ਮੁੱਖ ਪੰਨੇ ਤੋਂ | ਰੱਬ ਨਾਲ ਰਿਸ਼ਤਾ ਜੋੜਨਾ ਮੁਮਕਿਨ
ਕੀ ਤੁਸੀਂ ਰੱਬ ਦੇ ਨੇੜੇ ਮਹਿਸੂਸ ਕਰਦੇ ਹੋ?
“ਰੱਬ ਨਾਲ ਨਜ਼ਦੀਕੀ ਰਿਸ਼ਤਾ ਹੋਣ ਕਰਕੇ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ, ਤੁਸੀਂ ਕਿਸੇ ਚੀਜ਼ ਦੀ ਕਮੀ ਅਤੇ ਡਾਵਾਂ-ਡੋਲ ਮਹਿਸੂਸ ਨਹੀਂ ਕਰਦੇ। ਇੱਦਾਂ ਲੱਗਦਾ ਹੈ ਕਿ ਰੱਬ ਹਮੇਸ਼ਾ ਤੁਹਾਡੇ ਭਲੇ ਬਾਰੇ ਸੋਚਦਾ ਰਹਿੰਦਾ ਹੈ।”
—ਘਾਨਾ ਤੋਂ ਇਕ ਨੌਜਵਾਨ ਕ੍ਰਿਸਟਫਰ।
“ਰੱਬ ਤੁਹਾਡੀ ਹਰ ਮੁਸੀਬਤ ਨੂੰ ਦੇਖਦਾ ਹੈ ਤੇ ਤੁਹਾਨੂੰ ਹੋਰ ਵੀ ਪਿਆਰ ਕਰਦਾ ਹੈ ਤੇ ਤੁਹਾਡੇ ਵੱਲ ਜ਼ਿਆਦਾ ਧਿਆਨ ਦਿੰਦਾ ਜਿੰਨੀ ਤੁਹਾਨੂੰ ਉਮੀਦ ਵੀ ਨਹੀਂ ਹੁੰਦੀ।”
—ਅਲਾਸਕਾ, ਅਮਰੀਕਾ ਤੋਂ 13 ਸਾਲਾਂ ਦੀ ਹਾਨਾ।
“ਤੁਹਾਨੂੰ ਇਹ ਜਾਣ ਕੇ ਕਿੰਨਾ ਸਕੂਨ ਮਿਲਦਾ ਹੈ ਕਿ ਰੱਬ ਨਾਲ ਤੁਹਾਡਾ ਕਰੀਬੀ ਰਿਸ਼ਤਾ ਹੈ!”
—ਜਮੈਕਾ ਤੋਂ 45 ਕੁ ਸਾਲ ਦੀ ਔਰਤ ਜੀਨਾ।
ਕ੍ਰਿਸਟਫਰ, ਹਾਨਾ ਅਤੇ ਜੀਨਾ ਹੀ ਇਸ ਤਰ੍ਹਾਂ ਮਹਿਸੂਸ ਨਹੀਂ ਕਰਦੇ। ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਰੱਬ ਉਨ੍ਹਾਂ ਨੂੰ ਆਪਣੇ ਦੋਸਤ ਸਮਝਦਾ ਹੈ। ਤੁਹਾਡੇ ਬਾਰੇ ਕੀ? ਕੀ ਤੁਸੀਂ ਰੱਬ ਦੇ ਨੇੜੇ ਮਹਿਸੂਸ ਕਰਦੇ ਹੋ? ਜਾਂ ਕੀ ਤੁਸੀਂ ਉਸ ਦੇ ਨੇੜੇ ਜਾਂ ਹੋਰ ਨੇੜੇ ਜਾਣਾ ਚਾਹੁੰਦੇ ਹੋ? ਸ਼ਾਇਦ ਤੁਸੀਂ ਸੋਚੋ: ‘ਕੀ ਮਾਮੂਲੀ ਜਿਹੇ ਇਨਸਾਨਾਂ ਲਈ ਸਰਬਸ਼ਕਤੀਮਾਨ ਰੱਬ ਨਾਲ ਰਿਸ਼ਤਾ ਜੋੜਨਾ ਮੁਮਕਿਨ ਹੈ? ਜੇ ਹਾਂ, ਤਾਂ ਕਿਵੇਂ?’
