ਸੋਚ-ਸਮਝ ਕੇ ਦੋਸਤ ਚੁਣੋ
ਰਾਜ਼ ਨੰਬਰ 4
ਸੋਚ-ਸਮਝ ਕੇ ਦੋਸਤ ਚੁਣੋ
ਬਾਈਬਲ ਕੀ ਸਿਖਾਉਂਦੀ ਹੈ? “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।”—ਕਹਾਉਤਾਂ 13:20.
ਮੁਸ਼ਕਲ ਕੀ ਹੈ? ਸਾਡੇ ਦੋਸਤ ਜਾਂ ਤਾਂ ਸਾਡੀ ਖ਼ੁਸ਼ੀ ਨੂੰ ਵਧਾ ਸਕਦੇ ਹਨ ਜਾਂ ਘਟਾ ਸਕਦੇ ਹਨ। ਉਨ੍ਹਾਂ ਦੀ ਸੋਚਣੀ ਅਤੇ ਉਨ੍ਹਾਂ ਦੀਆਂ ਗੱਲਾਂ ਦਾ ਸਾਡੇ ’ਤੇ ਜ਼ਰੂਰ ਅਸਰ ਪੈਂਦਾ ਹੈ।—1 ਕੁਰਿੰਥੀਆਂ 15:33.
ਮਿਸਾਲ ਲਈ, ਬਾਈਬਲ ਵਿਚ ਉਨ੍ਹਾਂ 12 ਬੰਦਿਆਂ ਬਾਰੇ ਦੱਸਿਆ ਗਿਆ ਹੈ ਜੋ ਕਨਾਨ ਦੇਸ਼ ਦੀ ਖੋਜ ਕਰਨ ਗਏ ਸਨ। ਉਨ੍ਹਾਂ ਵਿੱਚੋਂ ਦੱਸ ਜਣੇ “ਇਸਰਾਏਲੀਆਂ ਕੋਲ ਉਸ ਦੇਸ ਦੀ ਬੁਰੀ ਖਬਰ ਲਿਆਏ ਜਿਹ ਦਾ ਉਨ੍ਹਾਂ ਨੇ ਖੋਜ ਕੱਢਿਆ ਸੀ।” ਫਿਰ ਵੀ ਦੋ ਜਣੇ ਚੰਗੀ ਖ਼ਬਰ ਲੈ ਕੇ ਆਏ ਤੇ ਕਿਹਾ ਕਿ ਉਸ ਦੇਸ਼ ਦੀ ਧਰਤੀ “ਡਾਢੀ ਹੀ ਚੰਗੀ ਹੈ।” ਪਰ ਦੱਸਾਂ ਬੰਦਿਆਂ ਦੀ ਬੁਰੀ ਖ਼ਬਰ ਕਰਕੇ ਸਾਰੇ ਲੋਕਾਂ ਉੱਤੇ ਮਾੜਾ ਅਸਰ ਪਿਆ। ਬਾਈਬਲ ਦੱਸਦੀ ਹੈ: “ਸਾਰੀ ਮੰਡਲੀ ਨੇ ਆਪਣੀ ਅਵਾਜ਼ ਉੱਚੀ ਦਿੱਤੀ ਚੀਕ ਚਿਹਾੜਾ ਪਾਇਆ” ਅਤੇ “ਸਾਰੇ ਇਸਰਾਏਲੀ . . . ਬੁੜ ਬੁੜਾਏ।”—ਗਿਣਤੀ 13:30–14:9.
