ਪਰਮੇਸ਼ੁਰ ਤੋਂ ਕਿਉਂ ਸਿੱਖੀਏ?
ਪਰਮੇਸ਼ੁਰ ਦੇ ਬਚਨ ਤੋਂ ਸਿੱਖੋ
ਪਰਮੇਸ਼ੁਰ ਤੋਂ ਕਿਉਂ ਸਿੱਖੀਏ?
ਇਸ ਲੇਖ ਵਿਚ ਉਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਹਾਡੇ ਮਨ ਵਿਚ ਆਏ ਹੋਣ। ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ੀ ਹੋਵੇਗੀ।
1. ਪਰਮੇਸ਼ੁਰ ਤੋਂ ਕਿਉਂ ਸਿੱਖੀਏ?
ਪਰਮੇਸ਼ੁਰ ਕੋਲ ਇਨਸਾਨਾਂ ਲਈ ਇਕ ਖ਼ੁਸ਼ੀ ਦੀ ਖ਼ਬਰ ਹੈ। ਇਸ ਖ਼ੁਸ਼ ਖ਼ਬਰੀ ਬਾਰੇ ਪਰਮੇਸ਼ੁਰ ਨੇ ਸਾਨੂੰ ਬਾਈਬਲ ਵਿਚ ਦੱਸਿਆ ਹੈ। ਬਾਈਬਲ ਇਕ ਚਿੱਠੀ ਦੀ ਤਰ੍ਹਾਂ ਹੈ ਜੋ ਸਾਡੇ ਸਵਰਗੀ ਪਿਤਾ ਵੱਲੋਂ ਹੈ।—ਯਿਰਮਿਯਾਹ 29:11 ਪੜ੍ਹੋ।
2. ਖੁਸ਼ ਖ਼ਬਰੀ ਕੀ ਹੈ?
ਇਨਸਾਨਾਂ ਨੂੰ ਇਕ ਵਧੀਆ ਸਰਕਾਰ ਦੀ ਲੋੜ ਹੈ। ਕਿਸੇ ਵੀ ਰਾਜੇ ਨੇ ਇਨਸਾਨਾਂ ਨੂੰ ਖ਼ੂਨ-ਖ਼ਰਾਬੇ, ਬੇਇਨਸਾਫ਼ੀ, ਬੀਮਾਰੀਆਂ ਜਾਂ ਮੌਤ ਤੋਂ ਛੁਟਕਾਰਾ ਨਹੀਂ ਦਿਵਾਇਆ। ਪਰ ਖ਼ੁਸ਼ੀ ਦੀ ਗੱਲ ਇਹ ਹੈ ਕਿ ਪਰਮੇਸ਼ੁਰ ਅਜਿਹੀ ਸਰਕਾਰ ਖੜ੍ਹੀ ਕਰੇਗਾ ਜੋ ਇਨਸਾਨਾਂ ਦੇ ਹਰ ਦੁੱਖ-ਦਰਦ ਨੂੰ ਮਿਟਾ ਦੇਵੇਗੀ।—ਦਾਨੀਏਲ 2:44 ਪੜ੍ਹੋ।
3. ਪਰਮੇਸ਼ੁਰ ਤੋਂ ਸਿੱਖਣਾ ਕਿਉਂ ਜ਼ਰੂਰੀ ਹੈ?
ਬਹੁਤ ਜਲਦੀ ਪਰਮੇਸ਼ੁਰ ਬੁਰੇ ਲੋਕਾਂ ਨੂੰ ਇਸ ਧਰਤੀ ਤੋਂ ਖ਼ਤਮ ਕਰ ਦੇਵੇਗਾ। ਪਰ ਅੱਜ ਪਰਮੇਸ਼ੁਰ ਲੱਖਾਂ ਹੀ ਹਲੀਮ ਲੋਕਾਂ ਨੂੰ ਜ਼ਿੰਦਗੀ ਜੀਣ ਦਾ ਵਧੀਆ ਢੰਗ ਸਿਖਾ ਰਿਹਾ ਹੈ ਜੋ ਪਿਆਰ ’ਤੇ ਆਧਾਰਿਤ ਹੈ। ਬਾਈਬਲ ਤੋਂ ਲੋਕ ਇਹ ਸਿੱਖ ਰਹੇ ਹਨ ਕਿ ਉਹ ਮੁਸ਼ਕਲਾਂ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹਨ, ਸੱਚੀ ਖ਼ੁਸ਼ੀ ਕਿਵੇਂ ਪਾ ਸਕਦੇ ਹਨ ਅਤੇ ਪਰਮੇਸ਼ੁਰ ਨੂੰ ਕਿੱਦਾਂ ਖ਼ੁਸ਼ ਕਰ ਸਕਦੇ ਹਨ।—ਸਫ਼ਨਯਾਹ 2:3 ਪੜ੍ਹੋ।
4. ਬਾਈਬਲ ਦਾ ਲਿਖਾਰੀ ਕੌਣ ਹੈ?
