Skip to content

Skip to table of contents

ਮੁੱਖ ਪੰਨੇ ਤੋਂ | ਕਿਵੇਂ ਛੁਡਾਈਏ ਚਿੰਤਾ ਤੋਂ ਖਹਿੜਾ?

ਪਰਿਵਾਰ ਬਾਰੇ ਚਿੰਤਾ

ਪਰਿਵਾਰ ਬਾਰੇ ਚਿੰਤਾ

ਜੈੱਨਟ ਕਹਿੰਦੀ ਹੈ, “ਮੇਰੇ ਪਿਤਾ ਜੀ ਦੇ ਗੁਜ਼ਰ ਜਾਣ ਤੋਂ ਛੇਤੀ ਬਾਅਦ ਮੇਰੇ ਪਤੀ ਨੇ ਦੱਸਿਆ ਕਿ ਉਸ ਦਾ ਚੱਕਰ ਕਿਸੇ ਹੋਰ ਔਰਤ ਨਾਲ ਚੱਲ ਰਿਹਾ ਸੀ। ਫਿਰ ਜਲਦੀ ਹੀ ਉਸ ਨੇ ਬਿਨਾਂ ਕੁਝ ਦੱਸੇ ਆਪਣੇ ਕੱਪੜੇ ਪੈਕ ਕੀਤੇ ਅਤੇ ਮੈਨੂੰ ਤੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ।” ਜੈੱਨਟ ਨੂੰ ਨੌਕਰੀ ਮਿਲ ਗਈ, ਪਰ ਉਸ ਦੀ ਤਨਖ਼ਾਹ ਇੰਨੀ ਘੱਟ ਸੀ ਕਿ ਉਸ ਨੂੰ ਆਪਣੇ ਘਰ ਦੀਆਂ ਕਿਸ਼ਤਾਂ ਦੇਣੀਆਂ ਔਖੀਆਂ ਲੱਗ ਰਹੀਆਂ ਸਨ। ਨਾਲੇ ਉਸ ਨੂੰ ਸਿਰਫ਼ ਆਰਥਿਕ ਤੰਗੀ ਦਾ ਹੀ ਸਾਮ੍ਹਣਾ ਨਹੀਂ ਕਰਨਾ ਪੈ ਰਿਹਾ ਸੀ, ਸਗੋਂ ਉਸ ਨੂੰ ਇਕ ਹੋਰ ਗੱਲ ਦੀ ਵੀ ਚਿੰਤਾ ਸੀ। ਉਹ ਕਹਿੰਦੀ ਹੈ: “ਸਾਰੀਆਂ ਜ਼ਿੰਮੇਵਾਰੀਆਂ ਦਾ ਬੋਝ ਮੇਰੇ ਸਿਰ ’ਤੇ ਆ ਗਿਆ ਸੀ ਜੋ ਮੇਰੇ ਲਈ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਸੀ। ਮੈਨੂੰ ਬਹੁਤ ਬੁਰਾ ਲੱਗਦਾ ਸੀ ਕਿ ਮੈਂ ਦੂਜੇ ਮਾਪਿਆਂ ਵਾਂਗ ਆਪਣੇ ਬੱਚਿਆ ਨੂੰ ਜ਼ਿਆਦਾ ਕੁਝ ਨਹੀਂ ਦੇ ਸਕਦੀ ਸੀ। ਨਾਲੇ ਮੈਨੂੰ ਇਹ ਵੀ ਚਿੰਤਾ ਰਹਿੰਦੀ ਸੀ ਕਿ ਦੂਸਰੇ ਮੇਰੇ ਤੇ ਮੇਰੇ ਬੱਚਿਆਂ ਬਾਰੇ ਕੀ ਸੋਚਦੇ ਹੋਣੇ। ਕੀ ਉਹ ਇਹ ਸੋਚਦੇ ਸੀ ਕਿ ਮੈਂ ਆਪਣੇ ਵਿਆਹੁਤਾ ਬੰਧਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਨਹੀਂ?”

