ਉਹ ਆਦਮੀ ਜਿਸ ਨੇ ਦੁਨੀਆਂ ਬਦਲੀ
ਉਹ ਆਦਮੀ ਜਿਸ ਨੇ ਦੁਨੀਆਂ ਬਦਲੀ
ਧਰਤੀ ਉੱਤੇ ਅਰਬਾਂ ਲੋਕ ਆਏ ਅਤੇ ਚਲੇ ਗਏ। ਜ਼ਿਆਦਾਤਰ ਲੋਕ ਇਤਿਹਾਸ ਦੇ ਪੰਨਿਆਂ ਉੱਤੇ ਕੁਝ ਨਹੀਂ ਲਿਖ ਕੇ ਗਏ। ਪਰ ਕੁਝ ਅਜਿਹੇ ਲੋਕ ਰਹੇ ਹਨ ਜੋ ਸੰਸਾਰ ਉੱਤੇ ਸਿਰਫ਼ ਆਪਣੀ ਛਾਪ ਹੀ ਨਹੀਂ ਛੱਡ ਕੇ ਗਏ, ਸਗੋਂ ਉਨ੍ਹਾਂ ਨੇ ਇਤਿਹਾਸ ਦਾ ਰੁੱਖ ਹੀ ਮੋੜ ਦਿੱਤਾ ਅਤੇ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਉੱਤੇ ਵੀ ਵੱਡਾ ਅਸਰ ਪਾਇਆ ਹੈ।
ਮੰਨ ਲਓ ਕਿ ਤੁਸੀਂ ਸਵੇਰ ਨੂੰ ਉੱਠ ਕੇ ਕੰਮ ਤੇ ਜਾਣ ਲਈ ਤਿਆਰ ਹੁੰਦੇ ਹੋ। ਹਨੇਰਾ ਹੋਣ ਕਰਕੇ ਤੁਹਾਨੂੰ ਬੱਤੀ ਜਗਾਉਣੀ ਪੈਂਦੀ ਹੈ। ਤੁਸੀਂ ਕਿਸੇ ਇਨਫ਼ੈਕਸ਼ਨ ਦੀ ਵਜ੍ਹਾ ਕੋਈ ਦਵਾਈ ਲੈਂਦੇ ਹੋ। ਫਿਰ ਤੁਸੀਂ ਬੱਸ ਵਿਚ ਸਫ਼ਰ ਕਰਦੇ ਹੋਏ ਅਖ਼ਬਾਰ ਪੜ੍ਹਦੇ ਹੋ। ਤੁਹਾਡਾ ਦਿਨ ਹਾਲੇ ਸ਼ੁਰੂ ਹੀ ਹੋਇਆ ਹੈ ਕਿ ਕੁਝ ਮੰਨੇ-ਪ੍ਰਮੰਨੇ ਆਦਮੀਆਂ ਦਾ ਅਸਰ ਤੁਹਾਡੀ ਜ਼ਿੰਦਗੀ ਉੱਤੇ ਪੈ ਚੁੱਕਾ ਹੈ।
ਮਾਈਕਲ ਫੈਰਾਡੇ: ਇੰਗਲੈਂਡ ਦਾ ਇਹ ਵਿਗਿਆਨੀ 1791 ਈਸਵੀ ਵਿਚ ਪੈਦਾ ਹੋਇਆ ਸੀ। ਉਸ ਨੇ ਇਲੈਕਟ੍ਰਿਕ ਮੋਟਰ ਅਤੇ ਜੈਨਰੇਟਰ ਦੀ ਕਾਢ ਕੱਢੀ ਸੀ। ਉਸ ਦੀਆਂ ਕਾਢਾਂ ਕਰਕੇ ਲੋਕਾਂ ਲਈ ਬਿਜਲੀ ਦਾ ਇੰਤਜ਼ਾਮ ਹੋ ਸਕਿਆ।
ਟਸੀ ਲੂਨ: ਮੰਨਿਆ ਜਾਂਦਾ ਹੈ ਕਿ 105 ਈਸਵੀ ਵਿਚ ਚੀਨ ਦੇ ਸ਼ਾਹੀ ਦਰਬਾਰ ਵਿਚ ਸੇਵਾ ਕਰਨ ਵਾਲੇ ਟਸੀ ਲੂਨ ਨਾਂ ਦੇ ਇਕ ਬੰਦੇ ਨੇ ਕਾਗਜ਼ ਬਣਾਉਣ ਦਾ ਤਰੀਕਾ ਲੱਭਿਆ ਸੀ। ਇਸ ਕਰਕੇ ਵੱਡੇ ਪੈਮਾਨੇ ਤੇ ਕਾਗਜ਼ ਬਣਾਇਆ ਜਾਣ ਲੱਗਾ।
