Skip to content

Skip to table of contents

ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ”

ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ”

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ”

ਸਾਡੇ ਕਲੰਡਰ ਮੁਤਾਬਕ ਮਈ ਜਾਂ ਜੂਨ ਦਾ ਮਹੀਨਾ ਸੀ ਅਤੇ ਗਰਮੀਆਂ ਦਾ ਮੌਸਮ ਸੀ। ਕਣਕ ਪੱਕ ਗਈ ਸੀ ਅਤੇ ਫ਼ਸਲ ਵਾਢੀ ਲਈ ਤਿਆਰ ਸੀ। ਸਮੂਏਲ ਨੇ ਇਕ ਨਬੀ ਅਤੇ ਨਿਆਈ ਵਜੋਂ ਬਹੁਤ ਸਾਲਾਂ ਤਕ ਕੌਮ ਦੀ ਸੇਵਾ ਕੀਤੀ ਅਤੇ ਉਸ ਨੇ ਇਕ ਦਿਨ ਸਾਰੀ ਕੌਮ ਨੂੰ ਗਿਲਗਾਲ ਨਾਂ ਦੇ ਇਲਾਕੇ ਵਿਚ ਬੁਲਾਇਆ। ਉਸ ਨੇ ਲੋਕਾਂ ਵੱਲ ਦੇਖਿਆ। ਸਾਰੇ ਪਾਸੇ ਖ਼ਾਮੋਸ਼ੀ ਛਾਈ ਹੋਈ ਸੀ। ਸਮੂਏਲ ਉਨ੍ਹਾਂ ਦੇ ਪੱਥਰ ਦਿਲਾਂ ਨੂੰ ਕਿਵੇਂ ਛੋਹ ਸਕਦਾ ਸੀ?

ਲੋਕਾਂ ਨੂੰ ਇਹ ਗੱਲ ਬਿਲਕੁਲ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਹਾਲਤ ਕਿੰਨੀ ਮਾੜੀ ਸੀ। ਉਨ੍ਹਾਂ ਨੇ ਜ਼ਿੱਦ ਕੀਤੀ ਕਿ ਉਨ੍ਹਾਂ ਉੱਤੇ ਰਾਜ ਕਰਨ ਲਈ ਇਕ ਰਾਜਾ ਹੋਵੇ। ਉਹ ਨਹੀਂ ਸਮਝਦੇ ਸਨ ਕਿ ਇਹ ਕਹਿ ਕੇ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਨਬੀ ਦਾ ਕਿੰਨਾ ਅਪਮਾਨ ਕੀਤਾ। ਇਕ ਤਰ੍ਹਾਂ ਨਾਲ ਉਨ੍ਹਾਂ ਨੇ ਯਹੋਵਾਹ ਨੂੰ ਆਪਣੇ ਰਾਜੇ ਵਜੋਂ ਰੱਦ ਕਰ ਦਿੱਤਾ। ਸਮੂਏਲ ਉਨ੍ਹਾਂ ਨੂੰ ਆਪਣੀ ਗ਼ਲਤੀ ਤੋਂ ਤੋਬਾ ਕਰਨ ਲਈ ਕਿਵੇਂ ਮਨਾ ਸਕਦਾ ਸੀ?

ਸਮੂਏਲ ਬੋਲਿਆ ਅਤੇ ਉਸ ਨੇ ਲੋਕਾਂ ਨੂੰ ਦੱਸਿਆ: “ਮੈਂ ਹੁਣ ਬੁੱਢਾ ਹਾਂ।” ਬਜ਼ੁਰਗ ਹੋਣ ਕਰਕੇ ਉਸ ਦੀਆਂ ਗੱਲਾਂ ਵਿਚ ਬੜਾ ਦਮ ਸੀ। ਉਸ ਨੇ ਫਿਰ ਕਿਹਾ: “ਮੈਂ ਨਿਆਣਪੁਣੇ ਤੋਂ ਅੱਜ ਤੋੜੀ ਤੁਹਾਡੇ ਅੱਗੇ ਅੱਗੇ ਚੱਲਦਾ ਰਿਹਾ।” (1 ਸਮੂਏਲ 11:14, 15; 12:2) ਭਾਵੇਂ ਕਿ ਸਮੂਏਲ ਬੁੱਢਾ ਸੀ, ਪਰ ਉਹ ਆਪਣੇ ਬਚਪਨ ਨੂੰ ਨਹੀਂ ਭੁੱਲਿਆ। ਅਜੇ ਵੀ ਬਚਪਨ ਦੀਆਂ ਯਾਦਾਂ ਉਸ ਦੇ ਮਨ ਵਿਚ ਤਾਜ਼ਾ ਸਨ। ਬਚਪਨ ਤੋਂ ਹੀ ਕੀਤੇ ਸਹੀ ਫ਼ੈਸਲਿਆਂ ਕਰਕੇ ਉਹ ਹੁਣ ਤਕ ਨਿਹਚਾ ਨਾਲ ਚੱਲਦਾ ਆਇਆ ਸੀ ਅਤੇ ਉਸ ਨੇ ਪੂਰੀ ਜ਼ਿੰਦਗੀ ਆਪਣੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਵਿਚ ਲਾ ਦਿੱਤੀ।

ਵਾਰ-ਵਾਰ ਸਮੂਏਲ ਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਕਰਨਾ ਪਿਆ ਕਿਉਂਕਿ ਉਸ ਸਮੇਂ ਲੋਕ ਬੇਈਮਾਨ ਅਤੇ ਬੇਵਫ਼ਾ ਸਨ। ਅੱਜ ਵੀ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਈ ਰੱਖਣਾ ਔਖਾ ਹੈ ਕਿਉਂਕਿ ਅਸੀਂ ਵੀ ਬੇਈਮਾਨ ਅਤੇ ਭੈੜੀ ਦੁਨੀਆਂ ਵਿਚ ਰਹਿ ਰਹੇ ਹਾਂ। ਆਓ ਦੇਖੀਏ ਕਿ ਅਸੀਂ ਸਮੂਏਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ। ਜ਼ਰਾ ਉਸ ਦੇ ਬਚਪਨ ਵੱਲ ਗੌਰ ਕਰੋ।

‘ਸਮੂਏਲ ਜੋ ਮੁੰਡਾ ਸੀ ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ’

ਸਮੂਏਲ ਦਾ ਬਚਪਨ ਦੂਸਰੇ ਬੱਚਿਆਂ ਨਾਲੋਂ ਕਾਫ਼ੀ ਵੱਖਰਾ ਸੀ। ਜਦ ਉਸ ਦਾ ਦੁੱਧ ਛੁਡਾਇਆ ਗਿਆ, ਤਾਂ ਉਹ ਚਾਰ ਜਾਂ ਪੰਜ ਸਾਲਾਂ ਦਾ ਸੀ। ਉਸ ਵੇਲੇ ਤੋਂ ਉਹ ਸ਼ੀਲੋਹ ਵਿਚ ਯਹੋਵਾਹ ਦੇ ਡੇਹਰੇ ਵਿਚ ਸੇਵਾ ਕਰਨ ਲੱਗ ਪਿਆ ਜੋ ਰਾਮਾਹ ਵਿਚ ਉਸ ਦੇ ਘਰ ਤੋਂ 30 ਕਿਲੋਮੀਟਰ ਦੂਰ ਸੀ। ਸਮੂਏਲ ਦੇ ਮਾਂ-ਬਾਪ ਅਲਕਾਨਾਹ ਅਤੇ ਹੰਨਾਹ ਨੇ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਦੇ ਦਿੱਤਾ ਅਤੇ ਉਹ ਉਮਰ ਭਰ ਨਜ਼ੀਰ ਬਣਿਆ ਰਿਹਾ। * ਕੀ ਇਸ ਦਾ ਮਤਲਬ ਇਹ ਸੀ ਕਿ ਉਸ ਦੇ ਮਾਪੇ ਉਸ ਨੂੰ ਪਿਆਰ ਨਹੀਂ ਕਰਦੇ ਸਨ?

