ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਆਫ਼ਤਾਂ ਦੀ ਮਾਰ ਝੱਲਣ ਵਾਲਿਆਂ ਲਈ ਰਾਹਤ
1 ਫਰਵਰੀ 2021
2020 ਵਿਚ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਆਈਆਂ ਅਤੇ ਕੋਵਿਡ-19 ਮਹਾਂਮਾਰੀ ਵੀ ਪੂਰੀ ਦੁਨੀਆਂ ਵਿਚ ਫੈਲ ਗਈ। ਇਨ੍ਹਾਂ ਆਫ਼ਤਾਂ ਦੀ ਮਾਰ ਝੱਲਣ ਵਾਲਿਆਂ ਦੀ ਯਹੋਵਾਹ ਦੇ ਗਵਾਹਾਂ ਨੇ ਕਿਵੇਂ ਮਦਦ ਕੀਤੀ?
2020 ਦੇ ਸੇਵਾ ਸਾਲ a ਦੌਰਾਨ ਪ੍ਰਬੰਧਕਾਂ ਦੀ ਕਮੇਟੀ ਨੇ ਕੁਦਰਤੀ ਆਫ਼ਤਾਂ ਦੀ ਮਾਰ ਝੱਲਣ ਵਾਲਿਆਂ ਨੂੰ ਰਾਹਤ ਪਹੁੰਚਾਉਣ ਲਈ 2 ਅਰਬ 10 ਕਰੋੜ ਰੁਪਏ (2 ਕਰੋੜ 80 ਲੱਖ ਅਮਰੀਕੀ ਡਾਲਰ) ਖ਼ਰਚਣ ਦੀ ਮਨਜ਼ੂਰੀ ਦਿੱਤੀ। 200 ਤੋਂ ਵੀ ਜ਼ਿਆਦਾ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਨੂੰ ਇਹ ਰਾਹਤ ਪਹੁੰਚਾਈ ਗਈ। ਇਨ੍ਹਾਂ ਆਫ਼ਤਾਂ ਵਿਚ ਕੋਵਿਡ-19 ਮਹਾਂਮਾਰੀ, ਬਹੁਤ ਸਾਰੇ ਵਾਵਰੋਲੇ, ਅਫ਼ਰੀਕਾ ਵਿਚ ਹੜ੍ਹ, ਵੈਨੇਜ਼ੁਏਲਾ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਅਤੇ ਜ਼ਿਮਬਾਬਵੇ ਵਿਚ ਪਿਆ ਸੋਕਾ ਵੀ ਸ਼ਾਮਲ ਹੈ। ਦਾਨ ਕੀਤੇ ਪੈਸਿਆਂ ਨਾਲ ਭੈਣਾਂ-ਭਰਾਵਾਂ ਲਈ ਖਾਣ-ਪੀਣ ਦੀਆਂ ਚੀਜ਼ਾਂ, ਕੱਪੜੇ, ਪਾਣੀ ਅਤੇ ਦਵਾਈਆਂ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਦੇ ਰਹਿਣ ਲਈ ਵੀ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ, ਸਾਫ਼-ਸਫ਼ਾਈ, ਮੁਰੰਮਤ ਅਤੇ ਦੁਬਾਰਾ ਉਸਾਰੀ ਦਾ ਕੰਮ ਕਰਨ ਲਈ ਵੀ ਚੀਜ਼ਾਂ ਭੇਜੀਆਂ ਗਈਆਂ। ਆਓ ਆਪਾਂ ਰਾਹਤ ਪਹੁੰਚਾਉਣ ਦੀਆਂ ਕੁਝ ਉਦਾਹਰਣਾਂ ʼਤੇ ਗੌਰ ਕਰੀਏ।
