ ਬਾਰੇ ਗੱਲ ਕਰਦੇ ਹਨ ਅਤੇ ਇਹ ਦਿਖਾਉਂਦੇ ਹਨ ਕਿ ਉਹ ਆਪਣੇ ਵਿਆਹ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਜਦ ਉਹ ਕੋਈ ਵੱਡਾ ਖ਼ਰਚਾ ਕਰਨ ਤੋਂ ਪਹਿਲਾਂ ਇਕ-ਦੂਜੇ ਦੀ ਰਾਇ ਲੈਂਦੇ ਹਨ, ਤਾਂ ਉਹ ਦਿਖਾਉਂਦੇ ਹਨ ਕਿ ਉਹ ਇਕ-ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਨ। ਜਦ ਉਹ ਫ਼ੈਸਲਾ ਕਰਦੇ ਹਨ ਕਿ ਇਕ-ਦੂਜੇ ਨੂੰ ਦੱਸਣ ਤੋਂ ਬਿਨਾਂ ਉਹ ਕਿੰਨਾ ਪੈਸਾ ਖ਼ਰਚ ਸਕਦੇ ਹਨ, ਤਾਂ ਉਹ ਆਪਣੇ ਭਰੋਸੇ ਦਾ ਸਬੂਤ ਦਿੰਦੇ ਹਨ। ਇਹੀ ਚੀਜ਼ਾਂ ਪਤੀ-ਪਤਨੀ ਦੇ ਰਿਸ਼ਤੇ ਨੂੰ ਪੱਕਾ ਕਰਦੀਆਂ ਹਨ। ਇਕ ਪੱਕਾ ਰਿਸ਼ਤਾ ਪੈਸਿਆਂ ਨਾਲੋਂ ਕਿਤੇ ਕੀਮਤੀ ਹੈ, ਤਾਂ ਫਿਰ ਪੈਸੇ ਬਾਰੇ ਝਗੜਨ ਦੀ ਕੀ ਲੋੜ? (w09 8/1)
^ ਪੈਰਾ 3 ਅਸਲੀ ਨਾਂ ਨਹੀਂ।
^ ਪੈਰਾ 7 ਬਾਈਬਲ ਦੱਸਦੀ ਹੈ ਕਿ “ਪਤੀ ਪਤਨੀ ਦਾ ਸਿਰ ਹੈ।” ਇਸ ਕਰਕੇ ਪਰਿਵਾਰ ਦੇ ਖ਼ਰਚੇ ਦੀ ਮੁੱਖ ਜ਼ਿੰਮੇਵਾਰੀ ਪਤੀ ਦੇ ਸਿਰ ’ਤੇ ਹੈ। ਇਸ ਦੇ ਨਾਲ-ਨਾਲ ਉਸ ਦਾ ਇਹ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਪਤਨੀ ਨਾਲ ਪਿਆਰ ਨਾਲ ਪੇਸ਼ ਆਵੇ ਤੇ ਖ਼ੁਦਗਰਜ਼ ਨਾ ਬਣੇ।—ਅਫ਼ਸੀਆਂ 5:23, 25.
ਆਪਣੇ ਆਪ ਨੂੰ ਪੁੱਛੋ . . .
-
ਕੀ ਮੈਂ ਕਦੀ ਠੰਢੇ ਦਿਮਾਗ਼ ਨਾਲ ਆਪਣੇ ਸਾਥੀ ਨਾਲ ਪੈਸਿਆਂ ਬਾਰੇ ਗੱਲ ਕੀਤੀ ਹੈ?
-
ਮੈਂ ਕੀ ਕਹਿ ਜਾਂ ਕਰ ਸਕਦਾ ਜਾਂ ਸਕਦੀ ਹਾਂ ਜੋ ਦਿਖਾਵੇਗਾ ਕਿ ਮੈਂ ਘਰ ਦਾ ਖ਼ਰਚਾ ਚਲਾਉਣ ਵਿਚ ਆਪਣੇ ਸਾਥੀ ਦੀ ਕਦਰ ਕਰਦਾ ਜਾਂ ਕਰਦੀ ਹਾਂ?