ਖ਼ਬਰਦਾਰ ਰਹੋ!
ਯੁੱਧ ਅਤੇ ਮੌਸਮ ਵਿਚ ਤਬਦੀਲੀ ਕਰਕੇ ਦੁਨੀਆਂ ਭਰ ਵਿਚ ਖਾਣੇ ਦੀ ਕਮੀ—ਬਾਈਬਲ ਕੀ ਕਹਿੰਦੀ ਹੈ?
ਯੂਕਰੇਨ ਵਿਚ ਯੁੱਧ ਅਤੇ ਮੌਸਮ ਵਿਚ ਤਬਦੀਲੀ ਹੋਣ ਕਰਕੇ ਦੁਨੀਆਂ ਭਰ ਵਿਚ ਭੋਜਨ ਦੀ ਸਪਲਾਈ ʼਤੇ ਬੁਰਾ ਅਸਰ ਪੈ ਰਿਹਾ ਹੈ। ਇਸ ਦਾ ਖ਼ਾਸ ਕਰਕੇ ਗ਼ਰੀਬ ਦੇਸ਼ਾਂ ʼਤੇ ਅਸਰ ਪੈ ਰਿਹਾ ਹੈ ਜਿੱਥੇ ਬਹੁਤ ਸਾਰੇ ਲੋਕ ਇਕ ਡੰਗ ਦੀ ਰੋਟੀ ਖ਼ਰੀਦਣ ਲਈ ਵੀ ਜੱਦੋ-ਜਹਿਦ ਕਰ ਰਹੇ ਹਨ।
“ਯੁੱਧ, ਮੌਸਮ ਵਿਚ ਤਬਦੀਲੀ, ਬਿਜਲੀ ਦੀਆਂ ਕੀਮਤਾਂ ਵਿਚ ਵਾਧੇ ਅਤੇ ਹੋਰ ਕਾਰਨਾਂ ਕਰਕੇ ਖਾਣੇ ਦੀ ਪੈਦਾਵਾਰ ਅਤੇ ਇਸ ਦੀ ਸਪਲਾਈ ʼਤੇ ਬੁਰਾ ਅਸਰ ਪੈ ਰਿਹਾ ਹੈ।”—ਅਨਟੋਨੀਓ ਗੁਟੇਰੇਸ, ਸੰਯੁਕਤ ਰਾਸ਼ਟਰ-ਸੰਘ ਦਾ ਸੈਕਟਰੀ-ਜਨਰਲ, 17 ਜੁਲਾਈ 2023.
“ਰੂਸ ਨੇ ਯੂਕਰੇਨ ਨਾਲ ਅਨਾਜ ਸਮਝੌਤਾ ਖ਼ਤਮ ਕਰ ਦਿੱਤਾ ਹੈ। ਇਸ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਵਿਸ਼ਵ-ਵਿਆਪੀ ਭੋਜਨ ਸੰਕਟ ਦੀ ਸ਼ੁਰੂਆਤ ਹੈ। ਇਸ ਕਰਕੇ ਉੱਤਰੀ ਅਫ਼ਰੀਕਾ ਅਤੇ ਮੱਧ ਪੂਰਬ ਵਰਗੇ ਗ਼ਰੀਬ ਦੇਸ਼ਾਂ ਵਿਚ ਖਾਣੇ ਦੀਆਂ ਕੀਮਤਾਂ ਵਧਣ ਦਾ ਖ਼ਤਰਾ ਹੈ।”—Atalayar.com, 23 ਜੁਲਾਈ 2023.
ਗੌਰ ਕਰੋ ਕਿ ਬਾਈਬਲ ਖਾਣੇ ਦੀ ਕਮੀ ਅਤੇ ਭਵਿੱਖ ਬਾਰੇ ਕੀ ਕਹਿੰਦੀ ਹੈ।
ਖਾਣੇ ਦੀ ਕਮੀ ਬਾਰੇ ਬਾਈਬਲ ਦੀ ਭਵਿੱਖਬਾਣੀ
ਯਿਸੂ ਨੇ ਭਵਿੱਖਬਾਣੀ ਕੀਤੀ ਸੀ: “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ।”—ਮੱਤੀ 24:7.