ਰੱਬ ਦੇ ਨੇੜੇ ਜਾਣਾ ਮੁਮਕਿਨ ਹੈ
ਬਾਈਬਲ ਮੁਤਾਬਕ ਰੱਬ ਨਾਲ ਕਰੀਬੀ ਰਿਸ਼ਤਾ ਜੋੜਨਾ ਮੁਮਕਿਨ ਹੈ। ਬਾਈਬਲ ਦੱਸਦੀ ਹੈ ਕਿ ਰੱਬ ਨੇ ਇਕ ਇਬਰਾਨੀ ਪੂਰਵਜ ਅਬਰਾਹਾਮ ਨੂੰ ‘ਮੇਰਾ ਦੋਸਤ’ ਕਿਹਾ ਸੀ। (ਯਸਾਯਾਹ 41:8) ਯਾਕੂਬ 4:8 ਵਿਚ ਦਿੱਤੇ ਨਿੱਘੇ ਸੱਦੇ ਵੱਲ ਵੀ ਧਿਆਨ ਦਿਓ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੱਬ ਨਾਲ ਕਰੀਬੀ ਰਿਸ਼ਤਾ ਜੋੜਨਾ ਜਾਂ ਦੋਸਤੀ ਕਰਨੀ ਮੁਮਕਿਨ ਹੈ। ਪਰ ਰੱਬ ਨੂੰ ਤਾਂ ਦੇਖਿਆ ਨਹੀਂ ਜਾ ਸਕਦਾ, ਫਿਰ ਅਸੀਂ ਕਿਵੇਂ ਉਸ ਦੇ “ਨੇੜੇ” ਜਾ ਸਕਦੇ ਹਾਂ ਤੇ ਉਸ ਨਾਲ ਚੰਗੇ ਰਿਸ਼ਤੇ ਦਾ ਆਨੰਦ ਮਾਣ ਸਕਦੇ ਹਾਂ?
ਇਸ ਸਵਾਲ ਦਾ ਜਵਾਬ ਜਾਣਨ ਲਈ ਧਿਆਨ ਦਿਓ ਕਿ ਇਨਸਾਨਾਂ ਵਿਚ ਦੋਸਤੀ ਕਿਵੇਂ ਹੁੰਦੀ ਹੈ। ਦੋ ਇਨਸਾਨਾਂ ਦੀ ਦੋਸਤੀ ਅਕਸਰ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਇਕ-ਦੂਜੇ ਦਾ ਨਾਂ ਪੁੱਛਦੇ ਹਨ। ਫਿਰ ਜਦੋਂ ਉਹ ਬਾਕਾਇਦਾ ਇਕ-ਦੂਜੇ ਨਾਲ ਗੱਲਾਂ ਕਰਦੇ ਹਨ ਅਤੇ ਆਪਣੇ ਵਿਚਾਰ ਤੇ ਭਾਵਨਾਵਾਂ ਇਕ-ਦੂਜੇ ਨਾਲ ਸਾਂਝੀਆਂ ਕਰਦੇ ਹਨ, ਤਾਂ ਉਨ੍ਹਾਂ ਦੀ ਦੋਸਤੀ ਵਧਦੀ ਹੈ। ਨਾਲੇ ਜਦੋਂ ਉਹ ਇਕ-ਦੂਜੇ ਲਈ ਕੋਈ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਦੀ ਦੋਸਤੀ ਪੱਕੀ ਹੁੰਦੀ ਹੈ। ਇਹੀ ਗੱਲ ਰੱਬ ਨਾਲ ਨਜ਼ਦੀਕੀ ਰਿਸ਼ਤਾ ਜੋੜਨ ਬਾਰੇ ਵੀ ਕਹੀ ਜਾ ਸਕਦੀ ਹੈ। ਆਓ ਆਪਾਂ ਦੇਖੀਏ ਕਿਵੇਂ। (w14-E 12/01)