ਅੱਜ ਵੀ ਬਹੁਤ ਸਾਰੇ ਲੋਕ “ਬੁੜ ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ ਹਨ।” (ਯਹੂਦਾਹ 16) ਅਜਿਹੇ ਦੋਸਤਾਂ ਨਾਲ ਖ਼ੁਸ਼ ਰਹਿਣਾ ਬਹੁਤ ਔਖਾ ਹੈ ਜੋ ਜ਼ਿੰਦਗੀ ਤੋਂ ਕਦੇ ਸੰਤੁਸ਼ਟ ਨਹੀਂ ਹੁੰਦੇ।
ਤੁਸੀਂ ਕੀ ਕਰ ਸਕਦੇ ਹੋ? ਜ਼ਰਾ ਸੋਚੋ ਕਿ ਤੁਸੀਂ ਆਪਣੇ ਦੋਸਤਾਂ ਨਾਲ ਕਿਸ ਬਾਰੇ ਗੱਲਬਾਤ ਕਰਦੇ ਹੋ। ਕੀ ਤੁਹਾਡੇ ਦੋਸਤ ਆਪਣੀਆਂ ਚੀਜ਼ਾਂ ਬਾਰੇ ਸ਼ੇਖ਼ੀ ਮਾਰਦੇ ਹਨ ਜਾਂ ਕੀ ਉਹ ਹਮੇਸ਼ਾ ਉਨ੍ਹਾਂ ਚੀਜ਼ਾਂ ਬਾਰੇ ਰੋਂਦੇ ਰਹਿੰਦੇ ਹਨ ਜੋ ਉਨ੍ਹਾਂ ਕੋਲ ਨਹੀਂ ਹਨ? ਨਾਲੇ ਸੋਚੋ ਕਿ ਤੁਸੀਂ ਕਿਹੋ ਜਿਹੋ ਦੋਸਤ ਹੋ। ਕੀ ਤੁਸੀਂ ਆਪਣੇ ਦੋਸਤਾਂ ਨੂੰ ਆਪਣੀਆਂ ਚੀਜ਼ਾਂ ਦਿਖਾ ਕੇ ਉਨ੍ਹਾਂ ਨੂੰ ਸ਼ਰਮਿੰਦਾ ਕਰਦੇ ਹੋ ਜਾਂ ਕੀ ਤੁਸੀਂ ਉਨ੍ਹਾਂ ਨੂੰ ਥੋੜ੍ਹੀਆਂ ਚੀਜ਼ਾਂ ਨਾਲ ਖ਼ੁਸ਼ ਰਹਿਣ ਦਾ ਹੌਸਲਾ ਦਿੰਦੇ ਹੋ?
ਦਾਊਦ ਅਤੇ ਯੋਨਾਥਾਨ ਦੀ ਮਿਸਾਲ ਲੈ ਲਓ। ਦਾਊਦ ਰਾਜਾ ਬਣਨ ਵਾਲਾ ਸੀ ਤੇ ਯੋਨਾਥਾਨ ਰਾਜਾ ਸ਼ਾਊਲ ਦਾ ਪੁੱਤਰ ਸੀ। ਦਾਊਦ ਨੂੰ ਰਾਜਾ ਸ਼ਾਊਲ ਤੋਂ ਲੁਕ-ਛਿਪ ਕੇ ਉਜਾੜ ਵਿਚ ਰਹਿਣਾ ਪੈ ਰਿਹਾ ਸੀ ਕਿਉਂਕਿ ਸ਼ਾਊਲ ਉਸ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ। ਹਾਲਾਂਕਿ ਯੋਨਾਥਾਨ ਨੇ ਆਪਣੇ ਪਿਤਾ ਤੋਂ ਬਾਅਦ ਰਾਜਾ ਬਣਨਾ ਸੀ, ਪਰ ਉਹ ਦਾਊਦ ਦਾ ਇਕ ਪੱਕਾ ਦੋਸਤ ਸੀ। ਯੋਨਾਥਾਨ ਸਮਝਦਾ ਸੀ ਕਿ ਰੱਬ ਨੇ ਦਾਊਦ ਨੂੰ ਰਾਜਾ ਬਣਨ ਲਈ ਚੁਣਿਆ ਸੀ ਅਤੇ ਉਹ ਆਪਣੇ ਦੋਸਤ ਦਾ ਸਾਥ ਦੇ ਕੇ ਖ਼ੁਸ਼ ਸੀ।—1 ਸਮੂਏਲ 19:1, 2; 20:30-33; 23:14-18.
ਤੁਹਾਨੂੰ ਅਜਿਹੇ ਦੋਸਤਾਂ ਦੀ ਲੋੜ ਹੈ ਜੋ ਖ਼ੁਦ ਵੀ ਖ਼ੁਸ਼ ਤੇ ਸੰਤੁਸ਼ਟ ਰਹਿੰਦੇ ਹਨ ਅਤੇ ਤੁਹਾਡਾ ਹਮੇਸ਼ਾ ਭਲਾ ਚਾਹੁੰਦੇ ਹਨ। (ਕਹਾਉਤਾਂ 17:17) ਅਜਿਹੇ ਦੋਸਤ ਬਣਾਉਣ ਲਈ ਤੁਹਾਨੂੰ ਖ਼ੁਦ ਇਹੋ ਜਿਹੇ ਗੁਣ ਦਿਖਾਉਣ ਦੀ ਲੋੜ ਹੈ।—ਫ਼ਿਲਿੱਪੀਆਂ 2:3, 4. (w10-E 11/01)
[ਸਫ਼ਾ 7 ਉੱਤੇ ਤਸਵੀਰ]
ਕੀ ਤੁਹਾਡੇ ਦੋਸਤ ਤੁਹਾਡੀ ਖ਼ੁਸ਼ੀ ਵਧਾਉਂਦੇ ਜਾਂ ਘਟਾਉਂਦੇ ਹਨ?