ਆਫ਼ਤਾਂ ਦਾ ਅੰਤ!
ਜੇ ਤੁਹਾਨੂੰ ਕੋਈ ਕਹੇ ਕਿ “ਬਹੁਤ ਜਲਦੀ ਕੋਈ ਵੀ ਆਫ਼ਤ ਨਹੀਂ ਆਵੇਗੀ,” ਤਾਂ ਤੁਸੀਂ ਉਸ ਨੂੰ ਕੀ ਜਵਾਬ ਦਿਓਗੇ? ਸ਼ਾਇਦ ਤੁਸੀਂ ਕਹੋ: “ਤੁਸੀਂ ਸੁਪਨਿਆਂ ਦੀ ਦੁਨੀਆਂ ਵਿਚ ਗੁਆਚੇ ਹੋਏ ਹੋ। ਆਫ਼ਤਾਂ ਤਾਂ ਜ਼ਿੰਦਗੀ ਦਾ ਹਿੱਸਾ ਹਨ।” ਜਾਂ ਸ਼ਾਇਦ ਤੁਸੀਂ ਮਨ ਹੀ ਮਨ ਵਿਚ ਕਹੋ, ‘ਇਹ ਕਿਸ ਨੂੰ ਮੂਰਖ ਬਣਾ ਰਿਹਾ ਹੈ? ਇਸ ਤਰ੍ਹਾਂ ਕਦੇ ਹੋ ਹੀ ਨਹੀਂ ਸਕਦਾ।’
ਭਾਵੇਂ ਸਾਨੂੰ ਲੱਗੇ ਕਿ ਕੁਦਰਤੀ ਆਫ਼ਤਾਂ ਹਮੇਸ਼ਾ ਆਉਂਦੀਆਂ ਰਹਿਣਗੀਆਂ, ਫਿਰ ਵੀ ਉਮੀਦ ਦੀ ਇਕ ਕਿਰਨ ਹੈ। ਭਵਿੱਖ ਵਿਚ ਤਬਦੀਲੀਆਂ ਆਉਣ ਵਾਲੀਆਂ ਹਨ। ਪਰ ਇਹ ਤਬਦੀਲੀਆਂ ਇਨਸਾਨਾਂ ਦੀਆਂ ਕੋਸ਼ਿਸ਼ਾਂ ਦੁਆਰਾ ਨਹੀਂ ਆਉਣਗੀਆਂ। ਇਨਸਾਨਾਂ ਨੂੰ ਤਾਂ ਪੂਰੀ ਤਰ੍ਹਾਂ ਇਹ ਵੀ ਨਹੀਂ ਪਤਾ ਕਿ ਕੁਦਰਤੀ ਆਫ਼ਤਾਂ ਆਉਂਦੀਆਂ ਹੀ ਕਿਉਂ ਹਨ, ਉਨ੍ਹਾਂ ਨੂੰ ਖ਼ਤਮ ਕਰਨਾ ਤਾਂ ਦੂਰ ਦੀ ਗੱਲ ਹੈ। ਇਜ਼ਰਾਈਲ ਦੇ ਬੁੱਧੀਮਾਨ ਤੇ ਪਾਰਖੀ ਨਜ਼ਰ ਵਾਲੇ ਰਾਜਾ ਸੁਲੇਮਾਨ ਨੇ ਕਿਹਾ: “ਆਦਮੀ ਕੋਲੋਂ ਉਹ ਕੰਮ ਜੋ ਸੂਰਜ ਦੇ ਹੇਠ ਹੁੰਦਾ ਹੈ ਬੁੱਝਿਆ ਨਹੀਂ ਜਾਂਦਾ ਭਾਵੇਂ ਆਦਮੀ ਜ਼ੋਰ ਲਾ ਕੇ ਵੀ ਉਹ ਦੀ ਭਾਲ ਕਰੇ ਤਾਂ ਵੀ ਕੁਝ ਨਾ ਲੱਭੇਗਾ। ਹਾਂ, ਭਾਵੇਂ ਬੁੱਧਵਾਨ ਵੀ ਕਹੇ ਕਿ ਮੈਂ ਜਾਣ ਲਵਾਂਗਾ ਤਾਂ ਵੀ ਉਹ ਨਹੀਂ ਬੁੱਝ ਸੱਕੇਗਾ।”—ਉਪਦੇਸ਼ਕ ਦੀ ਪੋਥੀ 8:17.