ਜੈੱਨਟ

ਪ੍ਰਾਰਥਨਾ ਦੀ ਮਦਦ ਨਾਲ ਜੈੱਨਟ ਆਪਣੀਆਂ ਭਾਵਨਾਵਾਂ ’ਤੇ ਕਾਬੂ ਪਾ ਸਕੀ ਤੇ ਰੱਬ ਨਾਲ ਆਪਣਾ ਰਿਸ਼ਤਾ ਕਾਇਮ ਕਰ ਸਕੀ। ਉਹ ਕਹਿੰਦੀ ਹੈ: “ਰਾਤ ਨੂੰ ਬਹੁਤ ਔਖਾ ਲੱਗਦਾ ਹੈ ਜਦੋਂ ਹਰ ਪਾਸੇ ਸੰਨਾਟਾ ਛਾਇਆ ਹੁੰਦਾ ਹੈ ਤੇ ਮੇਰੇ ਦਿਮਾਗ਼ ਵਿਚ ਤਰ੍ਹਾਂ-ਤਰ੍ਹਾਂ ਦੇ ਖ਼ਿਆਲ ਆਉਣ ਲੱਗਦੇ ਹਨ। ਪ੍ਰਾਰਥਨਾ ਕਰਨ ਅਤੇ ਬਾਈਬਲ ਪੜ੍ਹਨ ਨਾਲ ਮੈਨੂੰ ਸੌਣ ਵਿਚ ਮਦਦ ਮਿਲਦੀ ਹੈ। ਮੇਰਾ ਸਭ ਤੋਂ ਮਨ-ਪਸੰਦ ਦਾ ਹਵਾਲਾ ਹੈ ਫ਼ਿਲਿੱਪੀਆਂ 4:6, 7: ‘ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।’ ਮੈਂ ਕਈ ਰਾਤਾਂ ਪ੍ਰਾਰਥਨਾ ਕਰਦੀ ਨੇ ਕੱਟੀਆਂ ਹਨ ਅਤੇ ਮੈਂ ਮਹਿਸੂਸ ਕੀਤਾ ਕਿ ਪਰਮੇਸ਼ੁਰ ਦੀ ਸ਼ਾਂਤੀ ਕਾਰਨ ਮੈਨੂੰ ਹੌਸਲਾ ਮਿਲਿਆ।”

ਪਹਾੜ ’ਤੇ ਦਿੱਤੇ ਉਪਦੇਸ਼ ਵਿਚ ਪ੍ਰਾਰਥਨਾ ਬਾਰੇ ਯਿਸੂ ਦੇ ਸ਼ਬਦ ਹਰ ਤਰ੍ਹਾਂ ਦੀ ਚਿੰਤਾ ’ਤੇ ਕਾਬੂ ਪਾਉਣ ਲਈ ਮਦਦਗਾਰ ਸਾਬਤ ਹੁੰਦੇ ਹਨ: “ਤੁਹਾਡਾ ਪਿਤਾ ਪਰਮੇਸ਼ੁਰ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।” (ਮੱਤੀ 6:8) ਫਿਰ ਵੀ ਸਾਨੂੰ ਉਸ ਤੋਂ ਮੰਗਣ ਦੀ ਲੋੜ ਹੈ। ‘ਪਰਮੇਸ਼ੁਰ ਦੇ ਨੇੜੇ ਜਾਣ’ ਦਾ ਮੁੱਖ ਤਰੀਕਾ ਹੈ ਪ੍ਰਾਰਥਨਾ ਕਰਨੀ। ਇਸ ਤਰ੍ਹਾਂ ਕਰਨ ਦਾ ਨਤੀਜਾ? “ਉਹ ਤੁਹਾਡੇ ਨੇੜੇ ਆਵੇਗਾ।”ਯਾਕੂਬ 4:8.