ਕੋਵਿਡ-19 ਮਹਾਂਮਾਰੀ। ਪੂਰੀ ਦੁਨੀਆਂ ਵਿਚ ਇਸ ਮਹਾਂਮਾਰੀ ਕਰਕੇ ਸਾਡੇ ਭੈਣਾਂ-ਭਰਾਵਾਂ ʼਤੇ ਸਰੀਰਕ, ਮਾਨਸਿਕ ਅਤੇ ਆਰਥਿਕ ਤੌਰ ਤੇ ਅਸਰ ਪਿਆ ਹੈ। ਇਸ ਲਈ ਪੂਰੀ ਦੁਨੀਆਂ ਵਿਚ ਉਨ੍ਹਾਂ ਦੀ ਮਦਦ ਵਾਸਤੇ 800 ਤੋਂ ਵੀ ਜ਼ਿਆਦਾ ਰਾਹਤ ਕਮੇਟੀਆਂ ਬਣਾਈਆਂ ਗਈਆਂ। ਇਹ ਕਮੇਟੀਆਂ ਦੇਖਦੀਆਂ ਸਨ ਕਿ ਭੈਣਾਂ-ਭਰਾਵਾਂ ਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ ਅਤੇ ਫਿਰ ਉਹ ਇਹ ਸਾਰੀ ਜਾਣਕਾਰੀ ਪ੍ਰਬੰਧਕਾਂ ਦੀ ਕਮੇਟੀ ਨੂੰ ਦਿੰਦੇ ਸਨ ਤਾਂਕਿ ਰਾਹਤ ਪਹੁੰਚਾਉਣ ਦੇ ਵਧੀਆ ਪ੍ਰਬੰਧ ਕੀਤੇ ਜਾ ਸਕਣ।
ਪੂਰੇ ਸਾਲ ਦੌਰਾਨ ਰਾਹਤ ਕਮੇਟੀਆਂ ਨੇ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ, ਪਾਣੀ, ਦਵਾਈਆਂ ਅਤੇ ਸਾਫ਼-ਸਫ਼ਾਈ ਦੀਆਂ ਚੀਜ਼ਾਂ ਪਹੁੰਚਾਈਆਂ। ਕੁਝ ਥਾਵਾਂ ʼਤੇ ਰਾਹਤ ਕਮੇਟੀਆਂ ਨੇ ਉੱਥੋਂ ਦੇ ਬਜ਼ੁਰਗਾਂ ਨਾਲ ਮਿਲ ਕੇ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਲੈਣ ਵਿਚ ਭੈਣਾਂ-ਭਰਾਵਾਂ ਦੀ ਮਦਦ ਵੀ ਕੀਤੀ।
ਲੋਕਾਂ ਨੇ ਵੀ ਸਾਡੇ ਰਾਹਤ ਦੇ ਕੰਮ ਵੱਲ ਧਿਆਨ ਦਿੱਤਾ। ਉਦਾਹਰਣ ਲਈ, ਜ਼ੈਂਬੀਆ ਦੇਸ਼ ਦੇ ਨਕੋਂਡੇ ਸ਼ਹਿਰ ਦੇ ਜ਼ਿਲ੍ਹਾ ਕਮਿਸ਼ਨਰ ਫੀਲਡ ਸਿਮਵਿੰਗਾ ਨੇ ਸਾਡੇ ਭਰਾਵਾਂ ਨੂੰ ਕਿਹਾ: “ਅਸੀਂ ਤੁਹਾਡੇ ਕਰਜ਼ਦਾਰ ਹਾਂ ਕਿ ਤੁਸੀਂ ਸਮੇਂ ਸਿਰ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਚੀਜ਼ਾਂ ਪਹੁੰਚਾਈਆਂ।”
ਅੰਗੋਲਾ ਵਿਚ ਭੋਜਨ ਦੀ ਕਮੀ। ਕੋਵਿਡ-19 ਮਹਾਂਮਾਰੀ ਕਰਕੇ ਅੰਗੋਲਾ ਵਿਚ ਭੋਜਨ ਦੀ ਕਮੀ ਹੋ ਗਈ ਜਿਸ ਕਰਕੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਬਹੁਤ ਵਧ ਗਈਆਂ। ਇਸ ਕਰਕੇ ਸਾਡੇ ਬਹੁਤ ਸਾਰੇ ਭੈਣਾਂ-ਭਰਾਵਾਂ ਲਈ ਖਾਣ-ਪੀਣ ਦੀਆਂ ਚੀਜ਼ਾਂ ਖ਼ਰੀਦਣੀਆਂ ਬਹੁਤ ਔਖੀਆਂ ਹੋ ਗਈਆਂ।