ਜੇ ਇਨਸਾਨ ਕੁਦਰਤੀ ਆਫ਼ਤਾਂ ਦਾ ਅੰਤ ਨਹੀਂ ਕਰ ਸਕਦਾ, ਤਾਂ ਕੌਣ ਕਰ ਸਕਦਾ ਹੈ? ਬਾਈਬਲ ਸਾਨੂੰ ਦੱਸਦੀ ਹੈ ਕਿ ਸਾਡਾ ਸਿਰਜਣਹਾਰ ਇਹ ਕੰਮ ਕਰੇਗਾ। ਉਸ ਨੇ ਹੀ ਧਰਤੀ ਉੱਤੇ ਵਾਤਾਵਰਣ ਸੰਬੰਧੀ ਚੱਕਰ ਬਣਾਏ ਹਨ, ਮਿਸਾਲ ਲਈ ਪਾਣੀ ਦਾ ਚੱਕਰ। (ਉਪਦੇਸ਼ਕ ਦੀ ਪੋਥੀ 1:7) ਅਤੇ ਇਨਸਾਨਾਂ ਤੋਂ ਬਿਲਕੁਲ ਉਲਟ, ਪਰਮੇਸ਼ੁਰ ਕੋਲ ਬੇਅੰਤ ਸ਼ਕਤੀ ਹੈ। ਇਸ ਗੱਲ ਨਾਲ ਹਾਮੀ ਭਰਦਿਆਂ ਯਿਰਮਿਯਾਹ ਨਬੀ ਨੇ ਕਿਹਾ: “ਹੇ ਪ੍ਰਭੁ ਯਹੋਵਾਹ, ਵੇਖ! ਤੈਂ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਕਠਣ ਨਹੀਂ ਹੈ।” (ਯਿਰਮਿਯਾਹ 32:17) ਪਰਮੇਸ਼ੁਰ ਨੇ ਧਰਤੀ ਅਤੇ ਸਾਰੇ ਤੱਤ ਬਣਾਏ ਹਨ, ਇਸ ਲਈ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਧਰਤੀ ਉੱਤੇ ਸਾਰਾ ਕੁਝ ਕਿਵੇਂ ਚਲਾਉਣਾ ਹੈ ਤਾਂਕਿ ਲੋਕ ਅਮਨ-ਚੈਨ ਨਾਲ ਰਹਿ ਸਕਣ।—ਜ਼ਬੂਰਾਂ ਦੀ ਪੋਥੀ 37:11; 115:16.