ਬਿਲਕੁਲ ਨਹੀਂ! ਉਹ ਜਾਣਦੇ ਸਨ ਕਿ ਉਨ੍ਹਾਂ ਦੇ ਬੇਟੇ ਦੀ ਸ਼ੀਲੋਹ ਵਿਚ ਦੇਖ-ਭਾਲ ਕੀਤੀ ਜਾਵੇਗੀ। ਪ੍ਰਧਾਨ ਜਾਜਕ ਏਲੀ ਨੇ ਵੀ ਸਮੂਏਲ ਦਾ ਜ਼ਰੂਰ ਖ਼ਿਆਲ ਰੱਖਿਆ ਹੋਣਾ ਕਿਉਂਕਿ ਉਹ ਇਕੱਠੇ ਡੇਹਰੇ ਵਿਚ ਸੇਵਾ ਕਰਦੇ ਸਨ। ਨਾਲੇ ਡੇਹਰੇ ਵਿਚ ਕਈ ਤੀਵੀਆਂ ਸੇਵਾ ਕਰਦੀਆਂ ਸਨ ਜੋ ਸਮੂਏਲ ਦਾ ਧਿਆਨ ਰੱਖਦੀਆਂ ਹੋਣਗੀਆਂ।—ਕੂਚ 38:8.

ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਹੰਨਾਹ ਅਤੇ ਅਲਕਾਨਾਹ ਆਪਣੇ ਜੇਠੇ ਤੇ ਲਾਡਲੇ ਬੇਟੇ ਨੂੰ ਕਦੇ ਨਹੀਂ ਭੁੱਲੇ ਕਿਉਂਕਿ ਉਨ੍ਹਾਂ ਨੂੰ ਆਪਣਾ ਬੇਟਾ ਪਰਮੇਸ਼ੁਰ ਦੀ ਬਦੌਲਤ ਮਿਲਿਆ ਸੀ। ਹੰਨਾਹ ਨੇ ਪ੍ਰਾਰਥਨਾ ਵਿਚ ਯਹੋਵਾਹ ਤੋਂ ਇਕ ਬੇਟਾ ਮੰਗਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਉਹ ਆਪਣਾ ਬੇਟਾ ਸਾਰੀ ਉਮਰ ਵਾਸਤੇ ਪਰਮੇਸ਼ੁਰ ਦੀ ਸੇਵਾ ਲਈ ਦੇ ਦੇਵੇਗੀ। ਹਰ ਸਾਲ ਹੰਨਾਹ ਸਮੂਏਲ ਲਈ ਇਕ ਨਿੱਕਾ ਜਿਹਾ ਝੱਗਾ ਲੈ ਕੇ ਆਉਂਦੀ ਸੀ ਜੋ ਉਹ ਡੇਹਰੇ ਵਿਚ ਸੇਵਾ ਕਰਦੇ ਹੋਏ ਪਾਉਂਦਾ ਸੀ। ਸਮੂਏਲ ਆਪਣੇ ਮੰਮੀ-ਡੈਡੀ ਨੂੰ ਮਿਲ ਕੇ ਕਿੰਨਾ ਖ਼ੁਸ਼ ਹੁੰਦਾ ਹੋਵੇਗਾ। ਇਨ੍ਹਾਂ ਮੌਕਿਆਂ ਤੇ ਉਹ ਸਮੂਏਲ ਨੂੰ ਸਮਝਾਉਂਦੇ ਹੋਣਗੇ ਕਿ ਡੇਹਰੇ ਵਿਚ ਯਹੋਵਾਹ ਦੀ ਸੇਵਾ ਕਰਨੀ ਕਿੰਨੇ ਮਾਣ ਵਾਲੀ ਗੱਲ ਸੀ। ਸਮੂਏਲ ਜ਼ਰੂਰ ਅਜਿਹੀ ਹੌਸਲਾ-ਅਫ਼ਜ਼ਾਈ ਅਤੇ ਸਿੱਖਿਆ ਪਾ ਕੇ ਫੁੱਲਿਆ ਨਹੀਂ ਸਮਾਉਂਦਾ ਹੋਵੇਗਾ!

ਅੱਜ ਵੀ ਮਾਪੇ ਹੰਨਾਹ ਅਤੇ ਅਲਕਾਨਾਹ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਅੱਜ-ਕੱਲ੍ਹ ਕਈ ਮਾਪੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹੋਏ ਉਨ੍ਹਾਂ ਨੂੰ ਹਰ ਚੀਜ਼ ਲਿਆ ਕੇ ਦੇਣ ਵਿਚ ਕੋਈ ਕਸਰ ਨਹੀਂ ਛੱਡਦੇ, ਪਰ ਉਹ ਭੁੱਲ ਜਾਂਦੇ ਹਨ ਕਿ ਬੱਚਿਆਂ ਨੂੰ ਰੱਬ ਦੀ ਸੇਵਾ ਕਰਨ ਦੀ ਵੀ ਲੋੜ ਹੈ। ਪਰ ਸਮੂਏਲ ਦੇ ਮਾਪਿਆਂ ਨੇ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੱਤੀ ਜਿਸ ਕਰਕੇ ਸਮੂਏਲ ਨੇ ਵੀ ਉਨ੍ਹਾਂ ਦੀ ਮਿਸਾਲ ’ਤੇ ਚੱਲ ਕੇ ਰੱਬ ਦੀ ਸੇਵਾ ਕੀਤੀ।—ਕਹਾਉਤਾਂ 22:6.

