Skip to content

Skip to table of contents

ਲੋਕ ਬੁਰੇ ਕੰਮ ਕਿਉਂ ਕਰਦੇ ਹਨ?

ਲੋਕ ਬੁਰੇ ਕੰਮ ਕਿਉਂ ਕਰਦੇ ਹਨ?

ਲੋਕ ਬੁਰੇ ਕੰਮ ਕਿਉਂ ਕਰਦੇ ਹਨ?

ਜ਼ਿਆਦਾਤਰ ਲੋਕ ਇਸ ਗੱਲ ਨਾਲ ਸਹਿਮਤ ਹਨ: ਅਸੀਂ ਸਾਰੇ ਪਾਪੀ ਹਾਂ ਅਤੇ ਇਸ ਲਈ ਗ਼ਲਤੀਆਂ ਕਰ ਕੇ ਪਛਤਾਉਂਦੇ ਹਾਂ। ਤਾਂ ਫਿਰ ਕੀ ਇਸ ਕਰਕੇ ਦੁਨੀਆਂ ਵਿਚ ਇੰਨੇ ਬੁਰੇ ਕੰਮ ਹੁੰਦੇ ਹਨ ਚਾਹੇ ਵੱਡੇ ਹੋਣ ਜਾਂ ਛੋਟੇ? ਤਕਰੀਬਨ ਹਰ ਰੋਜ਼ ਅਸੀਂ ਖ਼ਬਰਾਂ ਵਿਚ ਬੁਰੀਆਂ ਗੱਲਾਂ ਸੁਣਦੇ ਜਾਂ ਆਪਣੀ ਅੱਖੀਂ ਦੇਖਦੇ ਹਾਂ।

ਭਾਵੇਂ ਅਸੀਂ ਗ਼ਲਤੀਆਂ ਦੇ ਪੁਤਲੇ ਹਾਂ, ਫਿਰ ਵੀ ਲੋਕ ਆਮ ਕਰਕੇ ਮੰਨਦੇ ਹਨ ਕਿ ਅਜਿਹੇ ਵੀ ਕੰਮ ਹਨ ਜੋ ਨਹੀਂ ਕੀਤੇ ਜਾਣੇ ਚਾਹੀਦੇ ਅਤੇ ਜੇ ਇਨਸਾਨ ਕੋਸ਼ਿਸ਼ ਕਰਨ, ਤਾਂ ਉਹ ਬੁਰੇ ਕੰਮ ਕਰਨ ਤੋਂ ਰੁਕ ਸਕਦੇ ਹਨ। ਲੋਕ ਇਹ ਵੀ ਮੰਨਦੇ ਹਨ ਕਿ ਗ਼ਲਤੀ ਨਾਲ ਜਾਂ ਜਾਣ-ਬੁੱਝ ਕੇ ਕੋਈ ਕੰਮ ਕਰਨ ਵਿਚ ਫ਼ਰਕ ਹੈ। ਮਿਸਾਲ ਲਈ, ਅਸੀਂ ਗ਼ਲਤੀ ਨਾਲ ਕੁਝ ਕਹਿ ਸਕਦੇ ਹਾਂ ਜੋ ਸਹੀ ਨਹੀਂ ਹੈ ਜਾਂ ਸਰਾਸਰ ਝੂਠ ਬੋਲ ਸਕਦੇ ਹਾਂ। ਸਾਡੇ ਕੋਲੋਂ ਅਣਜਾਣੇ ਵਿਚ ਕਿਸੇ ਦਾ ਐਕਸੀਡੈਂਟ ਹੋ ਸਕਦਾ ਹੈ ਜਾਂ ਅਸੀਂ ਜਾਣ-ਬੁੱਝ ਕੇ ਕਿਸੇ ਦੀ ਜਾਨ ਲੈ ਸਕਦੇ ਹਾਂ। ਫਿਰ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਗੁਆਂਢ ਵਿਚ ਆਮ ਲੋਕ ਭੈੜੇ ਕੰਮ ਕਰਦੇ ਹਨ। ਸੋ ਸਵਾਲ ਪੈਦਾ ਹੁੰਦਾ ਹੈ ਕਿ ਲੋਕ ਇੰਨੇ ਬੁਰੇ ਕੰਮ ਕਿਉਂ ਕਰਦੇ ਹਨ?

