Skip to content

Skip to table of contents

ਅਬਰਾਹਾਮ—ਇਕ ਨਿਮਰ ਆਦਮੀ

ਅਬਰਾਹਾਮ—ਇਕ ਨਿਮਰ ਆਦਮੀ

ਅਬਰਾਹਾਮ​—ਇਕ ਨਿਮਰ ਆਦਮੀ

ਇਕ ਦਿਨ ਅਬਰਾਹਾਮ ਕੜਕਦੀ ਧੁੱਪ ਤੋਂ ਰਾਹਤ ਪਾਉਣ ਲਈ ਆਪਣੇ ਤੰਬੂ ਵਿਚ ਬੈਠਾ ਹੋਇਆ ਸੀ। ਜਿਉਂ ਹੀ ਉਸ ਨੇ ਨਜ਼ਰਾਂ ਉੱਪਰ ਚੁੱਕੀਆਂ, ਤਾਂ ਉਸ ਨੇ ਦੂਰੋਂ ਤਿੰਨ ਆਦਮੀ ਆਉਂਦੇ ਹੋਏ ਦੇਖੇ। * ਉਹ ਫਟਾਫਟ ਉਨ੍ਹਾਂ ਨੂੰ ਮਿਲਣ ਲਈ ਭੱਜਿਆ। ਫਿਰ ਉਸ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਆਰਾਮ ਕਰਨ ਤੇ ਕੁਝ ਖਾਣ-ਪੀਣ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਲਈ “ਥੋਹੜੀ ਜਿਹੀ ਰੋਟੀ” ਲਿਆਉਂਦਾ, ਪਰ ਉਸ ਨੇ ਉਨ੍ਹਾਂ ਅੱਗੇ ਤਾਜ਼ੀ ਰੋਟੀ, ਮੱਖਣ, ਦੁੱਧ, ਨਰਮ ਤੇ ਚੰਗਾ ਮੀਟ ਵਗੈਰਾ ਲਿਆ ਕੇ ਪਰੋਸਿਆ। ਇਨ੍ਹਾਂ ਮਹਿਮਾਨਾਂ ਅੱਗੇ ਸ਼ਾਨਦਾਰ ਭੋਜਨ ਪਰੋਸ ਕੇ ਅਬਰਾਹਾਮ ਨੇ ਨਾ ਸਿਰਫ਼ ਵਧੀਆ ਪਰਾਹੁਣਚਾਰੀ ਦਿਖਾਈ, ਸਗੋਂ ਜਿਵੇਂ ਆਪਾਂ ਅੱਗੇ ਦੇਖਾਂਗੇ ਦਿਲੋਂ ਨਿਮਰਤਾ ਵੀ ਦਿਖਾਈ।—ਉਤਪਤ 18:1-8.

ਨਿਮਰਤਾ ਕੀ ਹੈ? ਜੋ ਇਨਸਾਨ ਨਿਮਰ ਹੁੰਦਾ ਹੈ, ਉਹ ਘਮੰਡੀ ਜਾਂ ਹੰਕਾਰੀ ਨਹੀਂ ਹੁੰਦਾ। ਨਿਮਰ ਇਨਸਾਨ ਸਮਝਦਾ ਹੈ ਕਿ ਦੂਸਰੇ ਕਿਸੇ-ਨਾ-ਕਿਸੇ ਗੱਲ ਵਿਚ ਉਸ ਨਾਲੋਂ ਬਿਹਤਰ ਹਨ। (ਫ਼ਿਲਿੱਪੀਆਂ 2:3) ਉਹ ਦੂਜਿਆਂ ਦੇ ਸੁਝਾਵਾਂ ਨੂੰ ਮੰਨਦਾ ਹੈ ਅਤੇ ਉਨ੍ਹਾਂ ਲਈ ਮਾਮੂਲੀ ਜਿਹੇ ਕੰਮ ਕਰਨ ਲਈ ਵੀ ਤਿਆਰ ਰਹਿੰਦਾ ਹੈ।

