ਪਰਿਵਾਰ ਵਿਚ ਖ਼ੁਸ਼ੀਆਂ ਲਿਆਓ
ਆਪਣੇ ਅੱਲ੍ਹੜ ਬੱਚੇ ਨਾਲ ਬਹਿਸ ਕੀਤੇ ਬਿਨਾਂ ਗੱਲ ਕਰੋ
“ਮੇਰੀ ਧੀ 14 ਸਾਲਾਂ ਦੀ ਉਮਰ ਵਿਚ ਹੀ ਮੇਰੇ ਮੋਹਰੇ ਬੋਲਣ ਲੱਗ ਪਈ ਸੀ। ਜੇ ਮੈਂ ਉਹ ਨੂੰ ਕਹਿੰਦੀ ਸੀ ਕਿ ‘ਰੋਟੀ ਖਾਣ ਦਾ ਵੇਲਾ ਹੋ ਗਿਆ ਹੈ,’ ਤਾਂ ਉਹ ਜਵਾਬ ਦਿੰਦੀ ਸੀ, ‘ਜਦੋਂ ਮੇਰਾ ਮਨ ਕੀਤਾ ਮੈਂ ਖਾ ਲਊਂਗੀ।’ ਜੇ ਮੈਂ ਉਹ ਨੂੰ ਪੁੱਛਦੀ ਸੀ ਕਿ ਉਸ ਨੇ ਆਪਣਾ ਕੰਮ ਖ਼ਤਮ ਕਰ ਲਿਆ ਹੈ ਜਾਂ ਨਹੀਂ, ਤਾਂ ਉਹ ਕਹਿੰਦੀ ਸੀ, ‘ਮੇਰਾ ਸਿਰ ਨਾ ਖਾਈ ਜਾ!’ ਕਈ ਵਾਰੀ ਅਸੀਂ ਇਕ-ਦੂਜੇ ’ਤੇ ਜ਼ੋਰ-ਜ਼ੋਰ ਦੀ ਚਿਲਾਉਂਦੀਆਂ ਸਾਂ।”—ਮਾਕੀ, ਜਪਾਨ। *
ਜੇ ਤੁਸੀਂ ਅੱਲ੍ਹੜ ਬੱਚੇ ਦੇ ਮਾਂ-ਬਾਪ ਹੋ, ਤਾਂ ਉਸ ਨਾਲ ਤਕਰਾਰ ਹੋਣ ਤੇ ਤੁਹਾਡੇ ਲਈ ਬਹੁਤ ਔਖਾ ਹੋ ਸਕਦਾ ਹੈ ਜਿਸ ਕਰਕੇ ਤੁਹਾਨੂੰ ਧੀਰਜ ਰੱਖਣ ਦੀ ਲੋੜ ਪਵੇਗੀ। ਬ੍ਰਾਜ਼ੀਲ ਵਿਚ ਰਹਿਣ ਵਾਲੀ ਮਾਰੀਆ ਆਪਣੀ 14 ਸਾਲਾਂ ਦੀ ਧੀ ਬਾਰੇ ਦੱਸਦੀ ਹੈ: “ਜਦੋਂ ਮੇਰੀ ਧੀ ਮੇਰੇ ਅਧਿਕਾਰ ਨੂੰ ਲਲਕਾਰਦੀ ਹੈ, ਤਾਂ ਮੇਰਾ ਖ਼ੂਨ ਖੌਲ ਉੱਠਦਾ ਹੈ।” ਇਟਲੀ ਵਿਚ ਰਹਿਣ ਵਾਲੀ ਕਾਰਮੇਲਾ ਨਾਲ ਵੀ ਇੱਦਾਂ ਹੁੰਦਾ ਹੈ। ਉਹ ਕਹਿੰਦੀ ਹੈ: “ਮੇਰੀ ਆਪਣੇ ਪੁੱਤਰ ਨਾਲ ਹਮੇਸ਼ਾ ਬਹਿਸ ਹੁੰਦੀ ਹੈ ਤੇ ਬਹਿਸ ਉਦੋਂ ਖ਼ਤਮ ਹੁੰਦੀ ਹੈ ਜਦ ਉਹ ਆਪਣੇ ਕਮਰੇ ਵਿਚ ਆਪਣੇ-ਆਪ ਨੂੰ ਬੰਦ ਕਰ ਲੈਂਦਾ ਹੈ।”
ਕੁਝ ਬੱਚੇ ਝਗੜਨ ਲਈ ਤਿਆਰ ਕਿਉਂ ਰਹਿੰਦੇ ਹਨ? ਕੀ ਇਸ ਦੇ ਜ਼ਿੰਮੇਵਾਰ ਉਸ ਦੇ ਦੋਸਤ-ਮਿੱਤਰ ਹਨ? ਹੋ ਸਕਦਾ ਹੈ। ਬਾਈਬਲ ਦੱਸਦੀ ਹੈ ਕਿ ਇਕ ਵਿਅਕਤੀ ਦੇ ਦੋਸਤ-ਮਿੱਤਰਾਂ ਦਾ ਉਸ ਉੱਤੇ ਜ਼ਬਰਦਸਤ ਪ੍ਰਭਾਵ ਪੈਂਦਾ ਹੈ। ਇਹ ਜਾਂ ਤਾਂ ਚੰਗਾ ਜਾਂ ਮਾੜਾ ਹੋ ਸਕਦਾ ਹੈ। (ਕਹਾਉਤਾਂ 13:20; 1 ਕੁਰਿੰਥੀਆਂ 15:33) ਇਸ ਤੋਂ ਇਲਾਵਾ, ਅੱਜ-ਕੱਲ੍ਹ ਨੌਜਵਾਨ ਜਿਹੜਾ ਮਨੋਰੰਜਨ ਪਸੰਦ ਕਰਦੇ ਹਨ, ਉਸ ਕਾਰਨ ਉਹ ਬਗਾਵਤ ਅਤੇ ਬਦਤਮੀਜ਼ੀ ਕਰਨ ’ਤੇ ਉੱਤਰ ਆਉਂਦੇ ਹਨ।
