ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਮਹਾਂਮਾਰੀ ਤੋਂ ਪਹਿਲਾਂ ਸਫ਼ਲਤਾ ਨਾਲ ਉਸਾਰੀ ਦਾ ਕੰਮ
1 ਨਵੰਬਰ 2020
ਹਰ ਸਾਲ ਲੱਖਾਂ ਹੀ ਲੋਕ ਬਪਤਿਸਮਾ ਲੈਂਦੇ ਹਨ। ਇਸ ਲਈ ਯਹੋਵਾਹ ਦੀ ਭਗਤੀ ਕਰਨ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਇਮਾਰਤਾਂ ਦੀ ਲੋੜ ਹੈ। 2020 ਦੇ ਸੇਵਾ ਸਾਲ ਦੌਰਾਨ ਸਥਾਨਕ ਡੀਜ਼ਾਈਨ/ਉਸਾਰੀ ਵਿਭਾਗ ਨੇ ਪੂਰੀ ਦੁਨੀਆਂ ਵਿਚ 2,700 ਤੋਂ ਜ਼ਿਆਦਾ ਭਗਤੀ ਲਈ ਇਮਾਰਤਾਂ ਦੀ ਉਸਾਰੀ ਜਾਂ ਮੁਰੰਮਤ ਕਰਨ ਦੀ ਯੋਜਨਾ ਬਣਾਈ। a
ਪਰ ਕੋਵਿਡ-19 ਮਹਾਂਮਾਰੀ ਕਰਕੇ ਉਸਾਰੀ ਦਾ ਕੰਮ ਠੱਪ ਪੈ ਗਿਆ। ਭੈਣਾਂ-ਭਰਾਵਾਂ ਦੀ ਸੁਰੱਖਿਆ ਅਤੇ ਸਰਕਾਰੀ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਬੰਧਕ ਸਭਾ ਦੀ ਪ੍ਰਕਾਸ਼ਨ ਕਮੇਟੀ ਨੇ ਪੂਰੀ ਦੁਨੀਆਂ ਵਿਚ ਉਸਾਰੀ ਦੇ ਕੰਮ ਕੁਝ ਸਮੇਂ ਲਈ ਰੋਕ ਦਿੱਤੇ। ਪਰ ਮਹਾਂਮਾਰੀ ਫੈਲਣ ਤੋਂ ਪਹਿਲਾਂ 2020 ਦੇ ਸੇਵਾ ਸਾਲ ਦੌਰਾਨ 1,700 ਤੋਂ ਜ਼ਿਆਦਾ ਭਗਤੀ ਦੀਆਂ ਇਮਾਰਤਾਂ ਦੀ ਉਸਾਰੀ ਅਤੇ ਮੁਰੰਮਤ ਕੀਤੀ ਗਈ। ਇਸ ਤੋਂ ਇਲਾਵਾ, 100 ਤੋਂ ਜ਼ਿਆਦਾ ਬ੍ਰਾਂਚ ਆਫ਼ਿਸਾਂ ਦੀ ਉਸਾਰੀ ਵੀ ਕੀਤੀ ਗਈ। ਜ਼ਰਾ ਗੌਰ ਕਰੋ ਕਿ ਜਦੋਂ ਦੋ ਉਸਾਰੀ ਦੇ ਕੰਮ ਪੂਰੇ ਹੋਏ, ਤਾਂ ਉਸ ਨਾਲ ਭੈਣਾਂ-ਭਰਾਵਾਂ ਨੂੰ ਕਿਵੇਂ ਫ਼ਾਇਦਾ ਹੋਇਆ।
ਕੈਮਰੂਨ ਬ੍ਰਾਂਚ। ਪਹਿਲਾਂ ਇਹ ਬ੍ਰਾਂਚ ਡੂਆਲਾ ਵਿਚ ਸੀ, ਪਰ ਇਹ ਬ੍ਰਾਂਚ ਬਹੁਤ ਛੋਟੀ ਸੀ ਅਤੇ ਇਸ ਦੀ ਕਾਫ਼ੀ ਮੁਰੰਮਤ ਕਰਨ ਵਾਲੀ ਸੀ। ਇਸ ਲਈ ਪ੍ਰਕਾਸ਼ਨ ਕਮੇਟੀ ਨੇ ਇਸ ਦੀ ਮੁਰੰਮਤ ਕਰਨ ਬਾਰੇ ਸੋਚਿਆ। ਪਰ ਇਸ ਦੀ ਮੁਰੰਮਤ ਕਰਨ ਲਈ ਜਿੰਨੇ ਪੈਸੇ ਲੱਗਣੇ ਸਨ, ਉੱਨੀ ਤਾਂ ਇਸ ਇਮਾਰਤ ਦੀ ਕੀਮਤ ਵੀ ਨਹੀਂ ਸੀ। ਕਮੇਟੀ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਉਹ ਜ਼ਮੀਨ ਖ਼ਰੀਦ ਕੇ ਨਵੀਂ ਇਮਾਰਤ ਬਣਾ ਲਵੇ ਜਾਂ ਕੋਈ ਪੁਰਾਣੀ ਇਮਾਰਤ ਖ਼ਰੀਦ ਕੇ ਉਸ ਦੀ ਮੁਰੰਮਤ ਕਰ ਲਵੇ। ਪਰ ਕਿਸੇ ਵੀ ਤਰੀਕੇ ਨਾਲ ਕੋਈ ਗੱਲ ਨਹੀਂ ਬਣੀ।
ਇਸ ਦੌਰਾਨ ਭਰਾਵਾਂ ਨੂੰ ਪਤਾ ਲੱਗਾ ਕਿ ਉੱਤਰੀ ਡੂਆਲਾ ਵਿਚ ਸਰਕਾਰ ਸਾਡੇ ਇਕ ਸੰਮੇਲਨ ਹਾਲ ਦੇ ਨਾਲ ਹੀ ਸੜਕ ਬਣਾਉਣ ਵਾਲੀ ਸੀ। ਸੜਕ ਬਣਨ ਕਰਕੇ ਭੈਣਾਂ-ਭਰਾਵਾਂ ਲਈ ਆਉਣਾ-ਜਾਣਾ ਸੌਖਾ ਹੋ ਜਾਣਾ ਸੀ ਅਤੇ ਬਿਜਲੀ, ਪਾਣੀ ਅਤੇ ਹੋਰ ਸਹੂਲਤਾਂ ਸੌਖਿਆਂ ਮਿਲ ਜਾਣੀਆਂ ਸਨ। ਇਨ੍ਹਾਂ ਸਹੂਲਤਾਂ ਕਰਕੇ ਇਹ ਜਗ੍ਹਾ ਬ੍ਰਾਂਚ ਆਫ਼ਿਸ ਲਈ ਸਭ ਤੋਂ ਵਧੀਆ ਸੀ। ਇਸ ਲਈ ਪ੍ਰਬੰਧਕ ਸਭਾ ਨੇ ਇਸ ਜਗ੍ਹਾ ʼਤੇ ਬ੍ਰਾਂਚ ਦਫ਼ਤਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ।
ਸੰਗਠਨ ਨੇ ਉਸਾਰੀ ਦਾ ਕੰਮ ਠੇਕੇਦਾਰਾਂ ਤੋਂ ਵੀ ਕਰਵਾਇਆ ਅਤੇ ਗਵਾਹਾਂ ਨੇ ਵੀ ਇਸ ਵਿਚ ਹਿੱਸਾ ਪਾਇਆ। ਇਸ ਕਰਕੇ ਸੰਗਠਨ ਦਾ ਕਾਫ਼ੀ ਸਮਾਂ ਤੇ ਪੈਸਾ ਬਚਿਆ। ਅਸੀਂ ਇਹ ਕੰਮ ਜਿੰਨੇ ਪੈਸਿਆਂ ਵਿਚ ਪੂਰਾ ਹੋਣ ਬਾਰੇ ਸੋਚਿਆ ਸੀ, ਉਸ ਤੋਂ ਵੀ ਘੱਟ ਪੈਸਿਆਂ ਵਿਚ ਇਹ ਪੂਰਾ ਹੋਇਆ। ਦਰਅਸਲ, ਅਸੀਂ 20 ਲੱਖ ਤੋਂ ਜ਼ਿਆਦਾ ਅਮਰੀਕੀ ਡਾਲਰ (ਲਗਭਗ 15 ਕਰੋੜ ਰੁਪਏ) ਬਚਾਏ! ਬੈਥਲ ਦੇ ਭੈਣ-ਭਰਾ ਕੋਵਿਡ-19 ਮਹਾਂਮਾਰੀ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਇਸ ਨਵੀਂ ਇਮਾਰਤ ਵਿਚ ਚਲੇ ਗਏ।