ਅਬਰਾਹਾਮ ਨੇ ਨਿਮਰਤਾ ਕਿਵੇਂ ਦਿਖਾਈ? ਅਬਰਾਹਾਮ ਨੇ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਸੇਵਾ ਕੀਤੀ। ਜਿਵੇਂ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਹੈ, ਅਬਰਾਹਾਮ ਨੇ ਜਦੋਂ ਤਿੰਨ ਮੁਸਾਫ਼ਰ ਆਉਂਦੇ ਦੇਖੇ, ਤਾਂ ਉਹ ਫਟਾਫਟ ਉਨ੍ਹਾਂ ਦੀ ਸੇਵਾ ਕਰਨ ਲਈ ਤਿਆਰੀਆਂ ਕਰਨ ਲੱਗ ਪਿਆ। ਉਸ ਦੀ ਪਤਨੀ ਸਾਰਾਹ ਜਲਦੀ ਹੀ ਖਾਣਾ ਤਿਆਰ ਕਰਨ ਲੱਗ ਪਈ। ਪਰ ਧਿਆਨ ਦਿਓ ਕਿ ਜ਼ਿਆਦਾਤਰ ਕੰਮ ਕੌਣ ਕਰ ਰਿਹਾ ਸੀ: ਅਬਰਾਹਾਮ ਦੌੜ ਕੇ ਮਹਿਮਾਨਾਂ ਨੂੰ ਮਿਲਣ ਗਿਆ, ਉਸ ਨੇ ਉਨ੍ਹਾਂ ਨੂੰ ਕੁਝ ਖਾਣ-ਪੀਣ ਲਈ ਕਿਹਾ, ਉਸ ਨੇ ਦੌੜ ਕੇ ਇੱਜੜ ਵਿੱਚੋਂ ਇਕ ਜਾਨਵਰ ਚੁਣ ਕੇ ਤਿਆਰ ਕੀਤਾ ਅਤੇ ਉਸ ਨੇ ਸਾਰਾ ਖਾਣਾ ਉਨ੍ਹਾਂ ਦੇ ਅੱਗੇ ਪਰੋਸਿਆ। ਸਾਰਾ ਕੰਮ ਆਪਣੇ ਨੌਕਰਾਂ ਤੋਂ ਕਰਾਉਣ ਦੀ ਬਜਾਇ ਇਸ ਨਿਮਰ ਆਦਮੀ ਨੇ ਆਪ ਨੱਠ-ਭੱਜ ਕੀਤੀ। ਉਸ ਨੇ ਇਹ ਨਹੀਂ ਸੋਚਿਆ ਕਿ ਦੂਜਿਆਂ ਦੀ ਸੇਵਾ ਕਰਨੀ ਉਸ ਦੀ ਸ਼ਾਨ ਦੇ ਖ਼ਿਲਾਫ਼ ਸੀ।

ਅਬਰਾਹਾਮ ਨੇ ਆਪਣੇ ਅਧੀਨ ਕੰਮ ਕਰਨ ਵਾਲਿਆਂ ਦੇ ਸੁਝਾਵਾਂ ਨੂੰ ਸੁਣਿਆ। ਬਾਈਬਲ ਵਿਚ ਅਬਰਾਹਾਮ ਅਤੇ ਸਾਰਾਹ ਦੀ ਆਪਸ ਵਿਚ ਹੋਈ ਗੱਲਬਾਤ ਦਾ ਜ਼ਿਕਰ ਕੁਝ ਹੀ ਵਾਰ ਆਉਂਦਾ ਹੈ। ਪਰ ਅਸੀਂ ਦੋ ਵਾਰ ਪੜ੍ਹਦੇ ਹਾਂ ਕਿ ਅਬਰਾਹਾਮ ਨੇ ਸਾਰਾਹ ਦੀ ਗੱਲ ਸੁਣ ਕੇ ਉਸ ਦੀ ਰਾਇ ਮੰਨੀ। (ਉਤਪਤ 16:2; 21:8-14) ਇਨ੍ਹਾਂ ਵਿੱਚੋਂ ਇਕ ਮੌਕੇ ਤੇ ਅਬਰਾਹਾਮ ਨੂੰ ਸਾਰਾਹ ਦੀ ਗੱਲ “ਅੱਤ ਬੁਰੀ” ਲੱਗੀ। ਪਰ ਜਦ ਯਹੋਵਾਹ ਨੇ ਕਿਹਾ ਕਿ ਸਾਰਾਹ ਦੀ ਸਲਾਹ ਵਧੀਆ ਸੀ, ਤਾਂ ਅਬਰਾਹਾਮ ਨੇ ਨਿਮਰਤਾ ਨਾਲ ਉਸ ਦੀ ਗੱਲ ਮੰਨ ਲਈ।

ਅਸੀਂ ਕੀ ਸਬਕ ਸਿੱਖ ਸਕਦੇ ਹਾਂ? ਜੇ ਅਸੀਂ ਦਿਲੋਂ ਨਿਮਰ ਹਾਂ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਸੇਵਾ ਕਰਾਂਗੇ। ਦੂਜਿਆਂ ਦੀ ਜ਼ਿੰਦਗੀ ਥੋੜ੍ਹੀ-ਬਹੁਤੀ ਸੁਖਾਲੀ ਬਣਾਉਣ ਲਈ ਅਸੀਂ ਜੋ ਕੁਝ ਕਰ ਸਕਦੇ ਹਾਂ, ਉਹ ਖ਼ੁਸ਼ੀ ਨਾਲ ਕਰਾਂਗੇ।