ਪਰ ਹੋਰ ਕਈ ਗੱਲਾਂ ਵੀ ਹਨ ਜਿਨ੍ਹਾਂ ਬਾਰੇ ਤੁਹਾਨੂੰ ਸਮਝਣ ਦੀ ਲੋੜ ਹੈ। ਜਦੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਗੱਲਾਂ ਤੁਹਾਡੇ ਬੱਚੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਸਕਦੀਆਂ ਹਨ, ਤਾਂ ਇਨ੍ਹਾਂ ਨਾਲ ਨਜਿੱਠਣਾ ਥੋੜ੍ਹਾ ਸੌਖਾ ਹੋ ਜਾਵੇਗਾ। ਆਓ ਕੁਝ ਮਿਸਾਲਾਂ ਉੱਤੇ ਗੌਰ ਕਰੀਏ।
“ਸੋਚਣ-ਸਮਝਣ ਦੀ ਕਾਬਲੀਅਤ” ਪੈਦਾ ਕਰੋ
1 ਕੁਰਿੰਥੀਆਂ 13:11) ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਤੇ ਵੱਡਿਆਂ ਦਾ ਸੋਚਣ ਦਾ ਤਰੀਕਾ ਵੱਖੋ-ਵੱਖਰਾ ਹੁੰਦਾ ਹੈ। ਉਹ ਕਿਵੇਂ?
ਪੌਲੁਸ ਰਸੂਲ ਨੇ ਲਿਖਿਆ: “ਜਦ ਮੈਂ ਨਿਆਣਾ ਸਾਂ, ਤਦ ਮੈਂ ਨਿਆਣਿਆਂ ਵਾਂਗ ਬੋਲਦਾ ਸਾਂ, ਨਿਆਣਿਆਂ ਵਾਂਗ ਸੋਚਦਾ ਸਾਂ, ਮੇਰੀ ਸਮਝ ਵੀ ਨਿਆਣਿਆਂ ਵਰਗੀ ਸੀ, ਪਰ ਹੁਣ ਮੈਂ ਵੱਡਾ ਹੋ ਗਿਆ ਹਾਂ, ਇਸ ਲਈ ਨਿਆਣਪੁਣਾ ਛੱਡ ਦਿੱਤਾ ਹੈ।” (ਬੱਚੇ ਹਾਂ ਜਾਂ ਨਾਂਹ ਵਿਚ ਹੀ ਸੋਚਦੇ ਹਨ। ਪਰ ਵੱਡੇ ਡੂੰਘਾਈ ਨਾਲ ਸੋਚ-ਵਿਚਾਰ ਕਰ ਕੇ ਕਿਸੇ ਨਤੀਜੇ ’ਤੇ ਪਹੁੰਚਦੇ ਹਨ ਜਾਂ ਫ਼ੈਸਲੇ ਕਰਦੇ ਹਨ। ਉਹ ਅਕਸਰ ਉਨ੍ਹਾਂ ਗੱਲਾਂ ਨੂੰ ਸਮਝਣ ਦੇ ਕਾਬਲ ਹੁੰਦੇ ਹਨ ਜੋ ਇੰਨੀਆਂ ਸਪੱਸ਼ਟ ਨਹੀਂ ਹੁੰਦੀਆਂ। ਮਿਸਾਲ ਲਈ, ਵੱਡੇ ਸੋਚ-ਵਿਚਾਰ ਕਰਦੇ ਹਨ ਕਿ ਕੋਈ ਗੱਲ ਸਹੀ ਜਾਂ ਗ਼ਲਤ ਕਿਉਂ ਹੈ। ਇਸ ਤੋਂ ਇਲਾਵਾ, ਉਹ ਸੋਚਦੇ ਹਨ ਕਿ ਉਨ੍ਹਾਂ ਦੇ ਕੰਮਾਂ ਦਾ ਦੂਸਰਿਆਂ ’ਤੇ ਕੀ ਅਸਰ ਪਵੇਗਾ। ਉਹ ਸ਼ਾਇਦ ਇਸ ਤਰ੍ਹਾਂ ਸੋਚਣ ਦੇ ਆਦੀ ਹੋਣ। ਇਸ ਦੇ ਉਲਟ, ਅੱਲ੍ਹੜ ਉਮਰ ਦੇ ਬੱਚਿਆਂ ਨੇ ਹਾਲੇ ਇਸ ਤਰ੍ਹਾਂ ਸੋਚਣਾ ਸ਼ੁਰੂ ਹੀ ਕੀਤਾ ਹੈ।
