ਕੀ 2012 ਵਿਚ ਧਰਤੀ ਦਾ ਨਾਸ਼ ਹੋ ਜਾਵੇਗਾ?
ਪਾਠਕਾਂ ਦੇ ਸਵਾਲ
ਕੀ 2012 ਵਿਚ ਧਰਤੀ ਦਾ ਨਾਸ਼ ਹੋ ਜਾਵੇਗਾ?
▪ ‘ਕਈ ਲੋਕ ਫਰਾਂਸ ਦੇ ਇਕ ਪਿੰਡ ਨੂੰ ਭੱਜੇ ਕਿਉਂਕਿ ਉਹ ਸੋਚਦੇ ਸਨ ਕਿ 21 ਦਸੰਬਰ 2012 ਨੂੰ ਦੁਨੀਆਂ ਦਾ ਨਾਸ਼ ਹੋ ਜਾਵੇਗਾ। ਉਹ ਇਹ ਇਸ ਲਈ ਮੰਨਦੇ ਸਨ ਕਿਉਂਕਿ ਪ੍ਰਾਚੀਨ ਮਾਇਆ ਕਲੰਡਰ ਦੇ 5,125 ਸਾਲ ਇਸ ਦਿਨ ਖ਼ਤਮ ਹੋ ਜਾਣਗੇ।’—ਬੀ.ਬੀ.ਸੀ. ਨਿਊਜ਼।
ਦੁਨੀਆਂ ਦੇ ਅੰਤ ਬਾਰੇ ਦੱਸਣ ਵਾਲੇ ਧਾਰਮਿਕ ਆਗੂਆਂ, ਵਿਗਿਆਨੀ ਹੋਣ ਦਾ ਦਾਅਵਾ ਕਰਨ ਵਾਲਿਆਂ ਅਤੇ 21ਵੀਂ ਸਦੀ ਦੇ ਹੋਰ ਭਵਿੱਖ ਦੱਸਣ ਵਾਲਿਆਂ ਦੀਆਂ ਗੱਲਾਂ ਦੇ ਬਾਵਜੂਦ, ਧਰਤੀ ਨਾਸ਼ ਨਹੀਂ ਹੋਵੇਗੀ। ਜੀ ਹਾਂ, ਧਰਤੀ 2012 ਵਿਚ ਬਚੀ ਰਹੇਗੀ। ਨਾ ਸਿਰਫ਼ ਉਸ ਸਾਲ ਸਗੋਂ ਉਸ ਤੋਂ ਬਾਅਦ ਆਉਣ ਵਾਲੇ ਹਰ ਸਾਲ ਧਰਤੀ ਕਾਇਮ ਰਹੇਗੀ।
ਬਾਈਬਲ ਕਹਿੰਦੀ ਹੈ: “ਇੱਕ ਪੀੜ੍ਹੀ ਚੱਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਹੈ।” (ਉਪਦੇਸ਼ਕ ਦੀ ਪੋਥੀ 1:4) ਯਸਾਯਾਹ 45:18 ਦੇ ਸ਼ਬਦਾਂ ਉੱਤੇ ਵੀ ਗੌਰ ਕਰੋ ਜੋ ਯਹੋਵਾਹ ਨੇ ਕਹੇ ਸਨ: “ਜਿਸ [ਨੇ] ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ,—ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ,—ਉਹ ਇਉਂ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਨਹੀਂ।”
ਕੀ ਇਕ ਪਿਆਰਾ ਪਿਤਾ ਆਪਣੇ ਬੱਚੇ ਲਈ ਖਿਡੌਣੇ ਨੂੰ ਡੀਜ਼ਾਈਨ ਕਰਨ ਤੇ ਉਸ ਨੂੰ ਬਣਾਉਣ ਵਿਚ ਕਈ ਘੰਟੇ ਲਾਵੇਗਾ, ਜੇ ਉਹ ਬੱਚੇ ਨੂੰ ਖਿਡੌਣਾ ਦੇਣ ਤੋਂ ਕੁਝ ਹੀ ਪਲਾਂ ਬਾਅਦ ਉਸ ਨੂੰ ਤੋੜਨ ਵਾਲਾ ਹੈ? ਇਸ ਤਰ੍ਹਾਂ ਕਰ ਕੇ ਉਹ ਕਿੰਨਾ ਬੇਰਹਿਮ ਹੋਵੇਗਾ! ਇਸੇ ਤਰ੍ਹਾਂ ਪਰਮੇਸ਼ੁਰ ਨੇ ਧਰਤੀ ਨੂੰ ਖ਼ਾਸ ਕਰਕੇ ਇਨਸਾਨਾਂ ਦੀ ਖ਼ੁਸ਼ੀ ਲਈ ਬਣਾਇਆ ਸੀ। ਪਹਿਲੇ ਇਨਸਾਨੀ ਜੋੜੇ ਆਦਮ ਤੇ ਹੱਵਾਹ ਨੂੰ ਪਰਮੇਸ਼ੁਰ ਨੇ ਕਿਹਾ ਸੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” ਇਸ ਤੋਂ ਬਾਅਦ “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।” (ਉਤਪਤ 1:27, 28, 31) ਧਰਤੀ ਲਈ ਪਰਮੇਸ਼ੁਰ ਦਾ ਮਕਸਦ ਬਦਲਿਆ ਨਹੀਂ ਹੈ। ਉਹ ਧਰਤੀ ਨੂੰ ਨਾਸ਼ ਨਹੀਂ ਹੋਣ ਦੇਵੇਗਾ। ਯਹੋਵਾਹ ਨੇ ਜੋ ਵੀ ਵਾਅਦਾ ਕੀਤਾ ਸੀ, ਉਸ ਸੰਬੰਧੀ ਉਸ ਨੇ ਵਿਸ਼ਵਾਸ ਨਾਲ ਕਿਹਾ: “ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:11.