ਬ੍ਰਾਜ਼ੀਲ ਦੇ ਬ੍ਰਾਂਚ ਆਫ਼ਿਸ ਨੂੰ ਅੰਗੋਲਾ ਦੇ ਭੈਣਾਂ-ਭਰਾਵਾਂ ਲਈ ਖਾਣ-ਪੀਣ ਦਾ ਸਾਮਾਨ ਭੇਜਣ ਲਈ ਕਿਹਾ ਗਿਆ। ਰਾਹਤ ਦੇ ਪੈਸਿਆਂ ਨੂੰ ਵਧੀਆ ਢੰਗ ਨਾਲ ਵਰਤਣ ਲਈ ਭਰਾਵਾਂ ਨੇ ਸਾਮਾਨ ਖ਼ਰੀਦਣ ਅਤੇ ਭੇਜਣ ਬਾਰੇ ਕਾਫ਼ੀ ਖੋਜਬੀਨ ਕੀਤੀ। ਹਰੇਕ ਕਿੱਟ ਦੇ ਸਾਮਾਨ ਦੀ ਕੀਮਤ ਅਤੇ ਉਸ ਨੂੰ ਭੇਜਣ ਦਾ ਕੁੱਲ ਖ਼ਰਚਾ ਲਗਭਗ 1600 ਰੁਪਏ (ਲਗਭਗ 22 ਅਮਰੀਕੀ ਡਾਲਰ) ਸੀ। ਇਸ ਕਿੱਟ ਵਿਚ ਚੌਲ, ਦਾਲਾਂ, ਤੇਲ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦਾ ਭਾਰ ਲਗਭਗ 20 ਕਿਲੋਗ੍ਰਾਮ ਸੀ। ਹੁਣ ਤਕ 33,544 ਕਿੱਟਾਂ ਭੇਜੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਦਾ ਕੁੱਲ ਭਾਰ 654 ਟਨ (721 ਅਮਰੀਕੀ ਟਨ) ਸੀ। ਇਨ੍ਹਾਂ ਕਿੱਟਾਂ ਦੇ ਨਾਲ-ਨਾਲ ਸਥਾਨਕ ਖਾਣ-ਪੀਣ ਦੀਆਂ ਚੀਜ਼ਾਂ ਵੀ ਭੇਜੀਆਂ ਗਈਆਂ। ਸਾਡੇ ਸੰਗਠਨ ਦੇ ਇਨ੍ਹਾਂ ਪ੍ਰਬੰਧਾਂ ਰਾਹੀਂ 50,000 ਤੋਂ ਵੀ ਜ਼ਿਆਦਾ ਭੈਣਾਂ-ਭਰਾਵਾਂ ਦੀ ਮਦਦ ਹੋਈ!
ਭੈਣਾਂ-ਭਰਾਵਾਂ ਨੇ ਮਦਦ ਮਿਲਣ ʼਤੇ ਕਿਵੇਂ ਮਹਿਸੂਸ ਕੀਤਾ? ਦੂਰ-ਦੁਰਾਡੇ ਇਲਾਕੇ ਵਿਚ ਰਹਿਣ ਵਾਲਾ ਭਰਾ ਅਲੈਗਜ਼ੈਂਡਰੀ ਕਹਿੰਦਾ ਹੈ: “ਮੈਂ ਆਪਣੀ ਅੱਖੀਂ ਇਸ ਗੱਲ ਦਾ ਸਬੂਤ ਦੇਖਿਆ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ ਅਤੇ ਮੈਂ ਇਕੱਲਾ ਨਹੀਂ ਹਾਂ। ਨਾਲੇ ਯਹੋਵਾਹ ਦਾ ਸੰਗਠਨ ਵੀ ਮੇਰੀ ਬਹੁਤ ਕਦਰ ਕਰਦਾ ਹੈ।” ਆਪਣੇ ਬੱਚਿਆਂ ਦੀ ਇਕੱਲਿਆਂ ਪਰਵਰਿਸ਼ ਕਰਨ ਵਾਲੀ ਇਕ ਮਾਂ ਮਾਰਿਜ਼ਾ ਕਹਿੰਦੀ ਹੈ: “ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣ ਲਈ। ਮੈਂ ਯਹੋਵਾਹ ਅਤੇ ਉਸ ਦੇ ਸੰਗਠਨ ਦੀ ਬਹੁਤ ਸ਼ੁਕਰਗੁਜ਼ਾਰ ਹਾਂ!”