ਜਿਉਂ-ਜਿਉਂ ਸਮੂਏਲ ਵੱਡਾ ਹੁੰਦਾ ਗਿਆ ਉਹ ਸ਼ੀਲੋਹ ਦੀਆਂ ਪਹਾੜੀਆਂ ਵਿਚ ਘੁੰਮਦਾ ਹੋਵੇਗਾ। ਪਹਾੜੀਆਂ ਤੋਂ ਉਹ ਸ਼ਹਿਰ ਵੱਲ ਵੇਖਦਾ ਹੋਵੇਗਾ ਜਿਸ ਦੇ ਇਕ ਪਾਸੇ ਵਾਦੀ ਵੀ ਸੀ। ਯਹੋਵਾਹ ਦੇ ਡੇਹਰੇ ਨੂੰ ਦੂਰੋਂ ਦੇਖ ਕੇ ਉਸ ਦਾ ਦਿਲ ਕਿੰਨਾ ਖਿੜਦਾ ਹੋਣਾ। ਯਹੋਵਾਹ ਦਾ ਡੇਹਰਾ ਵਾਕਈ ਇਕ ਪਵਿੱਤਰ ਜਗ੍ਹਾ ਸੀ। * ਲਗਭਗ 400 ਸਾਲ ਪਹਿਲਾਂ ਮੂਸਾ ਦੀ ਅਗਵਾਈ ਅਧੀਨ ਇਹ ਡੇਹਰਾ ਬਣਾਇਆ ਗਿਆ ਸੀ ਅਤੇ ਦੁਨੀਆਂ ਵਿਚ ਇੱਕੋ-ਇਕ ਜਗ੍ਹਾ ਸੀ ਜਿੱਥੇ ਲੋਕ ਆ ਕੇ ਯਹੋਵਾਹ ਦੀ ਭਗਤੀ ਕਰਦੇ ਸਨ।

ਜਿੱਦਾਂ-ਜਿੱਦਾਂ ਸਮੂਏਲ ਵੱਡਾ ਹੁੰਦਾ ਗਿਆ ਉੱਦਾਂ-ਉੱਦਾਂ ਉਸ ਦਾ ਡੇਹਰੇ ਲਈ ਪਿਆਰ ਵਧਦਾ ਗਿਆ। ਬਾਅਦ ਵਿਚ ਉਸ ਨੇ ਲਿਖਿਆ: “ਸਮੂਏਲ ਜੋ ਮੁੰਡਾ ਸੀ ਸੂਤਰ ਦਾ ਏਫ਼ੋਦ ਪਹਿਨ ਕੇ ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ।” (1 ਸਮੂਏਲ 2:18) ਸਮੂਏਲ ਦਾ ਝੱਗਾ ਇਸ ਗੱਲ ਦੀ ਨਿਸ਼ਾਨੀ ਸੀ ਕਿ ਉਹ ਡੇਹਰੇ ਵਿਚ ਜਾਜਕਾਂ ਦੀ ਮਦਦ ਕਰਦਾ ਹੁੰਦਾ ਸੀ। ਹਾਲਾਂਕਿ ਸਮੂਏਲ ਜਾਜਕ ਨਹੀਂ ਸੀ, ਪਰ ਉਸ ਕੋਲ ਕਈ ਜ਼ਿੰਮੇਵਾਰੀਆਂ ਸਨ। ਉਹ ਹਰ ਸਵੇਰੇ ਵਿਹੜੇ ਦੇ ਦਰਵਾਜ਼ਿਆਂ ਨੂੰ ਖੋਲ੍ਹਦਾ ਹੁੰਦਾ ਸੀ ਅਤੇ ਬੁੱਢੇ ਏਲੀ ਦੀ ਸੇਵਾ ਕਰਦਾ ਹੁੰਦਾ ਸੀ। ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਖ਼ੁਸ਼ੀ-ਖ਼ੁਸ਼ੀ ਨਿਭਾਉਂਦਾ ਸੀ, ਪਰ ਸਮਾਂ ਬੀਤਣ ਤੇ ਭੋਲਾ-ਭਾਲਾ ਸਮੂਏਲ ਪਰੇਸ਼ਾਨ ਹੋ ਉੱਠਿਆ। ਯਹੋਵਾਹ ਦੇ ਘਰ ਵਿਚ ਕੁਝ ਬਹੁਤ ਬੁਰਾ ਹੋ ਰਿਹਾ ਸੀ।

ਬਦਚਲਣੀ ਦੇ ਬਾਵਜੂਦ ਉਹ ਪਵਿੱਤਰ ਰਿਹਾ

ਛੋਟੀ ਉਮਰ ਤੋਂ ਹੀ ਸਮੂਏਲ ਨੇ ਆਪਣੀਆਂ ਅੱਖਾਂ ਨਾਲ ਬੁਰਾਈ ਅਤੇ ਬਦਚਲਣੀ ਹੁੰਦੀ ਦੇਖੀ। ਏਲੀ ਦੇ ਦੋ ਮੁੰਡੇ ਸਨ ਜਿਨ੍ਹਾਂ ਦੇ ਨਾਂ ਹਾਫ਼ਨੀ ਅਤੇ ਫੀਨਹਾਸ ਸਨ। ਬਾਈਬਲ ਦੱਸਦੀ ਹੈ: “ਏਲੀ ਦੇ ਪੁੱਤ੍ਰ ਸ਼ਤਾਨੀ ਪੁੱਤ੍ਰ ਸਨ। ਉਨ੍ਹਾਂ ਨੇ ਯਹੋਵਾਹ ਨੂੰ ਨਾ ਸਿਆਤਾ।” (1 ਸਮੂਏਲ 2:12) ਹਾਫ਼ਨੀ ਤੇ ਫੀਨਹਾਸ ਇਸ ਕਰਕੇ “ਸ਼ਤਾਨੀ” ਜਾਂ ਕਿਸੇ ਕੰਮ ਦੇ ਨਹੀਂ ਸਨ ਕਿਉਂਕਿ ਉਹ ਯਹੋਵਾਹ ਦਾ ਬਿਲਕੁਲ ਆਦਰ ਨਹੀਂ ਕਰਦੇ ਸਨ। ਉਨ੍ਹਾਂ ਨੇ ਯਹੋਵਾਹ ਦੇ ਅਸੂਲਾਂ ਅਤੇ ਮੰਗਾਂ ਬਾਰੇ ਜ਼ਰਾ ਵੀ ਨਹੀਂ ਸੋਚਿਆ। ਇਸੇ ਕਰਕੇ ਉਹ ਇਕ ਤੋਂ ਬਾਅਦ ਇਕ ਪਾਪ ਕਰਦੇ ਗਏ।

ਪਰਮੇਸ਼ੁਰ ਦੀ ਬਿਵਸਥਾ ਵਿਚ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਜਾਜਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਬਲੀਆਂ ਕਿਵੇਂ ਚੜ੍ਹਾਉਣੀਆਂ ਚਾਹੀਦੀਆਂ ਹਨ। ਇਹ ਜ਼ਰੂਰੀ ਕਿਉਂ ਸੀ? ਕਿਉਂਕਿ ਬਲੀਆਂ ਚੜ੍ਹਾ ਕੇ ਲੋਕਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਸੀ ਅਤੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਬਣ ਸਕਦੇ ਸਨ। ਨਾਲੇ ਉਨ੍ਹਾਂ ਨੂੰ ਪਰਮੇਸ਼ੁਰ ਕੋਲੋਂ ਬਰਕਤਾਂ ਅਤੇ ਸਹੀ ਸੇਧ ਮਿਲ ਸਕਦੀ ਸੀ। ਪਰ ਹਾਫ਼ਨੀ ਅਤੇ ਫੀਨਹਾਸ ਕਰਕੇ ਨਾਲ ਦੇ ਜਾਜਕਾਂ ਨੇ ਵੀ ਬਲੀਆਂ ਦਾ ਘੋਰ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ। *