ਬਾਈਬਲ ਨੌਜਵਾਨਾਂ ਨੂੰ “ਸਮਝ ਸੂਝ” ਵਾਲੇ ਬਣਨ ਦੀ ਹੱਲਾਸ਼ੇਰੀ ਦਿੰਦੀ ਹੈ। (ਕਹਾਉਤਾਂ 1:4, CL) ਦਰਅਸਲ ਬਾਈਬਲ ਛੋਟੇ-ਵੱਡੇ ਸਾਰਿਆਂ ਨੂੰ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ” ਵਰਤਣ ਦੀ ਤਾਕੀਦ ਕਰਦੀ ਹੈ। (ਰੋਮੀਆਂ 12:1, 2; ਇਬਰਾਨੀਆਂ 5:14) ਪਰ ਕਦੇ-ਕਦੇ ਹੋ ਸਕਦਾ ਹੈ ਕਿ ਤੁਹਾਡਾ ਬੱਚਾ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ” ਕਰਕੇ ਤੁਹਾਡੇ ਨਾਲ ਛੋਟੀ-ਛੋਟੀ ਗੱਲ ਤੇ ਬਹਿਸ ਕਰੇ। ਜਾਂ ਉਹ ਸ਼ਾਇਦ ਅਜਿਹੀ ਗੱਲ ਕਹੇ ਜਿਸ ਤੋਂ ਤੁਹਾਨੂੰ ਸਾਫ਼ ਪਤਾ ਲੱਗਦਾ ਹੈ ਕਿ ਉਸ ਦੀ ਸੋਚਣੀ ਠੀਕ ਨਹੀਂ ਹੈ। (ਕਹਾਉਤਾਂ 14:12) ਅਜਿਹੇ ਹਾਲ ਵਿਚ ਤੁਸੀਂ ਬਹਿਸ ਕਰਨ ਦੀ ਬਜਾਇ, ਉਸ ਨਾਲ ਚੰਗੀ ਤਰ੍ਹਾਂ ਗੱਲ ਕਿਵੇਂ ਕਰ ਸਕਦੇ ਹੋ?
ਅਜ਼ਮਾ ਕੇ ਦੇਖੋ: ਧਿਆਨ ਦਿਓ ਕਿ ਤੁਹਾਡਾ ਬੱਚਾ ਸ਼ਾਇਦ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਰਤਣਾ ਸਿੱਖ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਉਹ ਆਪਣੀ ਗੱਲ ’ਤੇ ਅੜਿਆ ਨਾ ਰਹੇ। ਉਸ ਦੇ ਨਜ਼ਰੀਏ ਨੂੰ ਦੇਖਣ ਲਈ ਪਹਿਲਾਂ ਉਸ ਦੀ ਸੋਚ ਦੀ ਤਾਰੀਫ਼ ਕਰੋ। (“ਤੇਰਾ ਦਿਮਾਗ਼ ਬਹੁਤ ਤੇਜ਼ ਹੈ, ਭਾਵੇਂ ਮੈਂ ਤੇਰੇ ਸਾਰੇ ਫ਼ੈਸਲਿਆਂ ਨਾਲ ਸਹਿਮਤ ਨਹੀਂ ਹਾਂ।”) ਫਿਰ ਉਸ ਨੂੰ ਆਪਣੀ ਸੋਚ ਜਾਂਚਣ ਵਿਚ ਮਦਦ ਕਰੋ। (“ਤੇਰੇ ਖ਼ਿਆਲ ਨਾਲ ਜੋ ਕੁਝ ਤੂੰ ਕਿਹਾ, ਕੀ ਉਹ ਹਰ ਹਾਲ ਵਿਚ ਲਾਗੂ ਹੁੰਦਾ ਹੈ?”) ਤੁਸੀਂ ਸ਼ਾਇਦ ਹੈਰਾਨ ਹੋਵੋਗੇ ਜਦੋਂ ਤੁਹਾਡਾ ਬੱਚਾ ਆਪਣੇ ਵਿਚਾਰਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਸੁਧਾਰੇਗਾ।
ਇਸ ਗੱਲ ਦਾ ਧਿਆਨ ਰੱਖੋ: ਆਪਣੇ ਬੱਚੇ ਨਾਲ ਗੱਲ ਕਰਨ ਲੱਗਿਆਂ, ਇਹ ਨਾ ਸੋਚੋ ਕਿ ਜਿੱਤ ਤੁਹਾਡੀ ਹੋਣੀ ਚਾਹੀਦੀ ਹੈ। ਭਾਵੇਂ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਗੱਲਾਂ ਨੂੰ ਬੱਚਾ ਅਣਸੁਣੀਆਂ ਕਰ ਰਿਹਾ ਹੈ, ਪਰ ਸ਼ਾਇਦ ਉਹ ਤੁਹਾਡੀਆਂ ਜ਼ਿਆਦਾਤਰ ਗੱਲਾਂ ਸੁਣ ਕੇ ਉਨ੍ਹਾਂ ਨੂੰ ਯਾਦ ਰੱਖੇ ਜਿਸ ਦੀ ਤੁਹਾਨੂੰ ਉਮੀਦ ਵੀ ਨਾ ਹੋਵੇ। ਇਸ ਲਈ ਹੈਰਾਨ ਨਾ ਹੋਵੋ ਜੇ ਕੁਝ ਹੀ ਦਿਨਾਂ ਬਾਅਦ ਉਹ ਉਹੀ ਗੱਲ ਕਹੇ ਜੋ ਤੁਸੀਂ ਕਹੀ ਸੀ। ਉਹ ਸ਼ਾਇਦ ਇਹ ਵੀ ਕਹੇ ਕਿ “ਇਹ ਮੇਰਾ ਆਈਡੀਆ ਹੈ।”
“ਕਦੇ-ਕਦੇ ਮੈਂ ਤੇ ਮੇਰਾ ਪੁੱਤਰ ਛੋਟੀਆਂ-ਛੋਟੀਆਂ ਗੱਲਾਂ ’ਤੇ ਬਹਿਸਣ ਲੱਗ ਪੈਂਦੇ ਸੀ, ਜਿਵੇਂ ਕਿ ਕੋਈ ਚੀਜ਼ ਜ਼ਾਇਆ ਨਾ ਕਰ, ਫ਼ਜ਼ੂਲਖ਼ਰਚੀ ਨਾ ਕਰ ਜਾਂ ਆਪਣੀ ਭੈਣ ਨੂੰ ਨਾ ਸਤਾ। ਪਰ ਜ਼ਿਆਦਾਤਰ ਗੱਲਾਂ ਵਿਚ ਮੈਨੂੰ ਲੱਗਾ ਕਿ ਉਹ ਮੇਰੇ ਤੋਂ ਚਾਹੁੰਦਾ ਸੀ ਕਿ ਮੈਂ ਉਸ ਨੂੰ ਪੁੱਛਾਂ ਕਿ ਉਹ ਕੀ ਸੋਚ ਰਿਹਾ ਸੀ ਤੇ ਉਸ ਦੀ ਗੱਲ ਸਮਝ ਕੇ ਕਹਾਂ: ‘ਅੱਛਾ, ਇਹ ਗੱਲ ਹੈ’ ਜਾਂ ‘ਅੱਛਾ! ਤੂੰ ਇਹ ਸੋਚ ਰਿਹਾ ਹੈਂ।’ ਮੇਰੇ ਖ਼ਿਆਲ ਨਾਲ ਜੇ ਮੈਂ ਪਹਿਲਾਂ ਇੱਦਾਂ ਕੁਝ ਕਿਹਾ ਹੁੰਦਾ, ਤਾਂ ਅਸੀਂ ਬਹਿਸ ਨਾ ਕਰਦੇ।”—ਕੈਨਜੀ, ਜਪਾਨ।
ਆਪਣੀ ਰਾਇ ਕਾਇਮ ਕਰਨੀ
ਆਪਣੇ ਅੱਲ੍ਹੜ ਧੀ-ਪੁੱਤ ਨੂੰ ਪਾਲਣ ਵਿਚ ਸ਼ਾਮਲ ਹੈ ਉਸ ਨੂੰ ਉਸ ਦਿਨ ਲਈ ਤਿਆਰ ਕਰਨਾ ਜਦੋਂ ਉਹ ਵੱਡਾ ਹੋ ਕੇ ਆਪਣਾ ਘਰ ਵਸਾਵੇਗਾ। (ਉਤਪਤ 2:24) ਵੱਡਾ ਹੋਣ ਦੇ ਨਾਲ-ਨਾਲ ਬੱਚਾ ਆਪਣੀ ਸ਼ਖ਼ਸੀਅਤ ਵੀ ਬਣਾਉਂਦਾ ਹੈ ਜਿਸ ਵਿਚ ਗੁਣ, ਵਿਸ਼ਵਾਸ ਅਤੇ ਕਦਰਾਂ-ਕੀਮਤਾਂ ਪੈਦਾ ਕਰਨੀਆਂ ਸ਼ਾਮਲ ਹਨ। ਜਿਸ ਬੱਚੇ ਨੇ ਸਹੀ ਕੰਮ ਕਰਨ ਦੀ ਠਾਣੀ ਹੋਈ ਹੈ, ਉਹ ਗ਼ਲਤ ਕੰਮ ਕਰਨ ਦਾ ਦਬਾਅ ਆਉਣ ਤੇ ਇਹੀ ਨਹੀਂ ਸੋਚੇਗਾ ਕਿ ਇਸ ਦੇ ਕਿਹੜੇ ਨਤੀਜੇ ਨਿਕਲਣਗੇ, ਪਰ ਉਹ ਆਪਣੇ-ਆਪ ਤੋਂ ਇਹ ਵੀ ਪੁੱਛੇਗਾ: ‘ਮੈਂ ਕਿਸ ਤਰ੍ਹਾਂ ਦਾ ਇਨਸਾਨ ਹਾਂ? ਮੇਰੀਆਂ ਕਿਹੜੀਆਂ ਕਦਰਾਂ-ਕੀਮਤਾਂ ਹਨ? ਮੇਰੇ ਵਰਗੀਆਂ ਕਦਰਾਂ-ਕੀਮਤਾਂ ਵਾਲਾ ਇਨਸਾਨ ਇਸ ਹਾਲਾਤ ਵਿਚ ਕੀ ਕਰੇਗਾ?’—2 ਪਤਰਸ 3:11.
ਬਾਈਬਲ ਯੂਸੁਫ਼ ਨਾਂ ਦੇ ਨੌਜਵਾਨ ਬਾਰੇ ਦੱਸਦੀ ਹੈ ਜੋ ਕਦੇ ਨਹੀਂ ਭੁੱਲਿਆ ਕਿ ਉਹ ਕਿਹੋ ਜਿਹੀਆਂ ਕਦਰਾਂ-ਕੀਮਤਾਂ ਵਾਲਾ ਇਨਸਾਨ ਸੀ। ਮਿਸਾਲ ਲਈ, ਜਦੋਂ ਪੋਟੀਫ਼ਰ ਦੀ ਪਤਨੀ ਨੇ ਯੂਸੁਫ਼ ’ਤੇ ਆਪਣੇ ਨਾਲ ਸੈਕਸ ਕਰਨ ਲਈ ਜ਼ੋਰ ਪਾਇਆ, ਤਾਂ ਯੂਸੁਫ਼ ਨੇ ਕਿਹਾ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” (ਉਤਪਤ 39:9) ਹਾਲਾਂਕਿ ਉਸ ਵੇਲੇ ਇਜ਼ਰਾਈਲੀਆਂ ਨੂੰ ਹਰਾਮਕਾਰੀ ਤੋਂ ਦੂਰ ਰਹਿਣ ਬਾਰੇ ਕਾਨੂੰਨ ਨਹੀਂ ਸੀ ਦਿੱਤਾ ਗਿਆ, ਫਿਰ ਵੀ ਯੂਸੁਫ਼ ਨੇ ਇਸ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਭਾਂਪ ਲਿਆ ਸੀ। ‘ਮੈਂ ਇਹ ਕਿਵੇਂ ਕਰਾਂ’ ਸ਼ਬਦਾਂ ਤੋਂ ਇਹ ਵੀ ਜ਼ਰੂਰੀ ਗੱਲ ਪਤਾ ਲੱਗਦੀ ਹੈ ਕਿ ਉਸ ਨੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਆਪਣਾ ਨਜ਼ਰੀਆ ਬਣਾ ਲਿਆ ਸੀ। ਇਸ ਤੋਂ ਜ਼ਾਹਰ ਹੈ ਕਿ ਉਹ ਕਿਹੋ ਜਿਹਾ ਇਨਸਾਨ ਸੀ।—ਅਫ਼ਸੀਆਂ 5:1.
ਤੁਹਾਡਾ ਅੱਲ੍ਹੜ ਧੀ-ਪੁੱਤ ਵੀ ਆਪਣੀ ਸ਼ਖ਼ਸੀਅਤ ਬਣਾ ਰਿਹਾ ਹੈ। ਇਹ ਚੰਗੀ ਗੱਲ ਹੈ ਕਿਉਂਕਿ ਆਪਣੀ ਰਾਇ ਕਾਇਮ ਕਰਨ ਨਾਲ ਉਸ ਨੂੰ ਆਪਣੇ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲੇਗੀ। (ਕਹਾਉਤਾਂ 1:10-15) ਦੂਸਰੇ ਪਾਸੇ, ਆਪਣੀ ਰਾਇ ਕਰਕੇ ਉਹ ਸ਼ਾਇਦ ਤੁਹਾਡੀ ਗੱਲ ਵੀ ਨਾ ਮੰਨੇ। ਇਸ ਤਰ੍ਹਾਂ ਹੋਣ ਤੇ ਤੁਸੀਂ ਕੀ ਕਰ ਸਕਦੇ ਹੋ?