ਪਰ ਯਹੋਵਾਹ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ ਕਰ ਦੇਵੇਗਾ।’ (ਪ੍ਰਕਾਸ਼ ਦੀ ਕਿਤਾਬ 11:18) ਆਪਣੇ ਬਚਨ ਵਿਚ ਉਹ ਇਹ ਵਾਅਦਾ ਕਰਦਾ ਹੈ: “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”—ਕਹਾਉਤਾਂ 2:21, 22.
ਇਹ ਸਭ ਕਦੋਂ ਹੋਵੇਗਾ? ਕਿਸੇ ਵੀ ਇਨਸਾਨ ਨੂੰ ਨਹੀਂ ਪਤਾ। ਯਿਸੂ ਨੇ ਕਿਹਾ: “ਉਸ ਦਿਨ ਜਾਂ ਉਸ ਵੇਲੇ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।” (ਮਰਕੁਸ 13:32) ਯਹੋਵਾਹ ਦੇ ਗਵਾਹ ਅੰਦਾਜ਼ਾ ਲਾ ਕੇ ਤਾਰੀਖ਼ ਨਹੀਂ ਦੱਸਦੇ ਕਿ ਪਰਮੇਸ਼ੁਰ ਕਦੋਂ ਬੁਰੇ ਲੋਕਾਂ ਦਾ ਨਾਸ਼ ਕਰੇਗਾ। ਭਾਵੇਂ ਕਿ ਉਨ੍ਹਾਂ ਨੂੰ ਦੁਨੀਆਂ ਦੇ ਆਖ਼ਰੀ ਸਮੇਂ ਦੀ “ਨਿਸ਼ਾਨੀ” ਦਾ ਪਤਾ ਹੈ ਅਤੇ ਉਹ ਮੰਨਦੇ ਹਨ ਕਿ ਲੋਕ ‘ਆਖ਼ਰੀ ਦਿਨਾਂ’ ਵਿਚ ਰਹਿੰਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ “ਅੰਤ” ਕਦੋਂ ਆਵੇਗਾ। (ਮਰਕੁਸ 13:4-8, 33; 2 ਤਿਮੋਥਿਉਸ 3:1) ਇਹ ਗੱਲ ਉਹ ਆਪਣੇ ਸਵਰਗੀ ਪਿਤਾ ਅਤੇ ਉਸ ਦੇ ਪੁੱਤਰ ’ਤੇ ਛੱਡ ਦਿੰਦੇ ਹਨ।
ਉਸ ਸਮੇਂ ਦੇ ਆਉਣ ਤਕ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਰੁੱਝੇ ਰਹਿੰਦੇ ਹਨ। ਇਹ ਸਵਰਗੀ ਸਰਕਾਰ ਧਰਤੀ ਉੱਤੇ ਰਾਜ ਕਰੇਗੀ ਅਤੇ ਇਸ ਨੂੰ ਇਕ ਸੁੰਦਰ ਬਾਗ਼ ਵਿਚ ਬਦਲ ਦੇਵੇਗੀ ਜਿਸ ਦੇ ‘ਧਰਮੀ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।’—ਜ਼ਬੂਰਾਂ ਦੀ ਪੋਥੀ 37:29. (w11-E 12/01)
[ਸਫ਼ਾ 10 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Image Science and Analysis Laboratory, NASA-Johnson Space Center