ਜ਼ਿਮਬਾਬਵੇ ਵਿਚ ਸੋਕੇ ਦੌਰਾਨ ਰਾਹਤ। 2020 ਦੇ ਸੇਵਾ ਸਾਲ ਦੌਰਾਨ ਜ਼ਿਮਬਾਬਵੇ ਵਿਚ ਭਿਆਨਕ ਸੋਕਾ ਪਿਆ ਜਿਸ ਕਰਕੇ ਲੱਖਾਂ ਹੀ ਲੋਕ ਭੁੱਖੇ ਮਰਨ ਲੱਗੇ। ਉੱਥੇ ਰਹਿੰਦੇ ਹਜ਼ਾਰਾਂ ਹੀ ਭੈਣਾਂ-ਭਰਾਵਾਂ ਕੋਲ ਪੇਟ-ਭਰ ਖਾਣ ਲਈ ਖਾਣਾ ਨਹੀਂ ਸੀ।
ਭੈਣਾਂ-ਭਰਾਵਾਂ ਤਕ ਖਾਣ-ਪੀਣ ਦਾ ਸਾਮਾਨ ਪਹੁੰਚਾਉਣ ਲਈ ਪੰਜ ਰਾਹਤ ਕਮੇਟੀਆਂ ਬਣਾਈਆਂ ਗਈਆਂ। ਸੈਂਕੜੇ ਭੈਣਾਂ-ਭਰਾਵਾਂ ਨੇ ਖਾਣ-ਪੀਣ ਦੀਆਂ ਚੀਜ਼ਾਂ ਪੈਕ ਕਰਨ ਅਤੇ ਗੱਡੀਆਂ ʼਤੇ ਲੱਦਣ ਵਿਚ ਮਦਦ ਕੀਤੀ। ਨਾਲੇ ਕਈਆਂ ਨੇ ਇਸ ਕੰਮ ਲਈ ਆਪਣੀਆਂ ਗੱਡੀਆਂ ਵੀ ਦਿੱਤੀਆਂ। b 2020 ਦੇ ਸੇਵਾ ਸਾਲ ਦੌਰਾਨ 22,700 ਤੋਂ ਜ਼ਿਆਦਾ ਭੈਣਾਂ-ਭਰਾਵਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਾਉਣ ਲਈ 5 ਕਰੋੜ 18 ਲੱਖ 67 ਹਜ਼ਾਰ ਰੁਪਏ (6,91,561 ਅਮਰੀਕੀ ਡਾਲਰ) ਖ਼ਰਚੇ ਗਏ!