ਬਾਈਬਲ ਇਸ ਸਵਾਲ ਦਾ ਜਵਾਬ ਦਿੰਦੀ ਹੈ। ਇਹ ਸਾਨੂੰ ਖ਼ਾਸ ਕਾਰਨ ਦੱਸਦੀ ਹੈ ਕਿ ਲੋਕ ਉਹ ਕੰਮ ਕਿਉਂ ਕਰਦੇ ਹਨ ਜੋ ਉਨ੍ਹਾਂ ਨੂੰ ਪਤਾ ਹੈ ਬੁਰੇ ਹਨ। ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਕੀ ਲਿਖਿਆ ਹੈ।

“ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ।”ਉਪਦੇਸ਼ਕ ਦੀ ਪੋਥੀ 7:7.

ਬਾਈਬਲ ਕਬੂਲ ਕਰਦੀ ਹੈ ਕਿ ਕਦੀ-ਕਦੀ ਲੋਕ ਆਪਣੇ ਹਾਲਾਤਾਂ ਕਰਕੇ ਉਹ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ ਜੋ ਆਮ ਕਰਕੇ ਉਹ ਨਹੀਂ ਕਰਨਾ ਚਾਹੁੰਦੇ। ਕਈ ਸ਼ਾਇਦ ਮੁਸੀਬਤਾਂ ਅਤੇ ਬੇਇਨਸਾਫ਼ੀਆਂ ਦਾ ਹੱਲ ਲਿਆਉਣ ਲਈ ਜੁਰਮ ਕਰਨ। ਆਤੰਕਵਾਦ ਬਾਰੇ ਇਕ ਕਿਤਾਬ ਕਹਿੰਦੀ ਹੈ: “ਕਈ ਵਾਰ ਕੋਈ ਬੰਦਾ ਆਤੰਕਵਾਦੀ ਉਦੋਂ ਬਣਦਾ ਹੈ ਜਦ ਉਹ ਸਿਆਸੀ, ਸਮਾਜਕ ਅਤੇ ਮਾਲੀ ਹਾਲਤ ਕਰਕੇ ਦਿਲੋਂ ਨਿਰਾਸ਼ ਹੁੰਦਾ ਹੈ ਅਤੇ ਉਸ ਨੂੰ ਹੋਰ ਕੋਈ ਚਾਰਾ ਨਹੀਂ ਦਿੱਸਦਾ।”

“ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ।”1 ਤਿਮੋਥਿਉਸ 6:10.

ਪੁਰਾਣੀ ਕਹਾਵਤ ਹੈ ਕਿ ਹਰ ਆਦਮੀ ਖ਼ਰੀਦਿਆ ਜਾ ਸਕਦਾ ਹੈ। ਕਹਿਣ ਦਾ ਭਾਵ ਹੈ ਕਿ ਚੰਗੇ ਲੋਕ ਵੀ ਪੈਸੇ ਦੀ ਲਾਲਚ ਵਿਚ ਆ ਕੇ ਸ਼ਰਾਫ਼ਤ ਤੇ ਨੇਕੀ ਛਿੱਕੇ ਉੱਤੇ ਟੰਗ ਦਿੰਦੇ ਹਨ। ਨਰਮ ਸੁਭਾਅ ਦੇ ਲੋਕ ਵੀ ਪੈਸਿਆਂ ਦੇ ਭੁੱਸ ਵਿਚ ਆ ਕੇ ਰਾਖ਼ਸ਼ ਬਣ ਜਾਂਦੇ ਹਨ। ਉਨ੍ਹਾਂ ਜੁਰਮਾਂ ਬਾਰੇ ਸੋਚੋ ਜਿਨ੍ਹਾਂ ਦੀ ਜੜ੍ਹ ਲਾਲਚ ਹੈ ਜਿਵੇਂ ਕਿ ਬਲੈਕਮੇਲ, ਲੁੱਟ-ਖਸੁੱਟ, ਧੋਖੇਬਾਜ਼ੀ, ਅਗਵਾ ਕਰਨਾ ਅਤੇ ਖ਼ੂਨ।

▪ “ਲੋਕ ਅਪਰਾਧ ਲਗਾਤਾਰ ਕਰਦੇ ਰਹਿੰਦੇ ਹਨ, ਕਿਉਂਕਿ ਅਪਰਾਧੀ ਨੂੰ ਲੋੜੀਂਦੀ ਸਜ਼ਾ ਨਹੀਂ ਦਿੱਤੀ ਜਾਂਦੀ ਹੈ।”ਉਪਦੇਸ਼ਕ 8:11, CL.