ਤਾਂ ਫਿਰ ਪਰਮੇਸ਼ੁਰ ਜ਼ਰੂਰੀ ਤਬਦੀਲੀਆਂ ਕਿਵੇਂ ਲਿਆਵੇਗਾ? ਤੁਹਾਨੂੰ ਯਾਦ ਹੋਵੇਗਾ ਕਿ ਇਸ ਰਸਾਲੇ ਦੇ ਦੂਜੇ ਲੇਖ ਵਿਚ ਕਈ ਭਿਆਨਕ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਸੀ ਜੋ ਇਸ “ਯੁਗ ਦੇ ਆਖ਼ਰੀ ਸਮੇਂ” ਦੀ “ਨਿਸ਼ਾਨੀ” ਹਨ। ਯਿਸੂ ਨੇ ਕਿਹਾ ਸੀ ਕਿ “ਜਦੋਂ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ, ਤਾਂ ਸਮਝ ਜਾਣਾ ਕਿ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।” (ਮੱਤੀ 24:3; ਲੂਕਾ 21:31) ਪਰਮੇਸ਼ੁਰ ਦਾ ਰਾਜ ਯਾਨੀ ਉਸ ਦੀ ਸਵਰਗੀ ਸਰਕਾਰ ਧਰਤੀ ਉੱਤੇ ਵੱਡੀਆਂ-ਵੱਡੀਆਂ ਤਬਦੀਲੀਆਂ ਕਰੇਗੀ, ਇੱਥੋਂ ਤਕ ਕਿ ਕੁਦਰਤੀ ਤਾਕਤਾਂ ਵੀ ਕੰਟ੍ਰੋਲ ਵਿਚ ਆ ਜਾਣਗੀਆਂ। ਭਾਵੇਂ ਕਿ ਯਹੋਵਾਹ ਪਰਮੇਸ਼ੁਰ ਆਪਣੇ ਆਪ ਇਹ ਸਾਰਾ ਕੁਝ ਕਰਨ ਦੀ ਤਾਕਤ ਰੱਖਦਾ ਹੈ, ਪਰ ਉਸ ਨੇ ਇਸ ਕੰਮ ਦੀ ਜ਼ਿੰਮੇਵਾਰੀ ਆਪਣੇ ਪੁੱਤਰ ਨੂੰ ਸੌਂਪੀ ਹੈ। ਉਸ ਦੇ ਪੁੱਤਰ ਬਾਰੇ ਦਾਨੀਏਲ ਨਬੀ ਨੇ ਕਿਹਾ: “ਪਾਤਸ਼ਾਹੀ ਅਰ ਪਰਤਾਪ ਅਰ ਰਾਜ ਉਹ ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ।”—ਦਾਨੀਏਲ 7:14.
ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਨੂੰ ਉਹ ਸ਼ਕਤੀ ਦਿੱਤੀ ਗਈ ਹੈ ਜਿਸ ਨਾਲ ਉਹ ਧਰਤੀ ਨੂੰ ਖੂਬਸੂਰਤ ਬਣਾਉਣ ਲਈ ਜ਼ਰੂਰੀ ਤਬਦੀਲੀਆਂ ਕਰ ਸਕੇਗਾ। ਦੋ ਹਜ਼ਾਰ ਸਾਲ ਪਹਿਲਾਂ, ਜਦ ਯਿਸੂ ਧਰਤੀ ’ਤੇ ਸੀ, ਉਸ ਨੇ ਛੋਟੇ ਪੈਮਾਨੇ ਤੇ ਦਿਖਾਇਆ ਸੀ ਕਿ ਉਸ ਕੋਲ ਕੁਦਰਤੀ ਤਾਕਤਾਂ ਨੂੰ ਕੰਟ੍ਰੋਲ ਕਰਨ ਦੀ ਸ਼ਕਤੀ ਹੈ। ਇਕ ਵਾਰ ਜਦੋਂ ਉਹ ਅਤੇ ਉਸ ਦੇ ਚੇਲੇ ਕਿਸ਼ਤੀ ਵਿਚ ਗਲੀਲ ਦੀ ਝੀਲ ਵਿਚ ਸਨ, ਤਾਂ “ਬਹੁਤ ਵੱਡਾ ਤੂਫ਼ਾਨ ਆ ਗਿਆ ਅਤੇ ਲਹਿਰਾਂ ਜ਼ੋਰ-ਜ਼ੋਰ ਨਾਲ ਕਿਸ਼ਤੀ ਨਾਲ ਟਕਰਾਉਣ ਲੱਗੀਆਂ ਤੇ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ।” ਚੇਲੇ ਬਹੁਤ ਹੀ ਡਰ ਗਏ। ਆਪਣੀਆਂ ਜਾਨਾਂ ਗੁਆਉਣ ਦੇ ਡਰੋਂ ਉਹ ਯਿਸੂ ਕੋਲ ਗਏ। ਤਾਂ ਫਿਰ ਯਿਸੂ ਨੇ ਕੀ ਕੀਤਾ? ਉਸ ਨੇ ਬਸ “ਹਨੇਰੀ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ: ‘ਚੁੱਪ! ਸ਼ਾਂਤ ਹੋ ਜਾ!’ ਅਤੇ ਹਨੇਰੀ ਰੁਕ ਗਈ ਅਤੇ ਸਭ ਕੁਝ ਸ਼ਾਂਤ ਹੋ ਗਿਆ।” ਉਸ ਦੇ ਚੇਲਿਆਂ ਨੇ ਹੈਰਾਨੀ ਨਾਲ ਪੁੱਛਿਆ: “ਇਹ ਕੌਣ ਹੈ? ਇੱਥੋਂ ਤਕ ਕਿ ਹਨੇਰੀ ਅਤੇ ਝੀਲ ਵੀ ਇਸ ਦਾ ਕਹਿਣਾ ਮੰਨਦੀਆਂ ਹਨ।”—ਹੁਣ ਤਾਂ ਯਿਸੂ ਸਵਰਗ ਵਿਚ ਹੈ ਅਤੇ ਉਸ ਨੂੰ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਤਾਕਤ ਅਤੇ ਅਧਿਕਾਰ ਦਿੱਤਾ ਗਿਆ ਹੈ। ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਉਸ ਨੂੰ ਜ਼ਰੂਰੀ ਤਬਦੀਲੀਆਂ ਕਰਨ ਦੀ ਜ਼ਿੰਮੇਵਾਰੀ ਅਤੇ ਕਾਬਲੀਅਤ ਦਿੱਤੀ ਗਈ ਹੈ, ਤਾਂਕਿ ਉਹ ਲੋਕਾਂ ਨੂੰ ਧਰਤੀ ਉੱਤੇ ਸ਼ਾਂਤ ਅਤੇ ਸੁਰੱਖਿਅਤ ਹਾਲਾਤਾਂ ਵਿਚ ਵਧੀਆ ਜ਼ਿੰਦਗੀ ਦੇ ਸਕੇ।
ਪਰ ਜਿਵੇਂ ਅਸੀਂ ਦੇਖ ਚੁੱਕੇ ਹਾਂ, ਜ਼ਿਆਦਾਤਰ ਸਮੱਸਿਆਵਾਂ ਤੇ ਆਫ਼ਤਾਂ ਇਨਸਾਨਾਂ ਕਰਕੇ ਆਈਆਂ ਹਨ। ਅਤੇ ਖ਼ੁਦਗਰਜ਼ ਤੇ ਲਾਲਚੀ ਇਨਸਾਨਾਂ ਦੁਆਰਾ ਕੁਦਰਤੀ ਸਾਧਨਾਂ ਦੀ ਲੁੱਟ-ਖਸੁੱਟ ਕਰਕੇ ਇਨ੍ਹਾਂ ਦੇ ਅਸਰ ਹੋਰ ਵੀ ਭਿਆਨਕ ਹੋਏ ਹਨ। ਪਰਮੇਸ਼ੁਰ ਦਾ ਰਾਜ ਉਨ੍ਹਾਂ ਦਾ ਕੀ ਹਸ਼ਰ ਕਰੇਗਾ ਜੋ ਆਪਣਾ ਰਵੱਈਆ ਅਤੇ ਕੰਮ ਬਦਲਣਾ ਨਹੀਂ ਚਾਹੁੰਦੇ? ਬਾਈਬਲ ਦੱਸਦੀ ਹੈ ਕਿ ਪ੍ਰਭੂ ਯਿਸੂ “ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਅੱਗ ਵਿਚ ਸਵਰਗੋਂ ਪ੍ਰਗਟ ਹੋਵੇਗਾ। ਉਸ ਵੇਲੇ ਉਹ ਉਨ੍ਹਾਂ ਲੋਕਾਂ ਤੋਂ ਬਦਲਾ ਲਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਜਿਹੜੇ ਸਾਡੇ ਪ੍ਰਭੂ ਯਿਸੂ ਬਾਰੇ ਖ਼ੁਸ਼ ਖ਼ਬਰੀ ਅਨੁਸਾਰ ਨਹੀਂ ਚੱਲਦੇ।” ਹਾਂ, ਉਹ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ ਕਰੇਗਾ।’—2 ਥੱਸਲੁਨੀਕੀਆਂ 1:7, 8; ਪ੍ਰਕਾਸ਼ ਦੀ ਕਿਤਾਬ 11:18.