ਕਲਪਨਾ ਕਰੋ ਕਿ ਸਮੂਏਲ ਆਪਣੀਆਂ ਅੱਖਾਂ ਮੋਹਰੇ ਇਹ ਭੈੜੇ ਕੰਮਾਂ ਨੂੰ ਹੁੰਦੇ ਹੋਏ ਦੇਖਦਾ ਸੀ ਅਤੇ ਉਨ੍ਹਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਸੀ। ਉਸ ਨੇ ਕਿੰਨੇ ਹੀ ਗ਼ਰੀਬ, ਨਿਮਾਣੇ ਅਤੇ ਲਤਾੜੇ ਹੋਏ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਇਸ ਆਸ ਨਾਲ ਪਵਿੱਤਰ ਡੇਹਰੇ ’ਤੇ ਆਉਂਦੇ ਸਨ ਕਿ ਉਨ੍ਹਾਂ ਨੂੰ ਦਿਲਾਸਾ ਅਤੇ ਹੌਸਲਾ ਮਿਲੇਗਾ, ਪਰ ਉਨ੍ਹਾਂ ਦੇ ਹੱਥ ਦੁੱਖ, ਨਿਰਾਸ਼ਾ ਅਤੇ ਸ਼ਰਮਿੰਦਗੀ ਹੀ ਲੱਗਦੀ ਸੀ। ਜਦੋਂ ਸਮੂਏਲ ਨੂੰ ਪਤਾ ਲੱਗਾ ਕਿ ਹਾਫ਼ਨੀ ਅਤੇ ਫੀਨਹਾਸ ਨੇ ਯਹੋਵਾਹ ਦੇ ਅਸੂਲਾਂ ਦੀ ਪਰਵਾਹ ਕੀਤੇ ਬਿਨਾਂ ਡੇਹਰੇ ਵਿਚ ਕੰਮ ਕਰਦੀਆਂ ਤੀਵੀਆਂ ਦੇ ਨਾਲ ਗੰਦੇ ਕੰਮ ਕੀਤੇ, ਤਾਂ ਉਸ ਨੂੰ ਕਿੱਦਾਂ ਦਾ ਲੱਗਾ ਹੋਣਾ? (1 ਸਮੂਏਲ 2:22) ਸ਼ਾਇਦ ਉਸ ਨੂੰ ਉਮੀਦ ਸੀ ਕਿ ਇਸ ਬਾਰੇ ਏਲੀ ਹੀ ਕੋਈ ਕਦਮ ਚੁੱਕੇਗਾ।

ਏਲੀ ਹੀ ਇਸ ਗੰਭੀਰ ਮਸਲੇ ਨੂੰ ਸੁਲਝਾ ਸਕਦਾ ਸੀ। ਪ੍ਰਧਾਨ ਜਾਜਕ ਹੋਣ ਦੇ ਨਾਤੇ ਉਹ ਡੇਹਰੇ ਵਿਚ ਹੁੰਦੇ ਹਰ ਕੰਮ ਲਈ ਜ਼ਿੰਮੇਵਾਰ ਸੀ। ਇਕ ਪਿਤਾ ਵਜੋਂ ਉਹ ਦਾ ਇਹ ਫ਼ਰਜ਼ ਬਣਦਾ ਸੀ ਕਿ ਉਹ ਆਪਣੇ ਮੁੰਡਿਆਂ ਨੂੰ ਡਾਂਟੇ। ਆਖ਼ਰਕਾਰ ਉਹ ਖ਼ੁਦ ਨੂੰ ਅਤੇ ਬਾਕੀਆਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਸਨ। ਪਰ ਏਲੀ ਨੇ ਨਾ ਤਾਂ ਪਿਤਾ ਦੀਆਂ ਅਤੇ ਨਾ ਹੀ ਪ੍ਰਧਾਨ ਜਾਜਕ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ। ਉਸ ਨੇ ਆਪਣੇ ਪੁੱਤਰਾਂ ਨੂੰ ਮਾੜਾ ਜਿਹਾ ਹੀ ਡਾਂਟਿਆ ਜਦਕਿ ਉਸ ਦੇ ਮੁੰਡਿਆਂ ਨੂੰ ਸਖ਼ਤ ਤਾੜਨਾ ਦੀ ਲੋੜ ਸੀ। (1 ਸਮੂਏਲ 2:23-25) ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਸੀ!

ਗੱਲ ਇੰਨੀ ਵੱਧ ਚੁੱਕੀ ਸੀ ਕਿ ਯਹੋਵਾਹ ਨੇ ਇਕ ਬੇਨਾਮ ਨਬੀ ਨੂੰ ਏਲੀ ਕੋਲ ਭੇਜਿਆ ਤਾਂਕਿ ਉਹ ਉਸ ਨੂੰ ਯਹੋਵਾਹ ਵੱਲੋਂ ਸਜ਼ਾ ਸੁਣਾ ਸਕੇ। ਯਹੋਵਾਹ ਨੇ ਏਲੀ ਨੂੰ ਪੁੱਛਿਆ: “ਤੂੰ ਕਿਉਂ ਆਪਣੇ ਪੁੱਤ੍ਰਾਂ ਦਾ ਮੇਰੇ ਨਾਲੋਂ ਵਧੀਕ ਆਦਰ ਕਰਦਾ ਹੈਂ”? ਪਰਮੇਸ਼ੁਰ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਏਲੀ ਦੇ ਦੁਸ਼ਟ ਮੁੰਡੇ ਇੱਕੋ ਹੀ ਦਿਨ ਮਰ ਜਾਣਗੇ ਅਤੇ ਉਸ ਦੇ ਪਰਿਵਾਰ ਨੂੰ ਵੀ ਬਹੁਤ ਦੁੱਖ ਸਹਿਣੇ ਪੈਣਗੇ, ਇੱਥੋਂ ਤਕ ਕਿ ਉਸ ਦੇ ਘਰਾਣੇ ਕੋਲੋਂ ਜਾਜਕਾਈ ਦਾ ਹੱਕ ਵੀ ਖੋਹ ਲਿਆ ਜਾਵੇਗਾ। ਕੀ ਇਹ ਚੇਤਾਵਨੀ ਸੁਣ ਕੇ ਉਸ ਪਰਿਵਾਰ ਨੇ ਆਪਣੇ ਆਪ ਨੂੰ ਬਦਲਿਆ ਸੀ? ਬਾਈਬਲ ਦੱਸਦੀ ਹੈ ਕਿ ਉਨ੍ਹਾਂ ਨੇ ਖ਼ੁਦ ਨੂੰ ਬਿਲਕੁਲ ਨਹੀਂ ਬਦਲਿਆ।—1 ਸਮੂਏਲ 2:27–3:1.

