ਤੁਸੀਂ ਆਪਣਾ ਭਵਿੱਖ ਸੁਨਹਿਰਾ ਬਣਾ ਸਕਦੇ ਹੋ—ਕਿਵੇਂ?
ਤੁਸੀਂ ਆਪਣਾ ਭਵਿੱਖ ਸੁਨਹਿਰਾ ਬਣਾ ਸਕਦੇ ਹੋ—ਕਿਵੇਂ?
ਤੁਸੀਂ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਕਿਵੇਂ ਪਾ ਸਕਦੇ ਹੋ? ਇਕ ਤਰੀਕਾ ਹੈ ਕਿ ਤੁਸੀਂ ਆਪਣੀ ਲਾਜਵਾਬ ਕਾਬਲੀਅਤ ਵਰਤੋ ਜਿਸ ਨਾਲ ਤੁਸੀਂ ਆਪਣੇ ਕੀਤੇ ਫ਼ੈਸਲਿਆਂ ਦੇ ਨਤੀਜਿਆਂ ਬਾਰੇ ਸੋਚ ਸਕੋ।
ਤੁਹਾਨੂੰ ਸ਼ਾਇਦ ਅਜਿਹੇ ਫ਼ੈਸਲੇ ਕਰਨੇ ਔਖੇ ਲੱਗਣ ਜਿਨ੍ਹਾਂ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਫ਼ਾਇਦਾ ਹੋਵੇਗਾ। ਕਿਉਂ? ਕਿਉਂਕਿ ਅੱਜ ਸਾਡੇ ਆਲੇ-ਦੁਆਲੇ ਦੇ ਲੋਕ ਹਰ ਚੀਜ਼ ਫਟਾਫਟ ਹਾਸਲ ਕਰਨੀ ਚਾਹੁੰਦੇ ਹਨ। ਮਿਸਾਲ ਲਈ, ਤੁਸੀਂ ਸ਼ਾਇਦ ਜਾਣਦੇ ਹੋ ਕਿ ਬਾਈਬਲ ਦੀ ਸਲਾਹ ਲਾਗੂ ਕਰ ਕੇ ਤੁਸੀਂ ਆਪਣੇ ਪਰਿਵਾਰ ਨਾਲ ਚੰਗਾ ਰਿਸ਼ਤਾ ਬਣਾ ਸਕਦੇ ਹੋ। (ਅਫ਼ਸੀਆਂ 5:22–6:4) ਪਰ ਇਸ ਤਰ੍ਹਾਂ ਕਰਨ ਲਈ ਤੁਹਾਨੂੰ ਬਾਕਾਇਦਾ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨਾ ਪਵੇਗਾ। ਹੋ ਸਕਦਾ ਹੈ ਕਿ ਤੁਹਾਨੂੰ ਕੰਮ, ਮਨੋਰੰਜਨ ਜਾਂ ਦਿਲ-ਪਰਚਾਵੇ ਵਿਚ ਹੱਦੋਂ ਵੱਧ ਸਮਾਂ ਬਿਤਾਉਣ ਦੇ ਦਬਾਅ ਨਾਲ ਜੂਝਣਾ ਪਵੇ। ਜ਼ਿੰਦਗੀ ਦੇ ਕੁਝ ਪਹਿਲੂਆਂ ਵਿਚ ਤੁਹਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਤੁਸੀਂ ਅਜਿਹਾ ਕੁਝ ਕਰੋ ਜਿਸ ਤੋਂ ਤੁਹਾਨੂੰ ਥੋੜ੍ਹੇ ਸਮੇਂ ਲਈ ਸਫ਼ਲਤਾ ਮਿਲ ਸਕਦੀ ਹੈ ਜਾਂ ਲੰਮੇ ਸਮੇਂ ਲਈ। ਸਹੀ ਰਾਹ ’ਤੇ ਚੱਲਣ ਲਈ ਤੁਹਾਨੂੰ ਤਾਕਤ ਕਿਵੇਂ ਮਿਲ ਸਕਦੀ ਹੈ? ਅਗਲੇ ਚਾਰ ਸੁਝਾਅ ਲਾਗੂ ਕਰੋ।