ਇਸ ਤੋਂ ਬਾਅਦ “ਰਾਜਿਆਂ ਦਾ ਰਾਜਾ” ਯਿਸੂ ਮਸੀਹ ਧਰਤੀ ਦੀਆਂ ਕੁਦਰਤੀ ਤਾਕਤਾਂ ਉੱਤੇ ਪੂਰਾ ਕੰਟ੍ਰੋਲ ਰੱਖੇਗਾ। (ਪ੍ਰਕਾਸ਼ ਦੀ ਕਿਤਾਬ 19:16) ਇਹ ਗੱਲ ਪੱਕੀ ਹੈ ਕਿ ਯਿਸੂ ਆਪਣੀ ਪਰਜਾ ’ਤੇ ਕਿਸੇ ਤਰ੍ਹਾਂ ਦੀ ਆਫ਼ਤ ਨਹੀਂ ਆਉਣ ਦੇਵੇਗਾ। ਉਸ ਦੀ ਸ਼ਕਤੀ ਨਾਲ ਕੁਦਰਤੀ ਤਾਕਤਾਂ ਐਨ ਸਹੀ ਢੰਗ ਨਾਲ ਕੰਮ ਕਰਨਗੀਆਂ ਤਾਂਕਿ ਮੌਸਮ ਅਤੇ ਰੁੱਤਾਂ ਦੁਆਰਾ ਇਨਸਾਨਾਂ ਨੂੰ ਪੂਰਾ ਫ਼ਾਇਦਾ ਹੋਵੇ। ਨਤੀਜੇ ਵਜੋਂ ਯਹੋਵਾਹ ਪਰਮੇਸ਼ੁਰ ਦਾ ਉਹ ਵਾਅਦਾ ਪੂਰਾ ਹੋਵੇਗਾ ਜੋ ਉਸ ਨੇ ਬਹੁਤ ਚਿਰ ਪਹਿਲਾਂ ਆਪਣੇ ਲੋਕਾਂ ਨਾਲ ਕੀਤਾ ਸੀ: “ਮੈਂ ਤੁਹਾਨੂੰ ਵੇਲੇ ਸਿਰ ਮੀਂਹ ਦੇਵਾਂਗਾ ਅਤੇ ਧਰਤੀ ਆਪਣੀ ਖੱਟੀ ਦੇਵੇਗੀ ਅਤੇ ਧਰਤੀ ਦੇ ਬਿਰਛ ਫਲ ਉਗਾਉਣਗੇ।” (ਲੇਵੀਆਂ 26:4) ਲੋਕਾਂ ਨੂੰ ਇਹ ਡਰ ਨਹੀਂ ਹੋਵੇਗਾ ਕਿ ਉਨ੍ਹਾਂ ਦੇ ਬਣਾਏ ਗਏ ਘਰ ਕਿਸੇ ਆਫ਼ਤ ਕਾਰਨ ਢਹਿ ਜਾਣਗੇ। ਜੀ ਹਾਂ, “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।”—ਯਸਾਯਾਹ 65:21.
ਤੁਹਾਨੂੰ ਕੀ ਕਰਨ ਦੀ ਲੋੜ ਹੈ?