ਇਸ ਸਭ ਦਾ ਸਮੂਏਲ ’ਤੇ ਕੀ ਅਸਰ ਪਿਆ? ਸਮੇਂ-ਸਮੇਂ ’ਤੇ ਇਸ ਬਿਰਤਾਂਤ ਰਾਹੀਂ ਸਾਨੂੰ ਉਮੀਦ ਦੀ ਇਕ ਕਿਰਨ ਨਜ਼ਰ ਆਉਂਦੀ ਹੈ ਕਿ ਸਮੂਏਲ ਸੇਵਾ ਕਰਦਾ-ਕਰਦਾ ਵੱਡਾ ਹੁੰਦਾ ਗਿਆ। ਯਾਦ ਕਰੋ ਕਿ 1 ਸਮੂਏਲ 2:18 ਵਿਚ ਅਸੀਂ ਸਮੂਏਲ ਬਾਰੇ ਪੜ੍ਹਦੇ ਹਾਂ ਕਿ ਉਹ “ਜੋ ਮੁੰਡਾ ਸੀ” ਵਫ਼ਾਦਾਰੀ ਨਾਲ “ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ।” ਛੋਟੀ ਉਮਰ ਤੋਂ ਹੀ ਸਮੂਏਲ ਨੇ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾ ਦਿੱਤੀ। ਇਸੇ ਅਧਿਆਇ ਦੀ 21ਵੀਂ ਆਇਤ ਵਿਚ ਅਸੀਂ ਕਿੰਨਾ ਵਧੀਆ ਪੜ੍ਹਦੇ ਹਾਂ ਕਿ “ਉਹ ਮੁੰਡਾ ਸਮੂਏਲ ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ।” ਉਹ ਜਿੱਦਾਂ-ਜਿੱਦਾਂ ਵੱਡਾ ਹੁੰਦਾ ਗਿਆ ਉਸ ਦਾ ਰਿਸ਼ਤਾ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਹੋਰ ਵੀ ਮਜ਼ਬੂਤ ਹੁੰਦਾ ਗਿਆ। ਵਾਕਈ ਯਹੋਵਾਹ ਨਾਲ ਉਸ ਦੇ ਮਜ਼ਬੂਤ ਰਿਸ਼ਤੇ ਨੇ ਹੀ ਉਸ ਵੇਲੇ ਦੇ ਬੁਰੇ ਹਾਲਾਤਾਂ ਵਿਚ ਉਸ ਦੀ ਪਵਿੱਤਰ ਰਹਿਣ ਵਿਚ ਮਦਦ ਕੀਤੀ।

ਸਮੂਏਲ ਸ਼ਾਇਦ ਸੋਚ ਸਕਦਾ ਸੀ ਕਿ ਜੇ ਪ੍ਰਧਾਨ ਜਾਜਕ ਅਤੇ ਉਸ ਦੇ ਮੁੰਡੇ ਪਾਪ ਕਰ ਸਕਦੇ ਹਨ, ਤਾਂ ਮੈਂ ਵੀ ਕਰ ਸਕਦਾ ਹਾਂ। ਪਰ ਦੂਜਿਆਂ ਕਰਕੇ ਅਤੇ ਜਿਨ੍ਹਾਂ ਕੋਲ ਅਧਿਕਾਰ ਹੈ ਉਨ੍ਹਾਂ ਦੇ ਬੁਰੇ ਕੰਮਾਂ ਕਰਕੇ ਸਾਨੂੰ ਗ਼ਲਤ ਕੰਮਾਂ ਲਈ ਬਹਾਨੇ ਨਹੀਂ ਬਣਾਉਣੇ ਚਾਹੀਦੇ। ਸਮੂਏਲ ਵਾਂਗ ਅੱਜ ਵੀ ਬਹੁਤ ਸਾਰੇ ਨੌਜਵਾਨ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਦੇ ਹਨ, ਉਦੋਂ ਵੀ ਜਦੋਂ ਦੂਸਰੇ ਉਨ੍ਹਾਂ ਦੇ ਸਾਮ੍ਹਣੇ ਚੰਗੀ ਮਿਸਾਲ ਨਹੀਂ ਰੱਖਦੇ।

ਤਾਂ ਫਿਰ ਸਮੂਏਲ ਨਾਲ ਕੀ ਹੋਇਆ? ਬਾਈਬਲ ਕਹਿੰਦੀ ਹੈ: “ਉਹ ਮੁੰਡਾ ਸਮੂਏਲ ਵਧਦਾ ਗਿਆ ਅਤੇ ਯਹੋਵਾਹ ਅਰ ਮਨੁੱਖਾਂ ਦੇ ਅੱਗੇ ਮੰਨਿਆ ਪਰਮੰਨਿਆ ਸੀ।” (1 ਸਮੂਏਲ 2:26) ਬਹੁਤ ਸਾਰੇ ਲੋਕ ਸਮੂਏਲ ਨੂੰ ਪਸੰਦ ਕਰਦੇ ਸਨ। ਸਭ ਤੋਂ ਵਧੀਆ ਗੱਲ ਇਹ ਸੀ ਕਿ ਖ਼ੁਦ ਯਹੋਵਾਹ ਇਸ ਮੁੰਡੇ ਦੀ ਵਫ਼ਾਦਾਰੀ ਤੋਂ ਖ਼ੁਸ਼ ਸੀ। ਨਾਲੇ ਸਮੂਏਲ ਨੂੰ ਪੱਕਾ ਪਤਾ ਸੀ ਕਿ ਪਰਮੇਸ਼ੁਰ ਸ਼ੀਲੋਹ ਵਿਚ ਹੋ ਰਹੀ ਬੁਰਾਈ ਬਾਰੇ ਕੁਝ ਕਰੇਗਾ। ਪਰ ਸ਼ਾਇਦ ਉਹ ਸੋਚਦਾ ਹੋਵੇ ਕਿ ਇਹ ਕਦੋਂ ਹੋਵੇਗਾ।

“ਫ਼ਰਮਾ ਕਿਉਂ ਜੋ ਤੇਰਾ ਦਾਸ ਸੁਣਦਾ ਹੈ”

ਇਕ ਰਾਤ ਸਮੂਏਲ ਨੂੰ ਆਪਣੇ ਸਵਾਲਾਂ ਦਾ ਜਵਾਬ ਮਿਲਿਆ। ਸਵੇਰ ਹੋਣ ਵਾਲੀ ਸੀ, ਪਰ ਅਜੇ ਹਨੇਰਾ ਛਾਇਆ ਹੋਇਆ ਸੀ। ਡੇਹਰੇ ਵਿਚ ਦੀਵਾ ਅਜੇ ਬੁੱਝਿਆ ਨਹੀਂ ਸੀ। ਹਨੇਰੇ ਵਿਚ ਹੀ ਸਮੂਏਲ ਨੂੰ ਉਸ ਦਾ ਨਾਂ ਲੈ ਕੇ ਕਿਸੇ ਨੇ ਪੁਕਾਰਿਆ। ਉਸ ਨੇ ਸੋਚਿਆ ਕਿ ਇਹ ਏਲੀ ਦੀ ਆਵਾਜ਼ ਸੀ ਜੋ ਕਿ ਬੁੱਢਾ ਹੋ ਚੁੱਕਾ ਸੀ ਅਤੇ ਉਸ ਦੀ ਨਿਗਾਹ ਕਮਜ਼ੋਰ ਹੋ ਚੁੱਕੀ ਸੀ। ਕਲਪਨਾ ਕਰੋ ਕਿ ਸਮੂਏਲ ਨੰਗੇ ਪੈਰੀਂ “ਭੱਜ ਕੇ” ਏਲੀ ਕੋਲ ਗਿਆ। ਅਸੀਂ ਦੇਖ ਸਕਦੇ ਹਾਂ ਕਿ ਸਮੂਏਲ ਅਜੇ ਵੀ ਏਲੀ ਨਾਲ ਪਿਆਰ ਅਤੇ ਇੱਜ਼ਤ ਨਾਲ ਪੇਸ਼ ਆਉਂਦਾ ਸੀ। ਵੱਡੀਆਂ ਗ਼ਲਤੀਆਂ ਕਰਨ ਦੇ ਬਾਵਜੂਦ ਏਲੀ ਅਜੇ ਵੀ ਪ੍ਰਧਾਨ ਜਾਜਕ ਸੀ।—1 ਸਮੂਏਲ 3:2-5.