ਅਜ਼ਮਾ ਕੇ ਦੇਖੋ: ਬਹਿਸਬਾਜ਼ੀ ਵਿਚ ਪੈਣ ਦੀ ਬਜਾਇ, ਬੱਚੇ ਦੀ ਗੱਲ ਨੂੰ ਦੁਹਰਾਓ। (“ਚੰਗਾ ਮੈਨੂੰ ਦੱਸ ਕਿ ਮੈਂ ਤੇਰੀ ਗੱਲ ਸਮਝਿਆ ਹਾਂ
ਜਾਂ ਨਹੀਂ। ਤੂੰ ਕਹਿ ਰਿਹਾ ਹੈ ਕਿ . . .”) ਫਿਰ ਸਵਾਲ ਪੁੱਛੋ। (“ਕਿਹੜੀ ਗੱਲ ਕਰਕੇ ਤੂੰ ਇਸ ਤਰ੍ਹਾਂ ਸੋਚਦਾ?” ਜਾਂ “ਕਿਹੜੀ ਗੱਲ ਕਰਕੇ ਤੂੰ ਇਸ ਨਤੀਜੇ ’ਤੇ ਪਹੁੰਚਿਆ?”) ਆਪਣੇ ਧੀ-ਪੁੱਤ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰੋ। ਉਸ ਨੂੰ ਆਪਣੀ ਰਾਇ ਦੱਸਣ ਦਿਓ। ਜੇ ਆਪੋ-ਆਪਣੀ ਪਸੰਦ ਕਰਕੇ ਤੁਹਾਡੀ ਤੇ ਤੁਹਾਡੇ ਬੱਚੇ ਦੀ ਰਾਇ ਵੱਖੋ-ਵੱਖਰੀ ਹੈ, ਪਰ ਗ਼ਲਤ ਨਹੀਂ ਹੈ, ਤਾਂ ਆਪਣੇ ਬੱਚੇ ਨੂੰ ਦੱਸੋ ਕਿ ਤੁਸੀਂ ਉਸ ਦੀ ਗੱਲ ਮੰਨਣ ਲਈ ਤਿਆਰ ਹੋ, ਭਾਵੇਂ ਕਿ ਤੁਸੀਂ ਪੂਰੀ ਤਰ੍ਹਾਂ ਇਸ ਨਾਲ ਸਹਿਮਤ ਨਹੀਂ ਹੋ।ਆਪਣੀ ਸ਼ਖ਼ਸੀਅਤ ਬਣਾਉਣ ਦੇ ਨਾਲ-ਨਾਲ ਆਪਣੀ ਰਾਇ ਕਾਇਮ ਕਰਨੀ ਅਜੀਬ ਗੱਲ ਨਹੀਂ ਹੈ, ਸਗੋਂ ਫ਼ਾਇਦੇਮੰਦ ਹੈ। ਦਰਅਸਲ ਬਾਈਬਲ ਕਹਿੰਦੀ ਹੈ ਕਿ ਸਾਨੂੰ ਬੱਚਿਆਂ ਵਾਂਗ ਨਹੀਂ ਬਣਨਾ ਚਾਹੀਦਾ ਜੋ ‘ਸਿੱਖਿਆਵਾਂ ਪਿੱਛੇ ਲੱਗ ਕੇ ਇੱਧਰ-ਉੱਧਰ ਡੋਲਦੇ ਹਨ, ਜਿਵੇਂ ਲਹਿਰਾਂ ਤੇ ਹਵਾ ਕਰਕੇ ਕਿਸ਼ਤੀ ਸਮੁੰਦਰ ਵਿਚ ਇੱਧਰ-ਉੱਧਰ ਡੋਲਦੀ ਹੈ।’ (ਅਫ਼ਸੀਆਂ 4:14) ਇਸ ਲਈ ਆਪਣੇ ਬੱਚੇ ਨੂੰ ਆਪਣੀ ਸ਼ਖ਼ਸੀਅਤ ਬਣਾਉਣ ਦੇ ਨਾਲ-ਨਾਲ ਆਪਣੀ ਰਾਇ ਕਾਇਮ ਕਰਨ ਦੀ ਹੱਲਾਸ਼ੇਰੀ ਦਿਓ।
“ਜਦੋਂ ਮੈਂ ਆਪਣੀਆਂ ਧੀਆਂ ਨੂੰ ਦਿਖਾਉਂਦੀ ਹਾਂ ਕਿ ਮੈਂ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹਾਂ, ਤਾਂ ਉਹ ਮੇਰੀ ਗੱਲ ਸੁਣਨ ਲਈ ਜ਼ਿਆਦਾ ਤਿਆਰ ਹੁੰਦੀਆਂ ਹਨ ਭਾਵੇਂ ਕਿ ਮੇਰਾ ਨਜ਼ਰੀਆ ਉਨ੍ਹਾਂ ਦੇ ਨਜ਼ਰੀਏ ਤੋਂ ਵੱਖਰਾ ਹੁੰਦਾ ਹੈ। ਮੈਂ ਆਪਣੀ ਸੋਚਣੀ ਉਨ੍ਹਾਂ ਉੱਤੇ ਨਹੀਂ ਥੋਪਦੀ, ਸਗੋਂ ਉਨ੍ਹਾਂ ਨੂੰ ਆਪਣੀ ਰਾਇ ਕਾਇਮ ਕਰਨ ਦਿੰਦੀ ਹਾਂ।”—ਇਵਾਨਾ, ਚੈੱਕ ਗਣਰਾਜ।