ਬਿਨਾਂ ਸ਼ੱਕ ਤੁਸੀਂ ਵੀ ਹੋਰਨਾਂ ਅਨੇਕ ਲੋਕਾਂ ਵਾਂਗ ਅਜਿਹੀ ਦੁਨੀਆਂ ਵਿਚ ਜੀਣਾ ਚਾਹੁੰਦੇ ਹੋ ਜਿਸ ਵਿਚ ਕੋਈ ਤਬਾਹਕੁਨ ਆਫ਼ਤ ਨਹੀਂ ਆਵੇਗੀ। ਪਰ ਅਜਿਹੀ ਦੁਨੀਆਂ ਵਿਚ ਰਹਿਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ? ਉਹ ਲੋਕ ‘ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਖ਼ੁਸ਼ ਖ਼ਬਰੀ ਅਨੁਸਾਰ ਨਹੀਂ ਚੱਲਦੇ,’ ਉਹ ਆਫ਼ਤਾਂ ਤੋਂ ਬਗੈਰ ਦੁਨੀਆਂ ਵਿਚ ਰਹਿਣ ਦੇ ਕਾਬਲ ਨਹੀਂ ਹੋਣਗੇ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਤੁਹਾਨੂੰ ਪਰਮੇਸ਼ੁਰ ਬਾਰੇ ਸਿੱਖਣ ਅਤੇ ਉਸ ਦੇ ਰਾਜ ਦਾ ਸਮਰਥਨ ਕਰਨ ਦੀ ਲੋੜ ਹੈ। ਇਹ ਪਰਮੇਸ਼ੁਰ ਦੀ ਖ਼ਾਸ ਮੰਗ ਹੈ ਕਿ ਅਸੀਂ ਉਸ ਬਾਰੇ ਜਾਣੀਏ ਅਤੇ ਰਾਜ ਦੀ ਖ਼ੁਸ਼ ਖ਼ਬਰੀ ਅਨੁਸਾਰ ਚੱਲੀਏ ਜਿਸ ਰਾਜ ਨੂੰ ਉਸ ਨੇ ਆਪਣੇ ਪੁੱਤਰ ਰਾਹੀਂ ਸਥਾਪਿਤ ਕੀਤਾ ਹੈ।
ਇਸ ਤਰ੍ਹਾਂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਈਬਲ ਦੀ ਧਿਆਨ ਨਾਲ ਸਟੱਡੀ ਕਰਨੀ। ਬਾਈਬਲ ਵਿਚ ਉਹ ਹਿਦਾਇਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਪਾਲਣਾ ਕਰਨ ਨਾਲ ਤੁਸੀਂ ਪਰਮੇਸ਼ੁਰ ਦੇ ਰਾਜ ਵਿਚ ਵਧੀਆ ਵਾਤਾਵਰਣ ਦਾ ਆਨੰਦ ਲੈ ਸਕੋਗੇ। ਕਿਉਂ ਨਾ ਤੁਸੀਂ ਯਹੋਵਾਹ ਦੇ ਗਵਾਹਾਂ ਕੋਲੋਂ ਪੁੱਛੋ ਕਿ ਉਹ ਬਾਈਬਲ ਦੀ ਸਿੱਖਿਆ ਲੈਣ ਵਿਚ ਤੁਹਾਡੀ ਮਦਦ ਕਰਨ? ਉਨ੍ਹਾਂ ਦਾ ਮਕਸਦ ਹੀ ਤੁਹਾਡੀ ਮਦਦ ਕਰਨਾ ਹੈ। ਇਕ ਗੱਲ ਪੱਕੀ ਹੈ, ਜੇ ਤੁਸੀਂ ਪਰਮੇਸ਼ੁਰ ਬਾਰੇ ਜਾਣਨ ਅਤੇ ਖ਼ੁਸ਼ ਖ਼ਬਰੀ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰੋਗੇ, ਤਾਂ ਕਹਾਉਤਾਂ 1:33 ਦੇ ਸ਼ਬਦ ਤੁਹਾਡੇ ਬਾਰੇ ਸੱਚ ਹੋਣਗੇ: “ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।” (w11-E 12/01)