ਸਮੂਏਲ ਨੇ ਏਲੀ ਨੂੰ ਉਠਾ ਕੇ ਕਿਹਾ: “ਤੈਂ ਜੋ ਮੈਨੂੰ ਸੱਦਿਆ ਸੋ ਮੈਂ ਹਾਜ਼ਰ ਹਾਂ।” ਪਰ ਏਲੀ ਨੇ ਕਿਹਾ ਕਿ ਉਸ ਨੇ ਉਸ ਨੂੰ ਨਹੀਂ ਬੁਲਾਇਆ ਅਤੇ ਵਾਪਸ ਭੇਜ ਦਿੱਤਾ। ਸੋ ਇੱਦਾਂ ਤਿੰਨ ਵਾਰੀ ਹੋਇਆ। ਆਖ਼ਰਕਾਰ ਏਲੀ ਸਾਰੀ ਗੱਲ ਸਮਝ ਗਿਆ। ਇਸ ਸਮੇਂ ਯਹੋਵਾਹ ਘੱਟ ਹੀ ਆਪਣੇ ਲੋਕਾਂ ਨਾਲ ਸਿੱਧੀ ਗੱਲ ਕਰਦਾ ਸੀ ਅਤੇ ਅਸੀਂ ਸਮਝ ਸਕਦੇ ਹਾਂ ਕਿ ਇੱਦਾਂ ਕਿਉਂ ਸੀ। ਪਰ ਏਲੀ ਜਾਣਦਾ ਸੀ ਕਿ ਯਹੋਵਾਹ ਇਸ ਮੁੰਡੇ ਨਾਲ ਗੱਲ ਕਰ ਰਿਹਾ ਸੀ! ਏਲੀ ਨੇ ਸਮੂਏਲ ਨੂੰ ਦੱਸਿਆ ਕਿ ਜੇ ਦੁਬਾਰਾ ਆਵਾਜ਼ ਆਵੇ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ। ਸਮੂਏਲ ਨੇ ਉਸ ਦੀ ਗੱਲ ਮੰਨੀ। ਛੇਤੀ ਫਿਰ ਉਹੀ ਆਵਾਜ਼ ਆਈ: “ਸਮੂਏਲ, ਸਮੂਏਲ।” ਸਮੂਏਲ ਨੇ ਜਵਾਬ ਦਿੱਤਾ: “ਫ਼ਰਮਾ ਕਿਉਂ ਜੋ ਤੇਰਾ ਦਾਸ ਸੁਣਦਾ ਹੈ।”—1 ਸਮੂਏਲ 3:1, 5-10.

ਅਖ਼ੀਰ ਵਿਚ ਸ਼ੀਲੋਹ ਵਿਚ ਯਹੋਵਾਹ ਦਾ ਇਕ ਦਾਸ ਉਸ ਦੀ ਆਵਾਜ਼ ਸੁਣ ਰਿਹਾ ਸੀ। ਸਮੂਏਲ ਆਪਣੀ ਪੂਰੀ ਜ਼ਿੰਦਗੀ ਇੱਦਾਂ ਕਰਦਾ ਰਿਹਾ। ਕੀ ਤੁਸੀਂ ਯਹੋਵਾਹ ਦੀ ਸੁਣਦੇ ਹੋ? ਇਹ ਜ਼ਰੂਰੀ ਨਹੀਂ ਕਿ ਰਾਤ ਨੂੰ ਕੋਈ ਸਾਨੂੰ ਆਵਾਜ਼ ਦੇਵੇ। ਅੱਜ ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੀ ਆਵਾਜ਼ ਹਮੇਸ਼ਾ ਉਸ ਦੇ ਬਚਨ ਵਿੱਚੋਂ ਸੁਣਾਈ ਦਿੰਦੀ ਹੈ। ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣਦੇ ਹਾਂ, ਉੱਨੀ ਹੀ ਸਾਡੀ ਨਿਹਚਾ ਵਧੇਗੀ। ਸਮੂਏਲ ਨਾਲ ਇੱਦਾਂ ਹੀ ਹੋਇਆ।

ਸ਼ੀਲੋਹ ਦੀ ਉਹ ਰਾਤ ਸਮੂਏਲ ਦੀ ਜ਼ਿੰਦਗੀ ਦੀ ਅਹਿਮ ਰਾਤ ਸੀ ਕਿਉਂਕਿ ਹੁਣ ਉਸ ਦਾ ਯਹੋਵਾਹ ਦੇ ਨਾਲ ਇਕ ਖ਼ਾਸ ਰਿਸ਼ਤਾ ਬਣ ਗਿਆ ਸੀ। ਉਹ ਪਰਮੇਸ਼ੁਰ ਦਾ ਨਬੀ ਅਤੇ ਬੁਲਾਰਾ ਬਣ ਗਿਆ ਸੀ। ਪਹਿਲਾਂ-ਪਹਿਲਾਂ ਇਸ ਮੁੰਡੇ ਨੂੰ ਯਹੋਵਾਹ ਦਾ ਸੰਦੇਸ਼ ਏਲੀ ਨੂੰ ਸੁਣਾਉਣ ਵਿਚ ਡਰ ਲੱਗਦਾ ਸੀ ਕਿਉਂਕਿ ਏਲੀ ਦੇ ਘਰਾਣੇ ’ਤੇ ਪਰਮੇਸ਼ੁਰ ਦੀ ਸਜ਼ਾ ਬਹੁਤ ਜਲਦੀ ਹੀ ਪੂਰੀ ਹੋਣ ਵਾਲੀ ਸੀ। ਪਰ ਸਮੂਏਲ ਨੇ ਬੜੀ ਬਹਾਦਰੀ ਨਾਲ ਏਲੀ ਨਾਲ ਗੱਲ ਕੀਤੀ ਅਤੇ ਏਲੀ ਨੇ ਇਸ ਸਜ਼ਾ ਨੂੰ ਕਬੂਲ ਕੀਤਾ। ਥੋੜ੍ਹੀ ਦੇਰ ਬਾਅਦ ਯਹੋਵਾਹ ਦੀ ਕਹੀ ਹਰ ਗੱਲ ਪੂਰੀ ਹੋ ਗਈ। ਇਸਰਾਏਲੀ ਫਲਿਸਤੀਆਂ ਨਾਲ ਲੜਨ ਨੂੰ ਨਿਕਲੇ ਅਤੇ ਉਸੇ ਦਿਨ ਹਾਫ਼ਨੀ ਅਤੇ ਫੀਨਹਾਸ ਮਾਰੇ ਗਏ। ਜਦੋਂ ਏਲੀ ਨੂੰ ਪਤਾ ਲੱਗਾ ਕਿ ਯਹੋਵਾਹ ਦੇ ਪਵਿੱਤਰ ਸੰਦੂਕ ਉੱਤੇ ਕਬਜ਼ਾ ਕਰ ਲਿਆ ਗਿਆ ਹੈ, ਤਾਂ ਇਹ ਸੁਣ ਕੇ ਉਸ ਦੀ ਮੌਤ ਹੋ ਗਈ।—1 ਸਮੂਏਲ 3:10-18; 4:1-18.