ਯਹੋਵਾਹ ਦੀ ਬਰਕਤ ਸਦਕਾ ਕੈਮਰੂਨ ਦੇ ਬੈਥਲ ਪਰਿਵਾਰ ਦੇ ਮੈਂਬਰਾਂ ਨੂੰ ਰਹਿਣ ਅਤੇ ਕੰਮ ਕਰਨ ਲਈ ਵਧੀਆ ਜਗ੍ਹਾ ਮਿਲੀ। ਬੈਥਲ ਵਿਚ ਸੇਵਾ ਕਰਨ ਵਾਲੇ ਇਕ ਜੋੜੇ ਨੇ ਕਿਹਾ, “ਅਸੀਂ ਯਹੋਵਾਹ ਦੇ ਇਸ ਤੋਹਫ਼ੇ ਦੀ ਬਹੁਤ ਕਦਰ ਕਰਦੇ ਹਾਂ, ਇਸ ਕਰਕੇ ਅਸੀਂ ਹੋਰ ਵੀ ਜ਼ਿਆਦਾ ਮਿਹਨਤ ਨਾਲ ਕੰਮ ਕਰਨਾ ਚਾਹੁੰਦੇ ਹਾਂ।”
ਮੈਕਸੀਕੇ ਦੀ ਟੋਹੋਲਾਬਾਲ ਭਾਸ਼ਾ ਦਾ ਰੀਮੋਟ ਟ੍ਰਾਂਸਲੇਸ਼ਨ ਆਫ਼ਿਸ (RTO)। ਕਾਫ਼ੀ ਸਾਲਾਂ ਤੋਂ ਟੋਹੋਲਾਬਾਲ ਭਾਸ਼ਾ ਦੀ ਅਨੁਵਾਦ ਟੀਮ ਮੈਕਸੀਕੋ ਦੇ ਨੇੜੇ ਮੱਧ ਅਮਰੀਕਾ ਦੀ ਬ੍ਰਾਂਚ ਵਿਚ ਕੰਮ ਕਰਦੀ ਸੀ। ਪਰ ਟੋਹੋਲਾਬਾਲ ਭਾਸ਼ਾ ਜ਼ਿਆਦਾਤਰ ਅਲਟਾਮਰੀਨੋ ਅਤੇ ਲਾਸ ਮਾਰਗਰੀਟਾਸ ਵਿਚ ਬੋਲੀ ਜਾਂਦੀ ਹੈ ਜੋ ਬ੍ਰਾਂਚ ਤੋਂ ਲਗਭਗ 1,000 ਕਿਲੋਮੀਟਰ (620 ਮੀਲ) ਦੂਰ ਹੈ। ਇਸ ਕਰਕੇ ਅਨੁਵਾਦਕਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਟੋਹੋਲਾਬਾਲ ਭਾਸ਼ਾ ਵਿਚ ਕਿਹੜੇ ਬਦਲਾਅ ਆਏ ਸਨ। ਨਾਲੇ ਅਨੁਵਾਦ ਅਤੇ ਰਿਕਾਰਡਿੰਗ ਵਾਸਤੇ ਕਾਬਲ ਭੈਣਾਂ-ਭਰਾਵਾਂ ਨੂੰ ਲੱਭਣ ਵਿਚ ਬ੍ਰਾਂਚ ਨੂੰ ਮੁਸ਼ਕਲ ਆਉਂਦੀ ਸੀ।
ਇਨ੍ਹਾਂ ਕਾਰਨਾਂ ਕਰਕੇ ਪ੍ਰਬੰਧਕ ਸਭਾ ਦੀ ਲਿਖਾਈ ਕਮੇਟੀ ਟੋਹੋਲਾਬਾਲ ਭਾਸ਼ਾ ਦੇ ਅਨੁਵਾਦਕਾਂ ਨੂੰ ਉਸ ਜਗ੍ਹਾ ਭੇਜਣਾ ਚਾਹੁੰਦੀ ਸੀ ਜਿੱਥੇ ਇਹ ਭਾਸ਼ਾ ਬੋਲੀ ਜਾਂਦੀ ਸੀ। ਇਸ ਲਈ ਬ੍ਰਾਂਚ ਨੇ ਇਮਾਰਤ ਖ਼ਰੀਦ ਕੇ ਉਸ ਦੀ ਮੁਰੰਮਤ ਕਰਨ ਬਾਰੇ ਸੋਚਿਆ ਕਿਉਂਕਿ ਨਵੀਂ ਇਮਾਰਤ ਬਣਾਉਣੀ ਜਾਂ ਕਿਰਾਏ ʼਤੇ ਲੈਣੀ ਬਹੁਤ ਮਹਿੰਗੀ ਪੈ ਰਹੀ ਸੀ।
