Skip to content

Skip to table of contents

ਪਰਮੇਸ਼ੁਰ ਨੂੰ ਜਾਣੋ

‘ਉਸ ਦੇ ਗੁਣ ਸਾਫ਼-ਸਾਫ਼ ਦਿਖਾਈ ਦਿੰਦੇ ਹਨ’

‘ਉਸ ਦੇ ਗੁਣ ਸਾਫ਼-ਸਾਫ਼ ਦਿਖਾਈ ਦਿੰਦੇ ਹਨ’

ਕੀ ਤੁਸੀਂ ਰੱਬ ਉੱਤੇ ਵਿਸ਼ਵਾਸ ਕਰਦੇ ਹੋ? ਜੇ ਹਾਂ, ਤਾਂ ਕੀ ਤੁਸੀਂ ਇਸ ਗੱਲ ਦਾ ਸਬੂਤ ਦੇ ਸਕਦੇ ਹੋ ਕਿ ਰੱਬ ਹੈ? ਸੱਚਾਈ ਤਾਂ ਇਹ ਹੈ ਕਿ ਸਾਡੇ ਆਲੇ-ਦੁਆਲੇ ਬਹੁਤ ਸਬੂਤ ਹਨ ਜਿਨ੍ਹਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਸਾਡਾ ਸਿਰਜਣਹਾਰ ਬੁੱਧੀਮਾਨ, ਸ਼ਕਤੀਸ਼ਾਲੀ ਅਤੇ ਪਿਆਰ ਕਰਨ ਵਾਲਾ ਹੈ। ਇਹ ਸਬੂਤ ਕੀ ਹਨ ਅਤੇ ਕਿੰਨੇ ਕੁ ਭਰੋਸੇਯੋਗ ਹਨ? ਜਵਾਬ ਲੈਣ ਲਈ ਰੋਮ ਦੇ ਮਸੀਹੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਵੱਲ ਧਿਆਨ ਦਿਓ।

ਪੌਲੁਸ ਨੇ ਕਿਹਾ: “ਭਾਵੇਂ ਪਰਮੇਸ਼ੁਰ ਨੂੰ ਦੇਖਿਆ ਨਹੀਂ ਜਾ ਸਕਦਾ, ਪਰ ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ ਉਸ ਦੇ ਗੁਣ ਸਾਫ਼-ਸਾਫ਼ ਦਿਖਾਈ ਦਿੰਦੇ ਰਹੇ ਹਨ। ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਇਹ ਗੁਣ ਦੇਖੇ ਜਾ ਸਕਦੇ ਹਨ ਕਿ ਉਸ ਕੋਲ ਬੇਅੰਤ ਤਾਕਤ ਹੈ ਅਤੇ ਉਹੀ ਪਰਮੇਸ਼ੁਰ ਹੈ। ਇਸ ਲਈ ਉਨ੍ਹਾਂ ਕੋਲ ਪਰਮੇਸ਼ੁਰ ਉੱਤੇ ਵਿਸ਼ਵਾਸ ਨਾ ਕਰਨ ਦਾ ਕੋਈ ਬਹਾਨਾ ਨਹੀਂ ਹੈ।” (ਰੋਮੀਆਂ 1:20) ਇੱਥੇ ਪੌਲੁਸ ਨੇ ਦੱਸਿਆ ਕਿ ਅਸੀਂ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ ਸਾਰੇ ਪਾਸੇ ਦੇਖ ਸਕਦੇ ਹਾਂ। ਆਓ ਆਪਾਂ ਇਨ੍ਹਾਂ ਗੱਲਾਂ ਵੱਲ ਹੋਰ ਧਿਆਨ ਦੇਈਏ।

ਪੌਲੁਸ ਨੇ ਕਿਹਾ ਕਿ “ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ” ਪਰਮੇਸ਼ੁਰ ਦੇ ਗੁਣ ਦੇਖੇ ਜਾ ਸਕਦੇ ਹਨ। ਇਸ ਆਇਤ ਵਿਚ “ਦੁਨੀਆਂ” ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ ਗਿਆ ਹੈ ਉਹ ਧਰਤੀ ਨੂੰ ਨਹੀਂ ਦਰਸਾਉਂਦਾ। ਇਸ ਦੀ ਬਜਾਇ, ਇੱਥੇ ਮਨੁੱਖਜਾਤੀ ਦੀ ਗੱਲ ਕੀਤੀ ਗਈ ਹੈ। * ਪੌਲੁਸ ਇਹ ਕਹਿ ਰਿਹਾ ਹੈ ਕਿ ਜਦੋਂ ਤੋਂ ਇਨਸਾਨ ਬਣਾਏ ਗਏ ਹਨ, ਉਦੋਂ ਤੋਂ ਉਹ ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਉਸ ਦੇ ਗੁਣ ਦੇਖ ਸਕਦੇ ਹਨ।

