ਕੀ ਤੁਸੀਂ ਰੱਬ ਨੂੰ ਉਸ ਦੇ ਨਾਂ ਤੋਂ ਜਾਣਦੇ ਹੋ?
ਵੱਡੇ-ਵੱਡੇ ਅਹੁਦਿਆਂ ਵਾਲੇ ਲੋਕਾਂ ਨੂੰ ਖ਼ਿਤਾਬ ਦਿੱਤੇ ਜਾਂਦੇ ਹਨ, ਜਿਵੇਂ ਉਨ੍ਹਾਂ ਨੂੰ “ਪ੍ਰਧਾਨ-ਮੰਤਰੀ ਜੀ,” “ਮਹਾਰਾਜ,” ਜਾਂ “ਹਜ਼ੂਰ” ਕਹਿ ਕੇ ਬੁਲਾਇਆ ਜਾਂਦਾ ਹੈ। ਕਈ ਦੇਸ਼ਾਂ ਵਿਚ ਕਿਸੇ ਮਸ਼ਹੂਰ ਵਿਅਕਤੀ ਨੂੰ ਉਸ ਦਾ ਨਾਂ ਲੈ ਕੇ ਬੁਲਾਉਣਾ ਬੜੇ ਹੀ ਮਾਣ ਦੀ ਗੱਲ ਸਮਝੀ ਜਾਂਦੀ ਹੈ। ਜੇ ਤੁਹਾਨੂੰ ਕੋਈ ਵੱਡਾ ਵਿਅਕਤੀ ਕਹੇ ਕਿ “ਤੁਸੀਂ ਮੈਨੂੰ ਮੇਰਾ ਨਾਂ ਲੈ ਕੇ ਬੁਲਾਓ,” ਤਾਂ ਤੁਸੀਂ ਇਸ ਨੂੰ ਵੱਡਾ ਸਨਮਾਨ ਸਮਝੋਗੇ।
ਪਰਮੇਸ਼ੁਰ ਨੇ ਆਪਣੇ ਬਚਨ, ਬਾਈਬਲ, ਵਿਚ ਸਾਨੂੰ ਦੱਸਿਆ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।” (ਯਸਾਯਾਹ 42:8) ਭਾਵੇਂ ਕਿ ਯਹੋਵਾਹ ਦੇ ਬਹੁਤ ਸਾਰੇ ਖ਼ਿਤਾਬ ਹਨ ਜਿਵੇਂ ਕਿ “ਕਰਤਾਰ,” “ਸਰਬਸ਼ਕਤੀਮਾਨ” ਅਤੇ “ਪ੍ਰਭੂ,” ਪਰ ਉਸ ਨੇ ਆਪਣੇ ਸੇਵਕਾਂ ਨੂੰ ਉਸ ਦਾ ਨਾਂ ਲੈਣ ਦਾ ਮਾਣ ਬਖ਼ਸ਼ਿਆ ਹੈ।
ਮਿਸਾਲ ਲਈ, ਯਰੂਸ਼ਲਮ ਦੇ ਮੰਦਰ ਦੇ ਉਦਘਾਟਨ ਵੇਲੇ ਰਾਜਾ ਸੁਲੇਮਾਨ ਨੇ ਆਪਣੀ ਪ੍ਰਾਰਥਨਾ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕੀਤੀ ਸੀ: “ਹੇ ਯਹੋਵਾਹ।” (1 ਰਾਜਿਆਂ 8:22, 23) ਏਲੀਯਾਹ ਨਬੀ ਨੇ ਵੀ ਪਰਮੇਸ਼ੁਰ ਅੱਗੇ ਦੁਆ ਕਰਦੇ ਹੋਏ ਕਿਹਾ: “ਹੇ ਯਹੋਵਾਹ, ਮੇਰੀ ਸੁਣ।” (1 ਰਾਜਿਆਂ 18:37) ਯਸਾਯਾਹ ਨੇ ਸਾਰੀ ਇਸਰਾਏਲੀ ਕੌਮ ਦੇ ਵੱਲੋਂ ਪਰਮੇਸ਼ੁਰ ਨੂੰ ਕਿਹਾ: “ਤੂੰ ਯਹੋਵਾਹ ਸਾਡਾ ਪਿਤਾ ਹੈਂ।” (ਯਸਾਯਾਹ 63:16) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਲਈਏ।
ਇਹ ਸੱਚ ਹੈ ਕਿ ਯਹੋਵਾਹ ਦਾ ਨਾਂ ਲੈਣਾ ਜ਼ਰੂਰੀ ਹੈ, ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਜਾਣੀਏ। ਜਿਹੜਾ ਇਨਸਾਨ ਉਸ ਨੂੰ ਪਿਆਰ ਕਰਦਾ ਅਤੇ ਉਸ ’ਤੇ ਭਰੋਸਾ ਰੱਖਦਾ ਹੈ, ਯਹੋਵਾਹ ਉਸ ਨਾਲ ਵਾਅਦਾ ਕਰਦਾ ਹੈ: “ਉਸ ਨੇ ਮੇਰੇ ਨਾਂ ਨੂੰ ਜਾਣਿਆ ਹੈ, ਇਸ ਲਈ ਮੈਂ ਉਸ ਦੀ ਰਖਿਆ ਕਰਾਂਗਾ।” (ਭਜਨ 91:14, CL) ਪਰਮੇਸ਼ੁਰ ਦਾ ਨਾਂ ਜਾਣਨ ਵਿਚ ਬਹੁਤ ਕੁਝ ਸ਼ਾਮਲ ਹੈ ਅਤੇ ਜੇ ਅਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਾਂਗੇ, ਤਾਂ ਹੀ ਉਹ ਸਾਡੀ ਰਾਖੀ ਕਰੇਗਾ। ਤਾਂ ਫਿਰ ਪਰਮੇਸ਼ੁਰ ਨੂੰ ਉਸ ਦੇ ਨਾਂ ਤੋਂ ਜਾਣਨ ਦਾ ਕੀ ਮਤਲਬ ਹੈ? (w10-E 07/01)