ਜੀ ਹਾਂ, ਪ੍ਰਾਰਥਨਾ ਵਿਚ ਆਪਣੀ ਚਿੰਤਾ ਦੱਸਣ ਨਾਲ ਨਾ ਸਿਰਫ਼ ਸਾਨੂੰ ਚੰਗਾ ਲੱਗਦਾ ਹੈ, ਸਗੋਂ ‘ਪ੍ਰਾਰਥਨਾ ਦਾ ਸੁਣਨ ਵਾਲਾ’ ਆਪਣੇ ਉੱਤੇ ਨਿਹਚਾ ਕਰਨ ਵਾਲਿਆਂ ਲਈ ਕੁਝ ਕਰਦਾ ਵੀ ਹੈ। (ਜ਼ਬੂਰਾਂ ਦੀ ਪੋਥੀ 65:2) ਇਸੇ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ ਕਿ ਉਹ “ਹਮੇਸ਼ਾ ਪ੍ਰਾਰਥਨਾ ਕਰਨ ਅਤੇ ਹੌਸਲਾ ਨਾ ਹਾਰਨ।” (ਲੂਕਾ 18:1) ਸਾਨੂੰ ਰੱਬ ਤੋਂ ਸੇਧ ਅਤੇ ਮਦਦ ਮੰਗਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਨੂੰ ਭਰੋਸਾ ਹੈ ਕਿ ਉਹ ਸਾਡੀ ਨਿਹਚਾ ਦਾ ਫਲ ਸਾਨੂੰ ਜ਼ਰੂਰ ਦੇਵੇਗਾ। ਸਾਨੂੰ ਕਦੇ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਉਹ ਸਾਡੀ ਮਦਦ ਕਰਨੀ ਚਾਹੁੰਦਾ ਹੈ ਕਿ ਨਹੀਂ ਜਾਂ ਉਸ ਵਿਚ ਇਸ ਤਰ੍ਹਾਂ ਕਰਨ ਦੀ ਤਾਕਤ ਹੈ ਜਾਂ ਨਹੀਂ। ਇਸ ਤਰ੍ਹਾਂ ‘ਲਗਾਤਾਰ ਪ੍ਰਾਰਥਨਾ ਕਰਦੇ ਰਹਿਣ ਨਾਲ’ ਅਸੀਂ ਦਿਖਾਉਂਦੇ ਹਾਂ ਕਿ ਸਾਡੀ ਨਿਹਚਾ ਪੱਕੀ ਹੈ।1 ਥੱਸਲੁਨੀਕੀਆਂ 5:17.

ਨਿਹਚਾ ਕਰਨ ਦਾ ਮਤਲਬ ਕੀ ਹੈ?

ਪਰ ਅਸਲ ਵਿਚ ਨਿਹਚਾ ਹੈ ਕੀ? ਨਿਹਚਾ ਕਰਨ ਵਿਚ ਸ਼ਾਮਲ ਹੈ, ਰੱਬ ਨੂੰ ਚੰਗੀ ਤਰ੍ਹਾਂ ਜਾਣਨ ਲਈ ਉਸ ਬਾਰੇ ‘ਸਿੱਖਦੇ ਰਹਿਣਾ।’ (ਯੂਹੰਨਾ 17:3) ਅਸੀਂ ਇਸ ਤਰ੍ਹਾਂ ਕਰਨਾ ਉਦੋਂ ਸ਼ੁਰੂ ਕਰਦੇ ਹਾਂ ਜਦੋਂ ਅਸੀਂ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਵਿਚਾਰਾਂ ਨੂੰ ਜਾਣਨ ਲੱਗਦੇ ਹਾਂ। ਅਸੀਂ ਸਿੱਖਦੇ ਹਾਂ ਕਿ ਉਹ ਸਾਨੂੰ ਸਾਰਿਆਂ ਨੂੰ ਦੇਖਦਾ ਹੈ ਤੇ ਸਾਡੀ ਮਦਦ ਕਰਨੀ ਚਾਹੁੰਦਾ ਹੈ। ਪਰ ਪੱਕੀ ਨਿਹਚਾ ਕਰਨ ਵਿਚ ਸਿਰਫ਼ ਇਹੀ ਸ਼ਾਮਲ ਨਹੀਂ ਕਿ ਅਸੀਂ ਪਰਮੇਸ਼ੁਰ ਬਾਰੇ ਕੁਝ ਜਾਣੀਏ। ਇਸ ਵਿਚ ਉਸ ਨਾਲ ਦੋਸਤੀ ਕਰਨੀ ਵੀ ਸ਼ਾਮਲ ਹੈ। ਜਦੋਂ ਅਸੀਂ ਕਿਸੇ ਇਨਸਾਨ ਨਾਲ ਦੋਸਤੀ ਕਰਦੇ ਹਾਂ, ਤਾਂ ਉਹ ਰਾਤੋ-ਰਾਤ ਨਹੀਂ ਹੋ ਜਾਂਦੀ। ਇਸੇ ਤਰ੍ਹਾਂ ਸਮਾਂ ਬੀਤਣ ਨਾਲ ਅਸੀਂ ਜਿੱਦਾਂ-ਜਿੱਦਾਂ ਪਰਮੇਸ਼ੁਰ ਬਾਰੇ ਸਿੱਖਦੇ ਜਾਂਦੇ ਹਾਂ ਅਤੇ ‘ਉਹੀ ਕੰਮ ਕਰਦੇ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ,’ ਤਾਂ ਸਾਡੀ ਨਿਹਚਾ ‘ਵਧਦੀ’ ਜਾਂਦੀ ਹੈ। (2 ਕੁਰਿੰਥੀਆਂ 10:15; ਯੂਹੰਨਾ 8:29) ਇਸੇ ਨਿਹਚਾ ਕਰਕੇ ਜੈੱਨਟ ਨੂੰ ਚਿੰਤਾਵਾਂ ’ਤੇ ਕਾਬੂ ਪਾਉਣ ਵਿਚ ਮਦਦ ਮਿਲੀ।