ਇਕ ਅਨੁਵਾਦਕ ਨੇ ਦੱਸਿਆ ਕਿ ਉਸ ਨੂੰ ਨਵੀਂ ਇਮਾਰਤ ਵਿਚ ਜਾਣ ਕਰਕੇ ਕਿਵੇਂ ਫ਼ਾਇਦਾ ਹੋਇਆ: “ਮੈਂ ਦਸ ਸਾਲਾਂ ਤੋਂ ਇਸ ਬ੍ਰਾਂਚ ਵਿਚ ਅਨੁਵਾਦ ਦਾ ਕੰਮ ਕੀਤਾ, ਪਰ ਮੈਂ ਇਕ ਵੀ ਅਜਿਹੇ ਪਰਿਵਾਰ ਨੂੰ ਨਹੀਂ ਮਿਲਿਆ ਜੋ ਇਹ ਭਾਸ਼ਾ ਬੋਲਦਾ ਹੋਵੇ। ਪਰ ਹੁਣ ਸਾਡਾ ਆਫ਼ਿਸ ਉਸ ਜਗ੍ਹਾ ʼਤੇ ਬਣਾਇਆ ਗਿਆ ਹੈ ਜਿੱਥੇ ਲੋਕ ਟੋਹੋਲਾਬਾਲ ਭਾਸ਼ਾ ਬੋਲਦੇ ਹਨ। ਹੁਣ ਮੈਂ ਹਰ ਰੋਜ਼ ਉਨ੍ਹਾਂ ਲੋਕਾਂ ਨੂੰ ਮਿਲਦਾ ਹਾਂ ਜੋ ਇਹ ਭਾਸ਼ਾ ਬੋਲਦੇ ਹਨ। ਇਸ ਕਰਕੇ ਮੈਂ ਇਸ ਭਾਸ਼ਾ ਦੇ ਬਹੁਤ ਸਾਰੇ ਨਵੇਂ ਸ਼ਬਦ ਸਿੱਖੇ ਅਤੇ ਮੇਰੇ ਅਨੁਵਾਦ ਦੇ ਕੰਮ ਵਿਚ ਸੁਧਾਰ ਹੋਇਆ ਹੈ।”
2021 ਦੇ ਸੇਵਾ ਸਾਲ ਦੌਰਾਨ ਉਸਾਰੀ ਦਾ ਕੰਮ
2021 ਦੇ ਸੇਵਾ ਸਾਲ ਦੌਰਾਨ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਅਸੀਂ 75 ਇਮਾਰਤਾਂ ਉਸਾਰਨ ਦੀ ਯੋਜਨਾ ਬਣਾਈ। ਇਨ੍ਹਾਂ ਇਮਾਰਤਾਂ ਵਿਚ ਅਨੁਵਾਦ ਦਾ ਕੰਮ ਕੀਤਾ ਜਾਣਾ ਸੀ ਅਤੇ ਬਾਈਬਲ ਸਕੂਲ ਚਲਾਏ ਜਾਣੇ ਸਨ। ਇਸ ਤੋਂ ਇਲਾਵਾ, ਅੱਠ ਵੱਡੇ ਉਸਾਰੀ ਦੇ ਕੰਮ ਜਾਰੀ ਰਹਿਣਗੇ ਜਿਨ੍ਹਾਂ ਵਿਚ ਨਿਊਯਾਰਕ ਦੇ ਰਾਮਾਪੋ ਵਿਚ ਹੈੱਡਕੁਆਰਟਰ ਅਤੇ ਅਰਜਨਟੀਨਾ ਤੇ ਇਟਲੀ ਦੇ ਬ੍ਰਾਂਚ ਆਫ਼ਿਸਾਂ ਦੀ ਉਸਾਰੀ ਦਾ ਕੰਮ ਸ਼ਾਮਲ ਹੈ। ਨਾਲੇ 1,000 ਤੋਂ ਜ਼ਿਆਦਾ ਨਵੇਂ ਕਿੰਗਡਮ ਹਾਲਾਂ ਦੀ ਲੋੜ ਹੈ, 6,000 ਤੋਂ ਜ਼ਿਆਦਾ ਇੱਦਾਂ ਦੀਆਂ ਥਾਵਾਂ ʼਤੇ ਸਭਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਹਾਲਤ ਖ਼ਰਾਬ ਹੈ ਜਿਸ ਕਰਕੇ ਉਨ੍ਹਾਂ ਨੂੰ ਬਦਲਣ ਦੀ ਲੋੜ ਹੈ ਅਤੇ 4,000 ਕਿੰਗਡਮ ਹਾਲਾਂ ਦੀ ਮੁਰੰਮਤ ਕਰਨ ਦੀ ਲੋੜ ਹੈ।