ਅਸੂਲਾਂ ਦੇ ਪੱਕੇ, ਪਰ ਬਦਲਣ ਲਈ ਤਿਆਰ ਰਹੋ
ਕੁਝ ਅੱਲ੍ਹੜਾਂ ਨੇ ਛੋਟੇ ਬੱਚਿਆਂ ਵਾਂਗ ਇੱਕੋ ਗੱਲ ਵਾਰ-ਵਾਰ ਪੁੱਛ ਕੇ ਆਪਣੇ ਮਾਂ-ਬਾਪ ਨੂੰ ਮਨਾਉਣ ਦੀ ਕਲਾ ਸਿੱਖੀ ਹੈ ਤਾਂਕਿ ਉਨ੍ਹਾਂ ਦੇ ਮਾਂ-ਬਾਪ ਹਾਰ ਮੰਨ ਲੈਣ। ਜੇ ਅਕਸਰ ਇਸ ਤਰ੍ਹਾਂ ਤੁਹਾਡੇ ਘਰ ਹੁੰਦਾ ਹੈ, ਤਾਂ ਧਿਆਨ ਰੱਖੋ। ਆਪਣੇ ਅੱਲ੍ਹੜ ਪੁੱਤਰ-ਧੀ ਦੀ ਗੱਲ ਮੰਨ ਕੇ ਸ਼ਾਇਦ ਤੁਹਾਨੂੰ ਥੋੜ੍ਹੇ ਚਿਰ ਲਈ ਸੁੱਖ ਦਾ ਸਾਹ ਮਿਲੇ, ਪਰ ਇਸ ਤੋਂ ਉਹ ਸਿੱਖ ਗਿਆ ਹੈ ਕਿ ਜੇ ਉਹ ਤੁਹਾਡੇ ਤੋਂ ਕੁਝ ਚਾਹੁੰਦਾ ਹੈ, ਤਾਂ ਉਸ ਨੂੰ ਬਸ ਤੁਹਾਡੇ ਨਾਲ ਬਹਿਸਣ ਦੀ ਲੋੜ ਹੈ। ਇਸ ਦਾ ਹੱਲ ਕੀ ਹੈ? ਯਿਸੂ ਦੀ ਸਲਾਹ ਉੱਤੇ ਚੱਲੋ: “ਬੱਸ ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾਂਹ ਦੀ ਨਾਂਹ ਹੋਵੇ।” (ਮੱਤੀ 5:37) ਜੇ ਤੁਹਾਡੇ ਬੱਚੇ ਨੂੰ ਪਤਾ ਹੈ ਕਿ ਤੁਸੀਂ ਆਪਣੀ ਗੱਲ ਦੇ ਪੱਕੇ ਹੋ, ਤਾਂ ਉਹ ਸ਼ਾਇਦ ਤੁਹਾਡੇ ਨਾਲ ਬਹਿਸ ਨਾ ਕਰਨ।
ਪਰ ਇਸ ਦੇ ਨਾਲ-ਨਾਲ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ। ਮਿਸਾਲ ਲਈ, ਆਪਣੇ ਬੱਚੇ ਨੂੰ ਦੱਸਣ ਦਿਓ ਕਿ ਉਸ ਨੂੰ ਕਿਉਂ ਲੱਗਦਾ ਹੈ ਕਿ ਉਸ ਨੂੰ ਕਿਸੇ ਖ਼ਾਸ ਮੌਕੇ ਤੇ ਜ਼ਿਆਦਾ ਦੇਰ ਘਰੋਂ ਬਾਹਰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਮਾਮਲੇ ਵਿਚ ਸਹਿਮਤ ਹੋ ਕੇ ਤੁਸੀਂ ਉਸ ਅੱਗੇ ਝੁਕ ਨਹੀਂ ਰਹੇ, ਸਗੋਂ ਬਾਈਬਲ ਦੀ ਇਸ ਸਲਾਹ ਉੱਤੇ ਚੱਲ ਰਹੇ ਹੋ: “ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।”—ਫ਼ਿਲਿੱਪੀਆਂ 4:5.
