ਸਾਡੀ ਮਸੀਹੀ ਜ਼ਿੰਦਗੀ
ਆਏ ਮਹਿਮਾਨਾਂ ਦਾ ਸੁਆਗਤ ਕਰੋ
23 ਮਾਰਚ ਨੂੰ ਮੈਮੋਰੀਅਲ ’ਤੇ ਤਕਰੀਬਨ 1 ਕਰੋੜ 20 ਲੱਖ ਜਾਂ ਜ਼ਿਆਦਾ ਲੋਕਾਂ ਦੇ ਆਉਣ ਦੀ ਉਮੀਦ ਹੈ। ਜਦੋਂ ਭਾਸ਼ਣਕਾਰ ਯਹੋਵਾਹ ਦੇ ਰਿਹਾਈ ਦੀ ਕੀਮਤ ਦੇ ਤੋਹਫ਼ੇ ਬਾਰੇ ਅਤੇ ਇਨਸਾਨਾਂ ਨੂੰ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਦੱਸੇਗਾ, ਤਾਂ ਉਨ੍ਹਾਂ ਨੂੰ ਕਿੰਨੀ ਹੀ ਵਧੀਆ ਗਵਾਹੀ ਮਿਲੇਗੀ! (ਯਸਾ 11:6-9; 35:5, 6; 65:21-23; ਯੂਹੰ 3:16) ਇਸ ਖ਼ਾਸ ਮੌਕੇ ਤੇ ਸਿਰਫ਼ ਭਾਸ਼ਣ ਦੇਣ ਵਾਲੇ ਭਰਾ ਦਾ ਹੀ ਫ਼ਰਜ਼ ਨਹੀਂ ਬਣਦਾ ਕਿ ਉਹ ਵਧੀਆ ਗਵਾਹੀ ਦੇਵੇ, ਸਗੋਂ ਸਾਰੇ ਭੈਣ-ਭਰਾ ਮੈਮੋਰੀਅਲ ਵਿਚ ਆਏ ਲੋਕਾਂ ਦਾ ਸੁਆਗਤ ਕਰ ਕੇ ਵਧੀਆ ਗਵਾਹੀ ਦੇ ਸਕਦੇ ਹਨ। (ਰੋਮੀ 15:7) ਇਨ੍ਹਾਂ ਕੁਝ ਸੁਝਾਵਾਂ ’ਤੇ ਗੌਰ ਕਰੋ।
-
ਆਪਣੀ ਸੀਟ ’ਤੇ ਬੈਠ ਕੇ ਪ੍ਰੋਗ੍ਰਾਮ ਸ਼ੁਰੂ ਹੋਣ ਦੀ ਉਡੀਕ ਕਰਨ ਦੀ ਬਜਾਇ ਆ ਰਹੇ ਨਵੇਂ ਲੋਕਾਂ ਅਤੇ ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਮੁਸਕਰਾ ਕੇ ਮਿਲੋ ਤੇ ਉਨ੍ਹਾਂ ਦਾ ਨਿੱਘਾ ਸੁਆਗਤ ਕਰੋ
-
ਜਿਨ੍ਹਾਂ ਲੋਕਾਂ ਨੂੰ ਤੁਸੀਂ ਆਪ ਬੁਲਾਇਆ ਹੈ, ਉਨ੍ਹਾਂ ਵੱਲ ਧਿਆਨ ਦੇਣ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦਾ ਵੀ ਖ਼ਿਆਲ ਰੱਖੋ ਜੋ ਮੈਮੋਰੀਅਲ ਵਿਚ ਸ਼ਾਇਦ ਸੱਦਾ-ਪੱਤਰ ਮਿਲਣ ਤੇ ਆਏ ਹੋਣ। ਉਨ੍ਹਾਂ ਨੂੰ ਆਪਣੇ ਨਾਲ ਬੈਠਣ ਲਈ ਕਹੋ। ਉਨ੍ਹਾਂ ਨਾਲ ਆਪਣੀ ਬਾਈਬਲ ਤੇ ਗੀਤਾਂ ਵਾਲੀ ਕਿਤਾਬ ਸਾਂਝੀ ਕਰੋ
-
ਭਾਸ਼ਣ ਤੋਂ ਬਾਅਦ ਤੁਸੀਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ। ਜੇ ਤੁਹਾਡੀ ਮੰਡਲੀ ਦੇ ਪ੍ਰੋਗ੍ਰਾਮ ਤੋਂ ਬਾਅਦ ਕਿਸੇ ਹੋਰ ਮੰਡਲੀ ਦੇ ਪ੍ਰੋਗ੍ਰਾਮ ਕਰਕੇ ਤੁਹਾਨੂੰ ਜਲਦੀ ਬਾਹਰ ਨਿਕਲਣਾ ਪਵੇ, ਤਾਂ ਵਿਅਕਤੀ ਨਾਲ ਕੁਝ ਦਿਨਾਂ ਵਿਚ ਮਿਲਣ ਦੀ ਕੋਸ਼ਿਸ਼ ਕਰੋ। ਜੇ ਤੁਹਾਡੇ ਕੋਲ ਉਸ ਦਾ ਨੰਬਰ ਨਹੀਂ ਹੈ, ਤਾਂ ਤੁਸੀਂ ਕਹਿ ਸਕਦੇ ਹੋ: “ਮੈਂ ਇਸ ਪ੍ਰੋਗ੍ਰਾਮ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਫਿਰ ਕਦੋਂ ਮਿਲ ਸਕਦਾ ਹਾਂ?”