ਉਸਾਰੀ ਅਤੇ ਮੁਰੰਮਤ ਦੇ ਕੰਮ ਲਈ ਪੈਸੇ ਕਿੱਥੋਂ ਆਉਂਦੇ ਹਨ? ਟੋਹੋਲਾਬਾਲ ਰੀਮੋਟ ਟ੍ਰਾਂਸਲੇਸ਼ਨ ਆਫ਼ਿਸ ਬਾਰੇ ਗੱਲ ਕਰਦਿਆਂ ਮੱਧ ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਭਰਾ ਲਾਜ਼ਾਰੋ ਗੋਨਸਾਲੇਸ ਨੇ ਇਸ ਸਵਾਲ ਦਾ ਜਵਾਬ ਦਿੱਤਾ। “ਸਾਡੇ ਬ੍ਰਾਂਚ ਦੇ ਇਲਾਕੇ ਦੇ ਭੈਣਾਂ-ਭਰਾਵਾਂ ਕੋਲ ਜ਼ਿਆਦਾ ਪੈਸੇ ਨਹੀਂ ਹਨ। ਇਸ ਲਈ ਪੂਰੀ ਦੁਨੀਆਂ ਦੇ ਭੈਣਾਂ-ਭਰਾਵਾਂ ਦੀ ਮਦਦ ਤੋਂ ਬਿਨਾਂ ਇੱਥੇ ਦੀਆਂ ਭਾਸ਼ਾਵਾਂ ਲਈ ਰੀਮੋਟ ਟ੍ਰਾਂਸਲੇਸ਼ਨ ਆਫ਼ਿਸਾਂ ਦੀ ਉਸਾਰੀ ਕਰਨੀ ਮੁਮਕਿਨ ਨਹੀਂ ਸੀ। ਪੂਰੀ ਦੁਨੀਆਂ ਦੇ ਭੈਣਾਂ-ਭਰਾਵਾਂ ਵੱਲੋਂ ਦਿੱਤੇ ਜਾਂਦੇ ਦਾਨ ਕਰਕੇ ਹੀ ਸੰਭਵ ਹੋਇਆ ਹੈ ਕਿ ਅਨੁਵਾਦਕ ਉੱਥੇ ਰਹਿ ਕੇ ਅਨੁਵਾਦ ਦਾ ਕੰਮ ਕਰ ਸਕਦੇ ਹਨ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਅਸੀਂ ਪੂਰੀ ਦੁਨੀਆਂ ਵਿਚ ਰਹਿੰਦੇ ਆਪਣੇ ਭੈਣਾਂ-ਭਰਾਵਾਂ ਦੇ ਦਿਲੋਂ ਸ਼ੁਕਰਗੁਜ਼ਾਰ ਹਾਂ ਜੋ ਖੁੱਲ੍ਹੇ ਦਿਲ ਨਾਲ ਇਸ ਕੰਮ ਲਈ ਸਾਡਾ ਸਾਥ ਦੇ ਰਹੇ ਹਨ।“ ਜੀ ਹਾਂ, ਉਸਾਰੀ ਦੇ ਇਹ ਕੰਮ ਤਾਂ ਹੀ ਪੂਰੇ ਹੋ ਸਕੇ ਕਿਉਂਕਿ ਦੁਨੀਆਂ ਭਰ ਵਿਚ ਹੋ ਰਹੇ ਸਾਡੇ ਕੰਮਾਂ ਲਈ ਤੁਸੀਂ donate.dan124.com ਰਾਹੀਂ ਅਤੇ ਹੋਰ ਤਰੀਕਿਆਂ ਨਾਲ ਦਾਨ ਦਿੰਦੇ ਹੋ।
a ਸਥਾਨਕ ਡੀਜ਼ਾਈਨ/ਉਸਾਰੀ ਵਿਭਾਗ ਨੇ ਆਪਣੇ ਬ੍ਰਾਂਚ ਦੇ ਇਲਾਕਿਆਂ ਵਿਚ ਕਿੰਗਡਮ ਹਾਲ ਉਸਾਰਨ ਦੀ ਯੋਜਨਾ ਬਣਾਈ ਹੈ ਅਤੇ ਉਸਾਰ ਵੀ ਰਹੇ ਹਨ। ਹੈੱਡਕੁਆਰਟਰ ਵਿਚ ਦੁਨੀਆਂ ਭਰ ਦਾ ਡੀਜ਼ਾਈਨ/ਉਸਾਰੀ ਵਿਭਾਗ ਤੈਅ ਕਰਦਾ ਹੈ ਕਿ ਕਿਹੜੇ ਉਸਾਰੀ ਦੇ ਕੰਮ ਪਹਿਲਾਂ ਕੀਤੇ ਜਾਣਗੇ ਅਤੇ ਕਿੱਦਾਂ ਕੀਤੇ ਜਾਣਗੇ।