ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਮਰੀਅਮ
ਉਸ ਨੂੰ ਗਮ ਸਹਿਣ ਦੀ ਤਾਕਤ ਮਿਲੀ
ਮਰੀਅਮ ਗੋਡਿਆਂ ਭਾਰ ਡਿਗ ਪਈ ਕਿਉਂਕਿ ਉਸ ਦਾ ਦੁੱਖ ਇੰਨਾ ਜ਼ਿਆਦਾ ਸੀ ਕਿ ਉਸ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ ਸੀ। ਘੰਟਿਆਂ ਦੇ ਤਸੀਹੇ ਸਹਿਣ ਤੋਂ ਬਾਅਦ ਉਸ ਦੇ ਪੁੱਤ ਦੀ ਮੌਤ ਹੋ ਗਈ ਤੇ ਮਰੀਅਮ ਦੇ ਕੰਨਾਂ ਵਿਚ ਹਾਲੇ ਵੀ ਯਿਸੂ ਦੀ ਆਖ਼ਰੀ ਪੁਕਾਰ ਗੂੰਜ ਰਹੀ ਸੀ। ਦੁਪਹਿਰ ਦੇ ਵੇਲੇ ਹਨੇਰਾ ਛਾ ਗਿਆ ਤੇ ਇਸ ਤੋਂ ਬਾਅਦ ਇਕ ਜ਼ਬਰਦਸਤ ਭੁਚਾਲ਼ ਆਇਆ। (ਮੱਤੀ 27:45, 51) ਮਰੀਅਮ ਨੂੰ ਸ਼ਾਇਦ ਉਦੋਂ ਲੱਗਾ ਹੋਣਾ ਕਿ ਯਹੋਵਾਹ ਦੁਨੀਆਂ ਨੂੰ ਦਿਖਾ ਰਿਹਾ ਸੀ ਕਿ ਕਿਸੇ ਹੋਰ ਨਾਲੋਂ ਉਸ ਨੂੰ ਯਿਸੂ ਮਸੀਹ ਦੀ ਮੌਤ ਦਾ ਕਿੰਨਾ ਜ਼ਿਆਦਾ ਦੁੱਖ ਸੀ।
ਹੌਲੀ-ਹੌਲੀ ਦੁਪਹਿਰ ਦੀ ਰੌਸ਼ਨੀ ਨੇ ਗਲਗਥਾ ਜਾਂ ਖੋਪੜੀ ਦੀ ਜਗ੍ਹਾ ਤੋਂ ਹਨੇਰੇ ਨੂੰ ਦੂਰ ਕੀਤਾ। ਇੱਥੇ ਮਰੀਅਮ ਆਪਣੇ ਬੇਟੇ ਦੀ ਮੌਤ ਕਾਰਨ ਬਹੁਤ ਰੋਈ। (ਯੂਹੰਨਾ 19:17, 25) ਉਸ ਵੇਲੇ ਸ਼ਾਇਦ ਬਹੁਤ ਸਾਰੀਆਂ ਯਾਦਾਂ ਉਸ ਦੇ ਮਨ ਅੰਦਰ ਆਈਆਂ। ਸ਼ਾਇਦ ਕੁਝ 33 ਸਾਲ ਪੁਰਾਣੀਆਂ ਯਾਦਾਂ ਜਦ ਯਿਸੂ ਇਕ ਛੋਟਾ ਬੱਚਾ ਸੀ। ਮਰੀਅਮ ਅਤੇ ਉਸ ਦੇ ਪਤੀ ਯੂਸੁਫ਼ ਨੇ ਆਪਣੇ ਨੰਨ੍ਹੇ-ਮੁੰਨੇ ਨੂੰ ਯਰੂਸ਼ਲਮ ਦੇ ਮੰਦਰ ਵਿਚ ਯਹੋਵਾਹ ਸਾਮ੍ਹਣੇ ਪੇਸ਼ ਕੀਤਾ। ਉੱਥੇ ਸ਼ਿਮਓਨ ਨਾਂ ਦੇ ਬਜ਼ੁਰਗ ਆਦਮੀ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਇਕ ਭਵਿੱਖਬਾਣੀ ਕੀਤੀ। ਉਸ ਨੇ ਦੱਸਿਆ ਕਿ ਯਿਸੂ ਵੱਡੇ-ਵੱਡੇ ਕੰਮ ਕਰੇਗਾ, ਪਰ ਉਸ ਨੇ ਇਹ ਵੀ ਕਿਹਾ ਕਿ ਇਕ ਦਿਨ ਮਰੀਅਮ ਦੇ ਕਲ਼ੇਜੇ ਨੂੰ ਇਕ ਲੰਬੀ ਤਲਵਾਰ ਵਿੰਨ੍ਹੇਗੀ ਯਾਨੀ ਉਸ ਨੂੰ ਬਹੁਤ ਜ਼ਿਆਦਾ ਦੁੱਖ ਸਹਿਣਾ ਪਵੇਗਾ। (ਲੂਕਾ 2:25-35) ਪਰ ਹੁਣ ਇਸ ਦੁੱਖ ਦੀ ਘੜੀ ਵਿਚ ਹੀ ਮਰੀਅਮ ਉਸ ਦੇ ਸ਼ਬਦਾਂ ਦਾ ਸਹੀ ਮਤਲਬ ਸਮਝ ਪਾਈ।
ਕਿਹਾ ਜਾਂਦਾ ਹੈ ਕਿ ਮਾਪਿਆਂ ਲਈ ਆਪਣੇ ਬੱਚੇ ਦੀ ਮੌਤ ਦਾ ਗਮ ਬਰਦਾਸ਼ਤ ਕਰਨਾ ਸਭ ਤੋਂ ਔਖਾ ਹੁੰਦਾ ਹੈ। ਮੌਤ ਸਾਡੀ ਦੁਸ਼ਮਣ ਹੈ ਜਿਸ ਦਾ ਸਾਨੂੰ ਸਾਰਿਆਂ ਨੂੰ ਗਮ ਸਹਿਣਾ ਪੈਂਦਾ ਹੈ ਕਿਉਂਕਿ ਇਹ ਸਾਡੇ ਸਾਰਿਆਂ ’ਤੇ ਵਾਰ ਕਰਦੀ ਹੈ। (ਰੋਮੀਆਂ 5:12; 1 ਕੁਰਿੰਥੀਆਂ 15:26) ਕੀ ਅਸੀਂ ਮੌਤ ਦੇ ਜ਼ਖ਼ਮਾਂ ਨੂੰ ਸਹਿ ਸਕਦੇ ਹਾਂ? ਜੇ ਅਸੀਂ ਯਿਸੂ ਦੀ ਸੇਵਕਾਈ ਦੀ ਸ਼ੁਰੂਆਤ ਤੋਂ ਲੈ ਕੇ ਉਸ ਦੀ ਮੌਤ ਤੋਂ ਬਾਅਦ ਮਰੀਅਮ ਦੀ ਜ਼ਿੰਦਗੀ ਬਾਰੇ ਜਾਣੀਏ, ਤਾਂ ਅਸੀਂ ਉਸ ਦੀ ਨਿਹਚਾ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਉਸ ਦੀ ਨਿਹਚਾ ਨੇ ਉਸ ਨੂੰ ਯਿਸੂ ਦੀ ਮੌਤ ਦਾ ਗਮ ਸਹਿਣ ਵਿਚ ਕਿਵੇਂ ਮਦਦ ਕੀਤੀ।