ਇਸ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਲੋਕ ਕਿੱਦਾਂ ਸੋਚਦੇ ਹਨ। ਉਨ੍ਹਾਂ ਦੇ ਭਾਣੇ ਜੇ ਕੋਈ ਨਾ ਦੇਖ ਰਿਹਾ ਹੋਵੇ, ਤਾਂ ਉਹ ਕੁਝ ਵੀ ਕਰ ਸਕਦੇ ਹਨ। ਇਸੇ ਕਰਕੇ ਲੋਕ ਤੇਜ਼ੀ ਨਾਲ ਗੱਡੀ ਚਲਾਉਂਦੇ ਹਨ, ਇਮਤਿਹਾਨਾਂ ਵਿਚ ਨਕਲ ਕਰਦੇ ਹਨ, ਸਰਕਾਰੀ ਪੈਸਿਆਂ ਦਾ ਘੋਟਾਲਾ ਕਰਦੇ ਹਨ ਅਤੇ ਇਸ ਤੋਂ ਵੀ ਵੱਧ। ਜਦ ਕਾਨੂੰਨ ਤੋੜਨ ਦੀ ਕੋਈ ਸਜ਼ਾ ਨਹੀਂ ਹੁੰਦੀ ਜਾਂ ਫੜੇ ਜਾਣ ਦਾ ਕੋਈ ਡਰ ਨਹੀਂ ਹੁੰਦਾ, ਤਾਂ ਈਮਾਨਦਾਰ ਲੋਕ ਵੀ ਕਾਨੂੰਨ ਤੋੜਨ ਦੀ ਹਿੰਮਤ ਕਰਦੇ ਹਨ। ਇਕ ਮੈਗਜ਼ੀਨ ਦਾ ਕਹਿਣਾ ਹੈ ਕਿ “ਜਦ ਅਪਰਾਧੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ, ਤਾਂ ਆਮ ਲੋਕ ਵੀ ਬੁਰੇ ਤੋਂ ਬੁਰਾ ਕੰਮ ਕਰਨ ਤੋਂ ਹਿਚਕਿਚਾਉਂਦੇ ਨਹੀਂ।”

“ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ।”ਯਾਕੂਬ 1:14, 15.

ਸਾਰੇ ਇਨਸਾਨਾਂ ਦੇ ਮਨਾਂ ਵਿਚ ਗ਼ਲਤ ਵਿਚਾਰ ਆ ਸਕਦੇ ਹਨ। ਹਰ ਰੋਜ਼ ਸਾਨੂੰ ਗ਼ਲਤ ਕੰਮ ਕਰਨ ਲਈ ਪਰਤਾਇਆ ਅਤੇ ਉਕਸਾਇਆ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿਚ ਮਸੀਹੀਆਂ ਨੂੰ ਦੱਸਿਆ ਗਿਆ ਸੀ: “ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ।” (1 ਕੁਰਿੰਥੀਆਂ 10:13) ਫਿਰ ਵੀ ਫ਼ੈਸਲਾ ਸਾਡਾ ਹੈ ਕਿ ਅਸੀਂ ਆਪਣੇ ਮਨ ਵਿਚ ਬੁਰੀ ਸੋਚ ਬਿਠਾਉਣੀ ਹੈ ਜਾਂ ਨਹੀਂ। ਉੱਪਰ ਦਿੱਤੀ ਬਾਈਬਲ ਦੀ ਆਇਤ ਸਾਨੂੰ ਖ਼ਬਰਦਾਰ ਕਰਦੀ ਹੈ ਕਿ ਬੁਰੀ ਸੋਚ ਬੁਰੇ ਕੰਮਾਂ ਵੱਲ ਲੈ ਜਾਂਦੀ ਹੈ।

“ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”ਕਹਾਉਤਾਂ 13:20.