ਪਰਮੇਸ਼ੁਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਸਬੂਤ ਸਾਰੇ ਪਾਸੇ ਹੈ। ਇਹ ਲੁਕਿਆ ਹੋਇਆ ਨਹੀਂ, ਸਗੋਂ ‘ਸਾਫ਼-ਸਾਫ਼ ਦਿਖਾਈ’ ਦਿੰਦਾ ਹੈ। ਛੋਟੀਆਂ-ਵੱਡੀਆਂ ਚੀਜ਼ਾਂ ਤੋਂ ਸਿਰਫ਼ ਇਸ ਗੱਲ ਦਾ ਹੀ ਸਬੂਤ ਨਹੀਂ ਮਿਲਦਾ ਕਿ ਸਿਰਜਣਹਾਰ ਹੈ, ਸਗੋਂ ਇਹ ਵੀ ਪਤਾ ਲੱਗਦਾ ਹੈ ਕਿ ਉਸ ਵਿਚ ਕਿੰਨੇ ਵਧੀਆ ਗੁਣ ਹਨ। ਕੀ ਸ੍ਰਿਸ਼ਟੀ ਦੇਖ ਕੇ ਪਤਾ ਨਹੀਂ ਲੱਗਦਾ ਕਿ ਪਰਮੇਸ਼ੁਰ ਬੁੱਧੀਮਾਨ ਹੈ? ਕੀ ਆਕਾਸ਼ ਵਿਚ ਤਾਰੇ ਤੇ ਸਮੁੰਦਰ ਦੀਆਂ ਲਹਿਰਾਂ ਤੋਂ ਉਸ ਦੀ ਸ਼ਕਤੀ ਦਾ ਸਬੂਤ ਨਹੀਂ ਮਿਲਦਾ? ਕੀ ਤਰ੍ਹਾਂ-ਤਰ੍ਹਾਂ ਦੇ ਮਜ਼ੇਦਾਰ ਖਾਣੇ ਅਤੇ ਸੂਰਜ ਚੜ੍ਹਨ ਤੇ ਡੁੱਬਣ ਦੇ ਸ਼ਾਨਦਾਰ ਨਜ਼ਾਰਿਆਂ ਤੋਂ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਨਹੀਂ ਮਿਲਦਾ?—ਜ਼ਬੂਰਾਂ ਦੀ ਪੋਥੀ 104:24; ਯਸਾਯਾਹ 40:26.