ਅਜ਼ਮਾ ਕੇ ਦੇਖੋ: ਪੂਰੇ ਪਰਿਵਾਰ ਨਾਲ ਬੈਠ ਕੇ ਗੱਲ ਕਰੋ ਕਿ ਬੱਚਿਆਂ ਨੂੰ ਕਿੰਨੇ ਵਜੇ ਤਕ ਘਰ ਵਾਪਸ ਆ ਜਾਣਾ ਚਾਹੀਦਾ ਹੈ ਅਤੇ ਘਰ ਦੇ ਹੋਰ ਕਿਹੜੇ ਅਸੂਲ ਹਨ। ਦਿਖਾਓ ਕਿ ਤੁਸੀਂ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੋ ਤੇ ਤੁਸੀਂ ਸਾਰੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰ ਕੇ ਹੀ ਕੋਈ ਫ਼ੈਸਲਾ ਕਰੋਗੇ। ਬ੍ਰਾਜ਼ੀਲ ਵਿਚ ਰਹਿਣ ਵਾਲਾ ਰੋਬਰਟੂ ਨਾਂ ਦਾ ਪਿਤਾ ਦੱਸਦਾ ਹੈ: “ਅੱਲ੍ਹੜਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਬਾਈਬਲ ਦੇ ਕਿਸੇ ਅਸੂਲ ਦੀ ਉਲੰਘਣਾ ਨਹੀਂ ਹੁੰਦੀ, ਤਾਂ ਉਨ੍ਹਾਂ ਦੇ ਮਾਂ-ਬਾਪ ਉਨ੍ਹਾਂ ਦੀ ਗੱਲ ਮੰਨਣ ਲਈ ਤਿਆਰ ਹਨ।”
ਇਹ ਗੱਲ ਤਾਂ ਸੱਚ ਹੈ ਕਿ ਕੋਈ ਵੀ ਮਾਂ-ਬਾਪ ਮੁਕੰਮਲ ਨਹੀਂ ਹੈ। ਬਾਈਬਲ ਕਹਿੰਦੀ ਹੈ: “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।” (ਯਾਕੂਬ 3:2) ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਹੱਦ ਤਕ ਬਹਿਸ ਤੁਹਾਡੇ ਕਰਕੇ ਹੋਈ ਹੈ, ਤਾਂ ਆਪਣੇ ਬੱਚੇ ਕੋਲੋਂ ਮਾਫ਼ੀ ਮੰਗਣ ਤੋਂ ਹਿਚਕਿਚਾਓ ਨਾ। ਆਪਣੀ ਗ਼ਲਤੀ ਮੰਨ ਕੇ ਤੁਸੀਂ ਨਿਮਰਤਾ ਦੀ ਚੰਗੀ ਮਿਸਾਲ ਕਾਇਮ ਕਰ ਰਹੇ ਹੋ ਤਾਂਕਿ ਤੁਹਾਡਾ ਅੱਲ੍ਹੜ ਬੱਚਾ ਵੀ ਆਪਣੀ ਗ਼ਲਤੀ ਮੰਨ ਕੇ ਮਾਫ਼ੀ ਮੰਗੇ।
“ਇਕ ਵਾਰ ਬਹਿਸ ਕਰਨ ਤੋਂ ਬਾਅਦ ਜਦੋਂ ਮੇਰਾ ਗੁੱਸਾ ਠੰਢਾ ਹੋ ਗਿਆ, ਤਾਂ ਮੈਂ ਆਪਣੇ ਪੁੱਤ ਤੋਂ ਮਾਫ਼ੀ ਮੰਗੀ ਕਿ ਮੈਂ ਉਸ ’ਤੇ ਗੁੱਸੇ ਹੋਇਆ। ਇਹ ਦੇਖ ਕੇ ਉਹ ਵੀ ਸ਼ਾਂਤ ਹੋ ਗਿਆ ਤੇ ਉਸ ਲਈ ਮੇਰੀ ਗੱਲ ਸੁਣਨੀ ਆਸਾਨ ਹੋ ਗਈ।”—ਕੈਨਜੀ, ਜਪਾਨ। ▪ (w13-E 11/01)
^ ਪੈਰਾ 3 ਇਸ ਲੇਖ ਵਿਚ ਨਾਂ ਬਦਲੇ ਗਏ ਹਨ।
ਆਪਣੇ ਆਪ ਨੂੰ ਪੁੱਛੋ . . .
-
ਕੀ ਮੇਰੇ ਕਰਕੇ ਵੀ ਆਪਣੇ ਬੱਚੇ ਨਾਲ ਬਹਿਸਬਾਜ਼ੀ ਸ਼ੁਰੂ ਹੁੰਦੀ ਹੈ? ਕਿਨ੍ਹਾਂ ਤਰੀਕਿਆਂ ਨਾਲ?
-
ਆਪਣੇ ਬੱਚੇ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਮੈਂ ਇਸ ਲੇਖ ਵਿਚਲੀ ਜਾਣਕਾਰੀ ਕਿਵੇਂ ਵਰਤ ਸਕਦਾ ਹਾਂ?
-
ਮੈਂ ਕੀ ਕਰ ਸਕਦਾ ਹਾਂ ਤਾਂਕਿ ਮੈਂ ਬਹਿਸ ਕੀਤੇ ਬਿਨਾਂ ਆਪਣੇ ਬੱਚੇ ਨਾਲ ਗੱਲ ਕਰ ਸਕਾਂ?