ਕਈ ਵਾਰ ਭੈਣਾਂ-ਭਰਾਵਾਂ ਦਾ ਖਾਣ-ਪੀਣ ਦਾ ਸਾਮਾਨ ਖ਼ਤਮ ਹੋਇਆ ਹੀ ਸੀ ਕਿ ਉਨ੍ਹਾਂ ਕੋਲ ਰਾਹਤ ਪਹੁੰਚ ਗਈ। ਇਹ ਚੀਜ਼ਾਂ ਮਿਲਣ ਤੇ ਭੈਣਾਂ-ਭਰਾਵਾਂ ਨੇ ਯਹੋਵਾਹ ਦੀ ਮਹਿਮਾ ਕੀਤੀ। ਕਈ ਤਾਂ ਖ਼ੁਸ਼ੀ ਦੇ ਮਾਰੇ ਰਾਜ ਦੇ ਗੀਤ ਗਾਉਣ ਲੱਗ ਪਏ।
ਇਕ ਇਲਾਕੇ ਵਿਚ ਰਹਿਣ ਵਾਲੀਆਂ ਦੋ ਵਿਧਵਾ ਭੈਣਾਂ ਇਕ ਗ਼ੈਰ-ਸਰਕਾਰੀ ਸੰਸਥਾ (NGO) ਵੱਲੋਂ ਰੱਖੀ ਇਕ ਮੀਟਿੰਗ ਵਿਚ ਗਈਆਂ। ਇਸ ਮੀਟਿੰਗ ਵਿਚ ਕੁਦਰਤੀ ਆਫ਼ਤ ਦੇ ਸ਼ਿਕਾਰ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਾਉਣ ਬਾਰੇ ਚਰਚਾ ਕੀਤੀ ਜਾਣੀ ਸੀ। ਪਰ ਅਚਾਨਕ ਮੀਟਿੰਗ ਨੇ ਸਿਆਸਤ ਦਾ ਰੰਗ ਫੜ ਲਿਆ ਅਤੇ ਰਾਹਤ ਹਾਸਲ ਕਰਨ ਲਈ ਕੁਝ ਮੰਗਾਂ ਰੱਖੀਆਂ ਗਈਆਂ। ਭੈਣਾਂ ਉਨ੍ਹਾਂ ਦੀਆਂ ਮੰਗਾਂ ਨਾਲ ਸਹਿਮਤ ਨਹੀਂ ਸਨ ਜਿਸ ਕਰਕੇ ਉਨ੍ਹਾਂ ਨੇ ਰਾਹਤ ਦਾ ਸਾਮਾਨ ਲੈਣ ਤੋਂ ਮਨ੍ਹਾ ਕਰ ਦਿੱਤਾ। ਜਦੋਂ ਉਹ ਮੀਟਿੰਗ ਛੱਡ ਕੇ ਜਾਣ ਲੱਗੀਆਂ, ਤਾਂ ਕਈਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ, “ਫਿਰ ਸਾਡੇ ਸਾਮ੍ਹਣੇ ਨਾ ਹੱਥ ਅੱਡਿਓ!” ਪਰ ਸਿਰਫ਼ ਦੋ ਹਫ਼ਤਿਆਂ ਬਾਅਦ ਹੀ ਸਾਡੇ ਭਰਾ ਉੱਥੇ ਖਾਣ-ਪੀਣ ਦਾ ਸਾਮਾਨ ਲੈ ਕੇ ਪਹੁੰਚ ਗਏ ਅਤੇ ਉਨ੍ਹਾਂ ਭੈਣਾਂ ਨੂੰ ਸਾਮਾਨ ਦਿੱਤਾ ਜਦ ਕਿ ਉਸ ਗ਼ੈਰ-ਸਰਕਾਰੀ ਸੰਸਥਾ ਵੱਲੋਂ ਹਾਲੇ ਤਕ ਕੋਈ ਰਾਹਤ ਹੀ ਨਹੀਂ ਪਹੁੰਚੀ ਸੀ!