“ਉਹ ਜੋ ਵੀ ਤੁਹਾਨੂੰ ਕਹੇ, ਤੁਸੀਂ ਉਸੇ ਤਰ੍ਹਾਂ ਕਰਨਾ”
ਆਓ ਆਪਾਂ ਯਿਸੂ ਦੀ ਮੌਤ ਤੋਂ ਸਾਢੇ ਤਿੰਨ ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ’ਤੇ ਗੌਰ ਕਰੀਏ। ਮਰੀਅਮ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਰਿਵਾਰ ਦੇ ਹਾਲਾਤ ਬਦਲਣ ਵਾਲੇ ਸਨ। ਨਾਸਰਤ ਦੇ ਇਕ ਛੋਟੇ ਜਿਹੇ ਸ਼ਹਿਰ ਵਿਚ ਲੋਕ ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਉਸ ਦੇ ਤੋਬਾ ਕਰਨ ਦੇ ਸੁਨੇਹੇ ਬਾਰੇ ਗੱਲਾਂ ਕਰ ਰਹੇ ਸਨ। ਮਰੀਅਮ ਜਾਣ ਗਈ ਕਿ ਇਹ ਖ਼ਬਰ ਉਸ ਦੇ ਜੇਠੇ ਮੁੰਡੇ ਯਿਸੂ ਲਈ ਇਕ ਇਸ਼ਾਰਾ ਸੀ ਕਿ ਉਹ ਹੁਣ ਆਪਣੀ ਸੇਵਕਾਈ ਸ਼ੁਰੂ ਕਰੇ। (ਮੱਤੀ 3:1, 13) ਯਿਸੂ ਦੇ ਘਰ ਛੱਡਣ ਨਾਲ ਮਰੀਅਮ ਅਤੇ ਉਸ ਦੇ ਪਰਿਵਾਰ ਦੇ ਹਾਲਾਤ ਕਾਫ਼ੀ ਬਦਲ ਜਾਣੇ ਸਨ। ਕਿਉਂ?
ਲੱਗਦਾ ਹੈ ਕਿ ਤਦ ਤਕ ਮਰੀਅਮ ਦੇ ਪਤੀ ਯੂਸੁਫ਼ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਲਈ ਮਰੀਅਮ ਜੁਦਾਈ ਦੇ ਦਰਦ ਤੋਂ ਅਣਜਾਣ ਨਹੀਂ ਸੀ। * ਯਿਸੂ ਨੂੰ ਨਾ ਸਿਰਫ਼ “ਤਰਖਾਣ ਦਾ ਮੁੰਡਾ” ਸੱਦਿਆ ਜਾਂਦਾ ਸੀ, ਸਗੋਂ ਉਹ “ਤਰਖਾਣ” ਵਜੋਂ ਜਾਣਿਆ ਜਾਂਦਾ ਸੀ। ਇਹ ਸਾਫ਼ ਹੈ ਕਿ ਯਿਸੂ ਆਪਣੇ ਪਿਤਾ ਦਾ ਕੰਮ-ਕਾਰ ਸੰਭਾਲ ਕੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਂਦਾ ਸੀ। ਮਰੀਅਮ ਦੇ ਪਰਿਵਾਰ ਵਿਚ ਘੱਟੋ-ਘੱਟ ਛੇ ਬੱਚੇ ਸਨ ਜੋ ਯਿਸੂ ਤੋਂ ਛੋਟੇ ਸਨ। (ਮੱਤੀ 13:55, 56; ਮਰਕੁਸ 6:3) * ਯਾਕੂਬ ਯਿਸੂ ਤੋਂ ਬਾਅਦ ਪਰਿਵਾਰ ਦਾ ਵੱਡਾ ਮੁੰਡਾ ਸੀ। ਮੰਨ ਲਓ ਕਿ ਜੇ ਯਿਸੂ ਆਪਣੇ ਛੋਟੇ ਭਰਾ ਨੂੰ ਕੰਮ-ਕਾਰ ਸੰਭਾਲਣ ਦੀ ਟ੍ਰੇਨਿੰਗ ਦੇ ਰਿਹਾ ਸੀ, ਤਾਂ ਵੀ ਯਿਸੂ ਦੇ ਘਰ ਛੱਡਣ ਨਾਲ ਪਰਿਵਾਰ ਦਾ ਗੁਜ਼ਾਰਾ ਤੋਰਨਾ ਔਖਾ ਹੋਣਾ ਸੀ। ਮਰੀਅਮ ਦੇ ਸਿਰ ’ਤੇ ਪਹਿਲਾਂ ਹੀ ਭਾਰੀਆਂ ਜ਼ਿੰਮੇਵਾਰੀਆਂ ਦਾ ਬੋਝ ਸੀ। ਕੀ ਮਰੀਅਮ ਦੇ ਮਨ ਵਿਚ ਇਸ ਗੱਲ ਨੂੰ ਲੈ ਕੇ ਕੋਈ ਡਰ ਸੀ? ਅਸੀਂ ਪੂਰੀ ਤਰ੍ਹਾਂ ਨਾਲ ਨਹੀਂ ਕਹਿ ਸਕਦੇ, ਪਰ ਜ਼ਰੂਰੀ ਸਵਾਲ ਇਹ ਹੈ: ਯਿਸੂ ਦੇ ਵਾਅਦਾ ਕੀਤਾ ਹੋਇਆ ਮਸੀਹ ਬਣਨ ਤੋਂ ਬਾਅਦ ਮਰੀਅਮ ਕਿਹੋ ਜਿਹਾ ਰਵੱਈਆ ਦਿਖਾਉਂਦੀ? ਇਸ ਦਾ ਜਵਾਬ ਸਾਨੂੰ ਬਾਈਬਲ ਦੇ ਇਕ ਬਿਰਤਾਂਤ ਵਿਚ ਮਿਲਦਾ ਹੈ।—ਯੂਹੰਨਾ 2:1-12.
ਯਿਸੂ ਬਪਤਿਸਮਾ ਲੈਣ ਲਈ ਯੂਹੰਨਾ ਕੋਲ ਗਿਆ ਅਤੇ ਫਿਰ ਉਹ ਪਰਮੇਸ਼ੁਰ ਵੱਲੋਂ ਚੁਣਿਆ ਹੋਇਆ ਜਾਂ ਮਸੀਹ ਬਣ ਗਿਆ। (ਲੂਕਾ 3:21, 22) ਇਸ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਚੁਣਿਆ। ਭਾਵੇਂ ਕਿ ਉਸ ਦਾ ਕੰਮ ਬਹੁਤ ਜ਼ਰੂਰੀ ਸੀ, ਫਿਰ ਵੀ ਉਹ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਖ਼ੁਸ਼ੀ ਦੇ ਮੌਕਿਆਂ ’ਤੇ ਸ਼ਰੀਕ ਹੋਇਆ। ਇਕ ਵਾਰ ਉਹ ਆਪਣੀ ਮਾਂ, ਚੇਲਿਆਂ ਅਤੇ ਆਪਣੇ ਭਰਾਵਾਂ ਨਾਲ ਕਾਨਾ ਨਾਂ ਦੇ ਕਸਬੇ ਵਿਚ ਇਕ ਵਿਆਹ ’ਤੇ ਗਿਆ। ਇਹ ਕਸਬਾ ਇਕ ਪਹਾੜੀ ’ਤੇ ਬਣਿਆ ਸੀ ਜੋ ਨਾਸਰਤ ਤੋਂ ਕੁਝ 13 ਕਿਲੋਮੀਟਰ (8 ਮੀਲ) ਦੂਰ ਸੀ। ਵਿਆਹ ਦੌਰਾਨ ਮਰੀਅਮ ਨੂੰ ਇਕ ਗੱਲ ਪਤਾ ਲੱਗੀ। ਉਸ ਨੇ ਸ਼ਾਇਦ ਦੇਖਿਆ ਕਿ ਕੁੜੀ-ਮੁੰਡੇ ਦੇ ਘਰਵਾਲੇ ਘਬਰਾਏ ਹੋਏ ਸਨ ਅਤੇ ਉਹ ਆਪਸ ਵਿਚ ਘੁਸਰ-ਮੁਸਰ ਕਰ ਰਹੇ ਸਨ। ਹੋਇਆ ਇੱਦਾਂ ਕਿ ਉਨ੍ਹਾਂ ਕੋਲ ਦਾਖਰਸ ਮੁੱਕ ਗਿਆ ਸੀ! ਉਨ੍ਹਾਂ ਦੇ ਸਭਿਆਚਾਰ ਵਿਚ ਅਜਿਹੀ ਘਟਨਾ ਵਾਪਰਨੀ ਪਰਿਵਾਰ ਲਈ ਇਕ ਬੇਇੱਜ਼ਤੀ ਵਾਲੀ ਗੱਲ ਸੀ ਜਿਸ ਕਾਰਨ ਵਿਆਹ ਦੀਆਂ ਖ਼ੁਸ਼ੀਆਂ ਵਿਚ ਭੰਗ ਪੈ ਸਕਦੀ ਸੀ। ਮਰੀਅਮ ਨੇ ਉਨ੍ਹਾਂ ਦੀ ਪਰੇਸ਼ਾਨੀ ਨੂੰ ਸਮਝਿਆ ਅਤੇ ਉਹ ਮਦਦ ਲਈ ਯਿਸੂ ਕੋਲ ਗਈ।
ਉਸ ਨੇ ਆਪਣੇ ਬੇਟੇ ਨੂੰ ਕਿਹਾ: “ਉਨ੍ਹਾਂ ਕੋਲ ਦਾਖਰਸ ਨਹੀਂ ਹੈ।” ਉਹ ਯਿਸੂ ਤੋਂ ਕੀ ਚਾਹੁੰਦੀ ਸੀ? ਅਸੀਂ ਇਸ ਬਾਰੇ ਪੱਕਾ ਨਹੀਂ ਕਹਿ ਸਕਦੇ, ਪਰ ਉਹ ਜਾਣਦੀ ਸੀ ਕਿ ਉਸ ਦਾ ਪੁੱਤ ਇਕ ਮਹਾਨ ਆਦਮੀ ਸੀ ਤੇ ਉਹ ਵੱਡੇ-ਵੱਡੇ ਕੰਮ ਕਰੇਗਾ। ਸ਼ਾਇਦ ਮਰੀਅਮ ਨੇ ਸੋਚਿਆ ਕਿ ਹੁਣ ਯਿਸੂ ਕੋਈ ਚਮਤਕਾਰ ਕਰੇਗਾ। ਅਸਲ ਵਿਚ ਉਸ ਦੇ ਕਹਿਣ ਦਾ ਮਤਲਬ ਸੀ: “ਪੁੱਤ, ਇਨ੍ਹਾਂ ਦੀ ਮਦਦ ਕਰ ਦੇ।” ਯਿਸੂ ਦਾ ਜਵਾਬ ਸੁਣ ਕੇ ਉਹ ਹੈਰਾਨ ਰਹਿ ਗਈ। ਯਿਸੂ ਨੇ ਕਿਹਾ: “ਆਪਾਂ ਕੀ ਲੈਣਾ?” ਯਿਸੂ ਨੇ ਇਹ ਗੱਲ ਕਹਿ ਕੇ ਆਪਣੀ ਮਾਂ ਦੀ ਬੇਇੱਜ਼ਤੀ ਨਹੀਂ ਕੀਤੀ ਭਾਵੇਂ ਕਿ ਕਈ ਲੋਕ ਇਸ ਦਾ ਗ਼ਲਤ ਮਤਲਬ ਕੱਢਦੇ ਹਨ। ਪਰ ਯਿਸੂ ਨੇ ਇਹ ਗੱਲ ਕਹਿ ਕੇ ਆਪਣੀ ਮਾਂ ਨੂੰ ਪਿਆਰ ਨਾਲ ਤਾੜਨਾ ਦਿੱਤੀ। ਯਿਸੂ ਆਪਣੀ ਮਾਂ ਨੂੰ ਯਾਦ ਕਰਾ ਰਿਹਾ ਸੀ ਕਿ ਇਹ ਸਿਰਫ਼ ਉਸ ਦੇ ਪਿਤਾ ਯਹੋਵਾਹ ਦਾ ਹੱਕ ਬਣਦਾ ਸੀ ਕਿ ਉਹ ਕਿਹੜੇ-ਕਿਹੜੇ ਕੰਮ ਕਰੇ।
ਮਰੀਅਮ ਨੇ ਆਪਣੇ ਬੇਟੇ ਦੀ ਤਾੜਨਾ ਕਬੂਲ ਕੀਤੀ ਕਿਉਂਕਿ ਉਹ ਸਮਝਦਾਰ ਤੇ ਨਿਮਰ ਔਰਤ ਸੀ। ਉਸ ਨੇ ਵਿਆਹ ਵਿਚ ਨੌਕਰਾਂ ਨੂੰ ਕਿਹਾ: “ਉਹ ਜੋ ਵੀ ਤੁਹਾਨੂੰ ਕਹੇ, ਤੁਸੀਂ ਉਸੇ ਤਰ੍ਹਾਂ ਕਰਨਾ।” ਮਰੀਅਮ ਸਮਝ ਗਈ ਕਿ ਹੁਣ ਤੋਂ ਉਸ ਦਾ ਆਪਣੇ ਪੁੱਤ ਨੂੰ ਹਿਦਾਇਤਾਂ ਦੇਣ ਦਾ ਹੱਕ ਨਹੀਂ ਸੀ ਬਣਦਾ, ਸਗੋਂ ਉਸ ਨੂੰ ਅਤੇ ਦੂਜਿਆਂ ਨੂੰ ਯਿਸੂ ਦੀਆਂ ਹਿਦਾਇਤਾਂ ਮੰਨਣੀਆਂ ਚਾਹੀਦੀਆਂ ਸਨ। ਯਿਸੂ ਨੇ ਵੀ ਉਸ ਨਵੇਂ ਵਿਆਹੇ ਜੋੜੇ ਲਈ ਆਪਣੀ ਮਾਂ ਦੀ ਪਰੇਸ਼ਾਨੀ ਸਮਝੀ ਜਿਸ ਕਰਕੇ ਉਸ ਨੇ ਪਾਣੀ ਨੂੰ ਦਾਖਰਸ ਵਿਚ ਬਦਲ ਕੇ ਆਪਣਾ ਪਹਿਲਾ ਚਮਤਕਾਰ ਕੀਤਾ। ਨਤੀਜਾ? “ਉਸ ਦੇ ਚੇਲਿਆਂ ਨੇ ਉਸ ’ਤੇ ਨਿਹਚਾ ਕੀਤੀ।” ਨਾਲੇ ਮਰੀਅਮ ਨੇ ਵੀ ਯਿਸੂ ’ਤੇ ਨਿਹਚਾ ਕੀਤੀ। ਉਸ ਦੀਆਂ ਨਜ਼ਰਾਂ ਵਿਚ ਯਿਸੂ ਸਿਰਫ਼ ਉਸ ਦਾ ਪੁੱਤ ਹੀ ਨਹੀਂ, ਸਗੋਂ ਪ੍ਰਭੂ ਤੇ ਮੁਕਤੀਦਾਤਾ ਵੀ ਸੀ।