ਸਮੂਏਲ ਦੀ ਇੱਜ਼ਤ ਇਕ ਵਫ਼ਾਦਾਰ ਨਬੀ ਵਜੋਂ ਵਧਦੀ ਗਈ। ਬਾਈਬਲ ਕਹਿੰਦੀ ਹੈ: “ਸਮੂਏਲ ਵਧਦਾ ਗਿਆ ਅਤੇ ਯਹੋਵਾਹ ਉਹ ਦੇ ਸੰਗ ਸੀ।” ਸਮੂਏਲ ਦੀ ਹਰ ਗੱਲ ਯਹੋਵਾਹ ਨੇ ਪੂਰੀ ਕੀਤੀ।—1 ਸਮੂਏਲ 3:19.

“ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ”

ਕੀ ਇਸ ਦਾ ਮਤਲਬ ਇਹ ਸੀ ਕਿ ਇਸਰਾਏਲੀ ਲੋਕ ਸਮੂਏਲ ਵਾਂਗ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ ਸਨ? ਨਹੀਂ। ਸਮੇਂ ਦੇ ਬੀਤਣ ਨਾਲ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਸਿਰਫ਼ ਇਕ ਨਬੀ ਦੇ ਅਧੀਨ ਨਹੀਂ ਰਹਿਣਾ ਚਾਹੁੰਦੇ ਸਨ। ਉਹ ਦੂਜੀਆਂ ਕੌਮਾਂ ਵਾਂਗ ਰਾਜਾ ਚਾਹੁੰਦੇ ਸਨ। ਯਹੋਵਾਹ ਦੇ ਕਹਿਣ ’ਤੇ ਸਮੂਏਲ ਨੇ ਉਨ੍ਹਾਂ ਦੀ ਗੱਲ ਸੁਣੀ। ਪਰ ਸਮੂਏਲ ਨੂੰ ਲੋਕਾਂ ਨੂੰ ਸਮਝਾਉਣਾ ਪਿਆ ਕਿ ਇਹ ਗੱਲ ਕਹਿ ਕੇ ਉਨ੍ਹਾਂ ਨੇ ਵੱਡਾ ਪਾਪ ਕੀਤਾ ਸੀ। ਉਹ ਕਿਸੇ ਇਨਸਾਨ ਨੂੰ ਨਹੀਂ, ਬਲਕਿ ਖ਼ੁਦ ਯਹੋਵਾਹ ਨੂੰ ਠੁਕਰਾ ਰਹੇ ਸਨ! ਇਸ ਲਈ ਸਮੂਏਲ ਨੇ ਲੋਕਾਂ ਨੂੰ ਗਿਲਗਾਲ ਬੁਲਾਇਆ।

ਆਓ ਆਪਾਂ ਫਿਰ ਵਾਪਸ ਉਸ ਸਮੇਂ ਵਿਚ ਜਾਈਏ ਜਦੋਂ ਸਮੂਏਲ ਗਿਲਗਾਲ ਵਿਚ ਇਸਰਾਏਲੀਆਂ ਨਾਲ ਗੱਲ ਕਰ ਰਿਹਾ ਸੀ। ਇੱਥੇ ਬਜ਼ੁਰਗ ਸਮੂਏਲ ਇਸਰਾਏਲੀਆਂ ਨੂੰ ਆਪਣੀ ਵਫ਼ਾਦਾਰੀ ਬਾਰੇ ਦੱਸਦਾ ਹੈ। ਫਿਰ ਅਸੀਂ ਪੜ੍ਹਦੇ ਹਾਂ ਕਿ “ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ।” ਉਸ ਨੇ ਯਹੋਵਾਹ ਨੂੰ ਪੁਕਾਰਿਆ ਕਿ ਉਹ ਤੂਫ਼ਾਨ ਘੱਲੇ।—1 ਸਮੂਏਲ 12:17, 18.

ਤੂਫ਼ਾਨ? ਉਹ ਵੀ ਗਰਮੀਆਂ ਵਿਚ? ਇੱਦਾਂ ਪਹਿਲਾਂ ਤਾਂ ਕਦੇ ਨਹੀਂ ਹੋਇਆ! ਜੇ ਲੋਕਾਂ ਨੂੰ ਲੱਗਦਾ ਸੀ ਕਿ ਇੱਦਾਂ ਨਹੀਂ ਹੋ ਸਕਦਾ ਜਾਂ ਜੇ ਉਨ੍ਹਾਂ ਨੇ ਸਮੂਏਲ ਦਾ ਮਜ਼ਾਕ ਉਡਾਇਆ ਹੁੰਦਾ, ਤਾਂ ਇਹ ਜ਼ਿਆਦਾ ਦੇਰ ਨਹੀਂ ਰਹਿਣਾ ਸੀ। ਅਚਾਨਕ ਹੀ ਕਾਲੇ ਬੱਦਲ ਛਾ ਗਏ। ਤੇਜ਼ ਹਵਾ ਨੇ ਖੇਤਾਂ ਦੀਆਂ ਕਣਕਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ। ਬੱਦਲਾਂ ਦੀ ਆਵਾਜ਼ ਗਰਜਣ ਲੱਗ ਪਈ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਦਾ ਨਤੀਜਾ ਕੀ ਨਿਕਲਿਆ? “ਤਦ ਸਭ ਲੋਕ ਯਹੋਵਾਹ ਕੋਲੋਂ ਅਤੇ ਸਮੂਏਲ ਕੋਲੋਂ ਵੱਡੇ ਡਹਿਲ ਗਏ।” ਹੁਣ ਉਨ੍ਹਾਂ ਨੂੰ ਸਮਝ ਲੱਗੀ ਕਿ ਉਨ੍ਹਾਂ ਨੇ ਕਿੰਨਾ ਵੱਡਾ ਪਾਪ ਕੀਤਾ ਸੀ।—1 ਸਮੂਏਲ 12:18, 19.