ਇਹ ਸਬੂਤ ਸਾਡੀਆਂ ਅੱਖਾਂ ਸਾਮ੍ਹਣੇ ਹੈ ਅਤੇ ਜਿਹੜੇ ਇਸ ਸਬੂਤ ’ਤੇ ਵਿਸ਼ਵਾਸ ਨਹੀਂ ਕਰਦੇ ਜਾਂ ਰੱਬ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ ਉਨ੍ਹਾਂ ਕੋਲ ਇਸ ਤਰ੍ਹਾਂ ਕਰਨ ਦਾ ਕੋਈ “ਬਹਾਨਾ ਨਹੀਂ ਹੈ।” ਇਸ ਗੱਲ ਨੂੰ ਸਮਝਾਉਣ ਲਈ ਇਕ ਵਿਦਵਾਨ ਨੇ ਮਿਸਾਲ ਦਿੱਤੀ: ਫ਼ਰਜ਼ ਕਰੋ ਕਿ ਕੋਈ ਡ੍ਰਾਈਵਰ ਕਾਰ ਚਲਾਉਂਦਾ ਹੈ ਅਤੇ ਰਸਤੇ ’ਤੇ ਸਾਈਨ ਹੈ, “ਰਸਤਾ ਬੰਦ—ਸੱਜੇ ਮੁੜੋ।” ਪਰ ਡ੍ਰਾਈਵਰ ਇਸ ਸਾਈਨ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਪੁਲਸ ਵਾਲਾ ਉਸ ਨੂੰ ਰੋਕ ਕੇ ਉਸ ਦਾ ਚਲਾਨ ਕੱਟ ਦਿੰਦਾ ਹੈ। ਡ੍ਰਾਈਵਰ ਕਹਿੰਦਾ ਹੈ ਕਿ ਉਸ ਨੇ ਸਾਈਨ ਨਹੀਂ ਦੇਖਿਆ। ਪਰ ਪੁਲਸ ਵਾਲਾ ਉਸ ਨੂੰ ਜੁਰਮਾਨਾ ਭਰਨ ਲਈ ਕਹਿੰਦਾ ਹੈ ਕਿਉਂਕਿ ਸਾਈਨ ਡ੍ਰਾਈਵਰ ਦੀਆਂ ਅੱਖਾਂ ਸਾਮ੍ਹਣੇ ਸੀ ਅਤੇ ਉਸ ਦੀ ਨਜ਼ਰ ਕਮਜ਼ੋਰ ਨਹੀਂ ਹੈ। ਇਹ ਵੀ ਗੱਲ ਹੈ ਕਿ ਡ੍ਰਾਈਵਰ ਹੋਣ ਦੇ ਨਾਤੇ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਈਨ ਵੱਲ ਧਿਆਨ ਦੇਵੇ। ਇਸੇ ਤਰ੍ਹਾਂ ਸ੍ਰਿਸ਼ਟੀ ਤੋਂ ਸਿਰਜਣਹਾਰ ਦੇ ਹੋਣ ਦਾ ਪੱਕਾ ਸਬੂਤ ਮਿਲਦਾ ਹੈ। ਇਹ “ਸਾਈਨ” ਯਾਨੀ ਸਬੂਤ ਸਾਡੀਆਂ ਅੱਖਾਂ ਸਾਮ੍ਹਣੇ ਹੈ। ਇਨਸਾਨਾਂ ਵਿਚ ਸੋਚਣ-ਸਮਝਣ ਦੀ ਕਾਬਲੀਅਤ ਹੋਣ ਕਰਕੇ ਅਸੀਂ ਸਬੂਤ ਦੇਖ ਸਕਦੇ ਹਾਂ। ਸਾਡੇ ਕੋਲ ਇਸ ਨੂੰ ਨਜ਼ਰਅੰਦਾਜ਼ ਕਰਨ ਦਾ ਕੋਈ ਬਹਾਨਾ ਨਹੀਂ ਹੈ।

ਅਸੀਂ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ ਸਾਰੇ ਪਾਸੇ ਦੇਖ ਸਕਦੇ ਹਾਂ

ਸੱਚ-ਮੁੱਚ ਸ੍ਰਿਸ਼ਟੀ ਤੋਂ ਸਾਨੂੰ ਆਪਣੇ ਸਿਰਜਣਹਾਰ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ, ਪਰ ਅਸੀਂ ਬਾਈਬਲ ਤੋਂ ਵੀ ਉਸ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਬਾਈਬਲ ਸਾਨੂੰ ਇਸ ਸਵਾਲ ਦਾ ਜਵਾਬ ਦਿੰਦੀ ਹੈ: ਧਰਤੀ ਅਤੇ ਇਨਸਾਨਾਂ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ? ਇਸ ਸਵਾਲ ਦਾ ਜਵਾਬ ਪਾ ਕੇ ਤੁਸੀਂ ਪਰਮੇਸ਼ੁਰ ਦੇ ਹੋਰ ਨੇੜੇ ਜਾ ਸਕਦੇ ਹੋ ਜਿਸ ਦੇ ‘ਗੁਣ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਸਾਫ਼-ਸਾਫ਼ ਦਿਖਾਈ ਦਿੰਦੇ ਹਨ।’ (w13-E 08/01)

ਸੁਝਾਅ:

ਬਾਈਬਲ ਵਿੱਚੋਂ ਰੋਮੀਆਂ 1-16 ਅਧਿਆਇ ਪੜ੍ਹੋ

^ ਪੇਰਗ੍ਰੈਫ 3 ਬਾਈਬਲ ਇਹ ਵੀ ਦੱਸਦੀ ਹੈ ਕਿ “ਦੁਨੀਆਂ” ਪਾਪੀ ਹੈ ਅਤੇ ਉਸ ਨੂੰ ਆਪਣੇ ਪਾਪਾਂ ਤੋਂ ਮਾਫ਼ੀ ਲਈ ਇਕ ਮੁਕਤੀਦਾਤੇ ਦੀ ਲੋੜ ਹੈ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇੱਥੇ ਦੁਨੀਆਂ ਸ਼ਬਦ ਮਨੁੱਖਜਾਤੀ ਨੂੰ ਦਰਸਾਉਂਦਾ ਹੈ ਨਾ ਕਿ ਧਰਤੀ ਨੂੰ।—ਯੂਹੰਨਾ 1:29; 4:42; 12:47.