ਅੱਜ ਮਾਪੇ ਮਰੀਅਮ ਦੀ ਨਿਹਚਾ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਇਹ ਸੱਚ ਹੈ ਕਿ ਅੱਜ ਤਕ ਕਿਸੇ ਨੇ ਵੀ ਯਿਸੂ ਵਰਗੇ ਬੱਚੇ ਦੀ ਪਰਵਰਿਸ਼ ਨਹੀਂ ਕੀਤੀ। ਪਰ ਬੱਚੇ ਭਾਵੇਂ ਜਿੱਦਾਂ ਦੇ ਵੀ ਹੋਣ, ਜਦ ਉਹ ਵੱਡੇ ਹੁੰਦੇ ਜਾਂਦੇ ਹਨ, ਤਾਂ ਮਾਪਿਆਂ ਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਿਸਾਲ ਲਈ, ਵੱਡੇ ਹੋ ਚੁੱਕੇ ਬੱਚਿਆਂ ਨੂੰ ਮੰਮੀ ਜਾਂ ਡੈਡੀ ਸ਼ਾਇਦ ਅਜੇ ਵੀ ਛੋਟੇ ਹੀ ਸਮਝਣ, ਪਰ ਉਨ੍ਹਾਂ ਨਾਲ ਇਸ ਤਰ੍ਹਾਂ ਪੇਸ਼ ਆਉਣਾ ਠੀਕ ਨਹੀਂ ਹੋਵੇਗਾ। (1 ਕੁਰਿੰਥੀਆਂ 13:11) ਮੰਮੀ ਜਾਂ ਡੈਡੀ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ? ਇਕ ਤਰੀਕਾ ਹੈ ਕਿ ਮਾਪੇ ਆਪਣੇ ਧੀ-ਪੁੱਤ ਨੂੰ ਇਸ ਗੱਲ ਦਾ ਯਕੀਨ ਦਿਵਾਉਣ ਕਿ ਬੱਚੇ ਬਾਈਬਲ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਯਹੋਵਾਹ ਤੋਂ ਬਰਕਤਾਂ ਪਾਉਂਦੇ ਰਹਿਣਗੇ। ਮਾਪਿਆਂ ਨੂੰ ਨਿਮਰ ਹੋਣ ਦੀ ਲੋੜ ਹੈ ਤਾਂਕਿ ਉਹ ਆਪਣੇ ਬੱਚਿਆਂ ਦੀ ਤਾਰੀਫ਼ ਕਰਨ ਕਿ ਉਹ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਗੇ ਅਤੇ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਦੇ ਰਹਿਣਗੇ। ਅਜਿਹੀਆਂ ਗੱਲਾਂ ਕਰਨ ਨਾਲ ਵੱਡੇ ਬੱਚਿਆਂ ਨੂੰ ਹੌਸਲਾ ਮਿਲੇਗਾ। ਯਿਸੂ ਨੂੰ ਕਿੰਨਾ ਚੰਗਾ ਲੱਗਾ ਹੋਣਾ ਕਿ ਆਉਣ ਵਾਲੇ ਸਾਲਾਂ ਦੌਰਾਨ ਮਰੀਅਮ ਨੇ ਉਸ ਦਾ ਸਾਥ ਨਿਭਾਇਆ।
“ਉਸ ਦੇ ਭਰਾ ਉਸ ਉੱਤੇ ਨਿਹਚਾ ਨਹੀਂ ਕਰਦੇ ਸਨ”
ਯਿਸੂ ਦੇ ਸਾਢੇ ਤਿੰਨ ਸਾਲ ਦੀ ਸੇਵਕਾਈ ਦੌਰਾਨ ਇੰਜੀਲ ਦੀ ਕਿਤਾਬ ਸਾਨੂੰ ਮਰੀਅਮ ਬਾਰੇ ਬਹੁਤ ਘੱਟ ਦੱਸਦੀ ਹੈ। ਪਰ ਯਾਦ ਰੱਖੋ 1 ਤਿਮੋਥਿਉਸ 5:8) ਪਰ ਉਹ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਬਾਰੇ ਸੋਚ-ਵਿਚਾਰ ਕਰਦੀ ਰਹੀ ਅਤੇ ਆਪਣੇ ਪਰਿਵਾਰ ਦੇ ਦਸਤੂਰ ਅਨੁਸਾਰ ਸਭਾ ਘਰ ਜਾਂਦੀ ਰਹੀ।—ਲੂਕਾ 2:19, 51; 4:16.
ਕਿ ਉਹ ਇਕੱਲੀ ਮਾਂ ਤੇ ਵਿਧਵਾ ਸੀ ਜਿਸ ਦੇ ਸ਼ਾਇਦ ਨੌਜਵਾਨ ਬੱਚੇ ਵੀ ਸਨ। ਸੋ ਅਸੀਂ ਸਮਝ ਸਕਦੇ ਹਾਂ ਕਿ ਜਦ ਯਿਸੂ ਪ੍ਰਚਾਰ ਕਰਨ ਲਈ ਵੱਖੋ-ਵੱਖਰੇ ਸ਼ਹਿਰਾਂ ਵਿਚ ਜਾਂਦਾ ਸੀ, ਤਾਂ ਉਹ ਉਸ ਦੇ ਨਾਲ ਨਹੀਂ ਜਾ ਸਕੀ। (ਜਦ ਯਿਸੂ ਨੇ ਨਾਸਰਤ ਦੇ ਸਭਾ ਘਰ ਵਿਚ ਭਾਸ਼ਣ ਦਿੱਤਾ, ਤਾਂ ਸ਼ਾਇਦ ਮਰੀਅਮ ਉੱਥੇ ਹਾਜ਼ਰ ਸੀ। ਉਹ ਇਹ ਸੁਣ ਕੇ ਕਿੰਨੀ ਖ਼ੁਸ਼ ਹੋਈ ਹੋਣੀ ਕਿ ਉਸ ਦੇ ਪੁੱਤ ਨੇ ਮਸੀਹ ਬਾਰੇ ਹਜ਼ਾਰਾਂ ਸਾਲ ਪੁਰਾਣੀ ਭਵਿੱਖਬਾਣੀ ਪੂਰੀ ਕੀਤੀ! ਪਰ ਜਦੋਂ ਨਾਸਰਤ ਦੇ ਲੋਕਾਂ ਨੇ ਉਸ ਦੇ ਪੁੱਤ ਨੂੰ ਕਬੂਲ ਨਹੀਂ ਕੀਤਾ, ਤਾਂ ਉਸ ਦੇ ਦਿਲ ਨੂੰ ਕਿੰਨੀ ਸੱਟ ਲੱਗੀ ਹੋਣੀ। ਇੱਥੋਂ ਤਕ ਕਿ ਉਨ੍ਹਾਂ ਨੇ ਉਸ ਦੇ ਪੁੱਤ ਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ!—ਲੂਕਾ 4:17-30.