ਜ਼ਿਮਬਾਬਵੇ ਵਿਚ ਰਾਹਤ ਕੰਮ ਕਰਕੇ ਉੱਥੋਂ ਦੇ ਲੋਕਾਂ ਨੂੰ ਚੰਗੀ ਗਵਾਹੀ ਮਿਲੀ। ਜ਼ਰਾ ਇਕ ਛੋਟੇ ਪਿੰਡ ਵਿਚ ਰਹਿੰਦੀ ਪਰਿਸਕਾ ਦੇ ਤਜਰਬੇ ʼਤੇ ਗੌਰ ਕਰੋ। ਸੋਕੇ ਦੌਰਾਨ ਆਈਆਂ ਮੁਸ਼ਕਲਾਂ ਦੇ ਬਾਵਜੂਦ ਉਹ ਹਰ ਬੁੱਧਵਾਰ ਤੇ ਸ਼ੁੱਕਰਵਾਰ ਪ੍ਰਚਾਰ ਕਰਦੀ ਰਹਿੰਦੀ ਸੀ, ਇੱਥੋਂ ਤਕ ਕਿ ਫ਼ਸਲ ਬੀਜਣ ਦੇ ਮੌਸਮ ਦੌਰਾਨ ਵੀ। ਪਰਿਸਕਾ ਦੇ ਪਿੰਡ ਦੇ ਲੋਕ ਉਸ ਦਾ ਮਜ਼ਾਕ ਉਡਾਉਂਦਿਆਂ ਕਹਿੰਦੇ ਸਨ: “ਤੂੰ ਬਸ ਪ੍ਰਚਾਰ ਕਰਦੀ ਰਹਿੰਦੀ ਹੈਂ, ਤੂੰ ਤਾਂ ਆਪਣੇ ਘਰ ਦੇ ਭੁੱਖੇ ਮਾਰ ਦੇਣੇ।” ਪਰਿਸਕਾ ਉਨ੍ਹਾਂ ਨੂੰ ਜਵਾਬ ਵਿਚ ਕਹਿੰਦੀ ਸੀ: “ਯਹੋਵਾਹ ਕਦੇ ਵੀ ਆਪਣੇ ਸੇਵਕਾਂ ਨੂੰ ਭੁੱਖੇ ਨਹੀਂ ਮਰਨ ਦਿੰਦਾ।” ਥੋੜ੍ਹੇ ਹੀ ਸਮੇਂ ਬਾਅਦ ਸਾਡੇ ਸੰਗਠਨ ਵੱਲੋਂ ਉਸ ਨੂੰ ਖਾਣ-ਪੀਣ ਦਾ ਸਾਮਾਨ ਮਿਲ ਗਿਆ। ਇਸ ਦਾ ਉਸ ਦੇ ਕੁਝ ਗੁਆਂਢੀਆਂ ʼਤੇ ਚੰਗਾ ਅਸਰ ਪਿਆ ਅਤੇ ਉਨ੍ਹਾਂ ਨੇ ਪਰਿਸਕਾ ਨੂੰ ਕਿਹਾ: “ਤੇਰੇ ਪਰਮੇਸ਼ੁਰ ਨੇ ਤੈਨੂੰ ਕਦੇ ਨਹੀਂ ਛੱਡਿਆ। ਇਸ ਲਈ ਅਸੀਂ ਵੀ ਉਸ ਬਾਰੇ ਸਿੱਖਣਾ ਚਾਹੁੰਦੇ ਹਾਂ।” ਹੁਣ ਉਸ ਦੇ ਸੱਤ ਗੁਆਂਢੀ ਰੇਡੀਓ ʼਤੇ ਸਾਡੀਆਂ ਮੀਟਿੰਗਾਂ ਸੁਣਦੇ ਹਨ।
ਇਸ ਦੁਨੀਆਂ ਦਾ ਅੰਤ ਆਉਣ ਤੋਂ ਪਹਿਲਾਂ ਸਾਨੂੰ ਕਈ ਕੁਦਰਤੀ ਆਫ਼ਤਾਂ ਝੱਲਣੀਆਂ ਪੈਣਗੀਆਂ। (ਮੱਤੀ 24:3, 7) ਜ਼ਿਆਦਾਤਰ ਦਾਨ donate.dan124.com ਵਿਚ ਦੱਸੇ ਅਲੱਗ-ਅਲੱਗ ਤਰੀਕਿਆਂ ਨਾਲ ਦਿੱਤਾ ਜਾਂਦਾ ਹੈ। ਤੁਹਾਡੇ ਦਿਲੋਂ ਦਿੱਤੇ ਦਾਨ ਲਈ ਬਹੁਤ-ਬਹੁਤ ਸ਼ੁਕਰੀਆ! ਇਸ ਦਾਨ ਕਰਕੇ ਲੋੜਵੰਦਾਂ ਨੂੰ ਸਮੇਂ ਸਿਰ ਰਾਹਤ ਪਹੁੰਚਾਈ ਜਾਂਦੀ ਹੈ।