ਜੈੱਨਟ ਕਹਿੰਦੀ ਹੈ: “ਮੇਰੀ ਇਹ ਦੇਖ ਕੇ ਨਿਹਚਾ ਪੱਕੀ ਹੋਈ ਕਿ ਯਹੋਵਾਹ ਨੇ ਹਰ ਕਦਮ ’ਤੇ ਮੇਰਾ ਸਾਥ ਦਿੱਤਾ। ਕਈ ਵਾਰ ਸਾਡੇ ਨਾਲ ਅਜਿਹੀਆਂ ਬੇਇਨਸਾਫ਼ੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਝੱਲਣਾ ਨਾਮੁਮਕਿਨ ਲੱਗਦਾ ਹੈ। ਮੈਂ ਪ੍ਰਾਰਥਨਾ ਕਰਦੀ ਰਹਿੰਦੀ ਸੀ ਅਤੇ ਯਹੋਵਾਹ ਨੇ ਹਮੇਸ਼ਾ ਸਾਡੇ ਲਈ ਉਹ ਰਾਹ ਕੱਢਿਆ ਜਿਸ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ। ਜਦੋਂ ਮੈਂ ਉਸ ਦਾ ਧੰਨਵਾਦ ਕਰਦੀ ਹਾਂ, ਤਾਂ ਮੈਨੂੰ ਯਾਦ ਆਉਂਦਾ ਹੈ ਕਿ ਉਸ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਹੈ। ਉਸ ਨੇ ਹਮੇਸ਼ਾ ਐਨ ਸਹੀ ਮੌਕੇ ’ਤੇ ਸਾਡੀ ਮਦਦ ਕੀਤੀ ਜਦੋਂ ਵੀ ਸਾਨੂੰ ਇਸ ਦੀ ਲੋੜ ਹੁੰਦੀ ਸੀ। ਨਾਲੇ ਉਸ ਨੇ ਮੈਨੂੰ ਸੱਚੇ ਦੋਸਤ ਦਿੱਤੇ ਹਨ ਜੋ ਦਿਲੋਂ ਰੱਬ ਦੀ ਭਗਤੀ ਕਰਦੇ ਹਨ। ਉਹ ਹਮੇਸ਼ਾ ਮੇਰੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ ਤੇ ਮੇਰੇ ਬੱਚਿਆ ਲਈ ਚੰਗੀ ਮਿਸਾਲ ਹਨ।” *