ਮਰੀਅਮ ਨੂੰ ਇਸ ਗੱਲ ਦਾ ਵੀ ਦੁੱਖ ਸੀ ਕਿ ਉਸ ਦੇ ਦੂਜੇ ਮੁੰਡੇ ਯਿਸੂ ਪ੍ਰਤੀ ਸਹੀ ਰਵੱਈਆ ਨਹੀਂ ਦਿਖਾ ਰਹੇ ਸਨ। ਅਸੀਂ ਯੂਹੰਨਾ 7:5 ਵਿਚ ਸਿੱਖਦੇ ਹਾਂ ਕਿ ਯਿਸੂ ਦੇ ਚਾਰ ਭਰਾ ਆਪਣੀ ਮਾਂ ਵਾਂਗ ਯਿਸੂ ’ਤੇ ਨਿਹਚਾ ਨਹੀਂ ਰੱਖਦੇ ਸਨ। ਇਹ ਹਵਾਲਾ ਦੱਸਦਾ ਹੈ: “ਉਸ ਦੇ ਭਰਾ ਉਸ ਉੱਤੇ ਨਿਹਚਾ ਨਹੀਂ ਕਰਦੇ ਸਨ।” ਯਿਸੂ ਦੀਆਂ ਘੱਟੋ-ਘੱਟ ਦੋ ਭੈਣਾਂ ਸਨ, ਪਰ ਬਾਈਬਲ ਸਾਨੂੰ ਉਨ੍ਹਾਂ ਬਾਰੇ ਜ਼ਿਆਦਾ ਨਹੀਂ ਦੱਸਦੀ। ਗੱਲ ਭਾਵੇਂ ਜੋ ਵੀ ਹੋਵੇ, ਮਰੀਅਮ ਜਾਣਦੀ ਸੀ ਕਿ ਅਜਿਹੇ ਘਰ ਵਿਚ ਰਹਿਣਾ ਮੁਸ਼ਕਲ ਹੈ ਜਿੱਥੇ ਸਾਰੇ ਯਹੋਵਾਹ ਦੀ ਭਗਤੀ ਨਹੀਂ ਕਰਦੇ। ਉਸ ਨੇ ਸੱਚਾਈ ਦਾ ਲੜ ਫੜੀ ਰੱਖਣ ਦੇ ਨਾਲ-ਨਾਲ ਆਪਣੇ ਘਰ ਦੇ ਜੀਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ। ਪਰ ਇੱਦਾਂ ਕਰਦਿਆਂ ਉਸ ਨੇ ਕਦੇ ਰੋਅਬ ਨਹੀਂ ਜਮਾਇਆ ਜਾਂ ਉਨ੍ਹਾਂ ਨਾਲ ਕਦੇ ਬਹਿਸ ਨਹੀਂ ਕੀਤੀ।
ਇਕ ਮੌਕੇ ’ਤੇ ਯਿਸੂ ਦੇ ਰਿਸ਼ਤੇਦਾਰਾਂ ਦੇ ਨਾਲ-ਨਾਲ ਉਸ ਦੇ ਭਰਾਵਾਂ ਨੇ ਉਸ ਨੂੰ “ਫੜ” ਕੇ ਲੈ ਜਾਣ ਦਾ ਫ਼ੈਸਲਾ ਕੀਤਾ। ਉਹ ਕਹਿ ਰਹੇ ਸਨ: “ਇਹ ਤਾਂ ਪਾਗਲ ਹੋ ਗਿਆ ਹੈ।” (ਮਰਕੁਸ 3:21, 31) ਭਾਵੇਂ ਕਿ ਮਰੀਅਮ ਨੇ ਇੱਦਾਂ ਕਦੇ ਨਹੀਂ ਸੋਚਿਆ, ਪਰ ਉਹ ਸ਼ਾਇਦ ਆਪਣੇ ਬੇਟਿਆਂ ਨਾਲ ਯਿਸੂ ਕੋਲ ਇਸ ਉਮੀਦ ਨਾਲ ਗਈ ਕਿ ਉਹ ਯਿਸੂ ਤੋਂ ਕੁਝ ਸਿੱਖਣ ਤੇ ਉਸ ’ਤੇ ਨਿਹਚਾ ਕਰਨ ਲੱਗ ਪੈਣ। ਕੀ ਇੱਦਾਂ ਹੋਇਆ? ਹਾਲਾਂਕਿ ਯਿਸੂ ਚਮਤਕਾਰ ਕਰਦਾ ਰਿਹਾ ਤੇ ਸੱਚਾਈਆਂ ਸਿਖਾਉਂਦਾ ਰਿਹਾ, ਪਰ ਫਿਰ ਵੀ ਉਨ੍ਹਾਂ ਨੇ ਨਿਹਚਾ ਨਹੀਂ ਕੀਤੀ। ਕੀ ਮਰੀਅਮ ਦੇ ਮਨ ਵਿਚ ਇਹ ਖ਼ਿਆਲ ਆਇਆ ਹੋਣਾ ਕਿ ਉਨ੍ਹਾਂ ਨੂੰ ਯਕੀਨ ਦਿਵਾਉਣ ਲਈ ਉਹ ਹੋਰ ਕੀ ਕਰੇ?