1 ਆਪਣੇ ਫ਼ੈਸਲਿਆਂ ਦੇ ਨਤੀਜਿਆਂ ਬਾਰੇ ਸੋਚੋ
ਫ਼ੈਸਲਾ ਕਰਦੇ ਸਮੇਂ ਇਸ ਦੇ ਨਤੀਜੇ ਬਾਰੇ ਸੋਚੋ। ਬਾਈਬਲ ਸਲਾਹ ਦਿੰਦੀ ਹੈ: “ਸਮਝਦਾਰ ਖ਼ਤਰੇ ਨੂੰ ਆਉਂਦਿਆਂ ਦੇਖ ਕੇ ਪਿੱਛੇ ਹਟ ਜਾਂਦਾ ਹੈ।” (ਕਹਾਉਤਾਂ 22:3, CL) ਜੇ ਤੁਸੀਂ ਠੰਢੇ ਦਿਮਾਗ਼ ਨਾਲ ਨਤੀਜਿਆਂ ਬਾਰੇ ਸੋਚੋ, ਤਾਂ ਤੁਸੀਂ ਸ਼ਾਇਦ ਉਹ ਕੰਮ ਨਹੀਂ ਕਰੋਗੇ ਜਿਸ ਨਾਲ ਤੁਹਾਨੂੰ ਖ਼ਤਰਾ ਹੋ ਸਕਦਾ ਹੈ। ਦੂਜੇ ਪਾਸੇ, ਜਦ ਤੁਸੀਂ ਚੰਗੇ ਫ਼ੈਸਲੇ ਦੇ ਨਤੀਜਿਆਂ ਬਾਰੇ ਸੋਚੋ, ਤਾਂ ਤੁਸੀਂ ਸਹੀ ਕੰਮ ਕਰਨ ਦਾ ਪੱਕਾ ਇਰਾਦਾ ਕਰੋਗੇ।
ਆਪਣੇ ਆਪ ਤੋਂ ਪੁੱਛੋ: ‘ਮੇਰੇ ਅੱਜ ਕੀਤੇ ਫ਼ੈਸਲੇ ਦਾ ਇਕ ਸਾਲ, ਦਸ ਜਾਂ ਵੀਹ ਸਾਲਾਂ ਬਾਅਦ ਕੀ ਨਤੀਜਾ ਨਿਕਲੇਗਾ? ਮੇਰੇ ਜਜ਼ਬਾਤਾਂ ਅਤੇ ਸਿਹਤ ਉੱਤੇ ਕੀ ਅਸਰ ਪਵੇਗਾ? ਮੇਰੇ ਪਰਿਵਾਰ ਅਤੇ ਜਿਨ੍ਹਾਂ ਦੀ ਮੈਂ ਪਰਵਾਹ ਕਰਦਾ ਹਾਂ ਉਨ੍ਹਾਂ ’ਤੇ ਕੀ ਅਸਰ ਪਵੇਗਾ?’ ਸਭ ਤੋਂ ਜ਼ਰੂਰੀ ਸਵਾਲ ਇਹ ਹੈ: ‘ਕੀ ਮੇਰੇ ਫ਼ੈਸਲੇ ਤੋਂ ਪਰਮੇਸ਼ੁਰ ਖ਼ੁਸ਼ ਹੋਵੇਗਾ? ਇਸ ਦਾ ਪਰਮੇਸ਼ੁਰ ਦੇ ਨਾਲ ਮੇਰੇ ਰਿਸ਼ਤੇ ’ਤੇ ਕੀ ਅਸਰ ਪਵੇਗਾ?’ ਬਾਈਬਲ ਪਰਮੇਸ਼ੁਰ ਦੀ ਸ਼ਕਤੀ ਨਾਲ ਲਿਖੀ ਗਈ ਹੈ ਜੋ ਤੁਹਾਡੀ ਇਹ ਦੇਖਣ ਵਿਚ ਮਦਦ ਕਰ ਸਕਦੀ ਹੈ ਕਿ ਉਹ ਕਿਹੜੀਆਂ ਗੱਲਾਂ ਤੋਂ ਖ਼ੁਸ਼ ਹੁੰਦਾ ਹੈ। ਇਸ ਦੇ ਨਾਲ-ਨਾਲ ਉਹ ਤੁਹਾਨੂੰ ਉਨ੍ਹਾਂ ਖ਼ਤਰਿਆਂ ਤੋਂ ਵੀ ਚੁਕੰਨੇ ਕਰਦੀ ਹੈ ਜਿਨ੍ਹਾਂ ਬਾਰੇ ਤੁਸੀਂ ਸੋਚਿਆ ਨਾ ਹੋਵੇ।—ਕਹਾਉਤਾਂ 14:12; 2 ਤਿਮੋਥਿਉਸ 3:16.