“ਮੈਂ ਜਾਣਦੀ ਹਾਂ ਕਿ ਯਹੋਵਾਹ ਕਿਉਂ ਮਲਾਕੀ 2:16 (CL) ਵਿਚ ਕਹਿੰਦਾ ਹੈ: ‘ਮੈਂ ਤਲਾਕ ਤੋਂ ਘਿਰਣਾ ਕਰਦਾ ਹਾਂ।’ ਬੇਕਸੂਰ ਪਤੀ ਜਾਂ ਪਤਨੀ ਲਈ ਇਹ ਬਹੁਤ ਵੱਡੀ ਬੇਵਫ਼ਾਈ ਹੁੰਦੀ ਹੈ। ਕਈ ਸਾਲ ਬੀਤ ਗਏ ਹਨ ਜਦੋਂ ਦਾ ਮੇਰਾ ਪਤੀ ਮੈਨੂੰ ਛੱਡ ਕੇ ਗਿਆ ਹੈ, ਪਰ ਹਾਲੇ ਵੀ ਮੈਨੂੰ ਖਾਲੀਪਣ ਮਹਿਸੂਸ ਹੁੰਦਾ ਹੈ। ਜਦੋਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਤਾਂ ਮੈਂ ਕਿਸੇ ਦੀ ਮਦਦ ਕਰਨ ਲਈ ਕੁਝ ਕਰਦੀ ਹਾਂ ਤੇ ਇਸ ਨਾਲ ਮੇਰੀ ਖ਼ੁਦ ਦੀ ਵੀ ਮਦਦ ਹੁੰਦੀ ਹੈ।” ਇਸ ਤਰ੍ਹਾਂ ਜੈੱਨਟ ਬਾਈਬਲ ਦੇ ਇਸ ਅਸੂਲ ਕਿ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖ ਨਾ ਕਰੋ ਨੂੰ ਲਾਗੂ ਕਰ ਕੇ ਆਪਣੀ ਚਿੰਤਾ ਘਟਾ ਪਾਈ ਹੈ। *ਕਹਾਉਤਾਂ 18:1.

ਰੱਬ ‘ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ ਹੈ।’ਭਜਨ 68:5, CL

ਜੈੱਨਟ ਦੱਸਦੀ ਹੈ: “ਮੈਨੂੰ ਸਭ ਤੋਂ ਜ਼ਿਆਦਾ ਦਿਲਾਸਾ ਇਹ ਜਾਣ ਕੇ ਮਿਲਦਾ ਹੈ ਕਿ ਰੱਬ ‘ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ ਹੈ।’ ਉਹ ਮੇਰੇ ਪਤੀ ਵਾਂਗ ਸਾਨੂੰ ਕਦੇ ਨਹੀਂ ਛੱਡੇਗਾ।” (ਭਜਨ 68:5, CL) ਜੈੱਨਟ ਜਾਣਦੀ ਹੈ ਕਿ ਰੱਬ “ਬੁਰੇ ਇਰਾਦੇ ਨਾਲ” ਸਾਡੀ ਪਰੀਖਿਆ ਨਹੀਂ ਲੈਂਦਾ। ਇਸ ਦੇ ਉਲਟ ਉਹ “ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ” ਬੁੱਧ ਅਤੇ ਉਹ ਤਾਕਤ ਦਿੰਦਾ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ” ਤਾਂਕਿ ਅਸੀਂ ਆਪਣੀਆਂ ਚਿੰਤਾਵਾਂ ’ਤੇ ਕਾਬੂ ਪਾ ਸਕੀਏ।ਯਾਕੂਬ 1:5, 13; 2 ਕੁਰਿੰਥੀਆਂ 4:7.

ਪਰ ਉਦੋਂ ਕੀ ਜੇ ਅਸੀਂ ਆਪਣੀ ਜ਼ਿੰਦਗੀ ਖ਼ਤਰੇ ਵਿਚ ਹੋਣ ਕਰਕੇ ਚਿੰਤਿਤ ਹਾਂ?(w15-E 07/01)

^ ਪੈਰਾ 10 ਚਿੰਤਾ ਤੋਂ ਖਹਿੜਾ ਛੁਡਾਉਣ ਦੇ ਹੋਰ ਤਰੀਕਿਆਂ ਬਾਰੇ ਜਾਣਨ ਲਈ ਸਤੰਬਰ-ਅਕਤੂਬਰ 2014 ਦੇ ਜਾਗਰੂਕ ਬਣੋ! ਵਿਚ “ਦੁੱਖ ਦੀ ਘੜੀ ਕਿਵੇਂ ਸਹੀਏ” ਨਾਂ ਦੀ ਲੇਖ-ਲੜੀ ਦੇਖੋ ਜੋ www.dan124.com/pa ’ਤੇ ਆਨ-ਲਾਈਨ ਉਪਲਬਧ ਹੈ।