ਕੀ ਤੁਹਾਡੇ ਘਰ ਵਿਚ ਕੁਝ ਲੋਕ ਯਹੋਵਾਹ ਦੀ ਭਗਤੀ ਨਹੀਂ ਕਰਦੇ? ਤਾਂ ਫਿਰ ਤੁਸੀਂ ਮਰੀਅਮ ਦੀ ਨਿਹਚਾ ਦੀ ਰੀਸ ਕਰ ਕੇ ਕਾਫ਼ੀ ਕੁਝ ਸਿੱਖ ਸਕਦੇ ਹੋ। ਉਸ ਨੇ ਕਦੇ ਉਮੀਦ ਨਹੀਂ ਛੱਡੀ ਕਿ ਇਕ ਦਿਨ ਉਸ ਦੇ ਰਿਸ਼ਤੇਦਾਰ ਯਿਸੂ ’ਤੇ ਨਿਹਚਾ ਕਰਨਗੇ। ਇਸ ਦੀ ਬਜਾਇ, ਉਸ ਨੇ ਆਪਣੇ ਰਵੱਈਏ ਤੋਂ ਉਨ੍ਹਾਂ ਨੂੰ ਦਿਖਾਇਆ ਕਿ ਉਹ ਆਪਣੀ ਨਿਹਚਾ ਕਾਰਨ ਖ਼ੁਸ਼ ਸੀ ਤੇ ਉਸ ਨੂੰ ਮਨ ਦੀ ਸ਼ਾਂਤੀ ਮਿਲੀ। ਇਸ ਦੇ ਨਾਲ-ਨਾਲ ਉਹ ਆਪਣੇ ਵਫ਼ਾਦਾਰ ਬੇਟੇ ਦਾ ਸਾਥ ਨਿਭਾਉਂਦੀ ਰਹੀ। ਪਰ ਕੀ ਉਸ ਨੂੰ ਯਿਸੂ ਦੀ ਯਾਦ ਆਉਂਦੀ ਸੀ? ਕੀ ਉਹ ਕਦੇ-ਕਦੇ ਸੋਚਦੀ ਸੀ ਕਿ ਕਾਸ਼ ਯਿਸੂ ਉਸ ਦੇ ਅਤੇ ਉਸ ਦੇ ਪਰਿਵਾਰ ਦੇ ਨਾਲ ਹੁੰਦਾ? ਜੇ ਮਰੀਅਮ ਇੱਦਾਂ ਮਹਿਸੂਸ ਕਰਦੀ ਸੀ, ਤਾਂ ਵੀ ਉਸ ਨੇ ਆਪਣੇ ਜਜ਼ਬਾਤਾਂ ’ਤੇ ਕਾਬੂ ਪਾਇਆ। ਉਸ ਨੇ ਇਸ ਸਨਮਾਨ ਦੀ ਬੜੀ ਕਦਰ ਕੀਤੀ ਕਿ ਉਹ ਯਿਸੂ ਦਾ ਹਰ ਕਦਮ ’ਤੇ ਸਾਥ ਨਿਭਾ ਸਕੀ ਤੇ ਉਸ ਦੀ ਹੌਸਲਾ-ਅਫ਼ਜ਼ਾਈ ਕਰ ਸਕੀ। ਕੀ ਤੁਸੀਂ ਵੀ ਇੱਦਾਂ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹੋ ਤਾਂਕਿ ਉਹ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦਿੰਦੇ ਰਹਿਣ?
“ਇਕ ਲੰਬੀ ਤਲਵਾਰ ਤੇਰੇ ਕਲ਼ੇਜੇ ਨੂੰ ਵਿੰਨ੍ਹੇਗੀ”
ਕੀ ਯਹੋਵਾਹ ਨੇ ਮਰੀਅਮ ਨੂੰ ਉਸ ਦੀ ਨਿਹਚਾ ਦਾ ਇਨਾਮ ਦਿੱਤਾ? ਯਹੋਵਾਹ ਹਮੇਸ਼ਾ ਆਪਣੇ ਲੋਕਾਂ ਨੂੰ ਉਨ੍ਹਾਂ ਦੀ ਨਿਹਚਾ ਦਾ ਇਨਾਮ ਦਿੰਦਾ ਹੈ ਤੇ ਮਰੀਅਮ ਨੂੰ ਵੀ ਆਪਣਾ ਇਨਾਮ ਜ਼ਰੂਰ ਮਿਲਿਆ। (ਇਬਰਾਨੀਆਂ 11:6) ਜ਼ਰਾ ਸੋਚੋ ਕਿ ਉਸ ਨੂੰ ਆਪਣੇ ਪੁੱਤ ਦੀਆਂ ਗੱਲਾਂ ਜਾਂ ਉਸ ਦੇ ਭਾਸ਼ਣਾਂ ਬਾਰੇ ਸੁਣ ਕੇ ਕਿੱਦਾਂ ਲੱਗਾ ਹੋਣਾ!
ਕੀ ਉਸ ਨੇ ਆਪਣੇ ਪੁੱਤ ਦੀਆਂ ਮਿਸਾਲਾਂ ਦੌਰਾਨ ਨਾਸਰਤ ਵਿਚ ਯਿਸੂ ਦੇ ਬਚਪਨ ਦੀਆਂ ਗੱਲਾਂ ਦੀ ਝਲਕ ਦੇਖੀ? ਯਿਸੂ ਨੇ ਇਕ ਤੀਵੀਂ ਦਾ ਜ਼ਿਕਰ ਕੀਤਾ ਜੋ ਕਿ ਚੱਕੀ ਪੀਂਹਦੀ ਹੈ ਜਾਂ ਦੀਵਾ ਬਾਲ਼ ਕੇ ਉਸ ਨੂੰ ਉੱਚੀ ਜਗ੍ਹਾ ਰੱਖਦੀ ਹੈ ਜਾਂ ਜਦ ਉਸ ਦਾ ਸਿੱਕਾ ਗੁਆਚ ਜਾਂਦਾ ਹੈ, ਤਾਂ ਉਹ ਆਪਣਾ ਘਰ ਹੂੰਝਦੀ ਹੈ। ਇਹ ਮਿਸਾਲਾਂ ਸੁਣ ਕੇ ਕੀ ਮਰੀਅਮ ਨੂੰ ਉਸ ਛੋਟੇ ਮੁੰਡੇ ਦੀ ਯਾਦ ਆਈ ਜੋ ਘਰ ਦੇ ਰੋਜ਼ਮੱਰਾ ਕੰਮ ਕਰਦਿਆਂ ਉਸ ਦੇ ਨਾਲ ਹੁੰਦਾ ਸੀ? (ਲੂਕਾ 11:33; 15:8, 9; 17:35) ਜਦ ਯਿਸੂ ਨੇ ਕਿਹਾ ਕਿ ਉਸ ਦਾ ਜੂਲਾ ਚੁੱਕਣਾ ਆਸਾਨ ਹੈ ਅਤੇ ਭਾਰਾ ਨਹੀਂ, ਤਾਂ ਕੀ ਮਰੀਅਮ ਨੂੰ ਉਹ ਸਮਾਂ ਯਾਦ ਆਇਆ ਜਦ ਯੂਸੁਫ਼ ਯਿਸੂ ਨੂੰ ਅਜਿਹਾ ਜੂਲਾ ਬਣਾਉਣਾ ਸਿਖਾ ਰਿਹਾ ਸੀ ਜੋ ਜਾਨਵਰ ਦੀ ਗਰਦਨ ’ਤੇ ਭਾਰ ਨਾ ਪਾਵੇ? (ਮੱਤੀ 11:30) ਕੋਈ ਸ਼ੱਕ ਨਹੀਂ ਕਿ ਮਰੀਅਮ ਇਹ ਸੋਚ ਕੇ ਦਿਲੋਂ ਬਹੁਤ ਖ਼ੁਸ਼ ਹੋਈ ਹੋਣੀ ਕਿ ਉਸ ਨੂੰ ਯਹੋਵਾਹ ਦੇ ਬੇਟੇ ਦੀ ਪਰਵਰਿਸ਼ ਕਰਨ ਅਤੇ ਉਸ ਨੂੰ ਸਿਖਲਾਈ ਦੇਣ ਦਾ ਵੱਡਾ ਸਨਮਾਨ ਮਿਲਿਆ ਸੀ ਜਿਸ ਨੇ ਅੱਗੇ ਜਾ ਕੇ ਮਸੀਹ ਬਣਨਾ ਸੀ! ਉਸ ਨੂੰ ਮਹਾਨ ਸਿੱਖਿਅਕ ਦੀਆਂ ਗੱਲਾਂ ਸੁਣ ਕੇ ਬਹੁਤ ਖ਼ੁਸ਼ੀ ਮਿਲੀ ਹੋਣੀ ਜੋ ਰੋਜ਼ਮੱਰਾ ਦੀਆਂ ਗੱਲਾਂ ਅਤੇ ਕੰਮਾਂ ਤੋਂ ਵਧੀਆ ਸਬਕ ਸਿਖਾਉਂਦਾ ਸੀ!
ਮਰੀਅਮ ਹਮੇਸ਼ਾ ਨਿਮਰ ਰਹੀ। ਜੇ ਉਸ ਦੇ ਪੁੱਤ ਨੇ ਉਸ ਨੂੰ ਵੱਡਾ ਦਰਜਾ ਕਦੀ ਵੀ ਨਹੀਂ ਦਿੱਤਾ, ਤਾਂ ਫਿਰ ਮਰੀਅਮ ਦੀ ਪੂਜਾ ਕਰਨੀ ਤਾਂ ਬਹੁਤ ਦੂਰ ਦੀ ਗੱਲ ਸੀ। ਸੇਵਕਾਈ ਦੌਰਾਨ ਭੀੜ ਵਿੱਚੋਂ ਇਕ ਔਰਤ ਨੇ ਉੱਚੀ ਆਵਾਜ਼ ਵਿਚ ਕਿਹਾ ਕਿ ਯਿਸੂ ਨੂੰ ਜਨਮ ਦੇਣ ਵਾਲੀ ਮਾਂ ਕਿੰਨੀ ਧੰਨ ਹੋਵੇਗੀ। ਯਿਸੂ ਨੇ ਜਵਾਬ ਦਿੱਤਾ: “ਨਹੀਂ, ਸਗੋਂ ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!” (ਲੂਕਾ 11:27, 28) ਜਦੋਂ ਭੀੜ ਵਿਚ ਕਿਸੇ ਨੇ ਯਿਸੂ ਨੂੰ ਦੱਸਿਆ ਕਿ ਉਸ ਦੀ ਮਾਂ ਤੇ ਭਰਾ ਬਾਹਰ ਖੜ੍ਹੇ ਹਨ, ਤਾਂ ਉਸ ਨੇ ਕਿਹਾ ਕਿ ਜਿਹੜੇ ਉਸ ਉੱਤੇ ਨਿਹਚਾ ਕਰਦੇ ਹਨ, ਉਹੀ ਉਸ ਦੇ ਮਾਂ ਤੇ ਭਰਾ ਹਨ। ਮਰੀਅਮ ਨੇ ਯਿਸੂ ਦੀ ਇਸ ਗੱਲ ਦਾ ਬੁਰਾ ਨਹੀਂ ਮੰਨਿਆ। ਪਰ ਉਸ ਨੂੰ ਯਿਸੂ ਦੀ ਇਹ ਗੱਲ ਸਮਝ ਆਈ ਕਿ ਪਰਿਵਾਰ ਦੇ ਮੈਂਬਰਾਂ ਨਾਲੋਂ ਸੱਚਾਈ ਵਿਚ ਭੈਣਾਂ-ਭਰਾਵਾਂ ਨਾਲ ਰਿਸ਼ਤਾ ਜ਼ਿਆਦਾ ਮਾਅਨੇ ਰੱਖਦਾ ਹੈ।—ਮਰਕੁਸ 3:32-35.
ਜਦ ਮਰੀਅਮ ਨੇ ਆਪਣੇ ਬੇਟੇ ਨੂੰ ਤਸੀਹੇ ਦੀ ਸੂਲ਼ੀ ਉੱਤੇ ਤੜਫ਼-ਤੜਫ਼ ਕੇ ਦਮ ਤੋੜਦੇ ਦੇਖਿਆ, ਤਾਂ ਸੋਚੋ ਕਿ ਉਸ ਦੇ ਦਿਲ ’ਤੇ ਕੀ ਬੀਤੀ ਹੋਣੀ। ਜਦ ਯਿਸੂ ਨੂੰ ਤਸੀਹੇ ਦਿੱਤੇ ਜਾ ਰਹੇ ਸਨ, ਤਾਂ ਯੂਹੰਨਾ ਰਸੂਲ ਉੱਥੇ ਹਾਜ਼ਰ ਸੀ। ਬਾਅਦ ਵਿਚ ਉਸ ਨੇ ਆਪਣੀ ਕਿਤਾਬ ਵਿਚ ਇਕ ਖ਼ਾਸ ਗੱਲ ਲਿਖੀ: ਉਸ ਔਖੀ ਘੜੀ ਦੌਰਾਨ ਮਰੀਅਮ “ਤਸੀਹੇ ਦੀ ਸੂਲ਼ੀ ਦੇ ਲਾਗੇ” ਖੜ੍ਹੀ ਸੀ। ਕੋਈ ਵੀ ਗੱਲ ਇਸ ਵਫ਼ਾਦਾਰ ਤੇ ਪਿਆਰ ਕਰਨ ਵਾਲੀ ਮਾਂ ਨੂੰ ਆਪਣੇ ਬੇਟੇ ਦੇ ਆਖ਼ਰੀ ਪਲਾਂ ਤੋਂ ਜੁਦਾ ਨਹੀਂ ਕਰ ਸਕੀ। ਭਾਵੇਂ ਕਿ ਯਿਸੂ ਲਈ ਹਰ ਸਾਹ ਲੈਣਾ ਬਹੁਤ ਔਖਾ ਸੀ, ਫਿਰ ਵੀ ਉਹ ਆਪਣੀ ਮਾਂ ਵੱਲ ਦੇਖ ਕੇ ਬੋਲਿਆ। ਉਸ ਸਮੇਂ ਉਸ ਦੇ ਭਰਾ ਯਿਸੂ ’ਤੇ ਵਿਸ਼ਵਾਸ ਨਹੀਂ ਸੀ ਕਰ ਰਹੇ, ਇਸ ਲਈ ਉਸ ਨੇ ਆਪਣੀ ਮਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇਣ ਦੀ ਬਜਾਇ ਆਪਣੇ ਪਿਆਰੇ ਰਸੂਲ ਯੂਹੰਨਾ ਨੂੰ ਦੇ ਦਿੱਤੀ। ਇਸ ਤਰ੍ਹਾਂ ਯਿਸੂ ਨੇ ਦਿਖਾਇਆ ਕਿ ਜੋ ਇਨਸਾਨ ਪਰਮੇਸ਼ੁਰ ਨੂੰ ਮੰਨਦਾ ਹੈ, ਉਸ ਲਈ ਬਹੁਤ ਜ਼ਰੂਰੀ ਹੈ ਕਿ ਉਹ ਨਾ ਸਿਰਫ਼ ਆਪਣੇ ਘਰਦਿਆਂ ਦੀਆਂ ਲੋੜਾਂ ਪੂਰੀਆਂ ਕਰੇ, ਸਗੋਂ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਵੀ ਮਜ਼ਬੂਤ ਕਰੇ।—ਯੂਹੰਨਾ 19:25-27.
