ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਯਿਸੂ ਭਵਿੱਖ ਵਿਚ ਕੀ-ਕੀ ਕਰੇਗਾ?
ਸਾਲ 33 ਈਸਵੀ ਵਿਚ ਯਿਸੂ ਮਸੀਹ ਦੀ ਮੌਤ ਹੋਈ, ਫਿਰ ਉਹ ਦੁਬਾਰਾ ਜੀਉਂਦਾ ਕੀਤਾ ਗਿਆ ਅਤੇ ਬਾਅਦ ਵਿਚ ਉਹ ਸਵਰਗ ਚਲਾ ਗਿਆ। ਕੁਝ ਸਮੇਂ ਬਾਅਦ ਯਿਸੂ ਮਸੀਹ ਨੂੰ ਰਾਜ ਕਰਨ ਦਾ ਅਧਿਕਾਰ ਮਿਲਿਆ। (ਦਾਨੀਏਲ 7:13, 14) ਭਵਿੱਖ ਵਿਚ ਰਾਜਾ ਯਿਸੂ ਮਸੀਹ ਧਰਤੀ ਉੱਤੇ ਸ਼ਾਂਤੀ ਕਾਇਮ ਕਰੇਗਾ ਤੇ ਗ਼ਰੀਬੀ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।—ਜ਼ਬੂਰਾਂ ਦੀ ਪੋਥੀ 72:7, 8, 13 ਪੜ੍ਹੋ।
ਰਾਜਾ ਯਿਸੂ ਧਰਤੀ ਤੋਂ ਬੁਰਾਈ ਹੂੰਝ ਸੁੱਟੇਗਾ
ਮਨੁੱਖਜਾਤੀ ਦਾ ਰਾਜਾ ਯਿਸੂ ਮਸੀਹ ਵੱਡੇ-ਵੱਡੇ ਕੰਮ ਕਰੇਗਾ। ਆਪਣੇ ਪਿਤਾ ਵੱਲੋਂ ਮਿਲੀ ਤਾਕਤ ਨਾਲ ਯਿਸੂ ਸਾਰਿਆਂ ਨੂੰ ਮੁਕੰਮਲ ਕਰੇਗਾ। ਕੋਈ ਵੀ ਧਰਤੀ ’ਤੇ ਬੁੱਢਾ ਹੋ ਕੇ ਨਹੀਂ ਮਰੇਗਾ, ਸਗੋਂ ਸਾਰੇ ਹਮੇਸ਼ਾ-ਹਮੇਸ਼ਾ ਲਈ ਜੀਉਂਦੇ ਰਹਿਣਗੇ।—ਯੂਹੰਨਾ 5:26-29; 1 ਕੁਰਿੰਥੀਆਂ 15:25, 26 ਪੜ੍ਹੋ।
ਯਿਸੂ ਹੁਣ ਕੀ ਕਰ ਰਿਹਾ ਹੈ?
ਅੱਜ ਯਿਸੂ ਪ੍ਰਚਾਰ ਕੰਮ ਦੀ ਅਗਵਾਈ ਕਰ ਰਿਹਾ ਹੈ ਜੋ ਉਸ ਦੇ ਸੇਵਕ ਪੂਰੀ ਦੁਨੀਆਂ ਵਿਚ ਕਰ ਰਹੇ ਹਨ। ਉਹ ਲੋਕਾਂ ਨੂੰ ਬਾਈਬਲ ਤੋਂ ਰੱਬ ਦੇ ਰਾਜ ਬਾਰੇ ਸਿਖਾਉਂਦੇ ਹਨ। ਯਿਸੂ ਨੇ ਆਪਣੇ ਸੇਵਕਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੀ ਇਸ ਕੰਮ ਵਿਚ ਤਦ ਤਕ ਮਦਦ ਕਰਦਾ ਰਹੇਗਾ ਜਦ ਤਕ ਪਰਮੇਸ਼ੁਰ ਦਾ ਰਾਜ ਸਾਰੀਆਂ ਇਨਸਾਨੀ ਸਰਕਾਰਾਂ ਨੂੰ ਖ਼ਤਮ ਨਹੀਂ ਕਰ ਦਿੰਦਾ।—ਮੱਤੀ 24:14; 28:19, 20 ਪੜ੍ਹੋ।
ਯਿਸੂ ਮਸੀਹੀ ਮੰਡਲੀ ਦੇ ਜ਼ਰੀਏ ਲੋਕਾਂ ਨੂੰ ਜ਼ਿੰਦਗੀ ਜੀਣ ਦਾ ਸਹੀ ਤਰੀਕਾ ਸਿਖਾ ਰਿਹਾ ਹੈ। ਯਿਸੂ ਆਪਣੇ ਲੋਕਾਂ ਦੀ ਅਗਵਾਈ ਅਤੇ ਮਦਦ ਕਰੇਗਾ ਤਾਂਕਿ ਉਹ ਮਹਾਂਕਸ਼ਟ ਤੋਂ ਬਚ ਕੇ ਰੱਬ ਦੀ ਨਵੀਂ ਦੁਨੀਆਂ ਵਿਚ ਕਦਮ ਰੱਖ ਸਕਣ।—2 ਪਤਰਸ 3:7, 13; ਪ੍ਰਕਾਸ਼ ਦੀ ਕਿਤਾਬ 7:17 ਪੜ੍ਹੋ। (w14-E 04/01)