ਖ਼ਬਰਦਾਰ ਰਹੋ!
ਦੁਨੀਆਂ ਭਰ ਵਿਚ ਵਧਦੀ ਜਾ ਰਹੀ ਬੁਰਾਈ—ਬਾਈਬਲ ਕੀ ਕਹਿੰਦੀ ਹੈ?
ਹੈਤੀ ਵਿਚ ਗੁੰਡਾਗਰਦੀ ਵਧਦੀ ਜਾ ਰਹੀ ਹੈ। ਦੱਖਣੀ ਅਫ਼ਰੀਕਾ, ਮੈਕਸੀਕੋ ਅਤੇ ਹੋਰ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਹਿੰਸਾ ਤੇ ਜ਼ੁਲਮ ਵਧਦੇ ਜਾ ਰਹੇ ਹਨ। ਜਿਨ੍ਹਾਂ ਥਾਵਾਂ ʼਤੇ ਹਿੰਸਾ ਘੱਟ ਗਈ ਹੈ, ਉੱਥੇ ਵੀ ਚੋਰੀ-ਚਕਾਰੀ, ਭੰਨ-ਤੋੜ ਤੇ ਸਾੜ-ਫੂਕ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਇਸ ਕਰਕੇ ਲੋਕ ਟੈਨਸ਼ਨ ਵਿਚ ਰਹਿੰਦੇ ਹਨ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਦੁਨੀਆਂ ਭਰ ਵਿਚ ਹੋ ਰਹੀ ਬੁਰਾਈ ਬਾਰੇ ਬਾਈਬਲ ਕੀ ਕਹਿੰਦੀ ਹੈ?
ਬਾਈਬਲ ਵਿਚ ਬੁਰਾਈ ਬਾਰੇ ਪਹਿਲਾਂ ਹੀ ਕੀ ਦੱਸਿਆ ਗਿਆ ਸੀ?
ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਬੁਰਾਈ “ਇਸ ਯੁਗ ਦੇ ਆਖ਼ਰੀ ਸਮੇਂ” ਦੀ ਨਿਸ਼ਾਨੀ ਦਾ ਇਕ ਹਿੱਸਾ ਹੋਵੇਗੀ। (ਮੱਤੀ 24:3) ਉਨ੍ਹਾਂ ਘਟਨਾਵਾਂ ਬਾਰੇ ਗੱਲ ਕਰਦਿਆਂ ਜੋ ਇਸ ਨਿਸ਼ਾਨੀ ਦਾ ਹਿੱਸਾ ਹੋਣਗੀਆਂ, ਯਿਸੂ ਮਸੀਹ ਨੇ ਕਿਹਾ:
“ਬੁਰਾਈ ਦੇ ਵਧਣ ਕਰਕੇ ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ।”—ਮੱਤੀ 24:12.
ਬਾਈਬਲ ਵਿਚ ਇਹ ਵੀ ਦੱਸਿਆ ਗਿਆ ਸੀ ਕਿ ‘ਆਖ਼ਰੀ ਦਿਨਾਂ ਵਿਚ’ ਲੋਕ ‘ਅਸੰਜਮੀ, ਵਹਿਸ਼ੀ ਅਤੇ ਭਲਾਈ ਨਾਲ ਨਫ਼ਰਤ ਕਰਨ ਵਾਲੇ’ ਹੋਣਗੇ। (2 ਤਿਮੋਥਿਉਸ 3:1-5) ਇਨ੍ਹਾਂ ਔਗੁਣਾਂ ਕਰਕੇ ਅੱਜ ਲੋਕ ਜ਼ਿਆਦਾ ਤੋਂ ਜ਼ਿਆਦਾ ਬੁਰਾਈ ਕਰ ਰਹੇ ਹਨ।
ਪਰ ਸਾਡੇ ਕੋਲ ਇਕ ਉਮੀਦ ਹੈ। ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ ਜਲਦੀ ਹੀ ਬੁਰਾਈ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।
“ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ; ਤੂੰ ਉਨ੍ਹਾਂ ਦੇ ਟਿਕਾਣੇ ʼਤੇ ਉਨ੍ਹਾਂ ਦੀ ਭਾਲ ਕਰੇਂਗਾ, ਪਰ ਉਹ ਉੱਥੇ ਨਹੀਂ ਹੋਣਗੇ। ਪਰ ਹਲੀਮ ਲੋਕ ਧਰਤੀ ਦੇ ਵਾਰਸ ਬਣਨਗੇ ਅਤੇ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।”—ਜ਼ਬੂਰ 37:10, 11.
ਬਾਈਬਲ ਵਿਚ ਇਸ ਉਮੀਦ ਬਾਰੇ ਹੋਰ ਕੀ ਦੱਸਿਆ ਗਿਆ ਹੈ ਅਤੇ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਅੱਜ ਹੋ ਰਹੀਆਂ ਘਟਨਾਵਾਂ ਬਾਈਬਲ ਦੀ ਭਵਿੱਖਬਾਣੀ ਨੂੰ ਪੂਰਾ ਕਰ ਰਹੀਆਂ ਹਨ? ਇਨ੍ਹਾਂ ਗੱਲਾਂ ਬਾਰੇ ਹੋਰ ਜਾਣਨ ਲਈ ਹੇਠਾਂ ਦਿੱਤੇ ਲੇਖ ਪੜ੍ਹੋ:
“ਆਉਣ ਵਾਲਾ ਕੱਲ੍ਹ ਸੁਨਹਿਰਾ ਹੋਵੇਗਾ!” (ਹਿੰਦੀ)
“‘ਆਖ਼ਰੀ ਦਿਨਾਂ’ ਜਾਂ ‘ਅੰਤ ਦੇ ਸਮੇਂ’ ਦੀ ਕੀ ਨਿਸ਼ਾਨੀ ਹੈ?”
“ਕੀ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਅੱਜ ਲੋਕਾਂ ਦੀ ਸੋਚ ਤੇ ਕੰਮ ਕਿਹੋ ਜਿਹੇ ਹੋਣਗੇ?” (ਅੰਗ੍ਰੇਜ਼ੀ)