ਸਾਡੇ ਸਾਥੀ ਸਾਡੇ ’ਤੇ ਚੰਗਾ ਜਾਂ ਮਾੜਾ ਅਸਰ ਪਾ ਸਕਦੇ ਹਨ। ਕਈ ਵਾਰ ਲੋਕ ਉਹ ਕੰਮ ਕਰ ਬੈਠਦੇ ਹਨ ਜੋ ਉਨ੍ਹਾਂ ਨੇ ਸੋਚੇ ਵੀ ਨਹੀਂ ਹੁੰਦੇ। ਕਿਉਂ? ਕਿਉਂਕਿ ਉਹ ਮਾੜੀ ਸੰਗਤ ਵਿਚ ਪੈ ਜਾਂਦੇ ਹਨ ਅਤੇ ਇਸ ਦੇ ਬੁਰੇ ਨਤੀਜੇ ਨਿਕਲਦੇ ਹਨ। ਬਾਈਬਲ ਵਿਚ “ਮੂਰਖਾਂ” ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਅਕਲ ਦੀ ਘਾਟ ਹੈ, ਪਰ ਇਹ ਉਹ ਲੋਕ ਹਨ ਜੋ ਪਰਮੇਸ਼ੁਰ ਦੇ ਬਚਨ ਦੀ ਸਲਾਹ ਨੂੰ ਨਹੀਂ ਮੰਨਦੇ। ਨਿਆਣੇ ਜਾਂ ਸਿਆਣੇ ਜੇ ਅਸੀਂ ਆਪਣੇ ਲਈ ਬਾਈਬਲ ਦੇ ਅਸੂਲਾਂ ਮੁਤਾਬਕ ਚੰਗੇ ਦੋਸਤ-ਮਿੱਤਰ ਨਹੀਂ ਚੁਣਦੇ, ਤਾਂ ਸਾਨੂੰ ਜ਼ਰੂਰ “ਦੁਖ ਹੋਵੇਗਾ।”

ਬਾਈਬਲ ਦੀਆਂ ਇਹ ਅਤੇ ਹੋਰ ਆਇਤਾਂ ਸਮਝਾਉਂਦੀਆਂ ਹਨ ਕਿ ਲੋਕ, ਆਮ ਲੋਕ ਵੀ, ਬੁਰੇ ਜਾਂ ਦਿਲ ਦਹਿਲਾਉਣ ਵਾਲੇ ਕੰਮ ਕਿਉਂ ਕਰਦੇ ਹਨ। ਭਾਵੇਂ ਇਸ ਲੇਖ ਵਿਚ ਅਸੀਂ ਦੇਖਿਆ ਹੈ ਕਿ ਲੋਕ ਕਿਉਂ ਬੁਰੇ ਕੰਮ ਕਰਦੇ ਹਨ, ਪਰ ਕੀ ਕੋਈ ਉਮੀਦ ਹੈ ਕਿ ਹਾਲਾਤ ਬਦਲਣਗੇ? ਹਾਂ, ਕਿਉਂਕਿ ਬਾਈਬਲ ਸਿਰਫ਼ ਇਹ ਨਹੀਂ ਦੱਸਦੀ ਕਿ ਲੋਕ ਭੈੜੇ ਕੰਮ ਕਿਉਂ ਕਰਦੇ ਹਨ, ਪਰ ਇਹ ਵੀ ਵਾਅਦਾ ਕਰਦੀ ਹੈ ਕਿ ਬੁਰਾਈ ਦਾ ਖ਼ਾਤਮਾ ਕੀਤਾ ਜਾਵੇਗਾ। ਇਹ ਵਾਅਦੇ ਕਿਹੜੇ ਹਨ? ਕੀ ਦੁਨੀਆਂ ਵਿੱਚੋਂ ਬੁਰੇ ਕੰਮਾਂ ਦਾ ਸੱਚ-ਮੁੱਚ ਖ਼ਾਤਮਾ ਹੋਵੇਗਾ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। (w10-E 09/01)