ਸਮੂਏਲ ਨਹੀਂ, ਪਰ ਉਸ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦੇ ਪੱਥਰ ਦਿਲਾਂ ਨੂੰ ਛੋਹਿਆ ਸੀ। ਬਚਪਨ ਤੋਂ ਬੁਢਾਪੇ ਤਕ ਸਮੂਏਲ ਨੇ ਪਰਮੇਸ਼ੁਰ ਉੱਤੇ ਨਿਹਚਾ ਰੱਖੀ। ਇਸ ਕਰਕੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ। ਅੱਜ ਵੀ ਯਹੋਵਾਹ ਬਦਲਿਆ ਨਹੀਂ। ਉਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਸਮੂਏਲ ਦੀ ਨਿਹਚਾ ਦੀ ਰੀਸ ਕਰਦੇ ਹਨ। (w10-E 10/01)

[ਫੁਟਨੋਟ]

^ ਪੈਰਾ 8 ਨਜ਼ੀਰਾਂ ਨੇ ਸੁੱਖਣਾ ਸੁੱਖੀ ਸੀ ਕਿ ਉਹ ਨਾ ਤਾਂ ਸ਼ਰਾਬ ਨੂੰ ਹੱਥ ਲਾਉਣਗੇ ਤੇ ਨਾ ਹੀ ਆਪਣੇ ਬਾਲ ਕੱਟਣਗੇ। ਕਈ ਲੋਕ ਕੁਝ ਸਮੇਂ ਤਕ ਸੁੱਖਣਾ ਸੁੱਖਦੇ ਸਨ। ਪਰ ਸਮਸੂਨ, ਸਮੂਏਲ ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਵਰਗੇ ਕੁਝ ਲੋਕ ਉਮਰ ਭਰ ਨਜ਼ੀਰ ਬਣੇ ਰਹੇ।

^ ਪੈਰਾ 12 ਪਵਿੱਤਰ ਸਥਾਨ ਦਾ ਆਕਾਰ ਆਇਤਾਕਾਰ ਸੀ। ਇਸ ਦਾ ਢਾਂਚਾ ਲੱਕੜ ਦਾ ਸੀ ਅਤੇ ਦੇਖਣ ਨੂੰ ਇਹ ਤੰਬੂ ਵਰਗਾ ਲੱਗਦਾ ਸੀ। ਪਰ ਇਹ ਸਭ ਤੋਂ ਵਧੀਆ ਚੀਜ਼ਾਂ ਦਾ ਬਣਿਆ ਹੋਇਆ ਸੀ—ਸੋਹਣੇ ਕਢਾਈ ਵਾਲੇ ਕੱਪੜੇ ਅਤੇ ਸੋਨੇ-ਚਾਂਦੀ ਨਾਲ ਜੜੀਆਂ ਮਹਿੰਗੀਆਂ ਲੱਕੜਾਂ। ਇਹ ਪਵਿੱਤਰ ਸਥਾਨ ਇਕ ਵੇਹੜੇ ਵਿਚ ਸੀ ਜਿੱਥੇ ਬਲੀਆਂ ਚੜ੍ਹਾਉਣ ਲਈ ਇਕ ਜਗਵੇਦੀ ਵੀ ਸੀ। ਜ਼ਾਹਰ ਹੈ ਕਿ ਸਮੇਂ ਦੇ ਬੀਤਣ ਨਾਲ ਡੇਹਰੇ ਦੇ ਆਸੇ-ਪਾਸੇ ਜਾਜਕਾਂ ਵਾਸਤੇ ਕਮਰੇ ਬਣਾਏ ਗਏ ਸਨ। ਸ਼ਾਇਦ ਸਮੂਏਲ ਇਨ੍ਹਾਂ ਵਿੱਚੋਂ ਕਿਸੇ ਇਕ ਕਮਰੇ ਵਿਚ ਸੌਂਦਾ ਹੋਵੇਗਾ।

^ ਪੈਰਾ 16 ਬਾਈਬਲ ਵਿਚ ਅਪਮਾਨ ਕਰਨ ਦੀਆਂ ਦੋ ਮਿਸਾਲਾਂ ਦੱਸੀਆਂ ਹਨ। ਪਹਿਲੀ ਇਹ ਕਿ ਬਿਵਸਥਾ ਵਿਚ ਦੱਸਿਆ ਗਿਆ ਸੀ ਕਿ ਜਾਜਕਾਂ ਨੇ ਬਲੀਆਂ ਦੇ ਕਿਹੜੇ-ਕਿਹੜੇ ਹਿੱਸਿਆਂ ਨੂੰ ਖਾਣਾ ਸੀ। (ਬਿਵਸਥਾ ਸਾਰ 18:3) ਪਰ ਡੇਹਰੇ ਵਿਚ ਇਨ੍ਹਾਂ ਭੈੜੇ ਜਾਜਕਾਂ ਨੇ ਕੁਝ ਹੋਰ ਹੀ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਸੇਵਾਦਾਰ ਉਬਲਦੇ ਹੋਏ ਦੇਗਚੇ ਵਿਚ ਵੱਡਾ ਕਾਂਟਾ ਖੋਭ ਕੇ ਆਪਣੀ ਪਸੰਦ ਦੇ ਮੀਟ ਦੇ ਟੁਕੜੇ ਚੁੱਕ ਲੈਂਦੇ ਸਨ। ਇਕ ਹੋਰ ਗੱਲ ਕਿ ਜਦੋਂ ਲੋਕ ਆਪਣੀਆਂ ਭੇਟਾਂ ਜਗਵੇਦੀ ’ਤੇ ਚੜ੍ਹਾਉਣ ਲਈ ਲਿਆਉਂਦੇ ਸਨ, ਤਾਂ ਇਨ੍ਹਾਂ ਦੁਸ਼ਟ ਜਾਜਕਾਂ ਦੇ ਸੇਵਾਦਾਰ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਸਨ। ਉਹ ਲੋਕਾਂ ਤੋਂ ਜ਼ਬਰਦਸਤੀ ਕੱਚਾ ਮਾਸ ਮੰਗਦੇ ਸਨ ਜਦਕਿ ਚਰਬੀ ਅਜੇ ਯਹੋਵਾਹ ਨੂੰ ਭੇਟ ਵਜੋਂ ਚੜ੍ਹਾਈ ਨਹੀਂ ਗਈ ਹੁੰਦੀ ਸੀ।—ਲੇਵੀਆਂ 3:3-5; 1 ਸਮੂਏਲ 2:13-17.

[ਸਫ਼ਾ 17 ਉੱਤੇ ਤਸਵੀਰ]

ਡਰ ਦੇ ਬਾਵਜੂਦ ਸਮੂਏਲ ਨੇ ਏਲੀ ਨੂੰ ਯਹੋਵਾਹ ਦਾ ਸੰਦੇਸ਼ ਦਿੱਤਾ

[ਸਫ਼ਾ 18 ਉੱਤੇ ਤਸਵੀਰ]

ਸਮੂਏਲ ਨੇ ਨਿਹਚਾ ਨਾਲ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੇ ਤੂਫ਼ਾਨ ਲਿਆਂਦਾ