ਯੋਹਾਨਸ ਗੁਟਨਬਰਗ: ਲਗਭਗ 1450 ਈਸਵੀ ਵਿਚ ਜਰਮਨੀ ਦੇ ਇਸ ਆਦਮੀ ਨੇ ਪਹਿਲੀ ਪ੍ਰਿੰਟਿੰਗ ਪ੍ਰੈੱਸ ਬਣਾਈ ਜਿਸ ਦੇ ਟਾਈਪ ਸੌਖਿਆਂ ਹੀ ਬਦਲੇ ਜਾ ਸਕਦੇ ਸਨ। ਇਸ ਪ੍ਰੈੱਸ ਦੀ ਬਦੌਲਤ ਛਪਾਈ ਦਾ ਖ਼ਰਚਾ ਘੱਟ ਗਿਆ ਅਤੇ ਬਹੁਤ ਸਾਰੇ ਵਿਸ਼ਿਆਂ ’ਤੇ ਜਾਣਕਾਰੀ ਛਾਪੀ ਅਤੇ ਵੰਡੀ ਜਾ ਸਕਦੀ ਸੀ।
ਐਲੇਗਜ਼ੈਂਡਰ ਫਲੇਮਿੰਗ: 1928 ਵਿਚ ਸਕਾਟਲੈਂਡ ਦੇ ਇਸ ਖੋਜਕਾਰ ਨੇ ਰੋਗਾਣੂਆਂ ਨੂੰ ਵਧਣ ਤੋਂ ਰੋਕਣ ਵਾਲੀ ਐਂਟੀਬਾਇਓਟਿਕਸ ਦਵਾਈ ਦੀ ਖੋਜ ਕੀਤੀ ਜਿਸ ਦਾ ਨਾਂ ਉਸ ਨੇ ਪੈਨਸਲੀਨ ਰੱਖਿਆ। ਅੱਜ ਵੀ ਇਨਫ਼ੈਕਸ਼ਨ ਦਾ ਇਲਾਜ ਕਰਨ ਲਈ ਐਂਟੀਬਾਇਓਟਿਕਸ ਆਮ ਤੌਰ ਤੇ ਵਰਤੇ ਜਾਂਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਆਦਮੀਆਂ ਦੀਆਂ ਖੋਜਾਂ ਅਤੇ ਕਾਢਾਂ ਨੇ ਲੱਖਾਂ ਹੀ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਇਆ ਹੈ ਜਾਂ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਕੀਤਾ ਹੈ।
ਲੇਕਿਨ ਇਕ ਆਦਮੀ ਹੈ ਜੋ ਦੂਸਰਿਆਂ ਨਾਲੋਂ ਕਿਤੇ ਅੱਗੇ ਨਿਕਲ ਗਿਆ ਹੈ। ਉਹ ਕੋਈ ਵਿਗਿਆਨੀ ਜਾਂ ਡਾਕਟਰ ਨਹੀਂ ਸੀ, ਸਗੋਂ ਗ਼ਰੀਬ ਘਰ ਵਿਚ ਪਲਿਆ ਸੀ। ਭਾਵੇਂ ਉਸ ਦੀ ਮੌਤ ਤਕਰੀਬਨ 2,000 ਸਾਲ ਪਹਿਲਾਂ ਹੋਈ ਸੀ, ਉਹ ਦੁਨੀਆਂ ਲਈ ਉਮੀਦ ਅਤੇ ਦਿਲਾਸਾ ਭਰਿਆ ਸੰਦੇਸ਼ ਛੱਡ ਗਿਆ ਹੈ। ਇਸ ਸੰਦੇਸ਼ ਦਾ ਸੰਸਾਰ ਭਰ ਦੇ ਲੋਕਾਂ ਉੱਤੇ ਇੰਨਾ ਅਸਰ ਪਿਆ ਹੈ ਕਿ ਕਈ ਮੰਨਦੇ ਹਨ ਕਿ ਇਹ ਉਹੀ ਆਦਮੀ ਹੈ ਜਿਸ ਨੇ ਵਾਕਿਆ ਦੁਨੀਆਂ ਨੂੰ ਬਦਲਿਆ ਹੈ।
ਇਹ ਆਦਮੀ ਯਿਸੂ ਮਸੀਹ ਸੀ। ਉਸ ਦਾ ਸੰਦੇਸ਼ ਕੀ ਸੀ ਅਤੇ ਇਸ ਸੰਦੇਸ਼ ਦਾ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ? (w10-E 04/01)