2 ਆਪਣੇ ਫ਼ੈਸਲੇ ਖ਼ੁਦ ਕਰੋ
ਆਪਣੇ ਫ਼ੈਸਲੇ ਖ਼ੁਦ ਕਰਨ ਦੀ ਬਜਾਇ ਜ਼ਿਆਦਾਤਰ ਲੋਕ ਹੋਰਨਾਂ ਦੀ ਰੀਸ ਕਰਦੇ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜੇ ਸਾਰੇ ਇਕ ਰਾਹ ’ਤੇ ਚੱਲਦੇ ਹਨ, ਤਾਂ ਉਹ ਸਹੀ ਹੋਵੇਗਾ। ਨੈਟਲੀ * ਦੀ ਮਿਸਾਲ ’ਤੇ ਗੌਰ ਕਰੋ। ਉਹ ਦੱਸਦੀ ਹੈ: “ਮੈਂ ਚਾਹੁੰਦੀ ਸੀ ਕਿ ਜਦੋਂ ਮੇਰਾ ਵਿਆਹ ਹੋਵੇ, ਤਾਂ ਮੈਂ ਸੁਖੀ ਵਿਆਹੁਤਾ ਜ਼ਿੰਦਗੀ ਜੀਵਾਂ। ਪਰ ਜਿੱਦਾਂ ਦੀ ਜ਼ਿੰਦਗੀ ਮੈਂ ਜੀ ਰਹੀ ਸੀ, ਉਸ ਤੋਂ ਮੈਂ ਦੇਖ ਸਕਦੀ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਨਹੀਂ ਹੋਣਾ। ਕਾਲਜ ਵਿਚ ਮੇਰੇ ਸਾਰੇ ਦੋਸਤ ਹੁਸ਼ਿਆਰ ਸਨ, ਪਰ ਉਹ ਇਕ ਤੋਂ ਬਾਅਦ ਇਕ ਬੁਰੇ ਫ਼ੈਸਲੇ ਕਰਦੇ ਰਹੇ। ਉਹ ਹਮੇਸ਼ਾ ਨਵੇਂ-ਤੋਂ-ਨਵੇਂ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਰੱਖਦੇ ਸਨ। ਉਨ੍ਹਾਂ ਵਾਂਗ ਮੇਰੇ ਵੀ ਬਹੁਤ ਸਾਰੇ ਬੁਆਏਫ੍ਰੈਂਡ ਸਨ। ਇਸ ਤਰ੍ਹਾਂ ਦੀ ਜ਼ਿੰਦਗੀ ਕਰਕੇ ਮੈਨੂੰ ਬਹੁਤ ਦੁੱਖਾਂ ਦਾ ਸਾਮ੍ਹਣਾ ਕਰਨਾ ਪਿਆ।”
ਨੈਟਲੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਉਹ ਦੱਸਦੀ ਹੈ: “ਗਵਾਹਾਂ ਵਿਚ ਮੈਂ ਖ਼ੁਸ਼ ਨੌਜਵਾਨ ਦੇਖੇ ਅਤੇ ਇਹ ਵੀ ਦੇਖਿਆ ਕਿ ਪਤੀ-ਪਤਨੀਆਂ ਵਿਚ ਕਿੰਨਾ ਪਿਆਰ ਹੈ। ਭਾਵੇਂ ਮੇਰੇ ਲਈ ਆਪਣੇ ਜੀਉਣ ਦੇ ਤੌਰ-ਤਰੀਕਿਆਂ ਨੂੰ ਬਦਲਣਾ ਸੌਖਾ ਨਹੀਂ ਸੀ, ਫਿਰ ਵੀ ਸਹਿਜੇ-ਸਹਿਜੇ ਮੈਂ ਆਪਣੇ ਵਿਚ ਬਦਲਾਅ ਕੀਤਾ।” ਨਤੀਜਾ ਕੀ ਨਿਕਲਿਆ? “ਮੈਂ ਅਜਿਹੇ ਇਨਸਾਨ ਨਾਲ ਵਿਆਹ ਕਰਨਾ ਚਾਹੁੰਦੀ ਸੀ ਜਿਸ ਦੇ ਚੰਗੇ ਗੁਣਾਂ ਕਰਕੇ ਮੈਂ ਉਸ ਵੱਲ ਖਿੱਚੀ ਜਾਵਾਂ। ਸਮੇਂ ਦੇ ਬੀਤਣ ਨਾਲ ਮੈਂ ਅਜਿਹੇ
ਆਦਮੀ ਨਾਲ ਵਿਆਹ ਕੀਤਾ ਜੋ ਯਹੋਵਾਹ ਦਾ ਗਵਾਹ ਹੈ। ਯਹੋਵਾਹ ਨੇ ਮੈਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਹੈ ਜਿਸ ਬਾਰੇ ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ।”3 ਦੂਰ ਦੀ ਸੋਚੋ
ਅੱਜ ਬਾਰੇ ਸੋਚਣ ਦੀ ਬਜਾਇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਭਵਿੱਖ ਵਿਚ ਕੀ ਕਰਨਾ ਚਾਹੁੰਦੇ ਹੋ ਤੇ ਇਸ ਨੂੰ ਪੂਰਾ ਕਰਨ ਲਈ ਤੁਸੀਂ ਕੀ ਕੁਝ ਕਰੋਗੇ। (ਕਹਾਉਤਾਂ 21:5) ਇਸ ਤਰ੍ਹਾਂ ਨਾ ਸੋਚੋ ਕਿ ਤੁਹਾਡੀ ਜ਼ਿੰਦਗੀ ਸਿਰਫ਼ 70 ਜਾਂ 80 ਸਾਲਾਂ ਦੀ ਹੀ ਹੋਵੇਗੀ, ਸਗੋਂ ਆਪਣੀਆਂ ਮਨ ਦੀਆਂ ਅੱਖਾਂ ਨਾਲ ਦੇਖੋ ਕਿ ਤੁਸੀਂ ਬਾਈਬਲ ਵਿਚ ਪਾਈ ਜਾਂਦੀ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋ।
ਬਾਈਬਲ ਦੱਸਦੀ ਹੈ ਕਿ ਯਿਸੂ ਦੀ ਕੁਰਬਾਨੀ ਸਦਕਾ ਪਰਮੇਸ਼ੁਰ ਨੇ ਇਨਸਾਨਾਂ ਲਈ ਹਮੇਸ਼ਾ ਦੀ ਜ਼ਿੰਦਗੀ ਜੀਉਣ ਦਾ ਪ੍ਰਬੰਧ ਕੀਤਾ ਹੈ। (ਮੱਤੀ 20:28; ਰੋਮੀਆਂ 6:23) ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਇਨਸਾਨਾਂ ਅਤੇ ਧਰਤੀ ਲਈ ਉਸ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ। ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਨੂੰ ਉਸ ਨਵੀਂ ਦੁਨੀਆਂ ਵਿਚ ਹਮੇਸ਼ਾ ਜੀਉਣ ਦਾ ਮੌਕਾ ਮਿਲੇਗਾ। (ਜ਼ਬੂਰਾਂ ਦੀ ਪੋਥੀ 37:11; ਪ੍ਰਕਾਸ਼ ਦੀ ਕਿਤਾਬ 21:3-5) ਜੇ ਤੁਸੀਂ ਦੂਰ ਦੀ ਸੋਚੋ, ਤਾਂ ਇਹ ਸੁਨਹਿਰਾ ਭਵਿੱਖ ਤੁਹਾਡਾ ਵੀ ਹੋ ਸਕਦਾ ਹੈ।
4 ਆਪਣੇ ਟੀਚੇ ਹਾਸਲ ਕਰਨ ਦੀ ਕੋਸ਼ਿਸ਼ ਕਰੋ
ਤੁਹਾਨੂੰ ਭਵਿੱਖ ਵਿਚ ਇਹ ਬਰਕਤਾਂ ਕਿਵੇਂ ਮਿਲ ਸਕਦੀਆਂ ਹਨ? ਪਹਿਲੀ ਗੱਲ ਹੈ ਕਿ ਤੁਹਾਨੂੰ ਪਰਮੇਸ਼ੁਰ ਬਾਰੇ ਗਿਆਨ ਲੈਣ ਦੀ ਲੋੜ ਹੈ। (ਯੂਹੰਨਾ 17:3) ਬਾਈਬਲ ਦਾ ਸਹੀ ਗਿਆਨ ਲੈ ਕੇ ਭਵਿੱਖ ਬਾਰੇ ਦੱਸੇ ਪਰਮੇਸ਼ੁਰ ਦੇ ਵਾਅਦਿਆਂ ਵਿਚ ਤੁਹਾਡਾ ਭਰੋਸਾ ਵਧੇਗਾ। ਅਜਿਹਾ ਭਰੋਸਾ ਰੱਖਣ ਨਾਲ ਤੁਹਾਨੂੰ ਪਰਮੇਸ਼ੁਰ ਦੀ ਮਿਹਰ ਪਾਉਣ ਲਈ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਦੀ ਤਾਕਤ ਮਿਲੇਗੀ।
ਮਾਈਕਲ ਦੀ ਮਿਸਾਲ ਉੱਤੇ ਗੌਰ ਕਰੋ। ਉਹ ਦੱਸਦਾ ਹੈ: “ਜਦੋਂ ਮੈਂ 12 ਸਾਲਾਂ ਦਾ ਸੀ, ਤਾਂ ਮੈਂ ਸ਼ਰਾਬ ਪੀਣੀ ਅਤੇ ਡ੍ਰੱਗਜ਼ ਲੈਣੇ ਸ਼ੁਰੂ ਕੀਤੇ। ਮੈਂ ਇਕ ਗੈਂਗ ਦਾ ਮੈਂਬਰ ਸੀ ਅਤੇ ਮੈਨੂੰ ਲੱਗਦਾ ਸੀ ਕਿ ਮੈਂ 30 ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਵਾਂਗਾ। ਮੇਰੇ ਵਿਚ ਗੁੱਸਾ ਅਤੇ ਖਿੱਝ ਹੋਣ ਕਰਕੇ ਮੈਂ ਕਈ ਵਾਰ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਮੇਰੀ ਜ਼ਿੰਦਗੀ ਹਨੇਰ ਭਰੀ ਸੀ ਤੇ ਕਿਸੇ ਪਾਸਿਓਂ ਵੀ ਉਮੀਦ ਦੀ ਕਿਰਨ ਨਜ਼ਰ ਨਹੀਂ ਆ ਰਹੀ ਸੀ।” ਜਦੋਂ ਮਾਈਕਲ ਹਾਈ ਸਕੂਲ ਵਿਚ ਸੀ, ਤਾਂ ਉਸ ਦੇ ਨਾਲ ਦਾ ਗੈਂਗ ਮੈਂਬਰ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗਾ। ਮਾਈਕਲ ਨੇ ਵੀ ਬਾਈਬਲ ਸਟੱਡੀ ਸ਼ੁਰੂ ਕੀਤੀ।
ਮਾਈਕਲ ਨੇ ਜੋ ਕੁਝ ਬਾਈਬਲ ਤੋਂ ਸਿੱਖਿਆ, ਉਸ ਕਰਕੇ ਭਵਿੱਖ ਬਾਰੇ ਉਸ ਦਾ ਨਜ਼ਰੀਆ ਬਦਲ ਗਿਆ। ਉਹ ਕਹਿੰਦਾ ਹੈ: “ਮੈਂ ਸਿੱਖਿਆ ਕਿ ਭਵਿੱਖ ਵਿਚ ਧਰਤੀ ਨੂੰ ਸੁੰਦਰ ਬਾਗ਼ ਵਿਚ ਬਦਲਿਆ ਜਾਵੇਗਾ ਅਤੇ ਲੋਕ ਸ਼ਾਂਤੀ ਨਾਲ ਰਹਿਣਗੇ ਤੇ ਉਨ੍ਹਾਂ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੋਵੇਗੀ। ਮੈਂ ਚਾਹੁੰਦਾ ਸੀ ਕਿ ਮੈਂ ਵੀ ਇੱਦਾਂ ਦੇ ਸਮੇਂ ਵਿਚ ਰਹਾਂ। ਮੈਂ ਯਹੋਵਾਹ ਨਾਲ ਚੰਗਾ ਰਿਸ਼ਤਾ ਜੋੜਨਾ ਸ਼ੁਰੂ ਕੀਤਾ। ਭਾਵੇਂ ਕਿ ਮੈਂ ਸਟੱਡੀ ਕਰ ਰਿਹਾ ਸੀ, ਫਿਰ ਵੀ ਕਈ ਵਾਰ ਮੇਰੇ ਤੋਂ ਗ਼ਲਤੀਆਂ ਹੋ ਗਈਆਂ ਸਨ। ਕਈ ਵਾਰ ਮੈਂ ਹੱਦੋਂ ਵੱਧ ਸ਼ਰਾਬ ਪੀਤੀ ਅਤੇ ਇਕ ਵਾਰ ਮੈਂ ਕੁੜੀ ਨਾਲ ਰੰਗਰਲੀਆਂ ਵੀ ਮਨਾਈਆਂ।”
ਗ਼ਲਤੀਆਂ ਕਰਨ ਦੇ ਬਾਵਜੂਦ ਵੀ ਮਾਈਕਲ ਆਪਣੀ ਜ਼ਿੰਦਗੀ ਨੂੰ ਕਿਵੇਂ ਬਦਲ ਸਕਿਆ? ਉਹ ਦੱਸਦਾ ਹੈ: “ਮੇਰੇ ਨਾਲ ਬਾਈਬਲ ਸਟੱਡੀ ਕਰਨ ਵਾਲੇ ਨੇ ਮੈਨੂੰ ਹਰ ਰੋਜ਼ ਬਾਈਬਲ ਪੜ੍ਹਨ ਅਤੇ ਉਨ੍ਹਾਂ ਲੋਕਾਂ ਨਾਲ ਮਿਲਣ-ਗਿਲ਼ਣ ਦੀ ਹੱਲਾਸ਼ੇਰੀ ਦਿੱਤੀ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਮੈਨੂੰ ਅਹਿਸਾਸ ਹੋਇਆ ਕਿ ਹਾਲੇ ਵੀ ਗੈਂਗ ਦੇ ਦੂਜੇ ਮੈਂਬਰ ਮੇਰੇ ’ਤੇ ਬੁਰਾ ਅਸਰ ਪਾ ਰਹੇ ਸਨ। ਭਾਵੇਂ ਕਿ ਉਹ ਮੇਰੇ ਪਰਿਵਾਰ ਦੇ ਮੈਂਬਰਾਂ ਵਾਂਗ ਸਨ, ਫਿਰ ਵੀ ਮੈਂ ਉਨ੍ਹਾਂ ਨਾਲ ਹਰ ਨਾਤਾ ਤੋੜ ਲਿਆ।”
ਮਾਈਕਲ ਨੇ ਆਪਣੇ ਲਈ ਛੋਟੇ ਟੀਚੇ ਰੱਖੇ ਜਿਸ ਦੀ ਮਦਦ ਨਾਲ ਉਹ ਵੱਡੇ ਟੀਚੇ ਤਕ ਪਹੁੰਚ ਸਕਿਆ। ਇਹ ਟੀਚਾ ਸੀ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ। ਤੁਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹੋ। ਲਿਖੋ ਕਿ ਆਪਣੇ ਵੱਡੇ ਟੀਚਿਆਂ ’ਤੇ ਪਹੁੰਚਣ ਲਈ ਤੁਹਾਨੂੰ ਕਿਹੜੇ ਛੋਟੇ-ਛੋਟੇ ਟੀਚੇ ਰੱਖਣ ਦੀ ਲੋੜ ਹੈ। ਦੂਜਿਆਂ ਨੂੰ ਆਪਣੇ ਟੀਚਿਆਂ ਬਾਰੇ ਦੱਸੋ ਜੋ ਤੁਹਾਡੀ ਮਦਦ ਕਰਨਗੇ। ਉਨ੍ਹਾਂ ਨੂੰ ਆਪਣੀ ਤਰੱਕੀ ’ਤੇ ਨਿਗਾਹ ਰੱਖਣ ਲਈ ਕਹੋ।
ਪਰਮੇਸ਼ੁਰ ਬਾਰੇ ਸਿੱਖਣ ਅਤੇ ਆਪਣੀ ਜ਼ਿੰਦਗੀ ਵਿਚ ਉਸ ਦੀ ਸੇਧ ਅਨੁਸਾਰ ਚੱਲਣ ਵਿਚ ਢਿੱਲ-ਮੱਠ ਨਾ ਕਰੋ। ਪਰਮੇਸ਼ੁਰ ਅਤੇ ਉਸ ਦੇ ਬਚਨ ਬਾਈਬਲ ਲਈ ਆਪਣੇ ਪਿਆਰ ਨੂੰ ਮਜ਼ਬੂਤ ਕਰਨ ਲਈ ਹੁਣ ਕਦਮ ਉਠਾਓ। ਜਿਹੜਾ ਇਨਸਾਨ ਬਾਈਬਲ ਦੇ ਅਸੂਲਾਂ ਉੱਤੇ ਚੱਲਦਾ ਹੈ, ਉਸ ਬਾਰੇ ਬਾਈਬਲ ਕਹਿੰਦੀ ਹੈ: ‘ਜੋ ਕੁਝ ਉਹ ਕਰਦਾ ਹੈ ਸਫ਼ਲ ਹੁੰਦਾ ਹੈ।’—ਜ਼ਬੂਰਾਂ ਦੀ ਪੋਥੀ 1:1-3. (w12-E 05/01)
[ਫੁਟਨੋਟ]
^ ਪੈਰਾ 8 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।