ਅਖ਼ੀਰ ਵਿਚ ਜਦ ਯਿਸੂ ਦੀ ਮੌਤ ਹੋ ਗਈ, ਤਾਂ ਭਵਿੱਖਬਾਣੀ ਮੁਤਾਬਕ ਮਰੀਅਮ ਦੇ ਕਲ਼ੇਜੇ ਨੂੰ ਉਸ ਲੰਬੀ ਤਲਵਾਰ ਨੇ ਵਿੰਨ੍ਹ ਦਿੱਤਾ ਯਾਨੀ ਉਸ ਨੂੰ ਬਹੁਤ ਜ਼ਿਆਦਾ ਦੁੱਖ ਸਹਿਣਾ ਪਿਆ। ਜੇ ਅਸੀਂ ਮਰੀਅਮ ਦੇ ਦੁੱਖ ਨੂੰ ਸਮਝ ਨਹੀਂ ਸਕਦੇ, ਤਾਂ ਅਸੀਂ ਉਸ ਦੀ ਖ਼ੁਸ਼ੀ ਦਾ ਵੀ ਅੰਦਾਜ਼ਾ ਨਹੀਂ ਲਾ ਸਕਦੇ ਜਦ ਯਿਸੂ ਨੂੰ ਤਿੰਨ ਦਿਨਾਂ ਬਾਅਦ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ! ਇਹ ਬਾਈਬਲ ਦਾ ਸਭ ਤੋਂ ਵੱਡਾ ਚਮਤਕਾਰ ਸੀ। ਮਰੀਅਮ ਦੀ ਉਦੋਂ ਖ਼ੁਸ਼ੀ ਦੁਗਣੀ ਹੋ ਗਈ ਜਦ ਉਸ ਨੂੰ ਪਤਾ ਲੱਗਾ ਕਿ ਯਿਸੂ ਨੇ ਆਪਣੇ ਭਰਾ ਯਾਕੂਬ ਨੂੰ ਇਕੱਲਿਆਂ ਵਿਚ ਦਰਸ਼ਣ ਦਿੱਤਾ। (1 ਕੁਰਿੰਥੀਆਂ 15:7) ਉਸ ਮੁਲਾਕਾਤ ਨੇ ਯਾਕੂਬ ਅਤੇ ਯਿਸੂ ਦੇ ਹੋਰ ਭਰਾਵਾਂ ਦੇ ਦਿਲਾਂ ਨੂੰ ਛੂਹ ਲਿਆ। ਬਾਅਦ ਵਿਚ ਅਸੀਂ ਪੜ੍ਹਦੇ ਹਾਂ ਕਿ ਉਨ੍ਹਾਂ ਨੇ ਮਸੀਹ ਵਜੋਂ ਯਿਸੂ ’ਤੇ ਵੀ ਨਿਹਚਾ ਕੀਤੀ। ਛੇਤੀ ਹੀ ਉਹ ਆਪਣੀ ਮਾਤਾ ਨਾਲ ਸਭਾਵਾਂ ਵਿਚ “ਮਿਲ ਕੇ ਪ੍ਰਾਰਥਨਾ ਕਰਨ ਲੱਗੇ।” (ਰਸੂਲਾਂ ਦੇ ਕੰਮ 1:14) ਬਾਅਦ ਵਿਚ ਯਾਕੂਬ ਅਤੇ ਯਹੂਦਾ ਦੋਹਾਂ ਨੇ ਬਾਈਬਲ ਦੀਆਂ ਕੁਝ ਕਿਤਾਬਾਂ ਵੀ ਲਿਖੀਆਂ।
ਕਿੰਨੀ ਚੰਗੀ ਗੱਲ ਹੈ ਕਿ ਜਦ ਬਾਈਬਲ ਵਿਚ ਮਰੀਅਮ ਦਾ ਆਖ਼ਰੀ ਵਾਰ ਜ਼ਿਕਰ ਆਉਂਦਾ ਹੈ ਤਦ ਉਹ ਆਪਣੇ ਬੇਟਿਆਂ ਨਾਲ ਸਭਾ ਵਿਚ ਪ੍ਰਾਰਥਨਾ ਕਰ ਰਹੀ ਸੀ। ਸਾਡੇ ਸਾਰਿਆਂ ਲਈ ਮਰੀਅਮ ਕਿੰਨੀ ਹੀ ਵਧੀਆ ਮਿਸਾਲ! ਉਹ ਆਪਣੀ ਨਿਹਚਾ ਕਾਰਨ ਗਮ ਸਹਿ ਸਕੀ ਅਤੇ ਅਖ਼ੀਰ ਵਿਚ ਸ਼ਾਨਦਾਰ ਇਨਾਮ ਪਾ ਸਕੀ। ਜੇ ਅਸੀਂ ਉਸ ਦੀ ਨਿਹਚਾ ਦੀ ਰੀਸ ਕਰਾਂਗੇ, ਤਾਂ ਅਸੀਂ ਵੀ ਇਸ ਬੁਰੀ ਦੁਨੀਆਂ ਵਿਚ ਕੋਈ ਵੀ ਦੁੱਖ ਸਹਿ ਸਕਾਂਗੇ ਅਤੇ ਸਾਨੂੰ ਉਹ ਇਨਾਮ ਮਿਲੇਗਾ ਜਿਸ ਬਾਰੇ ਅਸੀਂ ਕਦੀ ਸੋਚਿਆ ਵੀ ਨਹੀਂ। ▪ (w14-E 05/01)
^ ਪੈਰਾ 8 ਜਦ ਯਿਸੂ 12 ਸਾਲਾਂ ਦਾ ਸੀ, ਤਾਂ ਉਸ ਵੇਲੇ ਵਾਪਰੀ ਇਕ ਘਟਨਾ ਵਿਚ ਯੂਸੁਫ਼ ਦਾ ਜ਼ਿਕਰ ਆਉਂਦਾ ਹੈ। ਪਰ ਇਸ ਤੋਂ ਬਾਅਦ ਇੰਜੀਲ ਵਿਚ ਕਿਤੇ ਵੀ ਯੂਸੁਫ਼ ਦਾ ਜ਼ਿਕਰ ਨਹੀਂ ਆਉਂਦਾ। ਬਾਈਬਲ ਵਿਚ ਸਿਰਫ਼ ਯਿਸੂ ਦੀ ਮਾਂ ਅਤੇ ਉਸ ਦੇ ਹੋਰ ਬੱਚਿਆਂ ਦਾ ਜ਼ਿਕਰ ਆਉਂਦਾ ਹੈ। ਨਾਲੇ ਇਸ ਵਿਚ ਸਿਰਫ਼ ਇਕ ਵਾਰੀ ਯਿਸੂ ਨੂੰ ਮਰੀਅਮ ਦਾ ਪੁੱਤਰ ਕਿਹਾ ਗਿਆ ਹੈ ਨਾ ਕਿ ਯੂਸੁਫ਼ ਦਾ।—ਮਰਕੁਸ 6:3.