ਬਾਈਬਲ 66 ਛੋਟੀਆਂ-ਛੋਟੀਆਂ ਕਿਤਾਬਾਂ ਤੋਂ ਬਣੀ ਹੋਈ ਹੈ ਅਤੇ ਇਸ ਨੂੰ ਕੁਝ 40 ਬੰਦਿਆਂ ਨੇ ਲਿਖਿਆ ਸੀ। ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਮੂਸਾ ਦੁਆਰਾ ਤਕਰੀਬਨ 3,500 ਸਾਲ ਪਹਿਲਾਂ ਲਿਖੀਆਂ ਗਈਆਂ। ਆਖ਼ਰੀ ਕਿਤਾਬ ਯੂਹੰਨਾ ਰਸੂਲ ਨੇ ਲਗਭਗ 1,900 ਸਾਲ ਪਹਿਲਾਂ ਲਿਖੀ। ਪਰ ਬਾਈਬਲ ਦੇ ਲਿਖਾਰੀਆਂ ਨੇ ਇਸ ਵਿਚ ਪਰਮੇਸ਼ੁਰ ਦੇ ਖ਼ਿਆਲ ਲਿਖੇ ਨਾ ਕਿ ਆਪਣੇ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਬਾਈਬਲ ਦਾ ਲਿਖਾਰੀ ਪਰਮੇਸ਼ੁਰ ਹੈ।—2 ਤਿਮੋਥਿਉਸ 3:16; 2 ਪਤਰਸ 1:21 ਪੜ੍ਹੋ।
ਭਾਵੇਂ ਕਿ ਕੋਈ ਇਨਸਾਨ ਭਵਿੱਖ ਬਾਰੇ ਨਹੀਂ ਦੱਸ ਸਕਦਾ, ਪਰ ਬਾਈਬਲ ਵਿਚ ਪਰਮੇਸ਼ੁਰ ਨੇ ਸਾਨੂੰ ਭਵਿੱਖ ਬਾਰੇ ਸਾਫ਼-ਸਾਫ਼ ਦੱਸਿਆ ਹੈ। (ਯਸਾਯਾਹ 46:9, 10) ਬਾਈਬਲ ਸਾਨੂੰ ਪਰਮੇਸ਼ੁਰ ਦੇ ਗੁਣਾਂ ਬਾਰੇ ਵੀ ਦੱਸਦੀ ਹੈ। ਇਸ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਦੀ ਤਾਕਤ ਹੈ। ਇਨ੍ਹਾਂ ਗੱਲਾਂ ਕਰਕੇ ਲੱਖਾਂ ਹੀ ਲੋਕ ਮੰਨਦੇ ਹਨ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ।—ਯਹੋਸ਼ੁਆ 23:14; 1 ਥੱਸਲੁਨੀਕੀਆਂ 2:13 ਪੜ੍ਹੋ।
5. ਤੁਸੀਂ ਬਾਈਬਲ ਨੂੰ ਕਿਵੇਂ ਸਮਝ ਸਕਦੇ ਹੋ?
ਯਿਸੂ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਵਿਚ ਮਸ਼ਹੂਰ ਸੀ। ਭਾਵੇਂ ਕਿ ਜਿਨ੍ਹਾਂ ਲੋਕਾਂ ਨਾਲ ਉਹ ਗੱਲ ਕਰਦਾ ਸੀ ਉਹ ਬਾਈਬਲ ਬਾਰੇ ਜਾਣਦੇ ਸਨ, ਪਰ ਉਨ੍ਹਾਂ ਨੂੰ ਵੀ ਬਾਈਬਲ ਸਮਝਣ ਲਈ ਮਦਦ ਦੀ ਲੋੜ ਸੀ। ਉਨ੍ਹਾਂ ਦੀ ਮਦਦ ਕਰਨ ਲਈ ਯਿਸੂ ਨੇ ਬਾਈਬਲ ਵਿੱਚੋਂ ਇਕ ਤੋਂ ਬਾਅਦ ਇਕ ਹਵਾਲਾ ਦੱਸਿਆ ਅਤੇ ਉਨ੍ਹਾਂ ਨੂੰ “ਗੱਲਾਂ ਦਾ ਅਰਥ” ਸਮਝਾਇਆ। “ਪਰਮੇਸ਼ੁਰ ਦੇ ਬਚਨ ਤੋਂ ਸਿੱਖੋ” ਨਾਂ ਦੇ ਲੇਖਾਂ ਵਿਚ ਇਸੇ ਤਰ੍ਹਾਂ ਹੀ ਸਮਝਾਇਆ ਜਾਵੇਗਾ।—ਲੂਕਾ 24:27, 45 ਪੜ੍ਹੋ।
ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਕਿ ਅਸੀਂ ਪਰਮੇਸ਼ੁਰ ਤੋਂ ਜ਼ਿੰਦਗੀ ਦੇ ਮਕਸਦ ਬਾਰੇ ਸਿੱਖੀਏ। ਪਰ ਕਈ ਲੋਕ ਸ਼ਾਇਦ ਤੁਹਾਨੂੰ ਬਾਈਬਲ ਪੜ੍ਹਦੇ ਦੇਖ ਕੇ ਖ਼ੁਸ਼ ਨਾ ਹੋਣ। ਫਿਰ ਵੀ ਹਿੰਮਤ ਨਾ ਹਾਰੋ। ਤੁਹਾਡੀ ਹਮੇਸ਼ਾ ਦੀ ਜ਼ਿੰਦਗੀ ਦੀ ਆਸ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਪਰਮੇਸ਼ੁਰ ਨੂੰ ਜਾਣੋ।—ਮੱਤੀ 5:10-12; ਯੂਹੰਨਾ 17:3 ਪੜ੍ਹੋ। (w11-E 01/01)
ਹੋਰ ਜਾਣਕਾਰੀ ਲਈ ਇਸ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਦੂਜਾ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।