ਅਸੀਂ ਉਦੋਂ ਵੀ ਨਿਮਰਤਾ ਦਿਖਾਉਂਦੇ ਹਾਂ ਜਦ ਅਸੀਂ ਦੂਜਿਆਂ ਦੇ ਸੁਝਾਅ ਮੰਨਦੇ ਹਾਂ। ਸਾਨੂੰ ਕੋਈ ਸੁਝਾਅ ਸਿਰਫ਼ ਇਸ ਕਰਕੇ ਰੱਦ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪਹਿਲਾਂ ਸਾਡੇ ਮਨ ਵਿਚ ਨਹੀਂ ਆਇਆ। ਦੂਜਿਆਂ ਦੀ ਸਲਾਹ ਲੈਣੀ ਸਾਡੇ ਲਈ ਅਕਲਮੰਦੀ ਦੀ ਗੱਲ ਹੈ। (ਕਹਾਉਤਾਂ 15:22) ਇਸ ਤਰ੍ਹਾਂ ਦਾ ਰਵੱਈਆ ਖ਼ਾਸ ਕਰਕੇ ਉਨ੍ਹਾਂ ਲਈ ਫ਼ਾਇਦੇਮੰਦ ਹੈ ਜਿਨ੍ਹਾਂ ਕੋਲ ਕੁਝ ਹੱਦ ਤਕ ਦੂਜਿਆਂ ’ਤੇ ਅਧਿਕਾਰ ਹੈ। ਜੌਨ ਨਾਂ ਦੇ ਇਕ ਤਜਰਬੇਕਾਰ ਨਿਗਾਹਬਾਨ ਨੇ ਕਿਹਾ: “ਇਕ ਚੰਗਾ ਨਿਗਾਹਬਾਨ ਅਜਿਹਾ ਵਧੀਆ ਮਾਹੌਲ ਪੈਦਾ ਕਰਦਾ ਹੈ ਜਿਸ ਵਿਚ ਲੋਕ ਆਪਣੀ ਰਾਇ ਦੇਣ ਤੋਂ ਹਿਚਕਿਚਾਉਂਦੇ ਨਹੀਂ। ਇਹ ਮੰਨਣ ਲਈ ਨਿਮਰਤਾ ਦੀ ਲੋੜ ਹੈ ਕਿ ਤੁਹਾਡੀ ਨਿਗਰਾਨੀ ਹੇਠ ਕੰਮ ਕਰਨ ਵਾਲੇ ਕਿਸੇ ਵਿਅਕਤੀ ਦਾ ਕੰਮ ਕਰਨ ਦਾ ਤਰੀਕਾ ਤੁਹਾਡੇ ਨਾਲੋਂ ਵਧੀਆ ਹੈ। ਹਕੀਕਤ ਤਾਂ ਇਹ ਹੈ ਕਿ ਕਿਸੇ ਇਕ ਜਣੇ ਕੋਲ ਹਮੇਸ਼ਾ ਸਾਰੇ ਵਧੀਆ ਸੁਝਾਅ ਨਹੀਂ ਹੁੰਦੇ, ਨਿਗਾਹਬਾਨ ਕੋਲ ਵੀ ਨਹੀਂ।”

ਜਦੋਂ ਅਸੀਂ ਅਬਰਾਹਾਮ ਵਾਂਗ ਦੂਸਰਿਆਂ ਦੇ ਸੁਝਾਅ ਮੰਨਦੇ ਹਾਂ ਅਤੇ ਉਨ੍ਹਾਂ ਲਈ ਮਾਮੂਲੀ ਕੰਮ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਾਂ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ “ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।”—1 ਪਤਰਸ 5:5. (w12-E 01/01)

[ਫੁਟਨੋਟ]

^ ਪੈਰਾ 2 ਅਬਰਾਹਾਮ ਨੂੰ ਪਹਿਲਾਂ-ਪਹਿਲ ਪਤਾ ਨਹੀਂ ਸੀ ਕਿ ਇਹ ਮਹਿਮਾਨ ਪਰਮੇਸ਼ੁਰ ਦੇ ਭੇਜੇ ਹੋਏ ਦੂਤ ਸਨ।—ਇਬਰਾਨੀਆਂ 13:2.