ਬਾਈਬਲ ਦੀ ਪ੍ਰਕਾਸ਼ ਦੀ ਕਿਤਾਬ ਵਿਚ ਚਾਰ ਘੋੜਸਵਾਰਾਂ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਵਿੱਚੋਂ ਇਕ ਘੋੜਸਵਾਰ ਯੁੱਧ ਨੂੰ ਦਰਸਾਉਂਦਾ ਹੈ। ਇਸ ਘੋੜਸਵਾਰ ਪਿੱਛੇ ਇਕ ਹੋਰ ਘੋੜਸਵਾਰ ਆਉਂਦਾ ਹੈ ਜੋ ਕਾਲ਼ ਨੂੰ ਦਰਸਾਉਂਦਾ ਹੈ। ਇਹ ਉਹ ਸਮਾਂ ਹੋਣਾ ਸੀ ਜਦੋਂ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਹੋਣੀ ਸੀ ਅਤੇ ਇਹ ਅੱਗ ਦੇ ਭਾਅ ਵਿਕਣੀਆਂ ਸਨ। “ਮੈਂ ਇਕ ਕਾਲਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਦੇ ਹੱਥ ਵਿਚ ਇਕ ਤੱਕੜੀ ਸੀ। ਮੈਂ . . . ਇਕ ਆਵਾਜ਼ ਜਿਹੀ ਇਹ ਕਹਿੰਦਿਆਂ ਸੁਣੀ: ‘ਇਕ ਕਿਲੋ ਕਣਕ ਇਕ ਦੀਨਾਰ ਦੀ ਅਤੇ ਤਿੰਨ ਕਿਲੋ ਜੌਂ ਇਕ ਦੀਨਾਰ ਦੇ।’”—ਪ੍ਰਕਾਸ਼ ਦੀ ਕਿਤਾਬ 6:5, 6.
ਭੁੱਖਮਰੀ ਬਾਰੇ ਬਾਈਬਲ ਦੀਆਂ ਇਹ ਭਵਿੱਖਬਾਣੀਆਂ ਅੱਜ ਪੂਰੀਆਂ ਹੋ ਰਹੀਆਂ ਹਨ। ਬਾਈਬਲ ਵਿਚ ਇਸ ਸਮੇਂ ਨੂੰ “ਆਖ਼ਰੀ ਦਿਨ” ਕਿਹਾ ਗਿਆ ਹੈ। (2 ਤਿਮੋਥਿਉਸ 3:1) ‘ਆਖ਼ਰੀ ਦਿਨਾਂ’ ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਚਾਰ ਘੋੜਸਵਾਰਾਂ ਬਾਰੇ ਹੋਰ ਜਾਣਨ ਲਈ 1914 ਤੋਂ ਦੁਨੀਆਂ ਬਦਲ ਗਈ ਨਾਂ ਦੀ ਵੀਡੀਓ ਦੇਖੋ ਅਤੇ “ਚਾਰ ਘੋੜਸਵਾਰ—ਇਹ ਕੌਣ ਹਨ?” (ਹਿੰਦੀ) ਨਾਂ ਦਾ ਲੇਖ ਪੜ੍ਹੋ।
ਬਾਈਬਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
ਬਾਈਬਲ ਵਿਚ ਵਧੀਆ ਸਲਾਹ ਦਿੱਤੀ ਗਈ ਹੈ ਜੋ ਮਹਿੰਗਾਈ, ਭੁੱਖਮਰੀ ਤੇ ਹੋਰ ਮੁਸ਼ਕਲ ਹਾਲਾਤਾਂ ਨਾਲ ਨਜਿੱਠਣ ਵਿਚ ਸਾਡੀ ਮਦਦ ਕਰ ਸਕਦੀ ਹੈ। ਇਸ ਬਾਰੇ ਜਾਣਨ ਲਈ “ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰੀਏ?” ਨਾਂ ਦਾ ਲੇਖ ਦੇਖੋ।
ਬਾਈਬਲ ਸਾਨੂੰ ਇਹ ਵੀ ਉਮੀਦ ਦਿੰਦੀ ਹੈ ਕਿ ਭਵਿੱਖ ਵਿਚ ਹਾਲਾਤ ਵਧੀਆ ਹੋ ਜਾਣਗੇ। ਇਹ ਵਾਅਦਾ ਕਰਦੀ ਹੈ ਕਿ ਅਜਿਹਾ ਸਮਾਂ ਆਵੇਗਾ ਜਦੋਂ “ਧਰਤੀ ਉੱਤੇ ਬਹੁਤ ਅੰਨ ਹੋਵੇਗਾ” ਅਤੇ ਹਰ ਕਿਸੇ ਕੋਲ ਖਾਣ ਨੂੰ ਬਹੁਤ ਕੁਝ ਹੋਵੇਗਾ। (ਜ਼ਬੂਰ 72:16) ਇਸ ਉਮੀਦ ਬਾਰੇ ਹੋਰ ਜਾਣਨ ਲਈ “ਆਉਣ ਵਾਲਾ ਕੱਲ੍ਹ ਸੁਨਹਿਰਾ ਹੋਵੇਗਾ!” (ਹਿੰਦੀ) ਨਾਂ ਦਾ ਲੇਖ ਪੜ੍ਹੋ ਅਤੇ ਇਹ ਵੀ ਜਾਣੋ ਕਿ ਤੁਸੀਂ ਇਸ ਵਾਅਦੇ ʼਤੇ ਕਿਉਂ ਭਰੋਸਾ ਰੱਖ ਸਕਦੇ ਹੋ।